ਕਿਰਤੀ ਘਰ ਦੇ ਚਾਅ…

ਗੁਰਦੀਪ ਗਾਮੀਵਾਲਾ

(ਸਮਾਜ ਵੀਕਲੀ)

ਇੱਕ ਚੁੰਨੀ ਰੰਗਵਾਉਣੀ ਐ, ਸਾਰੀ ਉਮਰ ਹੰਢਾਉਣੀ ਐ,
ਰੰਗ ਫੇਰ ਇੱਕ ਵਾਰੀ ਐਸਾ ਡੱਬ ਫ਼ਿਕਰਾਂ ਦੀ ਲਾਉਣੀ ਐ।

ਜੇ ਮਿਲੇ ਕਿਤੋਂ ਤਾਂ ਭਾਲ਼ ਲਈ
ਰੰਗ ਬਾਪ ਮੇਰੇ ਦੀਆਂ ਸੱਧਰਾਂ ਦਾ
ਲਾ ਬਾਡਰ ਕਾਲ਼ਾ ਰੋਕ ਦੇਈਂ
ਹਾਸਾ ਕੰਧ ਨਾ ਟੱਪ ਜਾਏ ਅਲੜ੍ਹਾਂ ਦਾ
ਏਸ ਪਾਰ ਅਸੀਂ ਚਾਅ ਰੋਕਣੇ ਕਿਉਂ ਫ਼ਿਕਰ ਵਧਾਉਣੀ ਐ

ਚਾਰੇ ਕੋਨੇ ਫਿੱਕੇ ਰੱਖ ਦੇਈਂ
ਰੰਗ ਮਾਂ ਦੇ ਸੱਚ ਵਰਗੇ ਜੋ
ਮੁੱਠੀ ਵਿੱਚ ਹੀ ਟੁੱਟ ਜਾਂਦੇ ਨੇ
ਵੰਗਾਂ ਦੇ ਕੱਚ ਵਰਗੇ ਦੋ
ਹਰੇ ਰੰਗ ਦੀਆਂ ਪੰਡਾਂ ਢੋਹ ਕੇ
ਢੂਹੀ ਚਿੱਬ ਪਾਉਣੀ ਐ

ਇੱਕ ਅੱਧਾ ਰੰਗ ਵਿਹੜੇ ਖਿੜਜੇ
ਸੂਹਾ ਸਾਡੇ ਚੀਰੇ ਦਾ
ਘਰ ਦੀਆਂ ਆਸਾਂ ਪੂਰਨ ਵਾਲਾ
ਨਾਮ ਪਵਾ ਦੇਈਂ ਵੀਰੇ ਦਾ
ਸਾਡੀ ਦੇਹਲੀ ਵੀ ਨੱਚ ਉਠੇ
ਐਸੀ ਤਾਲ ਵਜਾਉਣੀ ਐ

ਜੀਅ ਕਰਦਾ ਏ ਸੁਰਖ ਗੁਲਾਬੀ ਰੰਗ ਬਚਦੇ ਥਾਂ ਵਿੱਚ ਚਾੜ੍ਹ ਦਿਆਂ
ਸਾਡੇ ਕਿਹੜਾ ਭੁੰਨ ਕੇ ਬੀਜੇ ਧਰਤੀ ਦੀ ਹਿੱਕ ਪਾੜ ਦਿਆਂ
ਮਨੂੰ ਫੇਰ ਲ਼ਲਾਰੀ ਤੈਨੂੰ
ਜੇ ਰੀਝ ਪੁਗਾਉਣੀ ਐ।

ਗੁਰਦੀਪ ਗਾਮੀਵਾਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਤਜ਼ਾਰ ਤੇਰਾ
Next articleਖੁਦਾ ਵਰਗਾ