ਜਲੰਧਰ (ਸਮਾਜ ਵੀਕਲੀ) ਅੰਬੇਡਕਰੀ ਅਤੇ ਬੁੱਧਿਸਟ ਵਿਚਾਰਧਾਰਾ ਅਤੇ ਅੰਦੋਲਨ ਦੇ ਸਿਰਮੌਰ ਤੇ ਜੁਝਾਰੂ ਯੋਧੇ, ਨਿਧੜਕ ਬੁਲਾਰੇ, ਉੱਘੇ ਲੇਖਕ, ਚਿੰਤਕ, ਅੰਬੇਡਕਰ ਭਵਨ ਟਰੱਸਟ ਦੇ ਬਾਨੀ ਟਰਸਟੀ, ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਦੇ ਸੰਸਥਾਪਕ, ਆਲ ਇੰਡੀਆ ਸਮਤਾ ਸੈਨਿਕ ਦਲ ਦੇ ਮੁੱਖ ਸਲਾਹਕਾਰ ਅਤੇ ਭੀਮ ਪਤ੍ਰਿਕਾ ਦੇ ਸੰਪਾਦਕ ਸ੍ਰੀ ਲਾਹੌਰੀ ਰਾਮ ਬਾਲੀ ਜੀ ਦਾ 94ਵਾਂ ਜਨਮ ਦਿਵਸ ਉਨ੍ਹਾਂ ਦੇ ਨਿਵਾਸ ਸਥਾਨ ਆਬਾਦਪੁਰਾ ਵਿਖੇ ਉਹਨਾਂ ਦੇ ਪਰਿਵਾਰ ਵੱਲੋਂ ਬਲਦੇਵ ਰਾਜ ਭਾਰਦਵਾਜ ਅਤੇ ਨਿਰਮਲ ਬਿੰਜੀ ਦੀ ਅਗਵਾਈ ਹੇਠ ਬੜੀ ਸ਼ਰਧਾ, ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਉਨ੍ਹਾਂ ਦੀ ਸਦੀਵੀ, ਮਿੱਠੀ ਤੇ ਨਿੱਘੀ ਯਾਦ ਵਿੱਚ ਬਰਥਡੇ ਕੇਕ ਕੱਟਿਆ ਗਿਆ ਅਤੇ ਵੱਖ ਵੱਖ ਬੁਲਾਰਿਆਂ ਵੱਲੋਂ ਪੰਜਾਬ ਤੋਂ ਇਲਾਵਾ ਭਾਰਤ ਅਤੇ ਵਿਦੇਸ਼ਾਂ ਵਿੱਚ ਬਾਲੀ ਜੀ ਵੱਲੋਂ ਅੰਬੇਡਕਰ ਮਿਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਪਾਏ ਗਏ ਵਡਮੁੱਲੇ ਯੋਗ ਦਾਨ ਦੀ ਭਰਪੂਰ ਪ੍ਰਸੰਸਾ ਕੀਤੀ ਗਈ। ਬਾਲੀ ਸਾਹਿਬ ਵੱਲੋਂ ਅੰਬੇਡਕਰੀ ਵਿਚਾਰਧਾਰਾ ਪ੍ਰਤੀ ਜਨ-ਚੇਤਨਾ ਪੈਦਾ ਕਰਨ ਲਈ ਕੀਤੇ ਗਏ ਸੰਘਰਸ਼ਾਂ ਨੂੰ ਯਾਦ ਕਰਦਿਆਂ ਸਮਤਾ ਸੈਨਿਕ ਦਲ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਅਤੇ ਜਨਰਲ ਸੈਕਟਰੀ ਸਨੀ ਥਾਪਰ ਨੇ ਕਿਹਾ ਕਿ ਕੌਮੀ ਪੱਧਰ ਤੇ ਆਲ ਇੰਡੀਆ ਸਮਤਾ ਸੈਨਿਕ ਦਲ ਨੂੰ ਪੁਨਰ ਸੁਰਜੀਤ ਕਰਨ ਲਈ ਬਾਲੀ ਸਾਹਿਬ ਦੇ ਯਤਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਅੱਜ ਸਮਤਾ ਸੈਨਿਕ ਦਲ ਦੇ ਸਾਰੇ ਯੂਨਿਟਾਂ ਵੱਲੋਂ ਉਨ੍ਹਾਂ ਦਾ ਜਨਮ ਦਿਨ ਪੂਰੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ।ਦੋਆਬਾ ਕਾਲਜ ਦੇ ਰਾਜਨੀਤੀ ਸ਼ਾਸਤਰ ਦੇ ਸਾਬਕਾ ਮੁਖੀ ਅਤੇ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਦੇ ਉੱਪ ਪ੍ਰਧਾਨ ਪ੍ਰੋਫੈਸਰ ਬਲਬੀਰ ਹੁਣਾਂ ਨੇ ਕਿਹਾ ਕਿ ਬਾਲੀ ਸਾਹਿਬ ਨੇ ਅੰਬੇਡਕਰੀ ਵਿਚਾਰਧਾਰਾ ਦਾ ਡੂੰਘਾ ਅਧਿਅਨ ਕੀਤਾ ਹੋਇਆ ਸੀ ਅਤੇ ਉਹ ਅੰਬੇਡਕਰੀ ਚਿੰਤਨ ਦੀ ਪ੍ਰਮਾਣਿਕਤਾ ਲਈ ਜਿਉਂਦਾ ਜਾਗਦਾ ਵਿਸ਼ਵ-ਕੋਸ਼ ਸਨ। ਅੰਬੇਡਕਰ ਭਵਨ ਦੇ ਟਰੱਸਟੀ ਹਰਮੇਸ਼ ਜੱਸਲ ਨੇ ਬਾਲੀ ਸਾਹਿਬ ਦੀ ਰਹਿਨੁਮਾਈ ਹੇਠ ਨਿਰੰਤਰ ਲੰਮੇ ਅਰਸੇ ਤੋਂ ਕੀਤੇ ਗਏ ਕੰਮਾਂ ਅਤੇ ਅੰਦੋਲਨਾ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ। ਅੰਬੇਡਕਰ ਮਿਸ਼ਨ ਸੋਸਾਇਟੀ ਦੀ ਮੁੱਖ ਸਲਾਹਕਾਰ ਮੈਡਮ ਸੁਦੇਸ਼ ਕਲਿਆਣ ਨੇ ਕਿਹਾ ਕਿ ਬਾਲੀ ਸਾਹਿਬ ਸਾਡੇ ਸਾਰਿਆਂ ਲਈ ਪ੍ਰੇਰਣਾ ਸਰੋਤ ਸਨ। ਉਨ੍ਹਾਂ ਨੇ 1958 ਵਿੱਚ ਭੀਮ ਪਤ੍ਰਿਕਾ ਸ਼ੁਰੂ ਕੀਤਾ ਸੀ ਜੋ ਅੱਜ ਵੀ ਨਿਰੰਤਰ ਜਾਰੀ ਹੈ ਉਹ ਅੰਬੇਡਕਰ ਮਿਸ਼ਨ ਦੇ ਅਜਿਹੇ ਸਿਪਾਹੀ ਸਨ ਜਿਨਾਂ ਨੇ ਦੁੱਖਾਂ ਅਤੇ ਸਮੱਸਿਆਵਾਂ ਨਾਲ ਜੂਝ ਰਹੇ ਸਤਾਏ ਤੇ ਲਤਾੜੇ ਹੋਏ ਲੋਕਾਂ ਲਈ ਜ਼ਿੰਦਗੀ ਪਰ ਸੰਘਰਸ਼ ਕੀਤਾ। ਉਹ ਬੇਖੌਫ ਤੇ ਨਿਡਰ ਸ਼ਖਸ਼ੀਅਤ ਦੇ ਮਾਲਕ ਸਨ ਅਤੇ ਉਨ੍ਹਾਂ ਨੇ ਸਾਰੀ ਉਮਰ ਅੰਬੇਡਕਰੀ ਸਿਧਾਂਤਾਂ ਤੇ ਪਹਿਰਾ ਦਿੱਤਾ।
ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ )ਨੇ ਕਿਹਾ ਕਿ ਬਾਲੀ ਸਾਹਿਬ ਬਹੁ ਪੱਖੀ ਸ਼ਖਸ਼ੀਅਤ ਦੇ ਮਾਲਕ ਸਨ। ਉਹ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਦਰਜਨਾ ਪੁਸਤਕਾਂ ਦੇ ਲੇਖਕ ਸਨ। ਉਨ੍ਹਾਂ ਵੱਲੋਂ 1958 ਵਿੱਚ ਸ਼ੁਰੂ ਕੀਤਾ ਗਿਆ ਭੀਮ ਪਤ੍ਰਿਕਾ 6 ਜੁਲਾਈ 2023 ਨੂੰ ਉਹਨਾਂ ਦੇ ਪ੍ਰੀ ਨਿਰਵਾਣ ਤੱਕ ਨਿਰੰਤਰ ਜਾਰੀ ਰਿਹਾ। ਕਿਸੇ ਸਿਧਾਂਤਕ ਪਤ੍ਰਿਕਾ ਦਾ 65 ਸਾਲ ਤੱਕ ਲਗਾਤਾਰ ਪ੍ਰਕਾਸ਼ਿਤ ਹੁੰਦੇ ਰਹਿਣਾ ਇੱਕ ਵੱਡੀ ਪ੍ਰਾਪਤੀ ਹੈ। ਪੰਜਾਬ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਦੀ ਚਰਨਛੋਹ ਪ੍ਰਾਪਤ ਭੂਮੀ ਨੂੰ ਖਰੀਦ ਕੇ ਉਸ ਇਤਿਹਾਸਿਕ ਸਥਾਨ ਨੂੰ ਹਾਸ਼ੀਆਗਤ ਸਮਾਜ ਦੀਆਂ ਇਨਕਲਾਬੀ ਅਤੇ ਸੰਘਰਸ਼ਮਈ ਗਤੀਵਿਧੀਆਂ ਦੇ ਕੇਂਦਰ ਵਜੋਂ ਵਰਤਮਾਨ ਅੰਬੇਡਕਰ ਭਵਨ ਦੇ ਰੂਪ ਵਿੱਚ ਵਿਕਸਿਤ ਕਰਨ ਦਾ ਸਿਹਰਾ ਵੀ ਬਾਲੀ ਜੀ ਦੇ ਸਿਰ ਬੱਝਦਾ ਹੈ। ਉਹ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਦੇ ਸੰਸਥਾਪਕ ਸਨ ਅਤੇ ਭਾਰਤੀ ਰਿਪਬਲੀਕਨ ਪਾਰਟੀ ਦੇ ਜਨਰਲ ਸਕੱਤਰ ਸਨ ਜਿਨ੍ਹਾਂ ਨੇ ਸਮਤਾ ਸੈਨਿਕ ਦਲ ਦੇ ਸਹਿਯੋਗ ਨਾਲ ਪੰਜਾਬ ਵਿੱਚ ਕਈ ਅੰਦੋਲਨ ਸ਼ੁਰੂ ਕਰਕੇ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਮੁੱਖ ਬੁਲਾਰਿਆਂ ਤੋਂ ਇਲਾਵਾ ਡਾ.ਜੀਸੀ ਕੌਲ ਅਤੇ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸੰਧੂ ਨੇ ਬਾਲੀ ਸਾਹਿਬ ਨੂੰ ਆਪਣਾ ਪ੍ਰਮੁੱਖ ਪ੍ਰੇਰਨਾ ਸਰੋਤ ਦਰਸਾਉਂਦਿਆਂ ਉਹਨਾਂ ਦੀ ਅਗਵਾਈ ਵਿੱਚ ਕੀਤੇ ਸੰਘਰਸ਼ਾਂ ਦਾ ਵਿਸਤ੍ਰਿਤ ਜ਼ਿਕਰ ਕੀਤਾ। ਚਰਨ ਦਾਸ ਸੰਧੂ ਦੁਆਰਾ ਬਾਲੀ ਸਾਹਿਬ ਦੇ ਸੰਘਰਸ਼ਾਂ ਸਬੰਧੀ ਲਿਖੇ ਨਵੇਂ ਗੀਤ ਦੀਆਂ ਕੁਝ ਸਤਰਾਂ ਵੀ ਪ੍ਰਸਤੁਤ ਕੀਤੀਆਂ ਗਈਆਂ। ਉਨ੍ਹਾਂ ਦਾ ਗੀਤ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ। ਰਿਸਰਚ ਸਕਾਲਰ ਗੌਤਮ ਬੋਧ ਨੇ ਵੀ ਬਾਲੀ ਸਾਹਿਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਡਾ. ਚਰਨਜੀਤ ਸਿੰਘ, ਕ੍ਰਿਸ਼ਨ ਕਲਿਆਣ, ਅਮਜਦ ਬੇਗ, ਧਿਆਤਮ ਸੱਲਣ, ਵਿਸ਼ਾਲ ਬਾਲੀ, ਜਸਵਿੰਦਰ ਬਿੱਟੂ, ਪਿਸੋਰੀ ਲਾਲ ਸੰਧੂ, ਰਾਮ ਸਰੂਪ ਬਾਲੀ, ਡਾ. ਮਹਿੰਦਰ ਸੰਧੂ, ਹਰਭਜਨ ਨਿਮਤਾ, ਬੀਬੀ ਗੁਰਮੀਤ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਕਵਿਤਾ ਧਾਂਡੇ, ਸੁਨੀਤਾ ਅਤੇ ਬੀਬੀ ਸ਼ਿੰਦੋ ਆਦਿ ਸ਼ਾਮਿਲ ਹੋਏ। ਇਹ ਜਾਣਕਾਰੀ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਦਿੱਤੀ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ,
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)