(ਸਮਾਜ ਵੀਕਲੀ)
ਮਾਲਵਿੰਦਰ ਸ਼ਾਇਰ ਅਗਾਂਹਵਧੂ ਕਵੀ ਹੈ। ਪੰਜਾਬੀ ਸਾਹਿਤ ਜਗਤ ਵਿੱਚ ਉਹ ਸਮਕਾਲੀ ਸ਼ਾਇਰਾਂ ਦੀ ਸ੍ਰੇਣੀ ਵਿੱਚ ਉਹਨਾਂ ਦੇ ਬਰਾਬਰ ਹੀ ਨਹੀਂ ਸਗੋਂ ਇੱਕ ਕਦਮ ਅੱਗੇ ਆ ਖੜ੍ਹਾ ਹੋਇਆ ਹੈ। ਉਸ ਦੇ ਕਦਮ ਬੜ੍ਹੀ ਤੇਜੀ ਨਾਲ ਮੰਜ਼ਿਲ ਵੱਲ ਵਧਦੇ ਜਾ ਰਹੇ ਹਨ। ਬੜ੍ਹੇ ਥੋੜ੍ਹੇ ਸਮੇਂ ਵਿੱਚ ਉਸ ਨੇ ਪੰਜਾਬੀ ਸਾਹਿਤ ਦੀ ਸਿਰਫ਼ ਕਵਿਤਾ ਹੀ ਨਹੀਂ ਸਗੋਂ ਵਾਰਤਕ ਵਿੱਚ ਵੀ ਪੈਰ ਧਰਿਆ ਹੈ। ਹਥਲੇ ਗ਼ਜ਼ਲ ਸੰਗ੍ਰਹਿ ‘ਪੌਣਾਂ ਕਰਨ ਸਰਗੋਸ਼ੀਆਂ’ ਤੋਂ ਪਹਿਲਾਂ ਇੱਕ ਕਾਵਿ ਸੰਗ੍ਰਹਿ ‘ਮੁਹੱਬਤ ਦੀ ਸਤਰ’ ਨਾਲ ਕਾਵਿ ਜਗਤ ਵਿੱਚ ਪ੍ਰਵੇਸ਼ ਕੀਤਾ ਹੈ ਅਤੇ ਉਸ ਤੋਂ ਬਾਅਦ ਨਿਰੰਤਰ ਉਸ ਦੀ ਕਲਮ ਸਫ਼ਰ ਵਿੱਚ ਹੈ। ਦੋ ਗ਼ਜ਼ਲ ਸੰਗ੍ਰਹਿ ਇੱਕ ਹਜ਼ਲ ਸੰਗ੍ਰਹਿ ਇੱਕ ਰੁਬਾਈ/ਤੁੱਰਿਆਈ ਤੋਂ ਇਲਾਵਾ ਸਾਂਝੇ ਕਾਵਿ ਸੰਪਾਦਿਤ ‘ਰਿਸ਼ਮਾਂ ਦੇ ਬੋਲ’ ਵਿੱਚ ਵੀ ਹਾਜਰੀ ਲਵਾਈ ਹੈ ਅਤੇ ਹੁਣ ਉਹ ਮਿੰਨੀ ਕਹਾਣੀ ਵਿਅੰਗ ਅਤੇ ਨਾਵਲ ਵੱਲ ਵੀ ਹੋ ਤੁਰਿਆ ਹੈ।
ਹਥਲਾ ਗ਼ਜ਼ਲ ਸੰਗ੍ਰਹਿ ‘ਪੌਣਾ ਕਰਨ ਸਰਗੋਸ਼ੀਆਂ’ ਵਿੱਚ ਉਸ ਨੇ ਲਗਭੱਗ 86 ਗ਼ਜ਼ਲਾਂ ਅਤੇ ਅਖੀਰ ਵਿੱਚ ਤੈ੍ਰ-ਗ਼ਜ਼ਲਾਂ ਅਤੇ ਤਿੰਨਾਂ ਗ਼ਜ਼ਲਾਂ ਦਾ ਸੁਮੇਲ ਵੀ ਸ਼ਾਮਲ ਕੀਤਾ ਹੈ। ਇਹ ਉਸ ਦਾ ਤੀਜਾ ਗ਼ਜ਼ਲ ਸੰਗ੍ਰਹਿ ਹੈ। ਪੁਸਤਕ ਵਿੱਚ ਉਸ ਨੇ ਆਪਣੀ ਇਸ ਪੁਸਤਕ ਲਈ ਸ਼ਾਬਦਿਕ ਅਤੇ ਪਰਿਵਾਰ ਸਹਿਯੋਗ ਵਾਲਿਆਂ ਦਾ ਧੰਨਵਾਦ ਵੀ ਕੀਤਾ ਹੈ। ਪੁਸਤਕ ਵਿੱਚ ਸ਼ਾਇਰੀ ਦੀ ਬਹੁਤਾਤ ਮੁਹੱਬਤ ਦੀ ਹੈ। ਇਸ ਪੁਸਤਕ ਵਿੱਚ ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ ਅਤੇ ਨਦੀਮ ਪਰਮਾਰ ਨੇ ਗ਼ਜ਼ਲ ਦੀ ਬਣਤਰ ਅਤੇ ਵਿਸ਼ੇ ਬਾਰੇ ਬਹੁਤ ਵਧੀਆ ਵਿਚਾਰ ਵਿਅਕਤ ਕੀਤੇ ਹਨ। ਮਾਲਵਿੰਦਰ ਸ਼ਾਇਰ ਮੁਹੱਬਤ ਦਾ ਸ਼ਾਇਰ ਤਾਂ ਹੈ ਹੀ ਨਾਲ਼ ਹੀ ਉਸ ਨੂੰ ਕਾਵਿ ਵਿਧਾ ਵਿਸ਼ੇਸ਼ ਕਰਕੇ ਗ਼ਜ਼ਲ ਵਿਧਾ ਨਾਲ ਇਸ਼ਕ ਵੀ ਹੈ।
ਪੁਸਤਕ ਪੜ੍ਹਦਿਆਂ ਇੱਕ ਪ੍ਰਸਿੱਧ ਕਵੀ ਦੀਆਂ ਸਤੱਰਾਂ ਮੇਰੇ ਜਿਹਨ ਵਿੱਚ ਆਉਂਦੀਆਂ ਹਨ ‘ਜਦੋਂ ਇਸ਼ਕ ਦੇ ਕੰਮ ਨੂੰ ਹੱਥ ਪਾਈਏ ਤਾਂ ਪਹਿਲਾਂ ਰੱਬ ਦਾ ਨਾਮ ਧਿਆਈਏ ਜੀ’ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਮਾਲਵਿੰਦਰ ਸ਼ਾਇਰ ਨੇ ਹਥਲੀ ਪੁਸਤਕ ‘ਪੌਣਾਂ ਕਰਨ ਸਰਗੋਸ਼ੀਆਂ’ ਸਤਿਗੁਰਾਂ ਦੇ ਅਲਫ਼ਾਜ਼ਾਂ ਨੂੰ ਸਮਰਪਣ ਕਰਦਿਆਂ ਪੁਸਤਕ ਦੀ ਸ਼ਾਇਰੀ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਹਨਾਂ ਦੇ ਪਰਿਵਾਰ ਨੂੰ ਯਾਦ ਕਰਦਿਆਂ ਸ਼ੁਰੂ ਕੀਤੀ ਹੈ। ਫਿਰ ਬਾਬਾ ਨਾਨਕ ਨੂੰ ਅਜੋਕੇ ਸਮੇਂ ਦੀ ਸਥਿਤੀ ਦੇ ਸੰਦਰਭ ਵਿੱਚ ਗ਼ਜ਼ਲ ਵੀ ਸ਼ਾਮਲ ਹੈ। ਉਸ ਦੀ ਸ਼ਾਇਰੀ ਵਿੱਚੋਂ ਜਿੱਥੇ ਸ਼ਹੀਦਾਂ ਦਾ ਸਤਿਕਾਰ ਮੁਹੱਬਤਾਂ ਦੀ ਗੱਲ ਮਾਡਰਨ ਸਮੇਂ ਦੀ ਗੱਲ ਪੁਰਾਣੇ ਅਤੇ ਨਵੇਂ ਸਮੇਂ ਦਾ ਫ਼ਰਕ ਮਤਲਬ ਦੇ ਰਿਸ਼ਤੇ ਪ੍ਰਦੂਸ਼ਣ ਮਾਂ ਬੋਲੀ ਬਾਲ ਮਜਦੂਰੀ ਕਿਸਮਤ ਉੱਤੇ ਵਿਸਵਾਸ਼ ਅਤੇ ਸਰਕਾਰਾਂ ਦੇ ਢੋਂਗ ਨਜ਼ਰ ਆਉਂਦੇ ਹਨ ਉੱਥੇ ਜਾਤ-ਪਾਤ ਨਸਲ ਵਿਤਕਰਾ ਭਟਕਣ ਬਿ੍ਰਹਾ ਜ਼ਿੰਦਗੀ ਦੇ ਦੁੱਖ ਝਮੇਲੇ ਆਦਿ ਵੀ ਟੁੰਬਦੇ ਹਨ।
ਪੁਸਤਕ ਦਾ ਨਾਮ ਸ਼ਾਇਰ ਉਸ ਨੇ ਇਸ ਸ਼ਿਅਰ ਦੇ ਅਧਾਰ ’ਤੇ ਰੱਖਿਆ ਹੈ ਜਿਸ ਵਿੱਚ ਕਹਿੰਦਾ ਹੈ ਕਿ-
‘ਪੌਣਾਂ ਕਿਵੇਂ ਅਜ ਕਰਨ ਇਹ ਸਰਗੋਸ਼ੀਆਂ?
ਮਹਿਕਾਂ ’ਚ ਹੋ ਲਟਬੌਰੀਆਂ ਮਦਹੋਸ਼ੀਆਂ।’ (ਪੰਨਾ 15)
ਉਸ ਦੀ ਸ਼ਾਇਰੀ ਦੱਸਦੀ ਹੈ ਕਿ ਇਸ਼ਕ ਵਿੱਚੋਂ ਹਮੇਸਾਂ ਹੀ ਬਿ੍ਰਹਾ ਮਿਲਦੀ ਹੈ। ਮਿੱਤਰ-ਪਿਆਰੇ ਦੀ ਯਾਦ ਵਿੱਚ ਵਿਲਕਣ ਮਿਲਣ ਦੀ ਤਾਂਘ ਵਿੱਚ ਤਰਸਣ ਬਣੀ ਰਹਿੰਦੀ ਹੈ।
‘ਖੁਦਾ ਦੇ ਵਾਸਤੇ ਉਹ ਆਣ ਮਿਲ ਜਾਵੇ ਕਦੇ ਤਾਂ
ਇਸੇ ਮੈਂ ਗੱਲ ਦੀ ਰੋ-ਰੋ ਕਰਾਂ ਫਰਿਆਦ ਅਜ ਵੀ।’ (ਪੰਨਾ 24)
ਗਰੀਬੀ ਦੇ ਆਲਮ ਵਿੱਚ ਇਸ਼ਕ ਕਰਨਾ ਬੜ੍ਹਾ ਮੁਸ਼ਕਲ ਹੁੰਦਾ ਹੈ ਕਿਉਂ ਕਿ ਹੁਣ ਪਹਿਲਾਂ ਵਾਲਾ ਨਿਰਸਵਾਰਥ ਪਿਆਰ ਨਹੀਂ ਹੈ ਪਿਆਰ ਕਰਨ ਸਮੇਂ ਇਹ ਵੀ ਧਿਆਨ ਗੋਚਰੇ ਹੁੰਦਾ ਹੈ ਕਿ ਪਿਆਰੇ ਕੋਲ ਪੈਸਾ ਹੈ? ਉਸ ਦੀ ਸ਼ਾਇਰੀ ਇਸ ਗੱਲ ਤੋਂ ਮੁਨਕਰ ਨਹੀਂ ਹੁੰਦੀ ਕਿ ਜ਼ਿੰਦਗੀ ਵਿੱਚ ਦੁੱਖ ਝਮੇਲੇ ਮਨੁੱਖ ਦੇ ਤਜਰਬੇ ਵਿੱਚ ਵਾਧਾ ਕਰਦੇ ਹਨ। ਇਸੇ ਤਰ੍ਹਾਂ ਉਸ ਦਾ ਇੱਕ ਇਹ ਸ਼ਿਅਰ ਵੀ ਗੌਰ ਤਲਬ ਹੈ ਕਿ-
‘ਤੈਨੂੰ ਲਗਦੇ ਬੰਦੇ ਜੋ ਖੁਸ਼ਹਾਲ ਖੜ੍ਹੇ ਨੇ।
ਵੇਖ ਫ਼ਰੋਲ ਦਿਲੋਂ ਇਹ ਤਾਂ ਬੇਹਾਲ ਖੜ੍ਹੇ ਨੇ।’ (ਪੰਨਾ 38)
ਅੱਜ ਦੇ ਯੁਗ ਵਿੱਚ ਪੰਛੀਆਂ ਦੀ ਦੇਖ-ਭਾਲ ਵੱਲ ਘੱਟ ਰਹੇ ਧਿਆਨ ਦੀ ਗੱਲ ਨਹੀਂ ਕੀਤੀ ਸਗੋਂ ਉਹਨਾਂ ਲੋਕਾਂ ਦੀ ਗੱਲ ਵੀ ਕੀਤੀ ਹੈ ਜਿਹੜੇ ਭੋਲੇ-ਭਾਲੇ ਲੋਕਾਂ ਨੂੰ ਫਸਾਉਣ ਲਈ ਜਾਲ਼ ਵਿਛਾਈ ਬੈਠੇ ਰਹਿੰਦੇ ਹਨ ਅਤੇ ਆਪ ਮਾਲਾਮਾਲ ਹੋਏ ਰਹਿੰਦੇ ਹਨ। ਅੱਜ ਮਨੁੱਖਾਂ ਵਿੱਚ ਇਹੋ ਜਿਹੀ ਪ੍ਰਵਿਰਤੀ ਬਣ ਗਈ ਹੈ ਕਿ ਉਹ ਵਿਖਾਵੇ ਦੇ ਤੌਰ ਤੇ ਤਾਂ ਨਾਲ਼ ਖੜ੍ਹੇ ਹਨ ਪਰ ਅਸਲੀਅਤ ਵਿੱਚ ਇੱਕ-ਦੂਜੇ ਨੂੰ ਆਪਣੇ ਮਤਲਬ ਲਈ ਵਰਤਣ ਵਿੱਚ ਲੱਗੇ ਹੋਏ ਹਨ। ਰਾਜਨੀਤੀ ਦੇ ਪ੍ਰਸੰੰਗ ਵਿੱਚ ਅੱਜ ਲੋਕਾਂ ਦੇ ਜਿਹੜੇ ਸੇਵਾਦਾਰ ਕਹਿੰਦੇ ਹਨ ਉਹ ਵੀ ਵੋਟਾਂ ਜਾਂ ਆਪਣਾ ਉੱਲੂ ਸਿੱਧਾ ਕਰਨ ਲਈ ਢੋਂਗ ਰਚਾਉਦੇ ਨਜ਼ਰ ਆਉਂਦੇ ਹਨ।
ਸ਼ਾਇਰ ਮੁਹੱਬਤ ਲਈ ਕੁਝ ਵੀ ਕਰਨ ਲਈ ਤਿਆਰ ਹੈ। ਆਪਣਾ ਘਰਬਾਰ ਵੇਚਣ ਲਈ ਵੀ ਤਿਆਰ ਹੈਉਸ ਦੀ ਗ਼ਜ਼ਲ ਮੁਹੱਬਤ ਕਰਨ ਵਾਲਿਆਂ ਲਈ ਦੁਆ ਵੀ ਮੰਗਦੀ ਹੈ ਅਤੇ ਦੂਰ ਵਿਦੇਸ਼ਾਂ ਵਿੱਚ ਗਏ ਸੱਜਣਾ ਨੂੰ ਯਾਦ ਕਰਦਿਆਂ ਵਾਪਸ ਆਉਣ ਲਈ ਤਰਲੋ ਮੱਛੀ ਵੀ ਹੁੰਦੀ ਹੈ ਜਦੋਂ ਉਸ ਦੇ ਇਹ ਸ਼ਿਅਰ ਮਿਲਦੇ ਹਨ-
‘ਵੇਚ ਅਪਣਾ ਮੈਂ ਦਿਆਂ ਉਸ ਦੇ ਲਈ ਵੀ ਘਰ ਬਾਰ
ਪਿਆਰ ਮੈਨੂੰ ਉਹ ਕਰੇ ਕਹਿ ਇਹ ਦਏ ਜੇ ਇਕ ਵਾਰ।’ (ਪੰਨਾ 86)
‘ਉਨ੍ਹਾਂ ਦਿਲਾਂ ’ਚ ਹਮੇਸ਼ਾਂ ਬੜੇ ਉਜਾਲੇ ਹੋਣ।
ਜਿਨ੍ਹਾਂ ਸਦਾ ਹੀ ਮੁਹੱਬਤ ਦੇ ਦੀਪ ਬਾਲ਼ੇ ਹੋਣ।’ (ਪੰਨਾ 58)
ਅਤੇ ‘ਸਦਾ ਹੱਸ ਸਦਾ ਵੱਸ ਕਹਾਂ ਯਾਰ ਤੂੰ ਖੁਸ਼ ਰਹਿ।
ਮਿਲੇ ਦੁੱਖ ਨ ਹੀ ਪੀੜ ਮਿਲੇ ਪਿਆਰ ਤੂੰ ਖੁਸ਼ ਰਹਿ।’ (ਪੰਨਾ 71)
ਪਿਆਰ ਹਮੇਸ਼ਾਂ ਜਵਾਨ ਰਹਿੰਦੇ ਭਾਵੇਂ ਪ੍ਰੇਮੀ ਵਿਆਹੇ ਜਾਣ ਬੱਚੇ ਬਰਾਬਰ ਦੇ ਹੋ ਜਾਣ। ਇੱਕ ਸ਼ਿਅਰ ਮਲਾਹਜਾ ਫਰਮਾਓ-
‘ਵੇਖ ਜਵਾਕ ਬਰਾਬਰ ਦੇ ਇਹ ਅਪਣੇ ਹੈਨ
ਫਿਰ ਵੀ ਵਕਤ ਟਪਾ ਲੈਨੇ ਆਂ ਚੰਗਾ ਮੰਨ।’ (ਪੰਨਾ 44)
ਜਦੋਂ ਮਨੁੱਖ ਨੂੰ ਆਪਣਿਆਂ ਤੋਂ ਹੀ ਕੋਈ ਸਹਾਰਾ ਮਿਲਣ ਦੀ ਥਾਂ ਉਲਟ ਵਿਵਹਾਰ ਮਿਲਦਾ ਹੈ ਤਾਂ ਸ਼ਾਇਰ ਦਾ ਦਿਲ ਟੁੱਟ ਜਾਂਦਾ ਹੈ ਅਤੇ ਉਸ ਦੇ ਮੁਖਾਰ ਬਿੰਦ ’ਚੋਂ ਇਹੀ ਨਿਕਲਦਾ ਹੈ-
‘ਬੜੀ ਹੀ ਚੋਟ ਸੀ ਉਸ ਵਕਤ ਲੱਗੀ ਮੇਰੇ ਇਸ ਦਿਲ ’ਤੇ
ਮੇਰੇ ਹੀ ਅਪਣਿਆਂ ਨੇ ਜਦ ਨਿਹੋਰਾ ਕੱਸਿਆ ਹਰਦਮ।’ (ਪੰਨਾ 80)
ਗ਼ਜ਼ਲ ਵਿੱਚ ਜਿੱਥੇ ਸੁਰ ਲੈਅ ਅਤੇ ਤਾਲ ਦਾ ਸੰਗਮ ਹੁੰਦਾ ਹੈ ਉੱਥੇ ਰਸ ਵੀ ਹੋਣਾ ਬਹੁਤ ਜਰੂਰੀ ਹੈ। ਇਸ ਪੁਸਤਕ ਵਿੱਚਲੀਆਂ ਸਾਰੀਆਂ ਹੀ ਗ਼ਜ਼ਲਾਂ ਦਾ ਮੁਆਇਨਾ ਕਰਦਿਆਂ ਮੈਨੂੰ ਇੰਜ ਹੀ ਜਾਪਿਆ ਹੈ ਕਿ ਗ਼ਜਲਾਂ ਇਸ ਕਸਵੱਟੀ ਉੱਪਰ ਖਰੀਆਂ ਉਤਰੀਆਂ ਹਨ ਭਾਵੇਂ ਕਈ ਥਾਂਈਂ ਮੈਨੂੰ ਪਰਤੀਤੀ ਹੋਇਆ ਕਿ ਵਾਧੂ ਸਿਹਾਰੀ ਬਿਹਾਰੀ ਆਦਿ ਲਾਉਣ ਦੀ ਲੋੜ ਨਹੀਂ ਸੀ ਜਿਵੇਂ ਕਿ ਕਈ ਜਗ੍ਹਾ ਸ਼ਬਦ ‘ਨਿਕਾਬ’ ਵਰਤਿਆ ਗਿਆ ਹੈ ਇਸ ਵਿੱਚ ਬਿਨਾਂ ਸਿਹਾਰੀ ਭਾਵ ‘ਨਕਾਬ’ ਵੀ ਵਰਤਿਆ ਜਾ ਸਕਦਾ ਸੀ।
ਗ਼ਜ਼ਲਾਂ ਦੇ ਨਾਲ ਉਸ ਵਿੱਚ ਬਹਿਰ ਵੀ ਦਰਸਾਈ ਗਈ ਹੈ ਜਿਸ ਵਿੱਚ ਸ਼ਾਇਰ ਨੇ ਗ਼ਜ਼ਲ ਦੀ ਸਿਰਜਣਾ ਕੀਤੀ ਹੈ ਜਿਵੇਂ ਮੁਤੁਦਾਰਿਕ ਮੁਸੱਬਾ ਮਖ਼ਬੂਨ ਮਸਕਨ ਹਜ਼ਜ਼ ਮੁਸੱਮਨ ਮਕਬੂਜ਼ ਇਤਿਆਦਿ ਅਤੇ ਨਾਲ ਹੀ ਸੋਖਾ ਕਰਨ ਲਈ ਫੇਲੁਨ ਫੇਲੁਨ-ਆਦਿ ਵੀ ਲਿਖਿਆ ਹੈ ਤਾਂ ਕਿ ਗ਼ਜ਼ਲ ਦੀ ਸਮਝ ਆ ਸਕੇ। ਇਸੇ ਤਰ੍ਹਾਂ ਵੱਖ-ਵੱਖ ਗ਼ਜ਼ਲਾਂ ਦੇ ਮਕਤਿਆਂ ਵਿੱਚ ਵੱਖ-ਵੱਖ ਦੋ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ ਹੈ ਇਕ ਉਸ ਦਾ ਨਾਮ ਹੈ ‘ਮਾਲਵਿੰਦਰ’ ਅਤੇ ਦੂਜਾ ਤਖ਼ਲਸ ‘ਸ਼ਾਇਰ’। ਪੁਸਤਕ ਵਿਸ਼ੇ ਬਣਤਰ ਅਤੇ ਸ਼ੈਲੀ ਪੱਖੋਂ ਪਾਠਕਾਂ ਦੀ ਰੁਚੀ ਬਣਾਈ ਰੱਖਦੀ ਹੈ। ਪੁਸਤਕ ਵਿਚ ਤਤਕਰਾ ਵੀ ਨਹੀਂ ਹੈ ਜਿਸ ਤੋਂ ਪਤਾ ਲੱਗ ਸਕੇ ਕਿ ਕਿਹੜੀ ਗ਼ਜ਼ਲ ਕਿਸ ਪੰਨੇ ਉੱਪਰ ਦਰਜ ਹੈ। ਇਸ ਤਰ੍ਹਾਂ ਇਸ ਸ਼ਾਇਰੀ ਦੀ ਪੁਸਤਕ ਨੂੰ ਅਸੀਂ ਮੁਹੱਬਤ ਦੀ ਸ਼ਾਇਰੀ ਕਹਿ ਸਕਦੇ ਹਾਂ ਅਤੇ ਭਵਿੱਖ ਵਿੱਚ ਹੋਰ ਇਸ ਤਰ੍ਹਾਂ ਦੀ ਆਪਣੇ ਅਰਥ ਰੱਖਣ ਵਾਲੀ ਸ਼ਾਇਰੀ ਦੀ ਉਮੀਦ ਕਰਦੇ ਹਾਂ।
ਅਮੀਨ।
ਤੇਜਿੰਦਰ ਚੰਡਿਹੋਕ
ਸਾਬਕਾ ਏ.ਐਸ.ਪੀ ਨੈਸ਼ਨਲ ਐਵਾਰਡੀ
ਸੰਪਰਕ 95010-00224
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly