HOME ਲਾਹੌਰੀ ਰਾਮ ਬਾਲੀ ਦਾ 96ਵਾਂ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਗਿਆ

ਲਾਹੌਰੀ ਰਾਮ ਬਾਲੀ ਦਾ 96ਵਾਂ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਗਿਆ

4
Photo Caption: 1. Balley family honoring the dedicated Ambedkarie Jyoti Prakash Mahimi with the 'Lahori Ram Balley Memorial Award' and others. 2. Some glimpses of the event.
ਬਾਲੀ ਸਾਹਿਬ ਦੀਆਂ ਲਿਖਤਾਂ ਜਨਜਨ ਤੱਕ ਲਿਜਾਣੀਆਂ ਚਾਹੀਦੀਆਂ ਹਨ- ਪ੍ਰੋਫੈਸਰ ਬਲਬੀਰ

ਜਲੰਧਰ   (ਸਮਾਜ ਵੀਕਲੀ)   ਲਾਹੌਰੀ ਰਾਮ ਬਾਲੀ ਯਾਦਗਾਰ ਕਮੇਟੀ ਵੱਲੋਂ ਮਹਾਨ ਚਿੰਤਕ, ਲੇਖਕ, ਨਿਡਰ ਬੁਲਾਰੇ, ਉਘੇ ਅੰਬੇਡਕਰਵਾਦੀ, ਅੰਬੇਡਕਰ ਭਵਨ ਜਲੰਧਰ ਦੇ ਫਾਊਂਡਰ ਟਰੱਸਟੀ, ਅੰਬੇਡਕਰ ਮਿਸ਼ਨ ਸੁਸਾਇਟੀ ਦੇ ਫਾਊਂਡਰ, ਆਲ ਇੰਡੀਆ ਸਮਤਾ ਸੈਨਿਕ ਦਲ ਦੇ ਪੁਨਰ ਸੁਰਜੀਤੀ ਅਤੇ ਭੀਮ ਪਤ੍ਰਿਕਾ ਦੇ ਮੁੱਖ ਸੰਪਾਦਕ ਮਰਹੂਮ ਲਾਹੌਰੀ ਰਾਮ ਬਾਲੀ ਦਾ 96 ਵਾਂ ਜਨਮ ਦਿਨ ਬੜੀ ਧੂਮ-ਧਾਮ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮਨਾਇਆ ਗਿਆ। ਇਹ ਸਮਾਗਮ ਧੰਮਾਂਚਾਰੀ ਅਚਲ ਕੀਰਤੀ (ਬਲਦੇਵ ਰਾਜ ਜੱਸਲ) ਦੁਆਰਾ ਬੁੱਧ ਬੰਦਨਾ, ਤ੍ਰਿਸ਼ਰਣ ਅਤੇ ਪੰਚਸ਼ੀਲ ਦਾ ਪਾਠ ਉਚਾਰਨ ਕਰਨ ਉਪਰੰਤ ਸ਼ੁਰੂ ਹੋਇਆ। ਸੀਨੀਅਰ ਅੰਬੇਡਕਰਵਾਦੀ ਡਾ. ਜੀ. ਸੀ. ਕੌਲ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਜਦੋਂ ਅਸੀਂ ਛੋਟੇ ਹੁੰਦੇ ਸਕੂਲ ਵਿੱਚ ਪੜ੍ਹਦੇ ਸਾਂ ਤਾਂ ਸਾਡੇ ਲੋਕਾਂ ਨੂੰ ਬਾਬਾ ਸਾਹਿਬ ਦਾ ਨਾਮ ਵੀ ਲੈਣਾ ਨਹੀਂ ਸੀ ਆਉਂਦਾ। ਉਹ ਅੰਬੇਡਕਰ ਦੀ ਬਜਾਏ ਉਮੈਦਗਾਰ ਕਹਿੰਦੇ ਹੁੰਦੇ ਸਨ। ਜੇ ਕੋਈ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਕਰਦਾ ਸੀ ਜਾਂ ਉਨ੍ਹਾਂ ਦੇ ਸੰਘਰਸ਼ ਦੀ ਗੱਲ ਕਰਦਾ ਸੀ ਤਾਂ ਉਸ ਦਾ ਵਿਰੋਧ ਬਹੁਤ ਹੁੰਦਾ ਸੀ। ਪਿੰਡਾਂ ਵਿੱਚ ਆਰਪੀਆਈ ਦੀਆਂ ਕਾਨਫਰੰਸਾਂ ਤਾਂ ਨਹੀਂ ਕਹਿ ਸਕਦੇ, 20-20,  25-25 ਬੰਦੇ ਇਕੱਠੇ ਕਰਕੇ ਉਨ੍ਹਾਂ  ਦੀਆਂ ਮੀਟਿੰਗਾਂ ਹੁੰਦੀਆਂ ਸਨ। ਉਨ੍ਹਾਂ ਦਾ ਵੀ ਬਹੁਤ ਵਿਰੋਧ ਹੁੰਦਾ ਸੀ। ਉਂਗਲੀਆਂ ਤੇ ਗਿਣੇ ਜਾਣ ਵਾਲੇ ਬਾਲੀ ਸਾਹਿਬ ਦੇ ਸਾਥੀ, ਹਜਾਰਾ ਰਾਮ ਬੋਧੀ ਅਤੇ ਬਿਹਾਰੀ ਲਾਲ ਖਾਰ ਸਾਈਕਲਾਂ ਤੇ ਪਿੰਡਾਂ ਵਿੱਚ ਆਉਂਦੇ ਸਨ। ਉਨ੍ਹਾਂ ਦੇ ਸਾਈਕਲਾਂ ਤੇ ਸਟੂਲ ਅਤੇ ਦਰੀ ਰੱਖੀ ਹੁੰਦੀ ਸੀ। ਜਿੱਥੇ ਕਿਤੇ ਪਿੰਡ ਵਿੱਚ ਪਿੱਪਲ ਥੱਲੇ ਕੋਈ ਬੈਠੇ ਹੋਏ ਜਾਂ ਤਾਸ਼ ਖੇਲਦੇ ਹੋਏ ਕੁਝ ਬੰਦੇ ਮਿਲ ਜਾਂਦੇ ਤਾਂ ਉਹ ਉਨ੍ਹਾਂ  ਨੂੰ ਕਹਿੰਦੇ ਕਿ ਆਓ ਬਾਬਾ ਸਾਹਿਬ ਦੀ ਗੱਲ ਕਰੀਏ। ਜਦੋਂ ਕਿਤੇ ਬੰਦੇ ੭੦- 80 ਹੋ ਜਾਂਦੇ ਤਾਂ ਉਹ ਸਟੂਲ ਤੇ ਖੜੇ ਹੋ ਕੇ ਭਾਸ਼ਣ ਕਰਦੇ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬਾਲੀ ਸਾਹਿਬ ਨੂੰ ਕਿੰਨਾ ਸੰਘਰਸ਼ ਕਰਨਾ ਪਿਆ ਹੋਵੇਗਾ। ਉਨ੍ਹਾਂ ਦੀ ਲਿਖੀ ਹੋਈ ਕਿਤਾਬ ‘ਡਾ. ਅੰਬੇਡਕਰ ਜੀਵਨ ਅਤੇ ਮਿਸ਼ਨ’ ਨੇ ਬੜੀ ਚੇਤਨਾ ਲਿਆਂਦੀ ਸੀ। ਬਾਲੀ ਸਾਹਿਬ ਦੀ ਜ਼ਿੰਦਗੀ ਇੱਕ ਬਹੁਤ ਵੱਡਾ ਤਿਆਗ ਸੀ।

ਅੰਬੇਡਕਰ ਮਿਸ਼ਨ ਸੋਸਾਇਟੀ (ਰਜਿ.) ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਬਲਬੀਰ ਜੀ ਨੇ ਸ੍ਰੀ ਬਾਲੀ ਜੀ ਦੇ ਜਨਮਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਜਿਸ ਵਿਅਕਤੀ ਦਾ ਜਨਮਦਿਨ ਅਸੀਂ ਮਨਾ ਰਹੇ ਹਾਂ, ਉਹ ਨਾ ਰੁਕੇ, ਨਾ ਡਰੇ, ਨਾ ਝੁਕੇ ਅਤੇ ਨਾ ਵਿਕੇ। ਜਦੋਂ ਕੋਈ ਬੋਲ ਨਹੀਂ ਸਕਦਾ ਸੀ, ਬਾਲੀ ਸਾਹਿਬ ਉਦੋਂ ਤੋਂ ਹੀ ਭੀਮ ਪਤ੍ਰਿਕਾ ਵਿਚ 1958 ਤੋਂ  ਲਿਖ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਹਾਂਪੁਰਸ਼ਾਂ ਦੇ ਜਨਮ ਦਿਨ ਅਦਰਾਂ ‘ਚ ਨਹੀਂ, ਖੁੱਲੀ ਗਰਾਉਂਡ ਵਿੱਚ ਮਨਾਉਣੇ ਚਾਹੀਦੇ ਹਨ।  ਉਨ੍ਹਾਂ ਨੇ ਸਿਧਾਂਤ ਨਹੀਂ ਬਦਲਿਆ ਅਤੇ ਆਪਣੇ ਸਿਧਾਂਤ ਤੇ ਟਿਕੇ ਰਹੇ।  ਜੋ ਅੱਜ ਮੰਤਰੀ ਬਣੇ, ਉਹ ਵੀ ਉਨ੍ਹਾਂ  ਨੂੰ ਸਲੂਟ ਕਰਦੇ ਹਨ।  ਪ੍ਰੋਫੈਸਰ ਬਲਬੀਰ ਨੇ ਕਿਹਾ ਕਿ ਬਾਲੀ ਸਾਹਿਬ ਦੀਆਂ ਲਿਖਤਾਂ  ਜਨ-ਜਨ ਤੱਕ ਲਿਜਾਣੀਆਂ ਚਾਹੀਦੀਆਂ ਹਨ। ਮਿਸ਼ਨਰੀ ਸਾਥੀ ਜਗਦੀਸ਼ ਕੁਮਾਰ ਡਾਲੀਆ, ਕਮਲ ਕੁਮਾਰ, ਸੂਰਜ ਵਿਰਦੀ, ਡਾ. ਮਹਿੰਦਰ ਸੰਧੂ ਅਤੇ ਵਿਸ਼ਾਲ ਗੋਰਕਾ  ਨੇ ਸ੍ਰੀ ਲਾਹੌਰੀ ਰਾਮ ਬਾਲੀ ਦੇ ਅਣਛੂਹੇ ਬਿੰਦੂਆਂ ਉੱਤੇ ਚਰਚਾ ਕੀਤੀ ਅਤੇ ਅਜੋਕੇ ਭਾਰਤ ਵਿੱਚ ਦਲਿਤ ਸਮਾਜ ਤੇ ਹੋਣ ਵਾਲੇ ਖਤਰਿਆਂ ਤੋਂ ਸੁਚੇਤ ਕੀਤਾ। ਸਮਾਗਮ ਵਿੱਚ ਜੋਤੀ ਪ੍ਰਕਾਸ਼ ਮਹਿਮੀ (ਜੈਤੇਵਾਲੀ) ਨੂੰ ਅੰਬੇਡਕਰੀ ਸੇਵਾਵਾਂ ਕਰਕੇ ਲਾਹੌਰੀ ਰਾਮ ਬਾਲੀ ਯਾਦਗਾਰ ਕਮੇਟੀ ਵੱਲੋਂ ‘ਲਾਹੌਰੀ ਰਾਮ ਬਾਲੀ ਯਾਦਗਾਰ ਅਵਾਰਡ’ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਬਾਲੀ ਸਾਹਿਬ ਦੀ ਹਾਜ਼ਰੀ ਵਿੱਚ ਮਿਸ਼ਨਰੀ ਗਾਇਕ ਜੀਵਨ ਮਹਿਮੀ, ਮਿਸ਼ਨਰੀ ਗੀਤਕਾਰ ਰਤੂ ਰੰਧਾਵਾ ਅਤੇ ਗਾਇਕ ਪ੍ਰੇਮ ਲਤਾ ਨੂੰ ਵੀ ਸਨਮਾਨਿਤ ਕੀਤਾ ਗਿਆ ਸੀ। ਬਾਲੀ ਸਾਹਿਬ ਦੇ ਪ੍ਰੀਨਿਰਵਾਣ ਤੋਂ ਬਾਅਦ 2024 ਵਿੱਚ ਸਮਰਪਿਤ ਅੰਬੇਡਕਰਵਾਦੀ ਅਤੇ ਬੁੱਧਿਸਟ ਸ਼੍ਰੀ ਭੀਸ਼ਮ ਪਾਲ ਸਿੰਘ ਨੂੰ ਅਤੇ 2025 ਵਿੱਚ ਮਿਸ਼ਨਰੀ ਸਿੰਗਰ ਸਨੀ ਸਲੀਮ ਨੂੰ ਸਨਮਾਨਿਤ ਕੀਤਾ ਗਿਆ ਸੀ। ਇਸ ਮੌਕੇ ਡਾ. ਚਰਨਜੀਤ ਸਿੰਘ, ਮਲਕੀਤ ਸਿੰਘ, ਪਿਸ਼ੋਰੀ ਲਾਲ ਸੰਧੂ, ਨਿਰਮਲ ਬਿੰਜੀ, ਹਿਤੇਸ਼ ਕੁਮਾਰ, ਰਾਮ ਸਰੂਪ ਬਾਲੀ, ਧਿਆਤਮ ਸੱਲਣ, ਅਮਜਦ ਬੇਗ, ਹਰਭਜਨ ਨਿਮਤਾ, ਵਿਸ਼ਾਲ ਬਾਲੀ, ਡੀਪੀ ਭਗਤ, ਓਮ ਪ੍ਰਕਾਸ਼, ਕਰਮ ਚੰਦ, ਰਾਮ ਪ੍ਰਕਾਸ਼, ਸੁਨੀਤਾ ਭਾਰਦਵਾਜ, ਮਨਜੀਤ ਕੌਰ, ਪਰਮਜੀਤ ਕੌਰ ਅਤੇ ਸੁਰਿੰਦਰ ਕੌਰ ਆਦਿ ਸ਼ਾਮਿਲ ਸਨ। ਸਟੇਜ ਸੰਚਾਲਨ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਮੁੱਖ ਸਲਾਹਕਾਰ ਸ੍ਰੀ ਚਰਨ ਦਾਸ ਸੰਧੂ ਨੇ ਬਖੂਬੀ ਕੀਤਾ ਅਤੇ ਬਲਦੇਵ ਰਾਜ ਭਾਰਦਵਾਜ ਨੇ ਸਭ ਦਾ ਧੰਨਵਾਦ ਕੀਤਾ। ਇਹ ਜਾਣਕਾਰੀ ਲਾਹੌਰੀ ਰਾਮ ਬਾਲੀ ਯਾਦਗਾਰ ਕਮੇਟੀ ਦੇ ਕਨਵੀਨਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿਚ ਦਿੱਤੀ।

 ਬਲਦੇਵ ਰਾਜ ਭਾਰਦਵਾਜ ,ਕਨਵੀਨਰ ਲਾਹੌਰੀ ਰਾਮ ਬਾਲੀ ਯਾਦਗਾਰ ਕਮੇਟੀ

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਚੌਰ ਦੀ ਮੀਟਿੰਗ ‘ਚ ਜ਼ਿਲ੍ਹੇ ‘ਚੋਂ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਮੁਸਕਾਨ ਦਾ ਕੀਤਾ ਸਨਮਾਨ: ਚਾਹਲ
Next articleSAMAJ WEEKLY = 22/07/2026