ਲਖਮੀਰ ਪੁਰ ਘਟਨਾ ਰਾਜਨੀਤਕ ਪਾਰਟੀਆਂ ਲਈ ਕਿਸਾਨੀ ਮੁੱਦੇ ਜਾਂ ਸ਼ਕਤੀ ਪ੍ਰਦਰਸ਼ਨ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਪਿਛਲੇ ਦਿਨੀਂ ਲਖੀਮਪੁਰ ਖੀਰੀ ਵਿਖੇ ਜੋ ਬੇਹੱਦ ਨਿੰਦਣਯੋਗ ਸੋਚੀ ਸਮਝੀ ਸਕੀਮ ਦੇ ਤਹਿਤ ਸਰਕਾਰੀ ਗੁੰਡਿਆਂ ਨੇ ਕਿਸਾਨ ਮਜ਼ਦੂਰਾਂ ਉੱਤੇ ਧੋਖੇ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ।ਪੂਰੀ ਦੁਨੀਆਂ ਜਾਣਦੀ ਹੈ ਕਿ ਕਿਸਾਨ ਮਜ਼ਦੂਰ ਆਪਣਾ ਹੱਕ ਮੰਗਣ ਲਈ ਦਿੱਲੀ ਨੂੰ ਘੇਰ ਕੇ ਬੈਠੇ ਹਨ,ਸਾਰੀ ਦੁਨੀਆਂ ਦੇ ਲੋਕ ਤੇ ਅਨੇਕਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸਾਡੀ ਕੇਂਦਰ ਸਰਕਾਰ ਨੂੰ ਕਾਲੇ ਕਨੂੰਨ ਖ਼ਤਮ ਕਰਨ ਲਈ ਸਾਰਥਿਕ ਰੂਪ ਵਿੱਚ ਕਹਿ ਰਹੇ ਹਨ।ਪਰ ਕਾਰਪੋਰੇਟ ਘਰਾਣਿਆਂ ਕੋਲ ਵਿਕੀ ਹੋਈ ਸਰਕਾਰ ਨੂੰ ਦਿਖਾਈ ਤੇ ਸੁਣਾਈ ਨਹੀਂ ਦਿੰਦਾ।ਇਸ ਮੰਦਭਾਗੀ ਘਟਨਾ ਵਿੱਚ ਸਾਡੇ ਸਬਰ ਤੇ ਸੰਤੋਖ ਨਾਲ ਇਕ ਸਾਲ ਤੋਂ ਲਗਾਤਾਰ ਧਰਨਾ ਲਾ ਰਹੇ ਮੋਰਚੇ ਦੇ ਚਾਰ ਕਿਸਾਨ ਤੇ ਮਜ਼ਦੂਰ ਸ਼ਹੀਦ ਹੋਏ ਸਾਰੀ ਦੁਨੀਆਂ ਦੀਆਂ ਅੱਖਾਂ ਨਮ ਹੋ ਗਈਆਂ ਪਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਚੁੱਪ ਧਾਰੀ ਹੋਈ ਹੈ।ਪੰਜ ਰਾਜਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹਨ।

ਉਸ ਲਈ ਆਪਣਾ ਪਲੜਾ ਭਾਰੀ ਕਰਨ ਲਈ ਵੱਖ ਵੱਖ ਥਾਵਾਂ ਦੇ ਦੌਰੇ ਆਪਣੇ ਤਰੀਕੇ ਨਾਲ ਚਾਲੂ ਹਨ।ਕਿਸਾਨ ਮੋਰਚੇ ਵੱਲੋਂ ਯੂ ਪੀ ਦੇ ਕਿਸਾਨ ਯੂਨੀਅਨ ਮੁਖੀ ਟਿਕੈਤ ਸਾਹਿਬ ਨੇ ਸਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਬਣਦੇ ਹੱਕ ਲੈ ਕੇ ਦਿੱਤੇ ਤੇ ਉਨ੍ਹਾਂ ਦੇ ਭੋਗ ਪੈਣ ਤਕ ਇੰਤਜ਼ਾਰ ਕੀਤਾ ਜਾਵੇਗਾ ਕਿ ਕਾਨੂੰਨੀ ਕਾਰਵਾਈ ਕਾਤਲਾਂ ਤੇ ਹੋ ਰਹੀ ਹੈ।ਨਹੀਂ ਤਾਂ ਫਿਰ ਸੰਯੁਕਤ ਮੋਰਚੇ ਵੱਲੋਂ ਯੋਗ ਸਾਰਥਿਕ ਕਦਮ ਚੁੱਕੇ ਜਾਣਗੇ। ਸਾਡੀਆਂ ਤਕਰੀਬਨ ਸਾਰੀਆਂ ਵਿਰੋਧੀ ਰਾਜਨੀਤਕ ਪਾਰਟੀਆਂ ਨੇ ਲਖੀਮਪੁਰ ਵੱਲ ਜਾਣ ਲਈ ਵਹੀਰਾਂ ਘੱਤ ਲਈਆਂ,ਸਾਡੇ ਕਿਸਾਨਾਂ ਮਜ਼ਦੂਰਾਂ ਤੇ ਆਮ ਜਨਤਾ ਨੂੰ ਇਹ ਸਮਝ ਨਹੀਂ ਆ ਰਹੀ ਕਿ ਇਹ ਅਫ਼ਸੋਸ ਕਰਨ ਲਈ ਜਾ ਰਹੇ ਹਨ ਜਾਂ ਫਿਰ ਚੋਣਾਂ ਨੇੜੇ ਹਨ ਆਪਣੀ ਤਾਕਤ ਮਜ਼ਬੂਤ ਕਰਨ ਜਾਂ ਜਨਤਾ ਨੂੰ ਦਿਖਾਉਣ ਲਈ ਜਾ ਰਹੇ ਹਨ।

ਠੀਕ ਹੈ ਆਪਣੇ ਦੇਸ਼ ਦੇ ਯੋਧੇ ਸ਼ਹੀਦ ਹੋਏ ਹਨ ਜਿਸ ਲਈ ਅਫ਼ਸੋਸ ਕਰਨ ਲਈ ਹਰੇਕ ਰਾਜਨੀਤਕ ਪਾਰਟੀ ਦੇ ਮੁਖੀਆ ਦਾ ਜਾਣ ਦਾ ਫ਼ਰਜ਼ ਹੈ।ਪਰ ਸਦਕੇ ਜਾਈਏ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਦੇ ਉਨ੍ਹਾਂ ਨੇ ਆਪਣੇ ਇਲਾਕਾਈ ਮੁਖੀਆਂ ਨੂੰ ਬੱਸਾਂ ਤੇ ਗਿਣਤੀ ਦੇ ਬੰਦੇ ਲਿਆਉਣ ਲਈ ਹੁਕਮ ਚਾੜ੍ਹ ਦਿੱਤੇ।ਕੋਈ ਇਨ੍ਹਾਂ ਨੂੰ ਪੁੱਛਣ ਵਾਲਾ ਹੋਵੇ ਉਥੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਜਾ ਕੇ ਤੁਸੀਂ ਕਿਸਾਨਾਂ ਅਤੇ ਮਜ਼ਦੂਰਾਂ ਲਈ ਕੀ ਕਰੋਗੇ ?ਜਿਸ ਕਿਸੇ ਨੇਤਾ ਨੂੰ ਬਹੁਤ ਜ਼ਿਆਦਾ ਦਰਦ ਹੈ ਸ਼ਹੀਦਾਂ ਦੇ ਘਰ ਵਿਚ ਜਾ ਕੇ ਰਹੋ ਉਨ੍ਹਾਂ ਦਾ ਕੰਮਕਾਰ ਵਿੱਚ ਹੱਥ ਵਟਾਓ ਤੇ ਬਣਦੇ ਹੱਕਾਂ ਲਈ ਲੜਾਈ ਲੜੋ, ਜਿਸ ਤੋਂ ਰਾਜਨੀਤਕ ਪਾਰਟੀਆਂ ਦੇ ਸਾਰੇ ਨੇਤਾਵਾਂ ਨੂੰ ਇਕ ਸਬਕ ਮਿਲੇਗਾ।ਸ਼ਹੀਦੀਆਂ ਦੇਣ ਵਾਲੇ ਕਿਸਾਨ ਮਜ਼ਦੂਰਾਂ ਵਿੱਚੋਂ ਸਿੱਖ ਹੀ ਹਨ।

ਸਿੱਖਾਂ ਦੀ ਘੱਟ ਗਿਣਤੀ ਹੈ ਹਰ ਇੱਕ ਰਾਜ ਵਿੱਚ ਖੇਤੀ ਦੇ ਕੰਮ ਵਿੱਚ ਇਹ ਮੋਹਰੀ ਹਨ।ਉੱਤਰ ਪ੍ਰਦੇਸ਼ ਦੀ ਪੁਲੀਸ ਨਾਲ ਜਾ ਕੇ ਰਾਜਨੀਤਕ ਨੇਤਾਵਾਂ ਦੇ ਪੰਗੇ ਲੈਣੇ ਜੇ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਤੇ ਭਾਰੀ ਪੈ ਗਏ ਕੌਣ ਜ਼ਿੰਮੇਵਾਰ ਹੋਵੇਗਾ। ਰਾਜਨੀਤਕ ਪਾਰਟੀਆਂ ਨੂੰ ਚਾਹੀਦਾ ਹੈ ਕਿ ਪੁਲੀਸ ਨਾਲ ਜਾ ਕੇ ਬੈਰੀਕੇਡ ਤੋੜਨ ਨੂੰ ਮੱਥਾ ਲਾਉਣ ਨਾਲੋਂ ਚੰਗਾ ਹੈ,ਤੁਸੀਂ ਕਾਲੇ ਕਾਨੂੰਨ ਖਤਮ ਕਰਨ ਲਈ ਮੋਰਚੇ ਲਗਾਓ। ਸਾਡੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਵੱਖ ਵੱਖ ਅਫ਼ਸੋਸ ਦੇ ਨਾਂ ਤੇ ਆਪਣੀ ਜ਼ੋਰ ਅਜ਼ਮਾਈ ਕਰਦੀਆਂ ਵਿਖਾਈ ਦੇ ਰਹੀਆਂ ਹਨ।ਇਹ ਦੁੱਖ ਦੀ ਘੜੀ ਹੈ ਦੋ ਐੱਮ ਐੱਲ ਏ ਭਾਰਤੀ ਜਨਤਾ ਪਾਰਟੀ ਦੇ ਹਨ ਉਨ੍ਹਾਂ ਨੂੰ ਛੱਡੋ,ਬਾਕੀ 115 ਸਾਡੇ ਚੁਣੇ ਹੋਏ ਨੇਤਾ ਹਨ ਮਾਣਯੋਗ ਸੁਪਰੀਮ ਕੋਰਟ ਵਿਚ ਜਾ ਕੇ ਪਟੀਸ਼ਨ ਦਾਇਰ ਕਰ ਸਕਦੇ ਹਨ।ਐਮ.ਐਲ. ਏ ਦੀ ਹਰ ਥਾਂ ਪਹੁੰਚ ਤੇ ਤਾਕਤ ਹੁੰਦੀ ਹੈ।

ਸ਼ਾਇਦ ਸਾਡੇ ਚੁਣੇ ਹੋਏ ਨੇਤਾਵਾਂ ਨੂੰ ਪਤਾ ਨਹੀਂ,ਜਾਓ ਰਾਸ਼ਟਰਪਤੀ ਭਵਨ ਜਾਂ ਪ੍ਰਧਾਨ ਮੰਤਰੀ ਦੇ ਦਫ਼ਤਰ ਅੱਗੇ ਜਾ ਕੇ ਧਰਨਾ ਲਗਾ ਕੇ ਬੈਠ ਜਾਓ।ਹਰ ਇੱਕ ਨੂੰ ਤੁਹਾਡੀ ਗੱਲ ਸੁਣਨੀ ਪਵੇਗੀ ਤੇ ਤਸੱਲੀ ਕਰਵਾਉਣੀ ਪਵੇਗੀ।ਪਰ ਅਜਿਹਾ ਨਹੀਂ ਕਰਨਗੇ ਕਿਉਂਕਿ ਇਨ੍ਹਾਂ ਨੇ ਸਿਰਫ਼ ਮੀਡੀਆ ਤੇ ਆਪਣਾ ਮੂੰਹ ਦਿਖਾਉਣਾ ਹੁੰਦਾ ਹੈ,ਜੋ ਕੁਝ ਘੰਟਿਆਂ ਦਾ ਕੰਮ ਹੁੰਦਾ ਹੈ।ਇਕ ਸਾਲ ਤੋਂ ਦਿੱਲੀ ਦੇ ਚਾਰੇ ਪਾਸੇ ਸਾਡੇ ਕਿਸਾਨ ਤੇ ਮਜ਼ਦੂਰ ਧਰਨਾ ਲਗਾ ਕੇ ਬੈਠੇ ਹਨ,ਸਾਡੇ ਚੁਣੀ ਹੋਈ ਸਰਕਾਰ ਦੇ ਮੰਤਰੀ ਤੇ ਬਾਕੀ ਰਾਜਨੀਤਕ ਪਾਰਟੀਆਂ ਦੇ ਐੱਮ ਐੱਲ ਏ ਧਰਨੇ ਵਿਚ ਜਾ ਕੇ ਕਦੇ ਵੀ ਨਹੀਂ ਬੈਠੇ ਕਿਉਂਕਿ ਸਾਡੇ ਕਿਸਾਨ ਨੇਤਾਵਾਂ ਦੀ ਉੱਚੀ ਸੋਚ ਹੈ ਇਨ੍ਹਾਂ ਨੂੰ ਸਟੇਜ ਤੇ ਚੜ੍ਹਨ ਨਹੀਂ ਦਿੰਦੇ।ਕਿਉਂਕਿ ਸਾਡੇ ਨੇਤਾਵਾਂ ਕੋਲ ਭਾਸਣਾਂ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ ।

ਕੱਲ੍ਹ ਹਰਿਆਣਾ ਵਿੱਚ ਵੀ ਇਹੋ ਹੀ ਗੱਡੀ ਥੱਲੇ ਦੇਣ ਵਾਲਾ ਨੇਤਾਵਾਂ ਦਾ ਦੂਸਰਾ ਨਾਟਕ ਫੇਲ੍ਹ ਹੋ ਗਿਆ ਪਤਾ ਨ੍ਹੀਂ ਸਾਡੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸ਼ਹੀਦ ਕਰਨਾ ਹੀ ਰਾਜ ਕਰਦੀਆਂ ਰਾਜਨੀਤਕ ਪਾਰਟੀਆਂ ਆਪਣੀ ਪ੍ਰਾਪਤੀ ਸਮਝਦੀਆਂ ਹਨ। ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਡੇ ਕਿਸਾਨ ਮਜ਼ਦੂਰ ਤੇ ਇਨ੍ਹਾਂ ਦੇ ਨਾਲ ਖਡ਼੍ਹੀ ਪੂਰੇ ਭਾਰਤ ਦੀ ਜਨਤਾ ਵੋਟਾਂ ਨਾਲ ਏਹੋ ਜਿਹਾ ਹਥੌਲਾ ਕਰੇਗੀ,ਰਾਜਨੀਤਕ ਪਾਰਟੀਆਂ ਕਿਸੇ ਵੀ ਚੋਣ ਵਿੱਚ ਮੈਨੀਫੈਸਟੋ ਬਣਾਉਣ ਲਈ ਆਪਣੇ ਵੋਟਰਾਂ ਤੋਂ ਆ ਕੇ ਪਹਿਲਾਂ ਉਨ੍ਹਾਂ ਦੇ ਹੱਕਾਂ ਬਾਰੇ ਪੁੱਛਿਆ ਕਰਨਗੀਆਂ।ਸੰਯੁਕਤ ਕਿਸਾਨ ਮੋਰਚੇ ਨੇ ਪੂਰੇ ਭਾਰਤ ਦੇ ਵੋਟਰਾਂ ਨੂੰ ਆਪਾ ਪਹਿਚਾਨਣ ਦੀ ਸੋਚ ਤੇ ਤਾਕਤ ਦੇ ਦਿੱਤੀ ਹੈ।

ਰਾਜਨੀਤਕ ਪਾਰਟੀਆਂ ਦੇ ਨੇਤਾ ਜਦੋਂ ਵੀ ਕਿਸੇ ਵੀ ਪਰਦੇਸ ਵਿੱਚ ਵੋਟ ਮੰਗਣ ਜਾਣਗੇ,ਜਨਤਾ ਨੇ ਕੀ ਸਵਾਲ ਪੁੱਛਣੇ ਤੇ ਕਰਨੇ ਹਨ ਉਸ ਲਈ ਇਨ੍ਹਾਂ ਦੀਆਂ ਰਿਹਰਸਲ ਰੂਪੀ ਕਲਾਸਾਂ ਲੱਗਣੀਆਂ ਚਾਲੂ ਹੋ ਜਾਣਗੀਆਂ।ਆਪਾਂ ਸੁਣ ਹੀ ਰਹੇ ਹਾਂ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਲੱਠਮਾਰਾਂ ਨੂੰ ਤਿਆਰ ਕਰ ਰਹੇ ਹਨ ਸ਼ਾਇਦ ਉਨ੍ਹਾਂ ਦੀ ਸੋਚ ਦਾ ਖਾਨਾ ਖਾਲੀ ਹੈ।ਅੱਜ ਭਾਰਤੀ ਜਨਤਾ ਆਜ਼ਾਦੀ ਤੋਂ ਬਾਅਦ ਵੱਖ ਵੱਖ ਰਾਜਨੀਤਕ ਪਾਰਟੀਆਂ ਦੀਆਂ ਬਣੀਆਂ ਸਰਕਾਰਾਂ ਤੋਂ ਬਹੁਤ ਵੱਡੇ ਸਬਕ ਪੜ੍ਹ ਸਿੱਖ ਚੁੱਕੀ ਹੈ ਜਿਸ ਦਾ ਨਤੀਜਾ ਬਹੁਤ ਜਲਦੀ ਸਾਹਮਣੇ ਆਉਣ ਵਾਲਾ ਹੈ।ਅੱਜ ਜ਼ਰੂਰਤ ਹੈ ਰਾਜਨੀਤਕ ਪਾਰਟੀਆਂ ਦੇ ਨੇਤਾ ਆਪਣੀ ਸੋਚਣ ਸ਼ਕਤੀਨੂੰ ਤਿੱਖਾ ਕਰ ਲੈਣ,ਦੁੱਖ ਤੇ ਸੁੱਖ ਵਿਚ ਜਨਤਾ ਨਾਲ ਕਿਵੇਂ ਖੜ੍ਹਨਾ ਹੈ। ਅਜਿਹੀ ਡਰਾਮਾਬਾਜ਼ੀ ਉਨ੍ਹਾਂ ਲਈ ਬਹੁਤ ਭਾਰੀ ਪੈ ਸਕਦੀ ਹੈ।ਆਓ ਤੁਹਾਡੇ ਵੋਟਰ ਘਰੋਂ ਬੇਘਰ ਹੋਏ ਸੜਕਾਂ ਤੇ ਬੈਠੇ ਹਨ ਉਨ੍ਹਾਂ ਨਾਲ ਜਾ ਕੇ ਬੈਠੋ ਦੁੱਖ ਸੁੱਖ ਸਾਂਝਾ ਕਰੋ।ਨਹੀਂ ਤਾਂ ਉਹ ਕਹਾਵਤ ਯਾਦ ਕਰੋ “ਨਾਈਆ ਨਾਈਆ ਮੇਰੇ ਸਿਰ ਤੇ ਕਿੰਨੇ ਕੁ ਵਾਲ ਕਹਿੰਦਾ ਜਜਮਾਨ ਤੁਹਾਡੇ ਮੂਹਰੇ ਹੀ ਗਿਰਨਗੇ।”

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ- 9914880392

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਤ ਕਰਤਾਰ ਸਿੰਘ ਜੀ ਤੇ ਸੰਤ ਤਰਲੋਚਨ ਸਿੰਘ ਜੀ ਦੀ ਯਾਦ ‘ਚ ਮਹਾਨ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਸ਼ੁਰੂ
Next articleਅਕਾਲੀ ਦਲ ਦੇ ਉਮੀਦਵਾਰ ਵਜੋਂ ਸ਼ੁਕਰਾਨੇ ਦੇ ਤੌਰ ਤੇ ਗੁਰਦੁਆਰਾ ਬੇਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ