ਠਾਠਾਂ ਮਾਰਦਾ ਸਮੁੰਦਰ ਅਤੇ ਦਿਲਕਸ਼ ਬੀਚਾਂ ਦੀ ਧਰਤੀ:ਅੰਡੇਮਾਨ ਨਿਕੋਬਾਰ

ਜਗਜੀਤ ਸਿੰਘ ਗਣੇਸ਼ਪੁਰ

(ਸਮਾਜ ਵੀਕਲੀ)

  ਜੇਕਰ ਤੁਸੀਂ ਕੁਦਰਤ ਨਾਲ ਇਕ-ਮਿਕ, ਠਾਠਾਂ ਮਾਰਦਾ ਸਮੁੰਦਰ, ਹਰੇ-ਭਰੇ ਜੰਗਲ, ਉੱਚੇ-ਉੱਚੇ ਨਾਰੀਅਲ ਦੇ ਦਰੱਖਤ, ਦਿਲਕਸ਼ ਬੀਚਾਂ ਦੀ ਖੂਬਸੂਰਤੀਅਤੇਸਮੁੰਦਰ ਦੀ ਰੋਮਾਚਕ ਯਾਤਰਾ ਦਾ ਅਨੁਭਵਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਅੰਡੇਮਾਨ ਨਿਕੋਬਾਰ ਤੁਹਾਡੇ ਲਈ ਇਕ ਉਮਦਾ ਵਿਕਲਪ ਹੋ ਸਕਦਾ ਹੈ। ਕੁਦਰਤ ਨਾਲ ਲਬਰੇਜ਼ ਨਜਾਰਿਆ ਦੇ ਨਾਲ-ਨਾਲ ਇਹ ਟਾਪੂ ਆਦਿਵਾਸੀ ਜੀਵਨ ਦੀ ਵੀ ਝਲਕ ਪੇਸ਼ ਕਰਦਾ ਹੈ। ਇਨ੍ਹਾਂ ਟਾਪੂਆਂ ਦੀ ਦੇਸ਼ ਦੀ ਅਜਾਦੀ ਲਹਿਰ ਵਿੱਚ ਵੀ ਵਿਲੱਖਣ ਇਤਿਹਾਸ ਹੈ। ਸੈਲੂਲਰ ਜੇਲ ਵਿੱਚ ਸਾਡੇ ਦੇਸ਼ ਦੇ ਸੁੰਤਤਰਤਾ ਸੰਗਰਾਮੀਆ ਨੂੰ ਅਣਮਨੁੱਖੀ ਹਾਲਤਾਂ ਵਿੱਚ ਕੈਦ ਕਰਕੇ ਰੱਖਿਆ ਜਾਂਦਾ ਸੀ। ਇਸ ਜੇਲ੍ਹ ਦੀਆ ਕਾਲ ਕੋਠੜੀਆਂ ਕਾਰਨ ਹੀ ਇਨ੍ਹਾਂ ਨੂੰ ਕਾਲੇਪਾਣੀਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਪੰਜਾਬੀਆਂ ਖਾਸਕਰ ਸਿੱਖਾਂ ਦਾ ਇਨ੍ਹਾਂ ਦੀਪਾਂ ਉਪਰ ਕੁਰਬਾਨੀਆਂ ਦਾ ਇਕ ਆਪਣਾ ਸ਼ਾਨਮੱਤਾ ਇਤਿਹਾਸ ਹੈ। ਕੋਣ ਭੁਲਾ ਸਕਦਾ ਹੈ ? ਡਾ. ਦੀਵਾਨ ਸਿੰਘ ਕਾਲੇਪਾਣੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਜਿੰਨਾ ਦੇ ਨਾਮ ਨਾਲ ਹੀ ਕਾਲੇਪਾਣੀ ਸ਼ਬਦ ਸਦਾ ਲਈ ਜੁੜ ਗਿਆ।

ਸੋ ਇਨ੍ਹਾਂ ਕੁਦਰਤ ਦੇ ਅੰਗ-ਸੰਗ ਦੀਪਾਂ ਦੀ ਸੁੰਦਰਤਾ ਨੂੰ ਨਿਹਾਰਨ ਲਈ ਅਸੀਂ ਛੇ ਦੋਸਤ (ਨਰਿੰਦਰਪਾਲ ਪਾਲ ਸਿੰਘ, ਰਵਿੰਦਰ ਸਿੰਘ, ਕਰਨੈਲ ਸਿੰਘ, ਗੁਰਦੇਵ ਸਿੰਘ ਅਤੇ ਇਨ੍ਹਾਂ ਸਤਰਾਂ ਦਾ ਲੇਖਕ) ਫਗਵਾੜੇ ਰੇਲਵੇ ਸਟੇਸ਼ਨ ਤੋਂ ਸ਼ਾਨੇ ਪੰਜਾਬ ਰੇਲ ਰਾਹੀ ਦਿੱਲੀ ਪਹੁੰਚੇ ਤੇ ਫਿਰ ਉਥੋ ਦਿੱਲੀ ਤੋਂ ਪੋਰਟ ਬਲੇਅਰ ਦੀ ਫਲੈਟ ਜੋ ਕਿ ਵਾਇਆ ਕਲਕੱਤਾ ਹੋ ਕੇ ਜਾਂਦੀ ਹੈ ਨੇ ਸਾਨੂੰ ਤਕਰੀਬਨ ਪੰਜ ਘੰਟਿਆਂ ਵਿੱਚ ਪੋਰਟ ਬਲੇਅਰ ਪਹੁੰਚਾ ਦਿੱਤਾ, ਇਸ ਵਿੱਚ ਕਲਕੱਤੇ ਹਵਾਈ ਅੱਡੇ ਦੀ ਅੱਧੇ-ਪੋਣੇ ਘੰਟੇ ਦੀ ਠਹਿਰ ਵੀ ਸ਼ਾਮਿਲ ਸੀ। ਹਵਾਈ ਸਫ਼ਰ ਦੌਰਾਨ ਅਕਾਸ਼ ਵਿੱਚ ਬੱਦਲ ਤੇ ਹੇਠਾਂ ਸਮੁੰਦਰ ਨਾਲੋ-ਨਾਲ ਚਲ ਰਹੇ ਪ੍ਰਤੀਤ ਹੁੰਦੇ ਹਨ। ਤੁਸੀਂ ਬੰਗਾਲ ਦੀ ਖਾੜੀ ਵਿੱਚ ਠਾਠਾਂ ਮਾਰਦੇ ਸਮੁੰਦਰ ਦੇ ਉਪਰ ਦੀ ਅੰਡੇਮਾਨ ਨਿਕੋਬਾਰ ਟਾਪੂਆਂ ਦੀ ਰਾਜਧਾਨੀ ਪੋਰਟ ਬਲੇਅਰ ਵਿੱਚ ਜਾ ਉਤਰਦੇ ਹੋ। ਬਸ ਇੱਥੇ ਹੀ ਟਿਕਾਣਾ ਕਰ ਲਵੋ ਤੇ ਲੁਤਫ ਲਉ ਵੱਖ-ਵੱਖ ਟਾਪੂਆਂ ਦੀ ਖੂਬਸੂਰਤੀ ਦਾ।

ਹਾਂ ਤੁਹਾਨੂੰ ਇਨ੍ਹਾਂ ਕੁਦਰਤੀ ਨਜਾਰਿਆ ਦਾ ਲੁਤਫ ਲੈਣ ਲਈ ਆਪਣੀ ਜੇਬ ਤਾਂ ਹਲਕੀ ਜਰੂਰ ਕਰਨੀ ਹੀ ਪਾਵੇਂਗੀ। ਇਤਿਹਾਸ, ਕੁਦਰਤ ਅਤੇ ਸਮੁੰਦਰੀ ਪਾਣੀ ਵਿੱਚ ਸਾਹਸ ਨਾਲ ਭਰੀਆਂ ਖੇਡਾਂ ਦਾ ਸੁੰਦਰ ਰੋਮਾਚ ਤੁਹਾਨੂੰ ਗਦ-ਗਦ ਕਰ ਦੇਵੇਗਾ। ਸ਼ਹਿਰਾਂ ਦੇ ਭੀੜ-ਭੜੱਕੇ ਤੋਂ ਦੂਰ, ਬੰਗਾਲ ਦੀ ਖਾੜੀ ਦੇ ਪਾਣੀਆਂ ਨਾਲ ਚਾਰੋਂ ਤਰਫ਼ ਤੋਂ ਘਿਰਿਆ ਇਹ ਟਾਪੂ ਦੁਨੀਆਂ ਭਰ ਦੇ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਦੇ ਜਾ ਰਹੇ ਹਨ। ਕੁੱਝ ਅਨੁਭਵ ਅਜਿਹੇ ਹੁੰਦੇ ਹਨ ਜੋ ਤਾ- ਉਮਰ ਤੁਹਾਡੀਆਂ ਯਾਦਾ ਵਿੱਚ ਵੱਸ ਜਾਂਦੇ ਹਨ। ਨਹੀਂ ਯਕੀਨ ਹੋ ਰਿਹਾ ਤਾਂ ਇਕ ਵਾਰ ਇਨ੍ਹਾਂ ਦੀਪਾਂ ਦੀ ਯਾਤਰਾ ਕਰਕੇ ਵੇਖੋ, ਫਿਰ ਤੁਸੀਂ ਵੀ ਸਭ ਨੂੰ ਇਹੀ ਕਹਿੰਦੇ ਫਿਰੋਗੇ।ਕੁਦਰਤ ਦੀ ਗੋਦ ਵਿੱਚ ਬੈਠੇ ਇਹ ਦੀਪ ਕਲਕੱਤੇ ਤੋਂ ਤਕਰੀਬਨ 1255 ਕਿਲੋਮੀਟਰ ਦੂਰ ਅੰਡੇਮਾਨ-ਨਿਕੋਬਾਰ ਵਾਲੇ ਕੁੱਲ 572 ਟਾਪੂ ਹਨ, ਜਿਨ੍ਹਾਂ ਦਾ ਕੁੱਲ ਖੇਤਰਫਲ 8249ਵਰਗ ਕਿਲੋਮੀਟਰ ਹੈ, ਜਿੰਨਾ ਵਿੱਚ ਤਕਰੀਬਨ 36 ਕੁ ਉਪਰ ਹੀ ਅਬਾਦੀ ਹੈ। ਇਨ੍ਹਾਂ ਦੀਪਾਂ ਦੀ ਰਾਜਧਾਨੀ ਪੋਰਟ ਬਲੇਅਰ ਹੈ। ਇੱਥੋਂ ਹੀ ਤੁਹਾਡੀ ਰੋਮਾਂਚਕ ਯਾਤਰਾ ਦੀ ਸੰਭਾਵਿਤ ਤੌਰ ਤੇ ਆਰੰਭਤਾ ਹੁੰਦੀ ਹੈ।

ਰਾਜੀਵ ਗਾਂਧੀ ਵਾਟਰ ਸਪੋਰਟਸ ਕੰਪਲੈਕਸ:ਇਸ ਨੂੰ ਅੰਡੇਮਾਨ ਵਾਟਰ ਸਪੋਰਟਸ ਕੰਪਲੈਕਸ ਦਾ ਨਾਂ ਵੀ ਦਿੱਤਾ ਗਿਆ ਹੈ, ਇਹ ਸਥਾਨ ਮਜ਼ੇਦਾਰ, ਉਤਸ਼ਾਹ ਅਤੇ ਜੋਸ਼ ਨਾਲ ਭਰਿਆ ਹੋਇਆ ਹੈ। ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ ਕਿ ਕੰਪਲੈਕਸ ਨੂੰ ਟਾਪੂਆਂ ਵਿੱਚ ਜਲ ਖੇਡਾਂ ਲਈ ਇੱਕ ਕੇਂਦਰ ਵਜੋਂ ਬਣਾਇਆ ਗਿਆ ਹੈ। ਇਸ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਕੰਪਲੈਕਸ ਤੋਂ ਸਮੁੰਦਰ ਦਾ ਅਦਭੁੱਤ ਨਜਾਰਾ ਸ਼ਾਨਦਾਰ ਹੈ। ਖੁੱਲਾ ਸਮੁੰਦਰੀ ਖੇਤਰਦੀਠੰਡੀ ਤਾਜ਼ੀ ਹਵਾ ਤੁਹਾਡੇ ਦਿਮਾਗ ਅਤੇ ਸਰੀਰ ਨੂੰ ਤਰੋਤਾਜ਼ਾ ਕਰਦੀ ਹੈ। ਰਾਜੀਵ ਗਾਂਧੀ ਵਾਟਰ ਸਪੋਰਟਸ ਕੰਪਲੈਕਸ ਵਿੱਚ ‘ਏਬਰਡੀਨ ਦੀ ਲੜਾਈ’ ਦੀ ਇੱਕ ਯਾਦਗਾਰ ਵੀ ਹੈ ਜੋ ਕਿ 1859 ਵਿੱਚ ਅੰਡੇਮਾਨੀਆਂ ਅਤੇ ਬ੍ਰਿਟਿਸ਼ ਵਿਚਕਾਰ ਲੜੀ ਗਈ ਸੀ।2 ਕਿਲੋਮੀਟਰ ਦੇ ਖੇਤਰ ਵਿੱਚ ਫੈਲਿਆ, ਇਹ ਕੰਪਲੈਕਸ ਸੈਰ ਅਤੇ ਆਰਾਮ ਕਰਨ ਲਈ ਇੱਕ ਪਾਰਕ ਵਜੋਂ ਬਣਾਇਆ ਗਿਆ ਸੀ ਅਤੇ ਇਹਵਿਸ਼ਵ ਪ੍ਰਸਿੱਧ ਸੈਲੂਲਰ ਜੇਲ੍ਹ ਦੇ ਨਜ਼ਦੀਕ ਹੀ ਸਥਿਤ ਹੈ।

ਰੌਸ ਟਾਪੂ:ਕੈਪਟਨ ਡੈਨੀਅਲ ਰੌਸ ਦੇ ਨਾਮ ‘ਤੇ ਰੱਖੇ ਗਏ ਰੌਸ ਟਾਪੂ ਦਾ ਨਾਮ ਭਾਰਤ ਸਰਕਾਰ ਵਲੋਂ 2018 ਵਿੱਚ ‘ਨੇਤਾਜੀ ਸ਼ੁਭਾਸ਼ ਚੰਦਰ ਬੋਸ ਦੀਪ’ ਰੱਖਿਆ ਗਿਆ ਹੈ। ਰੌਸ ਟਾਪੂ ਪੋਰਟ ਬਲੇਅਰ ਸ਼ਹਿਰ ਦੇ ਸਭ ਤੋਂ ਨਜ਼ਦੀਕੀ ਟਾਪੂਆਂ ਵਿੱਚੋਂ ਇੱਕ ਹੈ ਅਤੇ ਇੱਕ ਛੋਟੀ (15 ਮਿੰਟ) ਕਿਸ਼ਤੀ ਦੀ ਸਵਾਰੀ ਰਾਹੀਂ ਆਸਾਨੀ ਨਾਲ ਉਥੇ ਪਹੁੰਚਿਆ ਜਾ ਸਕਦਾ ਹੈ। ਸਮੁੰਦਰ ਵਿੱਚ ਲਹਿਰਾਂ ਜਿਵੇਂ ਮਨ ਹੀ ਮਨ ਸੂਰਜ ਦੀ ਨਿੱਘੀ ਧੁੱਪ ਦੇ ਮੇਲ ਵਿੱਚ ਪਿਆਰ ਦਾ ਗੀਤ ਗੁਣਗੁਣਾ ਰਹੀਆਂ ਹੋਣ, ਵਾਟਰ ਬੋਟ ਵਿੱਚ ਬੈਠਿਆ ਇਵੇਂ ਹੀ ਪ੍ਰਤੀਤ ਹੁੰਦਾ ਹੈ। ਹਾਲਾਂਕਿ ਅੰਡੇਮਾਨ ਦੇ ਜ਼ਿਆਦਾਤਰ ਆਕਰਸ਼ਣ ਬੀਚਾਂ ਲਈ ਮਸ਼ਹੂਰ ਹਨ ਪਰ ਰੌਸ ਆਈਲੈਂਡ ਖੂਬਸੂਰਤ ਦੇ ਨਾਲ-ਨਾਲ ਇਤਿਹਾਸਕ ਪੱਖੋਂ ਵੀ ਮਹੱਤਵ ਰੱਖਦਾ ਹੈ। ਬ੍ਰਿਟਿਸ਼ ਨੇ ਇਸ ਨੂੰ ਪ੍ਰਸ਼ਾਸਕੀ ਹੈੱਡਕੁਆਰਟਰ ਵਜੋਂ ਵਰਤਿਆ। ਇਸ ਸਮੇਂ ਦੌਰਾਨ, ਅੰਗਰੇਜ਼ਾਂ ਦੁਆਰਾ ਇਸ ਦੰਡਾਵਲੀ ਬੰਦੋਬਸਤ ‘ਤੇ ਬਹੁਤ ਸਾਰੇ ਮਹੱਤਵਪੂਰਨ ਸਰਕਾਰੀ ਦਫਤਰ ਬਣਾਏ ਗਏ ਸਨ।ਭਾਰਤੀ ਕੈਦੀਆਂ ਦੁਆਰਾ ਬਣਾਈਆਂ ਗਈਆਂ ਇਨ੍ਹਾਂ ਪੁਰਾਣੀਆਂ ਇਮਾਰਤਾਂ ਦੇ ਖੰਡਰ ਅੱਜ ਵੀ ਰੌਸ ਵਿਖੇ ਮੌਜੂਦ ਹਨ।ਕੁਦਰਤ ਦੀ ਗੋਦ ਵਿੱਚ ਮੋਰ ਅਤੇ ਹਿਰਨ ਸਮੇਤ ਕਈ ਤਰ੍ਹਾਂ ਦੇ ਪੰਛੀਆਂ ਅਤੇ ਜਾਨਵਰਾਂ ਦਾ ਪਨਾਹਗਾਹ ਹੈ, ਜੋ ਬੜਾ ਹੀ ਮਨਮੋਹਕ ਅਤੇ ਅਦਭੁਤ ਅਨੁਭਵ ਪੇਸ਼ ਕਰਦਾ ਹੈ।

ਟਾਪੂ ਦੀ ਸਭ ਤੋਂ ਅਨੋਖੀ ਗੱਲ ਇਹ ਹੈ ਕਿ ਪ੍ਰਸ਼ਾਸਨ ਦੁਆਰਾ ਕਿਸੇ ਵੀ ਤਰ੍ਹਾਂ ਦੇ ਰਿਹਾਇਸ਼ ਦੀ ਮਨਾਹੀ ਹੈ ਜਿਸਦਾ ਮਤਲਬ ਹੈ ਕਿ ਇੱਥੇ ਰਾਤ ਨੂੰ ਰੁਕਣ ਦੀ ਕੋਈ ਪ੍ਰਬੰਧ ਨਹੀਂ ਹੈ। ਇੱਥੇ ਤੁਸੀਂ ਅੰਗਰੇਜ਼ਾਂ ਦੁਆਰਾ ਬਣਾਈਆਂ ਪੁਰਾਤਨ ਇਮਾਰਤਾਂ ਵੇਖ ਸਕਦੇ ਹੋ ਜਿਵੇਂ:ਚਰਚ, ਸਕੱਤਰੇਤ, ਚੀਫ਼ ਕਮਿਸ਼ਨਰ ਦੀ ਰਿਹਾਇਸ਼, ਸਵਿਮਿੰਗ ਪੂਲ ਅਤੇ ਹੋਰ ਬਹੁਤ ਕੁਝ। ਲਾਈਟ ਐਂਡ ਸਾਊਂਡ ਸ਼ੋਅ ਟਾਪੂ ਦੀਆਂ ਇਤਿਹਾਸਕ ਘਟਨਾਵਾਂ ਨੂੰ ਦਰਸਾਉਂਦਾ ਹੈ ਜੋ ਪੂਰਵ-ਸੁਤੰਤਰ ਯੁੱਗ ਦੌਰਾਨ ਵਾਪਰੀਆਂ ਸਨ, ਪਹਿਲੇ ਪ੍ਰਬੰਧਕੀ ਬੰਦੋਬਸਤ ਦੀ ਸਥਾਪਨਾ ਅਤੇ ਟਾਪੂਆਂ ‘ਤੇ ਵਾਪਰੀਆਂ ਕਈ ਹੋਰ ਇਤਿਹਾਸਕ ਘਟਨਾਵਾਂ ਬਾਰੇ ਤਫ਼ਸੀਲ ਨਾਲ ਦੱਸਿਆ ਜਾਂਦਾ ਹੈ। ਅਜਾਦੀ ਘੁਲਾਟੀਏ ਦੇ ਸੰਘਰਸ਼ ਨੂੰ ਇਹ ਸ਼ੋਅ ਸ਼ਾਨਦਾਰ ਰੋਸ਼ਨੀ ਅਤੇ ਸੰਗੀਤ ਨਾਲ ਰੋਮਾਂਚਿਤ ਕਰਦਾ ਹੋਇਆ ਪੇਸ਼ ਕਰਦਾ ਹੈ। ਇਹ ਟਾਪੂ ਪੰਛੀਆਂ ਦੀਆਂ ਕਈ ਕਿਸਮਾਂ ਦਾ ਘਰ ਵੀ ਹੈ ਜੋ ਕਿ ਯਾਤਰੀਆਂ ਦੇ ਆਲੇ-ਦੁਆਲੇ ਚੀ-ਚੀ ਕਰਦੇ ਅਤੇ ਟਹਿਲਦੇ ਹੋਏ ਇੱਕ ਸ਼ਾਨਦਾਰ ਮਾਹੌਲ ਪੇਸ਼ ਕਰਦੇ ਹਨ। ਨਾਰੀਅਲ ਦੇ ਲੰਮ-ਸਲੰਮੇ ਦਰੱਖਤ ਸਮੁੰਦਰ ਵੱਲ ਨੂੰ ਝੁਕੇ ਹੋਏ ਇੰਝ ਪ੍ਰਤੀਤ ਹੋ ਰਹੇ ਹਨ ਜਿਵੇਂ ਆਪਸ ਵਿੱਚ ਗੱਲਬਾਤ ਕਰਦੇ ਹੋਣ।

ਨਾਰਥ ਬੇ ਟਾਪੂ: ਉੱਤਰੀ ਖਾੜੀ ਟਾਪੂ, ਇਹ ਟਾਪੂ ਸ਼ੀਸ਼ੇ ਦੇ ਸਾਫ਼ ਸੁਨਹਿਰੀ ਰੰਗ ਦੇ ਪਾਣੀ ਨਾਲ ਘਿਰਿਆ ਹੋਇਆ ਹੈ। ਬੀਚ ਦੀ ਚਿੱਟੀ ਰੇਤ ਧੁੱਪ ਵਿੱਚ ਲਿਸ਼ਕਾਰੇ ਮਾਰਦੀ ਹੈ। ਸਮੁੰਦਰ ਕੁਝ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਨੀਲਮ ਪਿਘਲ ਕੇ ਕਾਇਨਾਤ ਵਿਚ ਫੈਲ ਗਿਆ ਹੋਵੇ। ਇਹ ਸਭ ਰੂਹ ਨੂੰ ਸਾਰਸ਼ਾਰ ਕਰਦੇ ਦ੍ਰਿਸ਼ ਸਨ। ਇਸ ਟਾਪੂ ਬਾਰੇ ਸਭ ਤੋਂ ਦਿਲਚਸਪ ਚੀਜ਼ਾਂ ਵਿੱਚੋਂ ਇੱਕ ਇਹ ਹੈ ਕਿ ਇਸ ਦੀ ਤਸਵੀਰ ਪੁਰਾਣੇ ਭਾਰਤੀ 20 ਰੁਪਏ ਦੇ ਪਿਛਲੇ ਪਾਸੇ ਦਿਖਾਈ ਗਈ ਹੈ। ਇਸ ਟਾਪੂ ਉਪਰ ਉਪਲਬਧ ਸਾਹਸੀ ਖੇਡਾਂ ਇਸ ਪ੍ਰਕਾਰ ਹਨ: ਸਕੂਬਾ ਡਾਇਵਿੰਗ, ਪੈਰਾਸੇਲਿੰਗ, ,ਸਫਾਰੀ ਸਬਮਰੀਨ ਰਾਈਡ ਸਨੌਰਕਲਿੰਗ ਆਦਿ।ਸਕੂਬਾ ਡਾਇਵਿੰਗ ਇਸ ਟਾਪੂ ਉਪਰ ਸਭ ਤੋਂ ਜਿਆਦਾ ਕੀਤੀ ਜਾਣ ਵਾਲੀ ਗਤੀਵਿਧੀ ਹੈ।

ਸਕੂਬਾ ਡਾਈਵਿੰਗਇੱਕ ਖੇਡ ਦੇ ਤੌਰ ‘ਤੇ ਉਦੋਂ ਸ਼ੁਰੂਹੁੰਦੀ ਹੈ ਜਦੋਂ ਕੋਈ ਵਿਅਕਤੀ ਸਮੁੰਦਰ ਦੇ ਅੰਦਰ ਰੋਮਾਚਕ ਦ੍ਰਿਸ਼ ਵੇਖਣ ਲਈ ਦੀ ਪਾਣੀ ਦੇ ਅੰਦਰ ਗੋਤਾਖੋਰੀ ਕਰਦਾ ਹੈ। ਤੁਸੀਂ ਸਕੂਬਾ ਗੋਤਾਖੋਰੀ ਨੂੰ ਪਾਣੀ ਦੇ ਅੰਦਰ ਮੌਜੂਦ ਸੁੰਦਰਤਾ ਅਤੇ ਕੁਦਰਤ ਦਾ ਅਨੁਭਵ ਲੈਣ ਵਾਲੇ ਤਜਰਬੇ ਵਜੋਂ ਸੋਚ ਸਕਦੇ ਹੋ। ਇਸ ਦੇ ਨਾਲ ਹੀ ਪੈਰਾਸੇਲਿੰਗ ਦਾ ਹੈਰਾਨੀਜਨਕ ਅਨੁਭਵ ਵੀ ਤੁਹਾਡੇ ਲਈ ਉਪਲਬਧ ਹੈ। ਪੈਰਾਸੇਲਿੰਗ ਸਭ ਤੋਂ ਸਾਹਸੀ ਗਤੀਵਿਧੀ ਵਿੱਚੋਂ ਇੱਕ ਹੈ ਜੋ ਤੁਸੀਂ ਨਾਰਥ ਬੇ ਵਿੱਚ ਕਰ ਸਕਦੇ ਹੋ। ਸਮੁੰਦਰੀ ਕਿਨਾਰਿਆਂ ਅਤੇ ਡੂੰਘੇ ਸਮੁੰਦਰਾਂ ਦੇ ਨੇੜੇ ਹਵਾ ਵਿੱਚ ਵਿਸ਼ਾਲ ਨੀਲੇ ਸਮੁੰਦਰ ਨੂੰ ਨਿਹਾਰਨ ਦਾ ਆਪਣਾ ਹੀ ਇਕ ਅਨੰਦ ਹੈ।ਜੇਕਰ ਤੁਸੀਂ ਅਰਾਮਦਾਇਕ ਸਕੂਬਾ ਡਾਇਵਿੰਗ ਦੀ ਬਜਾਇ ਅਰਾਮਦਾਇਕ ਪਾਣੀ ਦੇ ਅੰਦਰ ਦੀ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਅਰਧ ਪਣਡੁੱਬੀ ਤੁਹਾਡੇ ਲਈ ਇਕ ਉੱਤਮ ਵਿਕਲਪ ਹੈ। ਇਹ ਉਹਨਾਂ ਲੋਕਾਂ ਲਈ ਸੰਪੂਰਨ ਹੈ ਜੋ ਆਪਣੇ ਕੈਬਿਨ ਦੇ ਆਰਾਮ ਤੋਂ ਕੋਰਲ ਅਤੇ ਮੱਛੀਆਂ ਦੀ ਅਦਭੁਤ ਅੰਡਰਵਾਟਰ ਦੁਨੀਆ ਦਾ ਅਨੁਭਵ ਕਰਨਾ ਚਾਹੁੰਦੇ ਹਨ। ਅਸੀਂ ਸਾਰੇ ਦੋਸਤਾਂ ਨੇ ਇਸ ਸਫਰ ਦਾ ਖੂਬ ਅਨੰਦ ਮਾਣਿਆ। ਪਾਣੀ ਦੇ ਅੰਦਰ ਦੀ ਦੁਨੀਆਂ ਨੂੰ ਵੇਖਣਾ ਇਕ ਅਲੋਕਿਕ ਦ੍ਰਿਸ਼ ਵਾਂਗ ਜਾਪ ਰਿਹਾ ਸੀ।

ਬਾਰਾਤਾਂਗ: ਇੱਕ ਛੋਟਾ ਜਿਹਾ ਟਾਪੂ ਹੈ ਜੋ ਦੱਖਣ ਅਤੇ ਮੱਧ ਅੰਡੇਮਾਨ ਦੇ ਵਿਚਕਾਰ ਸਥਿਤ ਹੈ ਅਤੇ ਕਈ ਕੁਦਰਤੀ ਅਜੂਬਿਆਂ ਦਾ ਘਰ ਹੈ। ਬਾਰਾਤੰਗ ਟਾਪੂ ਤੋਂ ਪੋਰਟ ਬਲੇਅਰ ਦੀ ਦੂਰੀ ਤਕਰੀਬਨ 101 ਕਿਲੋਮੀਟਰ ਹੈ। ਤੁਸੀਂ ਨੀਲਾਂਬਰ ਜੈੱਟੀ ‘ਤੇ ਆਸਾਨੀ ਨਾਲ ਕਿਸ਼ਤੀ ਪ੍ਰਾਪਤ ਕਰ ਸਕਦੇ ਹੋ ਜੋ ਤੁਹਾਨੂੰ ਪ੍ਰਸਿੱਧ ਗੁਫਾਵਾਂ ਤੱਕ ਲੈ ਜਾਵੇਗੀ। ਮੈਂਗਰੋਵ ਖਾੜੀਆਂ, ਚੂਨੇ ਦੇ ਪੱਥਰ ਦੀਆਂ ਗੁਫਾਵਾਂ ਅਤੇ ਜੰਗਲਾਂ ਦੇ ਵਿਚਕਾਰ ਵਾਟਰ ਫਾਲ ਆਦਿ ਇਸ ਦੀ ਸੁੰਦਰਤਾ ਨੂੰ ਚਾਰ-ਚੰਨ ਲਾਉਂਦੇ ਹਨ। ਇੱਕ ਵਾਰ ਜਦੋਂ ਤੁਸੀਂ ਨਯਾਡੇਰਾ ਵਿਖੇ ਲੱਕੜ ਦੀ ਜੈੱਟੀ ‘ਤੇ ਪਹੁੰਚ ਜਾਂਦੇ ਹੋ ਤਾਂ ਤੁਹਾਨੂੰ ਕੁਦਰਤ ਦੀ ਇਸ ਸੁੰਦਰਤਾ ਨੂੰ ਵੇਖਣ ਲਈ ਲਗਭਗ 1.2 ਕਿਲੋਮੀਟਰ ਪੈਦਲ ਚੱਲਣਾ ਪਏਗਾ।

ਯਾਤਰਾ ਦੇ ਸ਼ੁਰੂਆਤੀ ਬਿੰਦੂ ‘ਤੇ ਵਣ-ਵਿਭਾਗਦੀ ਜਾਂਚ ਚੌਕੀ ਹੈ। ਬਾਰਾਤੰਗ ਜੈੱਟੀ ਵੱਲ ਜਾਣ ਵਾਲੇ ਸਾਰੇ ਟੂਰਿਸਟ ਇੱਥੋਂ ਸਮੂਹਾਂ ਵਿੱਚ ਯਾਤਰਾ ਸ਼ੁਰੂ ਕਰਦੇ ਹਨ। ਸੁਰੱਖਿਆ ਕਰਮੀ ਹਰ ਸਮੂਹ ਦੇ ਨਾਲ ਚੱਲਦੇ ਹਨ। ਇਹ ਸਥਾਨ ਜਾਰਵਾਂ ਆਦਿਵਾਸੀਆਂ ਲਈ ਰਾਖਵਾਂ ਖੇਤਰ ਦਾ ਸ਼ੁਰੂਆਤੀ ਸਥਾਨ ਹੈ।ਇੱਕ ਵਾਰ ਜਦੋਂ ਯਾਤਰਾ ਚੈੱਕ ਪੋਸਟ ‘ਤੇ ਸ਼ੁਰੂ ਹੁੰਦੀ ਹੈ ਤਾਂ ਬਾਰਾਤੰਗ ਜੇਟੀ ਸਥਾਨ ਵਲ ਜਾਂਦੇ ਹੋਏ ਸੰਘਣੇ ਹਰੇ ਜੰਗਲ ਤੁਹਾਡੀ ਯਾਤਰਾ ਦੇ ਗਵਾਹ ਬਣਨਗੇ। ਜੰਗਲੀ ਖੇਤਰ ਵਿੱਚ ਫੋਟੋਗ੍ਰਾਫੀ ਦੀ ਸਖ਼ਤ ਮਨਾਹੀ ਹੈ। ਡਿਫਾਲਟਰ ਦੇ ਸਾਜ਼ੋ-ਸਮਾਨ ਨੂੰ ਸੁਰੱਖਿਆ ਲੋਕਾਂ ਦੁਆਰਾ ਜ਼ਬਤ ਵੀ ਕੀਤਾ ਜਾ ਸਕਦਾ ਹੈ। ਇਸ ਜੰਗਲ ਯਾਤਰਾ ਦੌਰਾਨ ਜਾਰਵਾਂ ਕਬੀਲੇ ਬਹੁਤ ਸਾਰੀਆਂ ਥਾਵਾਂ ‘ਤੇ ਆਪਣੇ ਰਿਵਾਇਤੀ ਹਥਿਆਰ ਜਿਵੇਂ ਭਾਲਾ,ਤੀਰ ਆਦਿ ਹਥਿਆਰ ਫੜੇ ਹੋਏ ਦਿਖਾਈ ਦਿੰਦੇ ਹਨ ਜੋ ਸ਼ਿਕਾਰ ਲਈ ਵਰਤੇ ਜਾਂਦੇ ਹਨ। ਉਨ੍ਹਾਂ ਨਾਲ ਗੱਲਬਾਤ ਕਰਨ, ਉਹਨਾਂ ਨੂੰ ਭੋਜਨ, ਤੋਹਫ਼ੇ ਦੇਣ ਜਾਂ ਉਹਨਾਂ ਦੀਆਂ ਤਸਵੀਰਾਂ ਨੂੰ ਕਲਿੱਕ ਕਰਨ ਦੀ ਆਗਿਆ ਨਹੀਂ ਹੈ। ਅਜਿਹੇ ਕਰਦੇ ਹੋਏ ਫੜੇ ਜਾਣ ਤੇ ਭਾਰੀ ਜੁਰਮਾਨਾ ਅਤੇ ਕੈਦ ਵੀ ਹੋ ਸਕਦੀ ਹੈ।

ਅੰਡੇਮਾਨ ਵਿਖੇ ਇਹ ਕੁਦਰਤੀ ਤੌਰ ‘ਤੇ ਬਣੇ ਚੂਨੇ ਦੇ ਪੱਥਰ ਦੀਆਂ ਗੁਫਾਵਾਂ ਤੁਹਾਡੀਆਂ ਲਈ ਅਦਭੁੱਤ ਦੁਨੀਆਂ ਦਾ ਰਹੱਸ ਪੇਸ਼ ਕਰਦੀਆਂ ਹਨ। ਇਨ੍ਹਾਂ ਗੁਫਾਵਾਂ ਤੱਕ ਪਹੁੰਚਣ ਲਈ ਸੰਘਣੇ ਮੈਂਗਰੋਵ ਜੰਗਲਾਂ ਵਿੱਚੋਂ ਤੁਹਾਡਾ ਸਫ਼ਰ ਹੋਰ ਵੀ ਅਨੰਦਿਤ ਹੋ ਜਾਂਦਾ ਹੈ। ਮੈਂਗਰੋਵ ਦੇ ਵਿਚਕਾਰ ਦਾ ਸਫ਼ਰ ਮੇਰੀ ਜਿੰਦਗੀ ਦਾ ਸਭ ਤੋਂ ਰੋਮਾਚਕ ਸਫ਼ਰ ਹੋ ਨਿਬੜਿਆ। ਚੂਨੇ ਤੋਂ ਬਣੇ ਪਹਾੜਾਂ ਦੇ ਸੁੰਦਰ ਢਾਂਚਿਆਂ ਨੂੰ ਨੇੜੇ ਤੋਂ ਵੇਖਣਾ ਇੱਕ ਜਾਦੂਈ ਅਨੁਭਵ ਹੈ। ਬਾਰਾਤਾਂਗ ਵਿੱਚ ਤੋਤਾ ਟਾਪੂ ਇੱਕ ਸਮਤਲ ਟਾਪੂ ਹੈ, ਜੋ ਹਰੇ-ਭਰੇ ਰੁੱਖਾਂ ਅਤੇ ਮੈਂਗਰੋਵਜ਼ ਨਾਲ ਢੱਕਿਆ ਹੋਇਆ ਹੈ। ਰੁੱਖਾਂ ਵਿੱਚ ਵੱਡੀ ਗਿਣਤੀ ਵਿੱਚ ਤੋਤਿਆਂ ਦਾ ਘਰ ਹੁੰਦਾ ਹੈ ਜੋ ਸੂਰਜ ਡੁੱਬਣ ਦੇ ਨਾਲ-ਨਾਲ ਆਪਣੇ ਆਲ੍ਹਣੇ ਵਿੱਚ ਵਾਪਸ ਆਉਂਦੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਇਹ ਤਜਰਬਾ ਮਨਮੋਹਕ ਹੈ, ਪਰ ਇਸਨੂੰ ਦੇਖਣ ਦੇ ਯੋਗ ਹੋਣ ਲਈ ਕਿਸੇ ਨੂੰ ਬਾਰਾਤਾਂਗ ਵਿੱਚ ਇੱਕ ਰਾਤ ਰੁਕਣ ਦੀ ਲੋੜ ਹੁੰਦੀ ਹੈ। ਮੇਰੇ ਲਈ ਇਹ ਬਹੁਤ ਹੀ ਯਾਦਗਾਰੀ ਪਲ ਸਨ।

ਹੈਵਲਾਕ ਟਾਪੂ (ਸਵਰਾਜਦੀਪ): ਹੈਵਲਾਕ ਟਾਪੂ ਅੰਡੇਮਾਨ ਦੀਪ ਸਮੂਹ ਵਿੱਚ ਸਭ ਤੋਂ ਵੱਧ ਵੇਖੇ ਜਾਣ ਵਾਲੇ ਟਾਪੂਆਂ ਵਿੱਚੋਂ ਇੱਕ ਹੈ। ਇਹ ਟਾਪੂ ਅੰਡੇਮਾਨ ਟਾਪੂ ਦੇ ਦੂਜੇ ਟਾਪੂਆਂ ਤੋਂ ਬਹੁਤ ਵਿਲੱਖਣ ਸਥਾਨ ਰੱਖਦਾ ਹੈ। ਇੱਥੇ ਦੱਸ ਦੇਵਾ ਕਿ 30 ਦਸੰਬਰ 2018 ਨੂੰ, ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹੈਵਲੌਕ ਆਈਲੈਂਡ ਦਾ ਨਾਮ ਬਦਲ ਕੇ ‘ਸਵਰਾਜ ਦੀਪ’ ਟਾਪੂ ਰੱਖਿਆ। ਹੈਵਲਾਕ ਟਾਪੂ ਪੋਰਟ ਬਲੇਅਰ ਤੋਂ ਉੱਤਰ-ਪੂਰਬ ਲਗਭਗ 57 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਪੋਰਟ ਬਲੇਅਰ ਤੋਂ ਟਾਪੂ ਤੱਕ ਪਹੁੰਚਣ ਲਈ ਲਗਭਗ 90 ਮਿੰਟ ਤੋਂ ਢਾਈ ਘੰਟੇ ਵੀ ਲੱਗ ਸਕਦੇ ਹਨ। ਤੁਸੀਂ ਵੱਖ-ਵੱਖ ਕਿਸ਼ਤੀਆਂ ਆਨਲਾਈਨ ਬੁੱਕ ਕਰ ਸਕਦੇ ਹੋ। ਮਸ਼ਹੂਰ ਰਾਧਾਨਗਰ ਬੀਚ ਭਾਰਤ ਦੇ ਸਭ ਤੋਂ ਵਧੀਆ ਬੀਚਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ।

ਤੈਰਾਕੀ ਅਤੇ ਸੂਰਜ ਨਹਾਉਣ ਲਈ ਵਧੀਆ ਰਧਾਨਗਰ ਬੀਚ ਇੱਕ ਸ਼ਾਨਦਾਰ ਅਨੁਭਵ ਪ੍ਰਦਾਨ ਕਰਦੀ ਹੈ। ਐਲੀਫੈਂਟ ਬੀਚ ਹੈਵਲੌਕ ਟਾਪੂ ‘ਤੇ ਵਾਟਰ ਸਪੋਰਟਸ ਗਤੀਵਿਧੀਆਂ ਲਈ ਪ੍ਰਸਿੱਧ ਸਥਾਨਾਂ ਵਿੱਚੋਂ ਇੱਕ ਹੈ। ਇਸ ਸਥਾਨ ‘ਤੇ ਤੁਸੀਂ ਸੀ ਵਾਕਿੰਗ, ਸਨੌਰਕਲਿੰਗ, ਜੈੱਟ ਸਕੀ ਰਾਈਡ, ਗਲਾਸ ਬਾਟਮ ਬੋਟ ਰਾਈਡ, ਪੈਰਾਸੇਲਿੰਗ ਕਰ ਸਕਦੇ ਹੋ। ਕਲਾਪਾਥਰ ਬੀਚ ਹੈਵਲਾਕ ਟਾਪੂ ‘ਤੇ ਇਕ ਹੋਰ ਮਨ ਨੂੰ ਮੋਹ ਲੈਣ ਵਾਲਾ ਸਥਾਨ ਹੈ। ਇਹ ਬੀਚ ਸੂਰਜ ਚੜ੍ਹਨ ਅਤੇ ਫੋਟੋਸ਼ੂਟ ਲਈ ਪ੍ਰਸਿੱਧ ਹੈ। ਹੈਵਲਾਕ ਟਾਪੂ ਆਪਣੀ ਕਿਸਮ ਦਾ ਯਾਤਰਾ ਦੇ ਪੱਖ ਤੋਂ ਉੱਤਮ ਸਥਾਨ ਹੈ ਜਿਹੜਾ ਇੱਥੇ ਇਕ ਵਾਰ ਜਾਏਗਾ ਉਸ ਦੀ ਫਿਰ ਕੋਸ਼ਿਸ਼ ਰਹੇਗੀ ਕਿ ਉਹ ਫਿਰ ਬਾਰ-ਬਾਰ ਇਸ ਸਥਾਨ ਤੇ ਜਾਵੇ।

ਵਡੂਰ ਬੀਚ: ਪੋਰਟ ਬਲੇਅਰ ਤੋਂ ਲਗਭਗ 25 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਇਹ ਸੁੰਦਰ ਨਜ਼ਾਰਿਆਂ ਨਾਲ ਲਬਰੇਜ਼ ਬੀਚ ਸਭ ਨੂੰ ਪਸੰਦ ਆਉਂਦੀ ਹੈ। ਇਹ ਮਹਾਤਮਾ ਗਾਂਧੀ ਮਰੀਨ ਨੈਸ਼ਨਲ ਪਾਰਕ ਖੇਤਰ ਦੇ ਨਾਲ-ਨਾਲ ਕਈ ਹੋਰ ਆਕਰਸ਼ਣਾਂ ਦੇ ਅਧੀਨ ਆਉਂਦਾ ਹੈ। ਸਮੁੰਦਰ ਦੀ ਸੁੰਦਰਤਾ,ਵਿਸ਼ਾਲਤਾ ਅਤੇ ਸੁੰਦਰ ਟਾਪੂ ਸਮੁੰਦਰੀ ਕੰਢੇ ਤੋਂ ਅਦਭੁਤ ਦਿਖਾਈ ਦਿੰਦੇ ਹਨ। ਧਿਆਨ ਵਿੱਚ ਰੱਖਣ ਵਾਲੀ ਇੱਕ ਗੱਲ ਇਹ ਹੈ ਕਿ ਵਾਂਡੂਰ ਬੀਚ ਦੇ ਜੰਗਲਾਂ ਦੇ ਨੇੜੇ ਮਗਰਮੱਛਾਂ ਕਈ ਵਾਰ ਪਾਏ ਗਏ ਹਨ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਸ ਥਾਂ ਤੋਂ ਤਬਦੀਲ ਕਰ ਦਿੱਤਾ ਗਿਆ ਹੈ ਫਿਰ ਵੀ ਸਾਡਾ ਸਾਵਧਾਨ ਰਹਿਣਾ ਇਸ ਸਥਾਨ ਦੀ ਮੰਗ ਹਾਂ। ਹਾਂ ਹਰ ਜਗ਼੍ਹਾ ਤੁਹਾਨੂੰ ਤਾਜ਼ਾ ਨਾਰੀਅਲ ਪਾਣੀ ਪੀਣ ਨੂੰ ਜਰੂਰ ਮਿਲ ਜਾਵੇਗਾ। ਜਿਹੜਾ ਕਿ ਤੁਹਾਨੂੰ ਸਫ਼ਰ ਦੌਰਾਨ ਤਰੋਤਾਜ਼ਾ ਰੱਖਦਾ ਹੈ।

ਚਿੜੀਆਂ ਟਾਪੂ: ਅਸੀਂ ਚਿੱੜੀਆ ਟਾਪੂ ਤੇ ਬਤਾਏ ਦਿਨ ਨੂੰ ਕਦੀ ਵੀ ਆਪਣੀ ਜਿੰਦਗੀ ਵਿੱਚ ਨਹੀਂ ਭੁਲਾ ਸਕਦੇ।ਚਿੜੀਆ ਟਾਪੂ ਕੁਦਰਤ ਪ੍ਰੇਮੀਆਂ ਲਈ ਇੱਕ ਫਿਰਦੌਸ ਹੈ। ਚਿੜੀਆ ਟਾਪੂ ਪੋਰਟ ਬਲੇਅਰ ਤੋਂ ਤਕਰੀਬਨ 30ਕਿਲੋਮੀਟਰ ਦੂਰ ਸਥਿਤ ਹੈ ਅਤੇ ਇੱਕ ਕੈਬ ਜਾਂ ਟੈਕਸੀ ਕਿਰਾਏ ‘ਤੇ ਲੈ ਕੇ ਸੜਕ ਰਾਹੀਂ ਪਹੁੰਚਿਆ ਜਾ ਸਕਦਾ ਹੈ।ਚਿੜੀਆ ਟਾਪੂ ਨਾ ਸਿਰਫ ਸੁੰਦਰ ਪੰਛੀਆਂ ਲਈ ਮਸ਼ਹੂਰ ਹੈ, ਸਗੋਂ ਸ਼ਾਨਦਾਰ ਟ੍ਰੈਕਿੰਗ ਟ੍ਰੇਲ ਅਤੇ ਸ਼ਾਨਦਾਰ ਸੂਰਜ ਡੁੱਬਣ ਦੇ ਦ੍ਰਿਸ਼ ਲਈ ਵੀ ਪ੍ਰਸਿੱਧ ਹੈ। ਇਹ ਟਾਪੂ ਪੰਛੀਆਂ ਦੇਸੀ ਅਤੇ ਪਰਵਾਸੀ ਪੰਛੀ ਦੀਆਂ ਕਈ ਕਿਸਮਾਂ ਦੀ ਮੇਜ਼ਬਾਨੀ ਲਈ ਪੂਰੇ ਦੇਸ਼ ਵਿੱਚ ਮਸ਼ਹੂਰ ਹੈ। ਪੰਛੀ ਇੱਥੇ ਆਕਾਸ਼ ਨੂੰ ਸਜਾਉਂਦੇ ਹੋਏ ਵੇਖੇ ਜਾ ਸਕਦੇ ਹਨ ਜਿਹੜੇ ਕਿ ਕੁਦਰਤ ਪ੍ਰੇਮੀਆਂ ਲਈ ਇਕ ਦਿਲ ਨੂੰ ਛੂਹ ਲੈਣ ਵਾਲੇ ਪਲ ਹੁੰਦੇ ਹਨ। 2001 ਵਿੱਚ ਸਥਾਪਿਤ ਕੀਤੇ ਗਏ ਚਿੜੀਆ ਟਾਪੂ ਜੈਵਿਕ ਪਾਰਕ ਵਿੱਚ ਅੰਡੇਮਾਨ ਟਾਪੂਆਂ ਦੀ ਅਮੀਰ ਜੈਵ ਵਿਭਿੰਨਤਾ ਅਤੇ ਸੰਭਾਲ ਨੂੰ ਤੁਹਾਨੂੰ ਨੇੜੇ ਹੋ ਕੇ ਵੇਖਣ ਦਾ ਮੌਕਾ ਮਿਲਦਾ ਹੈ। ਅੰਡੇਮਾਨ ਦਾ ਇਹ ਟਾਪੂ ਸਮੁੰਦਰ ਦੇ ਸ਼ਾਨਦਾਰ ਦ੍ਰਿਸ਼ਾਂ ਦਾ ਖਜ਼ਾਨਾ ਵੀ ਹੈ।

ਚਿੜੀਆ ਟਾਪੂ ‘ਦ ਸਨਸੈਟ ਪੁਆਇੰਟ’ ਦੇ ਰੂਪ ਵਿੱਚ ਵੀ ਬਹੁਤ ਮਸ਼ਹੂਰ ਹੈ, ਇਸ ਲਈ ਤੁਸੀਂ ਪੂਰੇ ਦਿਨ ਦੇ ਅੰਤ ਵਿੱਚ ਸਮੁੰਦਰੀ ਕਿਨਾਰੇ ਤੇ ਜਾ ਸਕਦੇ ਹੋ ਅਤੇ ਸਮੁੰਦਰ ਦੇ ਪਾਣੀਆਂ ਦੇ ਉਪਰ ਸੂਰਜ ਨੂੰ ਡੁੱਬਦੇ ਹੋਏ ਨੂੰ ਨਿਹਾਰ ਸਕਦੇ ਹੋ। ਸਮੁੰਦਰ ਦੀਆਂ ਲਹਿਰਾਂ ਕਦੇ ਉੱਚੀਆਂ ਕਦੇ ਨੀਵੀਆਂ ਵਹਿੰਦੀਆਂ ਹਨ। ਫਿਰ ਕਦੇ ਸ਼ਾਤ ਹੋ ਜਾਂਦੀਆਂ ਹਨ। ਕਦੇ ਇਹ ਹੜਾਂ ਦਾ ਕਾਰਨ ਵੀ ਬਣਦੀਆਂ ਹਨ । ਬੀਚ ‘ਤੇ ਅਜੇ ਵੀ ਉਨ੍ਹਾਂ ਰੁੱਖਾਂ ਦੇ ਅਵਸ਼ੇਸ਼ ਹਨ ਜੋ ਕਿ 2004 ਦੀ ਸੁਨਾਮੀ ਦੌਰਾਨ ਉੱਖੜ ਗਏ ਸਨ। ਬੀਚ ਦੇ ਕਿਨਾਰੇ ਵੀ ਸਾਗਰ ਦੀਆਂ ਕਹਿਰ ਢਾਉਣ ਵਾਲੀਆਂ ਛੱਲਾਂ ਦੀ ਮਾਰ ਹੇਠ ਆ ਗਏ ਸਨ। ਸਮੁੰਦਰ ਦੀਆਂ ਲਹਿਰਾਂ ਕਦੇ ਉੱਚੀਆਂ ਕਦੇ ਨੀਵੀਆਂ ਵਹਿੰਦੀਆਂ ਹਨ। ਇੱਥੇ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ 2004 ਵਿੱਚ ਆਈ ਸੁਨਾਮੀ ਨੇ ਅੰਡੇਮਾਨ ਦੇ ਕਈ ਖੇਤਰਾਂ ਵਿੱਚ ਬਹੁਤ ਜਾਨੀ-ਮਾਲੀ ਨੁਕਸਾਨ ਕੀਤਾ ਸੀ। ਟ੍ਰੈਕ ਪ੍ਰੇਮੀਆਂ ਕੋਲ ਆਪਣੀ ਦਿਲਚਸਪੀ ਦੀ ਗਤੀਵਿਧੀ ਵਿੱਚ ਸ਼ਾਮਲ ਹੋਣ ਦਾ ਮੌਕਾ ਹੁੰਦਾ ਹੈ। ਮੁੰਡਾਪਹਾਡ ਦੀ ਯਾਤਰਾ ਚਿੜੀਆ ਟਾਪੂ ਬੀਚ ਦੇ ਕਿਨਾਰੇ ਤੋਂ ਸ਼ੁਰੂ ਹੁੰਦੀ ਹੈ। ਮੁੰਡਾਪਹਾਡ ਤੱਕ ਪਹੁੰਚਣ, ਜੰਗਲ ਦੇ ਉਜਾੜ ਦੀ ਪੜਚੋਲ ਕਰਨ ਅਤੇ ਆਨੰਦ ਲੈਣ ਲਈ ਟ੍ਰੈਕਿੰਗ ਟ੍ਰੇਲ ਸੰਘਣੇ ਜੰਗਲ ਅਤੇ ਇੱਕ ਸੁੰਦਰ ਤੱਟਰੇਖਾ ਵਿੱਚੋਂ ਲੰਘਦਾ ਹੈ। ਇਸ ਲਈ ਤੁਹਾਨੂੰ ਚਿੜੀਆ ਟਾਪੂ ਵਿਖੇ ਦੁਪਹਿਰ 2 ਵਜੇ ਤੋਂ ਪਹਿਲਾ ਪਹੁੰਚਣਾ ਪਵੇਗਾ।

ਇਹ ਤਾਂ ਸਿਰਫ਼ ਕੁੱਝ ਚੋਣਵੇਂ ਟਾਪੂਆਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਨ੍ਹਾਂ ਤੋਂ ਇਲਾਵਾਂ ਵੀ ਬਹੁਤ ਕੁੱਝ ਹੋਰ ਵੀ ਹੈ ਜਿਸ ਬਾਰੇ ਫਿਰ ਕਦੇ ਗੱਲ ਕਰਾਂਗੇ। ਸੱਚਮੁੱਚ ਹੀ ਇਨ੍ਹਾਂ ਦੀਪਾਂ ਵਿੱਚ ਬਿਤਾਏ ਦਿਨ ਇਕ ਸੁਨਿਹਰੀ ਅਨੁਭਵ ਵਜੋਂ ਸਾਨੂੰ ਸਾਰਿਆਂ ਨੂੰ ਯਾਦ ਆਉਂਦੇ ਰਹਿਣਗੇ, ਅੰਡੇਮਾਨ ਦੀਪ ਸਮੂਹਾਂ ਤੋਂ ਜਦੋਂ ਹਵਾਈ ਜਹਾਜ਼ ਨੇ ਵਾਪਸੀ ਲਈ ਉਡਾਣ ਭਰੀ ਤਾਂ ਸਮੁੰਦਰ ਦੀ ਹੀ ਤਰ੍ਹਾਂ ਇੱਥੇ ਬਿਤਾਏ ਯਾਦਗਾਰੀ ਪਲ ਲਹਿਰਾਂ ਵਾਂਗ ਦਿਲ-ਦਿਮਾਗ ਦੇ ਕਿਸ ਕੋਨੇ ਤੇ ਕਦੇ ਉਪਰ ਕਦੇ ਹੇਠਾਂ ਵਹਿ ਰਹੇ ਪ੍ਰਤੀਤ ਹੋ ਰਹੇ ਸਨ ਅਤੇ ਮਨ ਵਿੱਚ ਇਹੀ ਸਵਾਲ ਆ ਰਿਹਾ ਸੀ ਕੀ ਅਗਲੀ ਵਾਰ ਕਦੋਂ ਇੱਥੇ ਆਉਣੇ ਹੋਣਗੇ.. ?

ਜਗਜੀਤ ਸਿੰਘ ਗਣੇਸ਼ਪੁਰ,
ਪਿੰਡ ਗਣੇਸ਼ਪੁਰ ਭਾਰਟਾ,
ਹੁਸ਼ਿਆਰਪੁਰ।
ਮੋ:94655-76022

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਰਤਨ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 132ਵਾਂ ਜਨਮ ਦਿਨ ਮਨਾਇਆ ਗਿਆ ।
Next articleਠਾਠਾਂ ਮਾਰਦਾ ਸਮੁੰਦਰ ਅਤੇ ਦਿਲਕਸ਼ ਬੀਚਾਂ ਦੀ ਧਰਤੀ:ਅੰਡੇਮਾਨ ਨਿਕੋਬਾਰ