ਦਾਦੀ

ਧੰਨਾ ਧਾਲੀਵਾਲ

(ਸਮਾਜ ਵੀਕਲੀ)

ਜਦ ਰਹਿੰਦੀਆਂ ਪਿੰਡ ਬਰਾਤਾਂ ਨੂੰ।
ਉਡਦੇ ਜੁਗਨੂੰ ਸੀ ਰਾਤਾਂ ਨੂੰ।
ਮੈਂ ਕਰਾਂ ਚੇਤੇ ਉਨ੍ਹਾਂ ਬਾਤਾਂ ਨੂੰ।
ਤੌੜੀ ਵਿੱਚ ਸਾਗ ਬਣਾਉਂਦੇ।
ਚਿਡ਼ੀਆਂ ਦੀਆਂ ਡਾਰਾਂ ਵਿੱਚ ਪੁੱਤਾ ਕੁਝ ਮੋਰ ਸੀ ਪੈਲਾਂ ਪਾਉਂਦੇ।

ਦਾਦਾ:-
ਦਰੀਆਂ ਦੇ ਹੁੰਦੇ ਅੱਡੇ ਸੀ।
ਤੇ ਘਰ ਘਰ ਦੇ ਵਿੱਚ ਗੱਡੇ ਸੀ।
ਪਰਿਵਾਰ ਸਾਰੇ ਹੀ ਵੱਡੇ ਸੀ।
ਤੇ ਨਾ ਸੀ ਕੋਈ ਬਿਮਾਰੀ।
ਓਦੋਂ ਟਾਵਾਂ ਟਾਵਾਂ ਕਰਦਾ ਸੀ ਕੋਈ ਸਾਈਕਲ ਦੀ ਸਵਾਰੀ।

ਦਾਦੀ:-
ਤਕੜੇ ਸੀ ਨੰਬਰਦਾਰ ਓਦੋਂ।
ਨਾ ਸੀ ਸਕੂਟਰ ਕਾਰ ਓਦੋਂ।
ਨਾ ਬਿਜਲੀ ਬੱਲਵ ਤਾਰ ਓਦੋਂ।
ਘਰ ਦੀਵੇ ਟਿਮ ਟਿਮਾਉਂਦੇ।
ਚਿੜੀਆਂ ਦੀਆਂ ਡਾਰਾਂ ਵਿੱਚ ਪੁੱਤਾ ਕੁਝ ਮੋਰ ਸੀ ਪੈਲਾਂ ਪਾਉਂਦੇ।

ਦਾਦਾ:-
ਤੇਰਾ ਚਰਖਾ ਮੇਰੀ ਪੰਜਾਲ਼ੀ ਸੀ।
ਤੂੰ ਚੁੱਲ੍ਹੇ ਤੇ ਮੈਂ ਹਾਲ਼ੀ ਸੀ।
ਕੁੱਜੇ ਵਿੱਚ ਦਾਲ਼ ਸੁਖਾਲ਼ੀ ਸੀ।
ਜੋ ਲਗਦੀ ਬੜੀ ਕਰਾਰੀ।
ਓਦੋਂ ਟਾਵਾਂ ਟਾਂਵਾਂ ਕਰਦਾ ਸੀ ਕੋਈ ਸਾਈਕਲ ਦੀ ਸਵਾਰੀ।

ਦਾਦੀ:-
ਵੇ ਕੋਕੋ ਨੱਥੋ ਮਾਣੀ ਸੀ।
ਚਰਖੇ ਦੀ ਜੁੜਦੀ ਢਾਣੀ ਸੀ।
ਖੂਹੀ ਚੋਂ ਭਰਦੇ ਪਾਣੀ ਸੀ।
ਬੰਨ ਡੋਲ ਨੂੰ ਲੱਜ਼ ਲਮਕਾਉਂਦੇ।
ਚਿੜੀਆਂ ਦੀਆਂ ਡਾਰਾਂ ਵਿੱਚ ਪੁੱਤਾ ਕੁਝ ਮੋਰ ਸੀ ਪੈਲਾਂ ਪਾਉਂਦੇ।

ਦਾਦਾ:-
ਠੰਢ ਲਗਦੀ ਲਗਦਾ ਪਾਲ਼ਾ ਸੀ।
ਬੜਾ ਖੁਸ਼ ਪਿੰਡ ਹੰਸਾਲ਼ਾ ਸੀ।
ਤੂੰ ਨਿੱਕਾ ਧਾਲੀਵਾਲ਼ਾ ਸੀ।
ਤੈਨੂੰ ਦੱਸਤੀ ਦਿਲ ਦੀ ਸਾਰੀ।
ਓਦੋਂ ਟਾਵਾਂ ਟਾਵਾਂ ਕਰਦਾ ਸੀ ਕੋਈ ਸਾਈਕਲ ਦੀ ਸਵਾਰੀ।

ਧੰਨਾ ਧਾਲੀਵਾਲ

9878235714

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੱਚਰ ਗਾਇਕੀ ਪੰਜਾਬੀ ਨੌਜਵਾਨਾਂ ਦਾ ਭਵਿੱਖ ਤਬਾਹ ਕਰ ਰਹੀ ਹੈ- ਪੰਡਿਤਰਾਓ
Next articleਮਨੁੱਖ ਦੇ ਰੱਬੀ ਪਿਆਰ ਨੂੰ ਮਾਂ ਕਿਹਾ ਜਾਂਦਾ ਹੈ