ਲਖੀਮਪੁਰ ਖੀਰੀ, (ਸਮਾਜ ਵੀਕਲੀ): ਲਖੀਮਪੁਰ ਖੀਰੀ ਘਟਨਾ ਦੇ ਸਬੰਧ ਵਿੱਚ ਦੂਜੀ ਐਫਆਈਆਰ ਦਰਜ ਕੀਤੀ ਗਈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਚ ਮਾੜੇ ਅਨਸਰ ਵੀ ਸ਼ਾਮਲ ਸਨ ਜਿਨ੍ਹਾਂ ਨੇ ਐਸਯੂਵੀ ਵਿੱਚ ਸਵਾਰ ਭਾਜਪਾ ਵਰਕਰਾਂ ’ਤੇ ਹਮਲਾ ਕੀਤਾ। ਇਸ ਐਫਆਈਆਰ ਵਿਚ ਜੀਪ ਰਾਹੀਂ ਕਿਸਾਨਾਂ ਨੂੰ ਦਰੜਨ ਵਾਲੇ ਕੇਂਦਰੀ ਮੰਤਰੀ ਦੇ ਲੜਕੇ ਆਸ਼ੀਸ਼ ਦੀ ਮੌਜੂਦਗੀ ਦਾ ਕੋਈ ਹਵਾਲਾ ਨਹੀਂ ਦਿੱਤਾ ਗਿਆ। ਪੁਲੀਸ ਨੇ ਭਾਜਪਾ ਵਰਕਰਾਂ ਦੀ ਕਥਿਤ ਕੁੱਟਮਾਰ ਦੇ ਮਾਮਲੇ ’ਚ ਤਿਕੋਨੀਆ ਥਾਣੇ ’ਚ 4 ਅਕਤੂਬਰ ਨੂੰ ਐਫਆਈਆਰ ਦਰਜ ਕੀਤੀ ਸੀ।
ਇਸ ਐਫਆਈਆਰ ਵਿੱਚ ਸਿਰਫ ਇੱਕ ਬੇਨਾਮ ਦੰਗਾਕਾਰੀ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ’ਤੇ ਆਈਪੀਸੀ ਦੀ ਧਾਰਾ 302 (ਕਤਲ), 324 (ਖਤਰਨਾਕ ਹਥਿਆਰਾਂ ਜਾਂ ਸਾਧਨਾਂ ਨਾਲ ਜ਼ਖਮੀ ਕਰਨ) ਦੇ ਦੋਸ਼ ਲਗਾਏ ਗਏ ਹਨ। ਇਹ ਐਫਆਈਆਰ ਸੁਮਿਤ ਜੈਸਵਾਲ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ ਗਈ ਜਿਸ ਨੇ ਦਾਅਵਾ ਕੀਤਾ ਸੀ ਕਿ ਉਹ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਕੁਸ਼ਤੀ ਸਮਾਗਮ ਲਈ ਸਵਾਗਤ ਕਰਨ ਜਾ ਰਹੇ ਭਾਜਪਾ ਵਰਕਰਾਂ ਵਿਚ ਸ਼ਾਮਲ ਸੀ। ਜ਼ਿਕਰਯੋਗ ਹੈ ਕਿ 3 ਅਕਤੂਬਰ ਦੀ ਘਟਨਾ ਕਾਰਨ ਅੱਠ ਜਣਿਆਂ ਦੀ ਮੌਤ ਹੋ ਗਈ ਸੀ ਜਿਸ ਵਿਚ ਚਾਰ ਕਿਸਾਨ, ਦੋ ਭਾਜਪਾ ਵਰਕਰ, ਐਸਯੂਵੀ ਡਰਾਈਵਰ ਅਤੇ ਇੱਕ ਪੱਤਰਕਾਰ ਸ਼ਾਮਲ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly