ਲਖੀਮਪੁਰ (ਸਮਾਜ ਵੀਕਲੀ): ਲਖੀਮਪੁਰ ਖੀਰੀ ਹਿੰਸਾ ਵਿਚ ਮਾਰੇ ਗਏ ਪੱਤਰਕਾਰ ਰਮਨ ਕਸ਼ਿਅਪ ਦੇ ਭਰਾ ਵੱਲੋਂ ਇਸ ਕੇਸ ਵਿਚ ਇਕ ਹੋਰ ਐਫਆਈਆਰ ਦਰਜ ਕਰਨ ਬਾਰੇ ਪਾਈ ਗਈ ਅਰਜ਼ੀ ਨੂੰ ਇੱਥੋਂ ਦੀ ਇਕ ਅਦਾਲਤ ਨੇ ਖਾਰਜ ਕਰ ਦਿੱਤਾ। ਉਸ ਨੇ ਕੇਂਦਰੀ ਮੰਤਰੀ ਅਜੈ ਮਿਸ਼ਰਾ, ਉਸ ਦੇ ਪੁੱਤਰ ਤੇ 12 ਹੋਰਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਤਿੰਨ ਅਕਤੂਬਰ ਨੂੰ ਹੋਈ ਹਿੰਸਾ ਵਿਚ ਚਾਰ ਕਿਸਾਨਾਂ ਸਣੇ ਅੱਠ ਜਣੇ ਮਾਰੇ ਗਏ ਸਨ। ਭਾਜਪਾ ਵਰਕਰਾਂ ਨੇ ਕਿਸਾਨਾਂ ਉਤੇ ਗੱਡੀ ਚੜ੍ਹਾ ਦਿੱਤੀ ਸੀ। ਗੁੱਸੇ ਵਿਚ ਆਏ ਕਿਸਾਨਾਂ ਨੇ ਵੀ ਜਵਾਬ ’ਚ ਦੋ ਭਾਜਪਾ ਵਰਕਰਾਂ ਤੇ ਉਨ੍ਹਾਂ ਦੇ ਡਰਾਈਵਰ ਦੀ ਹੱਤਿਆ ਕਰ ਦਿੱਤੀ ਸੀ।
ਮੰਤਰੀ ਮਿਸ਼ਰਾ ਤੇ 15-20 ਹਥਿਆਰਬੰਦ ਵਿਅਕਤੀਆਂ ਨੂੰ ਐਫਆਈਆਰ ਵਿਚ ਮੁਲਜ਼ਮ ਵਜੋਂ ਦਰਜ ਕੀਤਾ ਗਿਆ ਹੈ। ਇਨ੍ਹਾਂ ’ਤੇ ਹੱਤਿਆ, ਅਪਰਾਧਕ ਸਾਜ਼ਿਸ਼ ਤੇ ਦੰਗਿਆਂ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਰਮਨ ਕਸ਼ਿਅਪ ਦੇ ਭਰਾ ਪਵਨ ਕਸ਼ਿਅਪ ਨੇ ਜ਼ਿਲ੍ਹਾ ਅਦਾਲਤ ਵਿਚ ਸੀਆਰਪੀਸੀ ਦੀ ਧਾਰਾ 156(3) ਤਹਿਤ ਅਰਜ਼ੀ ਦਾਇਰ ਕਰ ਕੇ 14 ਜਣਿਆਂ ਖ਼ਿਲਾਫ਼ ਇਕ ਹੋਰ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਵਿਚ ਪਹਿਲਾਂ ਹੀ ਐਫਆਈਆਰ ਦਰਜ ਹੈ ਤੇ ਜਾਂਚ ਚੱਲ ਰਹੀ ਹੈ। ਇਸ ਲਈ ਨਵੀਂ ਐਫਆਈਆਰ ਦਾ ਕੋਈ ਮਤਲਬ ਨਹੀਂ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly