ਤਰਨ ਤਾਰਨ ਨਾਲ ਸਬੰਧਤ ਸੀ ਲਖਬੀਰ ਸਿੰਘ

File photo of Lakhbir Singh alias Teeta , who was killed on Friday morning at Delhi border at the main Morcha site of the Sanyukt Kisan Morcha

ਤਰਨ ਤਾਰਨ (ਗੁਰਬਖਸ਼ਪੁਰੀ) (ਸਮਾਜ ਵੀਕਲੀ): ਦਿੱਲੀ ’ਚ ਸਿੰਘੂ ਬਾਰਡਰ ’ਤੇ ਮਾਰੇ ਗਏ ਵਿਅਕਤੀ ਦੀ ਪਛਾਣ ਲਖਬੀਰ ਸਿੰਘ ਟੀਟਾ (40) ਵਾਸੀ ਚੀਮਾ ਕਲਾਂ ਵਜੋਂ ਹੋਈ ਹੈ| ਚੀਮਾ ਕਲਾਂ ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦਾ ਹੈ| ਲਖਬੀਰ ਸਿੰਘ ਦੀਆਂ ਤਿੰਨ ਲੜਕੀਆਂ ਹਨ ਅਤੇ ਉਸ ਦੀ ਪਤਨੀ ਜਸਮੀਤ ਕੌਰ ਉਸ ਦੇ ਨਸ਼ੇ ਦੀ ਆਦਤ ਤੋਂ ਤੰਗ ਆ ਕੇ ਕੁਝ ਚਿਰ ਪਹਿਲਾਂ ਬੱਚੀਆਂ ਨਾਲ ਪੇਕੇ ਚਲੀ ਗਈ ਸੀ। ਅੱਜ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਉਹ ਸਹੁਰੇ ਘਰ ਆ ਗਈ ਹੈ। ਲਖਬੀਰ ਸਿੰਘ ਚੀਮਾ ਕਲਾਂ ਵਿੱਚ ਆਪਣੇ ਫੁੱਫੜ ਜਿਉਣ ਸਿੰਘ ਕੋਲ ਰਹਿੰਦਾ ਸੀ| ਪਿੰਡ ਵਿੱਚ ਉਸ ਦੀ ਇਕ ਭੈਣ ਰਾਜ ਕੌਰ ਵੀ ਰਹਿੰਦੀ ਹੈ ਜੋ ਉਸ ਦੀ ਸੇਵਾ-ਸੰਭਾਲ ਆਦਿ ਕਰਦੀ ਸੀ|

ਲਖਬੀਰ ਸਿੰਘ ਸਰਹੱਦੀ ਖੇਤਰ ਦੇ ਪਿੰਡ ਕਲਸ (ਖੇਮਕਰਨ) ਦੇ ਵਾਸੀ ਦਰਸ਼ਨ ਸਿੰਘ ਅਤੇ ਮਨਜੀਤ ਕੌਰ ਦੀ ਔਲਾਦ ਸੀ| ਦਰਸ਼ਨ ਸਿੰਘ ਦੀ ਪਿੰਡ ਚੀਮਾ ਕਲਾਂ ਵਿੱਚ ਵਿਆਹੀ ਹੋਈ ਭੈਣ ਮਹਿੰਦਰ ਕੌਰ ਦੇ ਕੋਈ ਸੰਤਾਨ ਨਾ ਹੋਣ ਕਰਕੇ ਉਸ ਨੇ ਲਖਬੀਰ ਸਿੰਘ ਨੂੰ ਗੋਦ ਲੈ ਲਿਆ ਸੀ| ਇਸ ਦੌਰਾਨ ਲਖਬੀਰ ਸਿੰਘ ਨਸ਼ਿਆਂ ਦਾ ਆਦੀ ਹੋ ਗਿਆ ਸੀ| ਉਹ ਚੋਰੀਆਂ ਆਦਿ ਵੀ ਕਰਨ ਲੱਗ ਪਿਆ ਸੀ| ਉਸ ਦੀ ਭੈਣ ਰਾਜ ਕੌਰ ਨੇ ਦੱਸਿਆ ਕਿ ਲਖਬੀਰ ਸਿੰਘ ਨੇ 13 ਅਕਤੂਬਰ ਨੂੰ ਪਿੰਡ ਵਿੱਚ ਇਕ ਵਿਆਹ ਸਮਾਗਮ ਵਿੱਚ ਭਾਗ ਲਿਆ ਸੀ ਅਤੇ ਸ਼ਾਮ ਵੇਲੇ ਇਕ ਨਿਹੰਗ ਸਿੰਘ ਦੇ ਭੇਸ ਵਿੱਚ ਆਇਆ ਕੋਈ ਵਿਅਕਤੀ ਉਸ ਨੂੰ ਆਪਣੇ ਨਾਲ ਲੈ ਗਿਆ ਸੀ|

ਭੈਣ ਨੇ ਦੱਸਿਆ ਕਿ ਉਹ ਅਕਸਰ ਕਿਸੇ ‘ਸੰਧੂ’ ਨਾਮ ਦੇ ਵਿਅਕਤੀ ਨਾਲ ਲੰਮਾ ਸਮਾਂ ਮੋਬਾਈਲ ’ਤੇ ਗੱਲਾਂ ਕਰਦਾ ਰਹਿੰਦਾ ਸੀ ਅਤੇ ਉਹ ਇਹ ਵੀ ਆਖਦਾ ਸੀ ਕਿ ਉਸ ਦੀ ਪਹੁੰਚ ਹੁਣ ਬਹੁਤ ਦੂਰ ਤੱਕ ਹੋ ਗਈ ਹੈ| ਫੋਨ ਕਰਨ ਸਮੇਂ ਉਹ ਸਾਰਿਆਂ ਨੂੰ ਕਮਰੇ ਵਿੱਚੋਂ ਬਾਹਰ ਕੱਢ ਦਿੰਦਾ ਸੀ| ਲਖਬੀਰ ਸਿੰਘ ਦੀ ਭੈਣ ਨੇ ਕਿਹਾ ਕਿ ਉਹ ਬੇਅਬਦੀ ਨਹੀਂ ਕਰ ਸਕਦਾ ਹੈ| ਪਿੰਡ ਦੇ ਸਰਪੰਚ ਅਵਨ ਕੁਮਾਰ ਉਰਫ਼ ਸੋਨੂੰ ਚੀਮਾ ਨੇ ਕਿਹਾ ਕਿ ਲਖਬੀਰ ਸਿੰਘ ਨੂੰ ਜਿਸ ਤਰੀਕੇ ਨਾਲ ਦਿੱਲੀ ਦੇ ਸਿੰਘੂ ਬਾਰਡਰ ਤੱਕ ਲਿਜਾਇਆ ਗਿਆ ਹੈ, ਉਹ ਕਿਸੇ ਡੂੰਘੀ ਸਾਜ਼ਿਸ਼ ਦਾ ਹਿੱਸਾ ਲਗਦੀ ਹੈ|

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleISI pushing its agenda of targeted killings in Kashmir
Next articleUS child Covid cases top 6 million