ਜਲੰਧਰ/ਲਾਹੌਰ (ਸਮਾਜ ਵੀਕਲੀ) ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਹਿਰ ਲਾਹੌਰ ਦੇ “ਲਾਹੌਰ ਮਿਊਜ਼ੀਅਮ” ਵਿਚ ਸ਼ਾਹਮੁਖੀ ਲਿਪੀ ਦੀ ਵਰਤੋਂ ਕਰਨ ਵਾਲੇ ਜਗਿਆਸੂਆਂ ਨੂੰ ਗੁਰਮੁਖੀ ਲਿਪੀ ਲਿਖਣ ਤੇ ਪੜ੍ਹਨ ਦੀ ਜਾਣਕਾਰੀ ਦੇਣ ਲਈ ਕਾਰਜਸ਼ਾਲਾ ਲਾਈ ਗਈ ਹੈ।ਲਾਹੌਰ ਦੇ ਸਰਗਰਮ ਸਭਿਆਚਾਰਕ ਕਾਰਕੁਨ ਤੇ ਵਾਰਸ ਸ਼ਾਹ ਵਿਚਾਰ ਪ੍ਰਚਾਰ ਪਰਹਿਆ ਦੇ ਸੰਚਾਲਕ ਸ਼ਬੀਰ ਜੀ ਨੇ ਇਸ ਦੌਰਾਨ ਜਗਿਆਸਾ ਰੱਖਣ ਵਾਲੇ ਲੋਕਾਂ ਤੇ ਹਾਜ਼ਰੀਨ ਨੂੰ ਗੁਰਮੁਖੀ ਲਿਪੀ ਦੇ ਅੱਖਰ ਪਾ ਕੇ, ਲਿਖਣੇ ਤੇ ਪੜ੍ਹਨੇ ਸਿਖਾਏ। ਏਸ ਦੇ ਨਾਲ ਹੀ ਹਰ ਅੱਖਰ ਤੇ ਹਰ ਸ਼ਬਦ ਦੀ ਧੁਨੀ ਕੱਢ ਕੇ ਸੁਣਾਈ। ਏਸ ਕਾਰਜਸ਼ਾਲਾ ਦੀ ਖ਼ੂਬੀ ਇਹ ਰਹੀ ਕਿ ਸ਼ਬੀਰਜੀ ਨੇ ਜਿੱਥੇ ਗੁਰਮੁਖੀ ਲਿਪੀ ਦੇ ਅੱਖਰ ਤੇ ਲਫ਼ਜ਼ ਲਿਖਣੇ ਸਿਖਾਏ, ਓਥੇ ਇਨ੍ਹਾਂ ਅੱਖਰਾਂ ਦੇ ਬਰਅਕਸ ਸ਼ਾਹਮੁਖੀ ਦੇ ਹਰਫ਼ ਵੀ ਬਰਾਬਰ ਲਿਖ ਕੇ, ਦੋਵਾਂ ਲਿਪੀਆਂ ਦੇ ਧੁਨੀ ਪ੍ਰਬੰਧ ਨੂੰ ਸਪਸ਼ਟ ਕੀਤਾ। ਇਹ ਵਰਕਸ਼ਾਪ 10 ਦਿਨਾਂ ਤੱਕ ਜਾਰੀ ਰਹੀ ਹੈ।”ਦਿ ਰੈਸ਼ਨਲ ਡਾਇਆਲੌਗ” ਦੇ ਤਾਲਮੇਲ ਨਾਲ ਲਾਹੌਰ ਮਿਊਜ਼ੀਅਮ ਵਿਚ ਲੱਗੀ ਗੁਰਮੁਖੀ ਲਰਨਿੰਗ ਵਰਕਸ਼ਾਪ ਦੌਰਾਨ ਜਗਿਆਸੂਆਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਾਲੋਂ ਨਾਲ ਦਿੱਤੇ ਗਏ ਜਿਹੜੇ ਕਿ ਗੁਰਮੁਖੀ ਲਿਪੀ ਨਾਲ ਸਬੰਧਤ ਸਨ। ਯਾਦ ਰਹੇ, ਸ਼ਬੀਰ ਜੀ ਸਿਆਸੀ ਤਬਦੀਲੀ ਲਈ ਕਈ ਦਹਾਕਿਆਂ ਤੋਂ ਸਰਗਰਮ ਹਨ ਤੇ ‘ਵਾਰਸ ਸ਼ਾਹ ਦਾ ਕਹਿਣਾ ਭੇਤ ਅੰਦਰ’ ਉਨਵਾਨ ਤਹਿਤ ਲੋਕਾਂ ਨੂੰ ਸਿਆਸੀ ਚੇਤਨਾ ਨਾਲ ਲੈਸ ਕਰ ਰਹੇ ਹਨ। ਏਸ ਸਮੇਂ ਉਹ jaag punjabi ਯੂਟਿਊਬ ਚੈਨਲ ਚਲਾ ਕੇ ਆਪਣਾ ਕਾਰਜ ਅੱਗੇ ਲੈ ਕੇ ਜਾ ਰਹੇ ਹਨ। ਏਸ ਜਤਨ ਤੋਂ ਪਹਿਲਾਂ ਵੀ ਉਹ ਸੈਂਕੜੇ ਲੋਕਾਂ ਨੂੰ ਗੁਰਮੁਖੀ ਲਿਪੀ ਸਿਖਾਅ ਚੁੱਕੇ ਹਨ।
HOME ਲਾਹੌਰ ਮਿਊਜ਼ੀਅਮ ‘ਚ ਪੰਜਾਬੀ ਸਿਖਲਾਈ ਵਰਕਸ਼ਾਪ ਲੱਗੀ