ਲੰਬੀ (ਸਮਾਜ ਵੀਕਲੀ): ਗੁਲਾਬੀ ਸੁੰਡੀ ਕਰਕੇ ਨਰਮਾ ਖਰਾਬੇ ਦੇ ਮੁਆਵਜ਼ੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਨਾਲ ਕਿਸਾਨਾਂ ਦੀ ਅੱਜ ਮੁਕੱਰਰ ਕਾਰਵਾਈ ਮੀਟਿੰਗ ਰੱਦ ਹੋਣ ‘ਤੇ ਭਾਕਿਯੂ ਏਕਤਾ ਉਗਰਾਹਾਂ ਨੇ ਅੱਜ ਬਾਅਦ ਦੁਪਹਿਰ ਇੱਕ ਵਜੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਬਾਦਲ ਵਿਖੇ ਘਰ ਦੇ ਦੋਵੇਂ ਗੇਟ ਘੇਰ ਲਏ। ਅੱਜ ਸਵੇਰ ਤੋਂ ਕਿਸਾਨਾਂ ਦੇ ਸੰਭਾਵੀ ਐਕਸ਼ਨ ਦੇ ਮੱਦੇਨਜ਼ਰ ਕੰਡਿਆਲੀ ਤਾਰਾਂ ਵਾਲੇ ਨਾਕੇ, ਅੱਧੀ ਦਰਜਨ ਵੱਜਰ ਵਾਹਨ ਅਤੇ ਸੈਂਕੜੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਪ੍ਰਸ਼ਾਸਨ ਨੇ ਵਿੱਤ ਮੰਤਰੀ ਦੇ ਘਰ ਦੀ ਕੰਧ ਅਤੇ ਬੂਹਿਆਂ ਅੱਗੇ ਰੋਕਾਂ ਅਤੇ ਵੱਡੀ ਗਿਣਤੀ ਪੁਲੀਸ ਤਾਇਨਾਤ ਕਰ ਦਿੱਤੀ।
ਡਿਪਟੀ ਕਮਿਸ਼ਨਰ ਐੱਚਐੱਸ ਸੂਦਨ ਅਤੇ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸਿੰਘ ਅਤੇ ਹੋਰ ਅਮਲਾ ਮੌਜੂਦ ਸੀ। ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਵਿੱਤ ਮੰਤਰੀ ਦੇ ਘਰ ਮੂਹਰੇ ਪੱਕੇ ਮੋਰਚੇ ਵਿੱਚ ਆਖਿਆ ਕਿ ਕਾਂਗਰਸ ਸਰਕਾਰ ਨੇ ਮੀਟਿੰਗ ਰੱਦ ਕਰਕੇ ਕਿਸਾਨਾਂ ਮਜ਼ਦੂਰਾਂ ਪ੍ਰਤੀ ਮਾਰੂ ਨੀਤੀ ਨੂੰ ਉਜਾਗਰ ਕੀਤਾ ਹੈ। ਇਸ ਮੌਕੇ ਮੋਰਚੇ ਦੀ ਸਟੇਜ ਤੋਂ ਐਲਾਨ ਹੋਇਆ ਕਿ ਵਿੱਤ ਮੰਤਰੀ ਦੇ ਘਰ ਦੇ ਦੋਵੇਂ ਬੂਹੇ ਘੇਰੇ ਜਾ ਚੁੱਕੇ ਹਨ। ਹੁਣ ਕੋਈ ਅੰਦਰੋਂ ਬਾਹਰ ਅਤੇ ਬਾਹਰੋਂ ਅੰਦਰ ਜਾਣ ਦੀ ਕੋਸ਼ਿਸ਼ ਨਾ ਕਰੇ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪ੍ਰਿੰਸੀਪਲ ਸੈਕਟਰੀ ਨਾਲ ਚੰਡੀਗੜ੍ਹ ਵਿਖੇ ਅੱਜ ਸਵੇਰੇ 11 ਵਜੇ ਮੀਟਿੰਗ ਦਾ ਸਮਾਂ ਦਿਵਾਇਆ ਸੀ। ਜਿਹੜੀ ਬਾਅਦ ਵਿਚ ਪ੍ਰਸ਼ਾਸਨਿਕ ਕਾਰਨ ਰੱਦ ਕਰ ਦਿੱਤੀ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly