ਲਖੀਮਪੁਰ ਖੀਰੀ (ਸਮਾਜ ਵੀਕਲੀ) : ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਇੱਥੋਂ ਦੀ ਇਕ ਅਦਾਲਤ ਨੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਅਤੇ 12 ਹੋਰ ਵਿਰੁੱਧ ਦੋਸ਼ ਤੈਅ ਕਰ ਦਿੱਤੇ ਹਨ। ਅਕਤੂਬਰ, 2021 ਵਿਚ ਵਾਪਰੀ ਘਟਨਾ ਦੇ ਮਾਮਲੇ ’ਚ ਇਨ੍ਹਾਂ ’ਤੇ ਹੱਤਿਆ, ਅਪਰਾਧਕ ਸਾਜ਼ਿਸ਼ ਘੜਨ ਤੇ ਹੋਰ ਇਲਜ਼ਾਮ ਲਾਏ ਗਏ ਹਨ। ਇਸ ਤਰ੍ਹਾਂ ਸੁਣਵਾਈ ਦਾ ਰਾਹ ਪੱਧਰਾ ਹੋ ਗਿਆ ਹੈ। ਵਧੀਕ ਜ਼ਿਲ੍ਹਾ ਜੱਜ ਸੁਨੀਲ ਕੁਮਾਰ ਵਰਮਾ ਨੇ ਅਗਲੀ ਸੁਣਵਾਈ 16 ਦਸੰਬਰ ਨੂੰ ਰੱਖੀ ਹੈ। ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਕਿਹਾ ਕਿ 13 ਮੁਲਜ਼ਮਾਂ ਜਿਨ੍ਹਾਂ ਵਿਚ ਆਸ਼ੀਸ਼ ਮਿਸ਼ਰਾ ਵੀ ਸ਼ਾਮਲ ਹੈ, ’ਤੇ ਆਈਪੀਸੀ ਦੀਆਂ ਧਾਰਾਵਾਂ- 147 ਤੇ 148 (ਦੰਗਿਆਂ ਨਾਲ ਸਬੰਧਤ), 149, 302 (ਹੱਤਿਆ) ਤੇ 307 (ਹੱਤਿਆ ਦੀ ਕੋਸ਼ਿਸ਼), 326, 427, 120ਬੀ ਤੇ ਮੋਟਰ ਵਹੀਕਲ ਐਕਟ ਦੀ ਧਾਰਾ 177 ਲਾਈ ਗਈ ਹੈ।
ਕੇਂਦਰੀ ਮੰਤਰੀ ਦਾ ਪੁੱਤਰ ਆਸ਼ੀਸ਼ ਇਸ ਮਾਮਲੇ ਵਿਚ ਮੁੱਖ ਮੁਲਜ਼ਮ ਹੈ। ਬਾਕੀ 12 ਮੁਲਜ਼ਮਾਂ ’ਚ ਅੰਕਿਤ ਦਾਸ, ਨੰਦਨ ਸਿੰਘ ਬਿਸ਼ਟ, ਲਤੀਫ਼ ਕਾਲੇ, ਸਤਿਅਮ ਉਰਫ਼ ਸਤਿਆ ਪ੍ਰਕਾਸ਼ ਤ੍ਰਿਪਾਠੀ, ਸ਼ੇਖਰ ਭਾਰਤੀ, ਸੁਮਿਤ ਜੈਸਵਾਲ, ਆਸ਼ੀਸ਼ ਪਾਂਡੇ, ਲਵਕੁਸ਼ ਰਾਣਾ, ਸ਼ਿਸ਼ੂ ਪਾਲ, ਉਲਾਸ ਕੁਮਾਰ ਉਰਫ਼ ਮੋਹਿਤ ਤ੍ਰਿਵੇਦੀ, ਰਿੰਕੂ ਰਾਣਾ ਤੇ ਧਰਮੇਂਦਰ ਬੰਜਾਰਾ ਸ਼ਾਮਲ ਹਨ। ਇਹ ਸਾਰੇ ਫ਼ਿਲਹਾਲ ਜੇਲ੍ਹ ਵਿਚ ਹਨ। 14ਵੇਂ ਮੁਲਜ਼ਮ ਵੀਰੇਂਦਰ ਸ਼ੁਕਲਾ ਜੋ ਕਿ ਜ਼ਮਾਨਤ ਉਤੇ ਬਾਹਰ ਹੈ, ’ਤੇ ਆਈਪੀਸੀ ਦੀ ਧਾਰਾ 201 ਲਾਈ ਗਈ ਹੈ। ਉਸ ’ਤੇ ਅਪਰਾਧ ਦੇ ਸਬੂਤ ਮਿਟਾਉਣ ਜਾਂ ਗਲਤ ਜਾਣਕਾਰੀ ਦੇਣ ਦਾ ਦੋਸ਼ ਹੈ। ਦੱਸਣਯੋਗ ਹੈ ਕਿ ਦੋਸ਼ ਤੈਅ ਕਰਨ ਦਾ ਮੰਤਵ ਅਸਲ ਵਿਚ ਮੁਲਜ਼ਮ ਨੂੰ ਇਹ ਦੱਸਣਾ ਹੁੰਦਾ ਹੈ ਕਿ ਇਸਤਗਾਸਾ ਉਸ ਦੇ ਖ਼ਿਲਾਫ਼ ਕੀ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਸ਼ੀਸ਼ ਤੇ ਹੋਰਾਂ ਖ਼ਿਲਾਫ਼ ਅਸਲਾ ਐਕਟ ਦੀਆਂ ਵੀ ਵੱਖ-ਵੱਖ ਧਾਰਾਵਾਂ ਲਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਅਕਤੂਬਰ, 2021 ਨੂੰ ਲਖੀਮਪੁਰ ਦੇ ਤਿਕੁਨੀਆ ਵਿਚ ਹੋਈ ਹਿੰਸਾ ’ਚ 8 ਜਣੇ ਮਾਰੇ ਗਏ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly