ਲਖਨਊ, (ਸਮਾਜ ਵੀਕਲੀ): ਉੱਤਰ ਪ੍ਰਦੇਸ਼ ’ਚ ਯੋਗੀ ਆਦਿੱਤਿਆਨਾਥ ਸਰਕਾਰ ਨੇ ਲਖੀਮਪੁਰ ਖੀਰੀ ਹਿੰਸਾ ਕਾਂਡ ਦੀ ਜਾਂਚ ਕਰ ਰਹੀ ਸਿਟ ਦੇ ਮੁਖੀ ਉਪੇਂਦਰ ਅਗਰਵਾਲ ਦਾ ਤਬਾਦਲਾ ਕਰ ਦਿੱਤਾ ਹੈ। ਉਸ ਦੇ ਨਾਲ ਪੰਜ ਹੋਰ ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਅਗਰਵਾਲ ਡੀਜੀਪੀ ਹੈੱਡਕੁਆਰਟਰ ’ਚ ਸੇਵਾਵਾਂ ਨਿਭਾ ਰਹੇ ਸਨ ਪਰ ਹੁਣ ਉਨ੍ਹਾਂ ਦਾ ਤਬਾਦਲਾ ਦੇਵੀਪਾਟਨ ਰੇਂਜ ਦੇ ਡੀਆਈਜੀ ਵਜੋਂ ਕਰ ਦਿੱਤਾ ਗਿਆ ਹੈ। ਉਂਜ ਡੀਜੀਪੀ ਮੁਕੁਲ ਗੋਇਲ ਨੇ ਕਿਹਾ ਹੈ ਕਿ ਉਪੇਂਦਰ ਅਗਰਵਾਲ ਸਿਟ ਮੁਖੀ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ। ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ’ਚ ਤਿੰਨ ਆਈਜੀ ਅਤੇ ਤਿੰਨ ਡੀਆਈਜੀ ਰੈਂਕ ਦੇ ਅਫ਼ਸਰ ਹਨ।
ਲਖੀਮਪੁਰ ਖੀਰੀ ’ਚ 3 ਅਕਤੂਬਰ ਨੂੰ ਚਾਰ ਕਿਸਾਨਾਂ ਸਮੇਤ ਅੱਠ ਵਿਅਕਤੀ ਮਾਰੇ ਗਏ ਸਨ ਅਤੇ ਇਸ ਕਾਂਡ ਦੀ ਜਾਂਚ ਲਈ ਸੂਬਾ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਸੀ। ਦੇਵੀਪਾਟਨ ਰੇਂਜ ਦੇ ਡੀਆਈਜੀ ਰਾਕੇਸ਼ ਸਿੰਘ ਨੂੰ ਪ੍ਰਯਾਗਰਾਜ, ਪ੍ਰਯਾਗਰਾਜ ਦੇ ਆਈਜੀ ਕੇ ਪੀ ਸਿੰਘ ਨੂੰ ਅਯੁੱਧਿਆ ਰੇਂਜ ਦਾ ਨਵਾਂ ਆਈਜੀ, ਅਯੁੱਧਿਆ ਰੇਂਜ ਦੇ ਆਈਜੀ ਸੰਜੀਵ ਗੁਪਤਾ ਨੂੰ ਡੀਜੀਪੀ ਹੈੱਡਕੁਆਰਟਰ ’ਚ ਅਮਨ ਕਾਨੂੰਨ ਦਾ ਆਈਜੀ, ਰਾਜੇਸ਼ ਮੋਦਕ ਨੂੰ ਬਸਤੀ ਰੇਂਜ ਦਾ ਆਈਜੀ ਅਤੇ ਬਸਤੀ ਰੇਂਜ ਦੇ ਆਈਜੀ ਅਨਿਲ ਕੁਮਾਰ ਰਾਏ ਨੂੰ ਪੀਏਸੀ ’ਚ ਇਸੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly