(ਸਮਾਜ ਵੀਕਲੀ)
ਕਾਂਡ -ਦੋ
ਜੇਲ੍ਹ ਪ੍ਰਵੇਸ਼ ।
ਫ਼ਰਵਰੀ ਦਾ ਸੁਹਾਵਣਾ ਮੌਸਮ, ਬੱਚਿਆਂ ਦੀ ਪੜ੍ਹਾਈ ਪੂਰੇ ਜੋਬਨ ‘ਤੇ ਸੀ। ਹੜਤਾਲ ਦਾ ਬਿਗਲ ਵੀ ਕਿਸ ਸਮੇਂ ਵੱਜਿਆ, ਜਦੋਂ ਅਧਿਆਪਕਾਂ ਦੀ ਪੜ੍ਹਾ ਪੜ੍ਹਾ ਕੇ ਬੱਸ ਹੋ ਜਾਂਦੀ ਹੈ। ਜ਼ੀਰੋ ਪੀਰੀਅਡ ਲੱਗ ਰਹੇ ਹੁੰਦੇ ਹਨ। ਟੈੱਸਟ ਚੱਲ ਰਹੇ ਹੁੰਦੇ ਹਨ। ਪਰ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ, ਜਦੋਂ ਪਾਣੀ ਨੱਕ ਤੱਕ ਪਹੁੰਚ ਜਾਵੇ, ਜਦੋਂ ਢੋਲ ਪਿੱਟ ਪੱਟ ਕੇ ਵੀ ਸਰਕਾਰ ਦੇ ਕੰਨੀਂ ਆਵਾਜ਼ ਨਾ ਪਵੇ, ਮਹਿੰਗਾਈ ਬੰਦੇ ਦਾ ਲੱਕ ਤੋੜ ਦੇਵੇ ਤੇ ਦੁਕਾਨਾਂ ਵਾਲੇ ਉਧਾਰ ਲਈ ਥੜ੍ਹੇ ਵੀ ਨਾ ਚੜ੍ਹਨ ਦੇਣ, ਉਸ ਸਮੇਂ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ, ਸਹਿਣ ਸ਼ਕਤੀ ਦੀ ਪਰੀਖਿਆ ਦਾ ਜਦੋਂ ਅੰਤ ਨਾ ਹੋਵੇ, ਤਾਂ ਇਕ ਨਾਅਰਾ ਗੂੰਜਦਾ ਹੈ:-
“ਹੱਕ- ਜਿਨ੍ਹਾਂ ਦੇ ਆਪਣੇ,
ਆਪੇ ਲੈਣਗੇ ਖੋਹ।”
ਫਿਰ ਉਹ ਵਰਗ ਜਿਸ ਨੇ ਦੁਨੀਆ ‘ਚ ਥਾਂ ਥਾਂ ਆਏ ਇਨਕਲਾਬਾਂ ਦੀ ਰਹਿਨੁਮਾਈ ਕੀਤੀ ਹੋਵੇ, ਉਹ ਆਪਣੇ ਨਾਲ ਬੇਇਨਸਾਫ਼ੀ ਕਿਵੇਂ ਸਹਾਰ ਸਕਦੈ ?
ਚੰਡੀਗੜ੍ਹ ਪੁਲਸ ਦੀ ਪਿੰਜਰੇ ਨੁਮਾ ਗੱਡੀ, ਥਾਣੇ ਦੇ ਨਾਲ ਵਾਲੀਆਂ ਸੜਕਾਂ ਤੋਂ ਸੱਪ ਵਾਂਗ ਵਲੇਵੇਂ ਖਾਂਦੀ ਜਦੋਂ ਚੰਡੀਗੜ੍ਹ ਦੀ ਮਾਰਕਿਟ ਕੋਲ ਰੁਕੀ, ਤਾਂ ਸਾਰੇ ਅਧਿਆਪਕ ਸ਼ਸ਼ੋਪੰਜ ਵਿਚ ਪੈ ਗਏ। ਪੁਲਸ ਮੁਲਾਜ਼ਮ ਨੇ ਦੱਸਿਆ,” ਏਥੇ ਮੈਜਿਸਟਰੇਟ ਦਾ ਘਰ ਹੈ, ਉਹਨਾ ਤੋਂ ਕਾਗਜ਼ੀ ਕਾਰਵਾਈ ਪੂਰੀ ਕਰਵਾਉਣੀ ਹੈ, ਪੰਜ, ਦਸ ਮਿੰਟ ਲੱਗਣਗੇ। ਕੁਝ ਸਮਾਂ ਉੱਥੇ ਵੀ ਨਾਅਰੇਬਾਜ਼ੀ ਹੁੰਦੀ ਰਹੀ। ਕੁਝ ਅਧਿਆਪਕ ਬੱਸ ਚੋਂ ਪਿਸ਼ਾਬ ਕਰਨ ਉੱਤਰੇ, ਕੋਈ ਪਾਣੀ ਪੀਣ ਬਹਾਨੇ ਉੱਤਰੇ, ਤੇ ਕੋਈ ਭੱਜ ਕੇ ਕੈਮਿਸਟ ਦੀ ਦੁਕਾਨ ਤੋਂ ਕੁਝ ਦਵਾਈਆਂ ਲੈਣ ਲਈ ਪੁਲਿਸ ਮੁਲਾਜ਼ਮ ਨੂੰ ਕਹੇ। ਸਿਪਾਹੀ ਡਰਦਾ ਮਾਰਿਆ ਕਹੇ,” ਦੇਖਿਓ ! ਮਾਸਟਰ ਜੀ, ਕਿਤੇ ਇੱਕ ਅੱਧਾ ਬੰਦਾ ਇਧਰ ਓਧਰ ਨਾ ਖਿਸਕ ਜਾਇਓ । ਕਿਤੇ ਮੈਨੂੰ ਨੌਕਰੀ ਤੋਂ ਹੱਥ ਧੋਣੇ ਪੈ ਜਾਣ। ਮੈਂ ਵੀ ਬੱਸ ਅੰਦਰ (ਗੱਡੀ) ਦੇ ਗੇਟ ਕੋਲ ਬੈਠਾ ਸੀ । ਮੈਂ ਉਸ ਨੂੰ ਕਿਹਾ,” ਬਾਈ ਜੀ ! ਜਿਹੜੇ ਐਨੀ ਦੂਰੋਂ ਚੱਲ ਕੇ ਆਪ ਗਰਿਫ਼ਤਾਰੀ ਦੇਣ ਆਏ ਨੇ, ਵਿਸ਼ਵਾਸ਼ ਕਰ, ਕੋਈ ਨਹੀਂ ਭੱਜਦਾ। ਹੁਣ ਤਾਂ ਸਰਕਾਰ ਨਾਲ ਦੋ ਹੱਥ ਕਰ ਕੇ ਹੀ ਜਾਵਾਂਗੇ। ”
ਉਸ ਨੇ ਕਿਹਾ,” ਨਹੀਂ ਮਾਸਟਰ ਜੀ ! ਇਹ ਗੱਲ ਨੀ, ਬੰਦੇ ਦਾ ਕੀ ਪਤਾ ਲੱਗਦੈ – ਗਰਿਫ਼ਤਾਰੀ ਦੇਣੀ ਹੋਰ ਗੱਲ ਐ- ਜੇਲ੍ਹ ਕੱਟਣੀ ਹੋਰ ਗੱਲ।”
ਮੈਨੂੰ ਏਥੇ ਇੱਕ ਘਟਨਾ ਗਰਿਫ਼ਤਾਰੀ ਵਾਲੇ ਦਿਨ ਦੀ ਯਾਦ ਆ ਗਈ ਜੋ ਸਾਨੂੰ ਥਾਣਾ ਅਧਿਕਾਰੀ ਨੇ ਸੁਣਾਈ।
ਕਿਸੇ ਜੱਥੇਬੰਦੀ ਨੇ ਸਰਕਾਰ ਦੇ ਖਿਲਾਫ਼ ਆਪਣੀਆਂ ਮੰਗਾਂ ਮਨਵਾਉਣ ਲਈ ਗਰਿਫ਼ਤਾਰੀਆਂ ਦੇਣ ਦਾ ਬਿਗਲ ਬਜਾਇਆ ਹੋਇਆ ਸੀ। (ਸ਼ਾਇਦ ਕੋਈ ਬਿਜਨੇਸ ਮੈਨ ਜਥੇਬੰਦੀ) ਗਰਿਫ਼ਤਾਰੀਆਂ ਹੋ ਗਈਆਂ, ਜਦੋਂ ਥਾਣੇ ‘ਚੋਂ ਜੇਲ੍ਹ ਭੇਜਣ ਲਈ ਲਿਸਟ ਬਣਨ ਲੱਗੀ, ਅਖੌਤੀ ਇਨਕਲਾਬੀ ਥਾਣੇ ਦੀਆਂ ਕੰਧਾਂ ਤੋਂ ਛਾਲਾਂ ਮਾਰ ਕੇ ਖਿਸਕ ਗਏ। ਨਾਮ ਲਿਖਵਾਉਣ ਵੇਲੇ ਪੰਜ ਸੌ ‘ਚੋਂ ਪੰਜ ਹੀ ਰਹਿ ਗਏ। ਯੂਨੀਅਨ ਨੂੰ ਕਾਫ਼ੀ ਢਾਹ ਲੱਗੀ।
ਪੰਜ ਸੱਤ ਬੰਦੇ ਜੋ ਬੱਸ ‘ਚੋਂ ਉਤਰ ਕੇ ਏਧਰ ਓਧਰ ਗਏ ਸਨ ਉਹ ਆ ਗਏ ਪਰ ਮੈਜਿਸਟਰੇਟ ਦੀ ਕੋਠੀ ਗਿਆ ਪੁਲੀਸ ਮੁਲਾਜ਼ਮ ਅਜੇ ਵੀ ਨਹੀਂ ਮੁੜਿਆ ਸੀ। ਮੇਰਾ ਵੀ ਜੀ ਕਰੇ ਭੱਜ ਕੇ ਸਾਹਮਣੇ ਦੀ ਪੀ. ਸੀ. ਓ. ਤੋਂ ਘਰ ਫ਼ੋਨ ਕਰ ਦਿਆਂ ਕਿ ਠੀਕ-ਠਾਕ ਹਾਂ । ਗਰਿਫ਼ਤਾਰੀ ਹੋ ਗਈ ਹੈ, ਪਰ ਆਪਣੇ ਮਨ ਨਾਲ ਘੁਲਦਾ, ਬੱਸ ਚੋਂ ਨਿਕਲ ਕੇ ਉੱਥੇ ਹੀ ਖੜ੍ਹਾ ਰਿਹਾ। ਆਪਣੇ ਧਿਆਨ ਨੂੰ ਹੋਰ ਪਾਸੇ ਲਾਉਣ ਲਈ ਸਿਰਗਟ ਸੁਲਗਾ ਲਈ । ਮੇਰੀ ਦੇਖਾ-ਦੇਖੀ ਪੰਜ ਸੱਤ ਬੀੜੀ ਸਿਗਰਟ ਪੀਣ ਵਾਲੇ ਗੱਡੀ ‘ਚੋਂ ਹੇਠਾਂ ਉਤਰ ਆਏ, ਜਿਵੇਂ ਦੇਖ ਕੇ ਹੀ ਤਲਬ ਲੱਗ ਗਈ ਹੁੰਦੀ ਹੈ। ਮੈਜਿਸਟਰੇਟ ਦੀ ਕੋਠੀ ਦਸਤਖ਼ਤ ਕਰਾਉਣ ਗਿਆ ਵਿਅਕਤੀ ਆ ਗਿਆ ਤੇ ਦੋ ਮਿੰਟਾਂ ਬਾਅਦ ਹੀ ਕੈਦੀ ਗੱਡੀ ਫੇਰ ਚੰਡੀਗੜ੍ਹ ਦੀਆਂ ਸੜਕਾਂ ਤੇ ਘੁੰਮਣ ਲੱਗੀ। ਨਾਅਰਿਆਂ ਦਾ ਜੋਸ਼ ਥੋੜ੍ਹਾ ਮੱਠਾ ਹੋ ਗਿਆ ਸੀ।
ਵੀਹ ਕੁ ਮਿੰਟਾਂ ਬਾਅਦ ਅਸੀਂ ਸੁੰਨਸਾਨ ਜਗ੍ਹਾ ਚੋਂ ਨਿਕਲ ਕੇ, ਕੇਂਦਰੀ ਬੁੜੈਲ ਜੇਲ੍ਹ ਦੇ ਬਾਹਰ ਅਹਾਤੇ ਵਿਚ ਸਾਂ । ਸਾਡੇ ਬਹੁਤਿਆਂ ‘ਚੋਂ ਜੇਲ੍ਹ ਜਾਣਾ ਤਾਂ ਦੂਰ ਕਿਸੇ ਨੇ ਬਾਹਰੋਂ ਵੀ ਦਰਸ਼ਨ ਨਹੀਂ ਸਨ ਕੀਤੇ। ਮੇਰਾ ਪੁਲੀਸ ਪਰਿਵਾਰ ਨਾਲ ਸੰਬੰਧ ਹੋਣ ਕਰ ਕੇ ਕੋਈ ਘਬਰਾਹਟ ਜਾਂ ਓਪਰਾਪਨ ਨਹੀਂ ਸੀ। ਭਾਵੇਂ ਜੇਲ੍ਹ ਯਾਤਰਾ ਮੇਰੀ ਦੀ ਪਹਿਲੀ ਵਾਰ ਸੀ, ਫਿਰ ਵੀ ਇੱਕ ਦੋ ਵਾਰ ਬਠਿੰਡਾ ਸੈਂਟਰਲ ਜੇਲ੍ਹ ਵਿਚ ਇੱਕ ਦੋ ਮਿੱਤਰਾਂ ਦੀ ਮੁਲਾਕਾਤ ਕਰਨ ਕਰ ਕੇ, ਮਨ ਵਿਚ ਸੀ, ਕਿ ਸਾਰੀਆਂ ਜੇਲ੍ਹਾਂ ਇੱਕੋ ਜਿਹੀਆਂ ਹੀ ਹੋਣਗੀਆਂ, ਭਾਵੇਂ ਅੰਦਰ ਦੇ ਮਾਹੌਲ ਬਾਰੇ ਮੈਨੂੰ ਵੀ ਇੱਲ੍ਹ ਦੀ ਥਾਂ ਕੁੱਕੜ ਨਹੀਂ ਸੀ ਆਉਂਦਾ।
ਸਾਰਿਆਂ ਨੇ ਕੈਦੀ ਬੱਸ ਚੋਂ ਉੱਤਰ ਕੇ, ਖੁੱਲ੍ਹੇ ਵਾਤਾਵਰਨ ਵਿਚ ਸਾਹ ਲਿਆ ਤੇ ਇੱਕ ਦੋ ਨਾਹਰੇ ਆਪਣੀ ਹੋਂਦ ਦਰਸਾਉਣ ਤੇ ਜੇਲ੍ਹ ਪ੍ਰਸ਼ਾਸਨ ਨੂੰ ਸੁਨਾਉਣ ਲਈ ਪੰਜਾਬ ਸਰਕਾਰ ਦੇ ਖਿਲਾਫ਼ ਜੜ ਦਿੱਤੇ। ਜੇਲ੍ਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸ਼ਾਇਦ ਸਾਡੇ ਆਉਣ ਦੀ ਤੇ ਗਰਿਫ਼ਤਾਰੀ ਦੀ ਸ਼ਾਮ ਨੂੰ ਹੀ ਖ਼ਬਰ ਸੀ, ਕਿਉਂਕਿ ਉਨ੍ਹਾਂ ਸਾਡਾ ਰਾਤ ਦਾ ਖਾਣਾ ਵੀ ਤਿਆਰ ਕਰਵਾਉਣਾ ਸੀ। ਥਾਣੇ ਵਿਚ ਜਿਹੜੀ ਸਾਡੀ ਪਤੇ ਠਿਕਾਣੇ ਵਾਲੀ ਲਿਸਟ ਤਿਆਰ ਕੀਤੀ ਸੀ ਉਸ ਅਨੁਸਾਰ ਹੀ ਸਾਨੂੰ ਕੈਦੀ ਨੰਬਰ ਅਲਾਟ ਹੋਇਆ ਸੀ।
ਹੁਕਮ ਹੋਇਆ,” ਆਪਣੇ ਆਪਣੇ ਨੰਬਰ ਮੁਤਾਬਕ ਲਾਈਨ ਵਿੱਚ ਖੜ੍ਹੇ ਹੋ ਜਾਵੋ।”
ਸਭ ਦੀ ਤਲਾਸ਼ੀ ਲੈ ਕੇ ਅੰਦਰ ਜਾਣ ਦਿੱਤਾ ਜਾਵੇਗਾ। ਅਸੀਂ ਆਪਣੇ ਆਪਣੇ ਬੈਗ ਖੋਲ੍ਹ ਕੇ ਕਿਲੇ ਦੇ ਗੇਟ ਵਰਗੇ ਦਰਵਾਜ਼ੇ ਦੀ ਬਾਰੀ ‘ਚੋਂ ਅੰਦਰ ਦਾਖ਼ਲ ਹੋਏ ਤਾਂ ਸਾਡੀ ਤਲਾਸ਼ੀ ਕੀਤੀ ਗਈ। ਕੱਪੜਿਆਂ ਤੋਂ ਇਲਾਵਾ ਸਾਡੇ ਕੋਲ ਪਲੇਟ, ਚਮਚ ਤੇ ਗਿਲਾਸ ਸੀ। ਉਹ ਸਾਰਾ ਸਮਾਨ ਉਨ੍ਹਾਂ ਗੇਟ ‘ਤੇ ਹੀ ਰੱਖ ਲਿਆ ਤੇ ਸਾਨੂੰ ਵਾਪਸੀ ‘ਤੇ ਦੇਣ ਲਈ ਕਿਹਾ ਤੇ ਨਾਲ ਹੀ ਦੱਸਿਆ,” ਕਿ ਜੇਲ੍ਹ ਵਿੱਚ ਭਾਂਡੇ ਤੁਸੀਂ ਜੇਲ੍ਹ ਦੇ ਹੀ ਵਰਤ ਸਕਦੇ ਹੋ।
ਚਲਦਾ……
ਜਸਪਾਲ ਜੱਸੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly