ਚੰਡੀਗੜ੍ਹ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਲੱਚਰ ਸ਼ਰਾਬੀ ਤੇ ਹਥਿਆਰੀ ਗਾਣਿਆਂ ਨੂੰ ਨੱਥ ਪਾਉਣ ਲਈ ਇਕ ਸਭਿਆਚਾਰਕ ਨੀਤੀ ਘੜਨ ਦੇ ਵਾਅਦੇ ਦਾ ਚੇਤਾ ਸਰਕਾਰ ਨੂੰ ਕਰਵਾਉਣ ਲਈ ਪੰਡਿਤਰਾਓ ਧਰੇਨਵਰ ਵੱਲੋਂ ਆਨੰਦਪੁਰ ਤੋਂ ਸ਼ੁਰੂ ਕੀਤੀ ਗਈ ਯਾਤਰਾ ਅੱਜ ਮੋਰਿੰਡੇ ਪਹੁੰਚ ਗਈ ।
ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਪੰਡਿਤਰਾਓ ਨੇ ਮੋਰਿੰਡਾ ਸ਼ਹਿਰ ਦੇ ਲੋਕਾਂ ਨੂੰ ਲੱਚਰ ਸ਼ਰਾਬੀ ਤੇ ਹਥਿਆਰੀ ਗਾਣਿਆਂ ਦੇ ਮਾੜੇ ਅਸਰਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਲੱਚਰ ਗਾਇਕੀ ਪੰਜਾਬੀ ਨੌਜਵਾਨਾਂ ਨੂੰ ਇਖਲਾਕ ਪੱਖੋਂ ਕਮਜ਼ੋਰ ਕਰਕੇ ਨਸ਼ਾਖੋਰੀ ਅਤੇ ਮਾਰਧਾੜ ਲਈ ਉਕਸਾਉਂਦੀ ਹੈ ਅਤੇ ਸੂਬੇ ਵਿਚ ਗੈਂਗਸਟਰ ਕਲਚਰ ਨੂੰ ਬੜ੍ਹਾਵਾ ਦੇਂਦੀ ਹੈ।
ਇਸ ਤੱਥ ਦੀ ਪ੍ਰੋੜਤਾ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਦੋ ਸਾਲ ਪਹਿਲਾਂ ਆਪਣੇ ਇਕ ਫ਼ੈਸਲੇ ਵਿਚ ਕੀਤੀ ਹੈ। ਉਹਨਾਂ ਕਿਹਾ ਕਿ ਅਦਾਲਤ ਦੇ ਹੁਕਮ ਮੁਤਾਬਕ ਇਹ ਕਨੂੰਨ ਲਾਜ਼ਮੀ ਤੌਰ ਤੇ ਬਣਨਾ ਚਾਹੀਦਾ ਹੈ ਕਿਉਂਕਿ ਇਸ ਤਰਾਂ ਦੇ ਗਾਣੇ ਪੰਜਾਬੀ ਨੌਜਵਾਨਾਂ ਦਾ ਭਵਿੱਖ ਤਬਾਹ ਕਰ ਰਹੇ ਹਨ।
ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਕੀਤੇ ਹੋਏ ਵਾਅਦੇ ਮੁਤਾਬਕ ਇਸ ਮੁੱਦੇ ਲਈ ਕੰਮ ਕਰਨ ਦੀ ਬੇਨਤੀ ਵੀ ਕੀਤੀ। ਉਹਨਾਂ ਦੱਸਿਆ ਕਿ ਸੋਮਵਾਰ ਨੂੰ ਯਾਤਰਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜੱਦੀ ਹਲਕੇ ਚਮਕੌਰ ਸਾਹਿਬ ਵਿਖੇ ਪਹੁੰਚੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly