ਕੁਵੇਲਾ

(ਜਸਪਾਲ ਜੱਸੀ)

(ਸਮਾਜ ਵੀਕਲੀ)

ਨੀਲੋਫ਼ਰ ਇਕ ਦਮ ਠਠੰਬਰ ਗਈ ਸੀ। ਹੈਰਾਨ ਤੇ ਪ੍ਰੇਸ਼ਾਨ !

ਪੈਂਤੀ ਸਾਲ ਪਹਿਲਾਂ ਵਾਲਾ ਸੀਨ ਉਸ ਦੀਆਂ ਅੱਖਾਂ ਦੇ ਸਾਹਮਣੇ ਆ ਗਿਆ। ਸਾਹਮਣੇ ਇੱਕ ਲੜਕੀ ਨਾਲ ਸ਼ਾਪਿੰਗ ਕਰ ਰਹੇ ਬੰਦੇ ਵੱਲ ਗਈ ਨਜ਼ਰ ਉਸ ਤੋਂ ‌ਚੁੱਕੀ ਨਹੀਂ ਸੀ ਜਾ ਰਹੀ। ਉਸ ਦੀਆਂ ਨਜ਼ਰਾਂ ਧੋਖਾ ਨਹੀ ਖਾ ਸਕਦੀਆ ਸਨ। ਸਿਰ ਦੇ ਵਾਲ ਕੁਝ ਚਿੱਟੇ ਤੇ ਕੁਝ ਉੱਡੇ ਹੋਏ ਜ਼ਰੂਰ ਸਨ ਪਰ ਸਰੀਰ ਦੀ ਦਿੱਖ ਵਿਚ ਕੋਈ ਫਰਕ ਨਹੀਂ ਸੀ। ਉਸ ਦਾ ਦਿਲ ਕੀਤਾ ਉਹ ਭੱਜ ਕੇ ਉਸ ਕੋਲ ਚਲੀ ਜਾਵੇ। ਨਹੀਂ ! ਉਸ ਦੀਆਂ ਅੱਖਾਂ ਨੂੰ ਧੋਖਾ ਵੀ ਹੋ ਸਕਦਾ ਹੈ। ਜੇ ਕੋਈ ਹੋਰ ਹੋਇਆ। ਉਹ ਅਤੀਤ ਵਿਚ ਗੁਆਚ ਗਈ।

‘ਕਮਲ’ ਉਸਦੇ ‌ਕਾਲਜ‌ ਦਾ ਸਭ ਤੋਂ ਹੁਸ਼ਿਆਰ ਤੇ ਹੁਸੀਨ ਮੁੰਡਾ ਸੀ। ਕਾਲਜ ਵਿਚ ਪਹਿਲੇ ਸਾਲ ਹੀ ਕਾਲਜ ਕਲਰ ‌ਹਾਸਿਲ ਕਰਨ ਵਾਲਾ ਤੇ ਯੂਨੀਵਰਸਿਟੀ ‘ਚੋਂ ਗੋਲਡ ਮੈਡਲ ਜਿੱਤਣ ਵਾਲਾ। ਜਿਸ ਨਾਲ ਦੋਸਤੀ ਕਰਨ ਦੀ ਸਭ ਕੁੜੀਆਂ ਤੇ ਮੁੰਡਿਆਂ ਵਿਚ ਦੌੜ ਲੱਗੀ ਹੋਈ ਸੀ। ਮੈਂ ਵੀ ਉਸ ਦੇ ਪ੍ਰਸੰਸਕਾਂ ਵਿਚੋਂ ਸਾਂ। ਦਿਨ ਬੀਤਦੇ ਗਏ। ਕਮਲ ਬਹੁਤਿਆਂ ਦੇ ਦਿਲਾਂ ਦਾ ਰਾਜਾ ਬਣ ਗਿਆ ਸੀ। ਨੀਲੋਫ਼ਰ ਜਦੋਂ ਵੀ ਉਸ ਬਾਰੇ ਸੋਚਦੀ, ਉਸ ਨੂੰ ਲਗਦਾ ਇਹ ਕਿਵੇਂ ਹੋ ਸਕਦਾ ਹੈ ਕਿ ਕਮਲ ਵੀ ਮੈਨੂੰ ਚਾਹਵੇ। ਨਾ ਮੈਂ ਪੜ੍ਹਾਈ ਵਿਚ ਹੁਸ਼ਿਆਰ ਤੇ ਨਾ ਹੀ ਸੁੰਦਰ ਦਿੱਖ। ਮੇਰੇ ਕਿਸੇ ਨੂੰ ਚਾਹੁਣ ਨਾਲ ਕੀ ਹੁੰਦਾ ਹੈ।

ਪਤਾ ਨਹੀਂ ਕਿਉਂ ਨੀਲੋਫ਼ਰ ਨੂੰ ਲੱਗਦਾ ਕਿ ਕਮਲ ਹੁਣ ਅਕਸਰ ਉਸ ਵੱਲੋਂ ਲਏ ਸੌਂਦੇ, ਜਾਗਦਿਆਂ ਸੁਪਨਿਆਂ ‌ਵਿਚ ਹਾਜ਼ਰ ਹੁੰਦਾ ਹੈ। ਜੇ ਉਹ ਕਾਲਜ ‘ਚ ਉਸ ਦੀ ਇੱਕ ਝਲਕ ਨਾ ਦੇਖ ਲੈਂਦੀ ਬੇਚੈਨ ਹੋ ਜਾਂਦੀ। ਦੋ ਸਾਲ ਇਸ ਤਰ੍ਹਾਂ ਹੀ ਲੰਘ ਗਏ।

ਬੀ.ਏ. ਦਾ ਅਖ਼ੀਰਲਾ ਸਾਲ ਸੀ।ਕਾਲਜ ਵਿਚ ਹਿਊਮੈਨਟੀ‌ ਗਰੁੱਪ ਦੇ‌ ਦੋ ਸੈਕਸ਼ਨ ਚਲਦੇ ਸਨ। ਕਮਲ ਦੂਸਰੇ ਗਰੁੱਪ ਵਿਚ ਸੀ। ਇਸ ਕਰ ਕੇ ਕਈ ਵਾਰ ਉਸ ਨੂੰ ਦੇਖਣਾ ਵੀ ਮੁਹਾਲ ਹੋ ਜਾਂਦਾ ਸੀ। ਨਾਲ ਦੀਆਂ ਸਹੇਲੀਆਂ ਜਿਹੜੀਆਂ ਉਸ ਦੇ ਸੈਕਸ਼ਨ ਵਿੱਚ ਸਨ ਕਮਲ ਬਾਰੇ‌, ਉਸ ਦੇ ਸੁਭਾਅ ਬਾਰੇ‌ ਤੇ ਉਸਦੇ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੋਣ ਬਾਰੇ ਗੱਲਾਂ ਕਰਦੀਆਂ ਤਾਂ ਨੀਲੋਫ਼ਰ ਦੇ ਕਾਲਜੇ ਧੂਹ ਜਿਹੀ ਪੈਂਦੀ। ਕਾਸ਼‌! ਮੈਂ ਵੀ ਕਮਲ ਦੇ ਸੈਕਸ਼ਨ ਵਿਚ ਹੁੰਦੀ।

ਕਦੇ ਤਾਂ ਉਸ ਨਾਲ ਗੱਲਾਂ ਕਰਨ ਦਾ ਮੌਕਾ ਮਿਲ ਹੀ ਜਾਂਦਾ। ਕਦੇ ਤਾਂ ਬੋਲ ‌ਸਾਂਝੇ ਹੁੰਦੇ। ਨੀਲੋਫ਼ਰ ਸੋਚਦੀ।

ਕਾਲਜ ਦੀਆਂ ਕਲਾਸਾਂ ਬੰਦ ਹੋਣ ਵਾਲੀਆਂ ਸਨ। ਸਿਲੇਬਸ ਖ਼ਤਮ ਹੋਣ ਨੇੜੇ ਸੀ। ਇਸ ਤੋਂ ਬਾਅਦ ਕਾਲਜ ‘ਚੋਂ ਸਭ ਨੇ ਫਾਰਗ ਹੋ ਜਾਣਾ ਸੀ।‌ ਪੇਪਰਾਂ ਦੀ ਤਿਆਰੀ ਲਈ। ਫੇਰ ਸ਼ਾਇਦ ਇਸ ਤੋਂ ਬਾਅਦ ਕਦੇ ਵੀ ਇਕ-ਦੂਜੇ ਨੂੰ ਦੇਖ ਨਾ ਸਕੀਏ।

ਅੱਜ-ਕੱਲ੍ਹ ਸਾਰੇ ਮੁੰਡੇ ਕੁੜੀਆਂ ਆਪਣੇ ‌ਆਪਣੇ ਗਰੁੱਪਾਂ ‌ਵਿਚ ਹਰੇਕ ਵਿਹਲੇ ਦੀ ਪੀਰੀਅਡ ਵਿਚ ਚਾਹ ਪਾਣੀ ਪੀਣ ਦੇ ਬਹਾਨੇ ਕੰਟੀਨ ਵਿਚ ਇਕੱਠੇ ਹੋ ਜਾਂਦੇ ਸਨ। ਨੀਲੋਫ਼ਰ ਵੀ ਆਪਣੀਆਂ ਸਹੇਲੀਆਂ ਨਾਲ ਹੁੰਦੀ। ਕਮਲ ਕਦੇ ਕਦੇ ਉਸ ਵੱਲ ਦੇਖ ਲੈਂਦਾ ਸੀ। ਪਰ ‌ ਬੋਲਿਆ ਕਦੇ ਨਹੀਂ ਸੀ। ਉਸ ਦੀ ਦੇਖਣੀ ਨੀਲੋਫ਼ਰ ਨੂੰ ਸਕੂਨ ਬਖ਼ਸ਼ਦੀ।

ਅੱਜ ਪ੍ਰੀਤੀ ਨੇ ਆ ਕੇ ਨੀਲੋਫ਼ਰ ਨੂੰ ਕਿਹਾ,” ਨੀਲੋਫ਼ਰ, ਕਮਲ‌ ਅੱਜ ਮੇਰੇ ਤੋਂ ਤੇਰਾ ਨਾਮ ਪੁੱਛ ਰਿਹਾ ਸੀ ਤੇ ਕਹਿ ਰਿਹਾ ਸੀ,” ਮੈਂ ਪਿਛਲੇ ਤਿੰਨ ਸਾਲਾਂ ਤੋਂ ਇਸ ਲੜਕੀ ਨੂੰ ਦੇਖਦਾ ਆ ਰਿਹਾਂ ਬੜੀ ਸ਼ਰਮੀਲੀ ਜਿਹੀ ਕੁੜੀ ਹੈ। ਮੈਂ ‌ਇਸ ਨੂੰ ਜਿਆਦਾ ਗੱਲਾਂ ਕਰਦੇ ਵੀ ਨਹੀਂ ਦੇਖਿਆ। ਚੰਗੀ ਲੱਗਦੀ ਹੈ।

ਫਿਰ ਤੂੰ ਕੀ ਕਿਹਾ ?

ਮੈਂ ਕਮਲ ਨੂੰ ਕਿਹਾ,” ਬੜੀ ਪਿਆਰੀ।” ਕਮਲ ਝੱਟ ਬੋਲਿਆ, “ਅਦਬੀ ਕੁੜੀ ਹੈ।”

ਮੈਂ ਉਸ ਨੂੰ ਕਿਹਾ,” ਜੇ ਕਹੇਂ ਤਾਂ ਮੈਂ ਤੈਨੂੰ ਮਿਲਾਵਾਂ ।

ਉਹ ਅਦਬੀ ਕੁੜੀ ਵਾਂਗ ਸ਼ਰਮਾ ਗਿਆ। ਪ੍ਰੀਤੀ ਨੇ ‌ਝੱਟ ਨੀਲੋਫ਼ਰ ਦੀ ਗੱਲ੍ਹ ਤੇ ਚੁੰਢੀ ਵੀ ਭਰ ਦਿੱਤੀ।

ਨੀਲੋਫਰ ਦੇ ਪੈਰਾਂ ਥੱਲਿਉਂ‌ ਪ੍ਰੀਤੀ ਦੀਆਂ ਗੱਲਾਂ ਸੁਣ ਕੇ ਜ਼ਮੀਨ ਨਿਕਲ ਚੁੱਕੀ ਸੀ। ਉਸਨੂੰ ਲੱਗਿਆ ਕਿਤੇ ਮੇਰੀ ਚੋਰੀ ਫੜੀ ਗਈ। ਅਸਲ ਵਿੱਚ ਨੀਲੋਫ਼ਰ ਕਮਲ ਨੂੰ ਚਾਹੁਣ ਲੱਗੀ ਸੀ। ਪਰ ਲੋਕ ਲਾਜ਼ ਤੇ ਘਰ ਦੇ ਮਹੌਲ ਕਰ ਕੇ ਇਹ ਗੱਲ ਉਸਨੇ ਕਿਸੇ ਸਹੇਲੀ ਨਾਲ ਵੀ ਸਾਂਝੀ ਨਹੀਂ ਸੀ ਕੀਤੀ। ਸਮਾਂ ਬੀਤਦਾ ਗਿਆ। ਪੇਪਰ ਸ਼ੁਰੂ ਹੋ ਗਏ ਸਨ। ਪੇਪਰ ਦੇ ਕੇ ਸਾਰੇ ਬਾਹਰ ਨਿੱਕਲ ਆਉਂਦੇ। ਨਜ਼ਰ ਵੀ ਮਿਲਦੀ ਹੈ ਪਰ ਇਕ ਦੂਜੇ ਨਾਲ ਮਿਲ ਬੈਠਣ, ਗੱਲਾਂ ਕਰਨ ਦਾ ਵੀ ਸਮਾਂ ਨਹੀਂ ਸੀ।

ਪੇਪਰਾਂ ਤੋਂ ਬਾਅਦ ਸਾਰੇ ਆਪਣੇ ਆਪਣੇ ਘਰ ਚਲੇ ਗਏ। ਇਕ ਦਿਨ ਪ੍ਰੀਤੀ ਤੇ ਰਜਨੀ ਨੀਲੋਫ਼ਰ ਦੇ ਘਰ ਗਈਆਂ। ਚਾਹ ਪਾਣੀ ਪੀਤਾ। ਦੋਵੇਂ ਨੀਲੋਫ਼ਰ ਦੇ ਘਰ ਬੈਠੀਆਂ ਰਹੀਆਂ। ਕਿਸੇ ਵਿਚ ਵੀ ਗੱਲ ਸ਼ੁਰੂ ਕਰਨ ਦੀ ਹਿੰਮਤ ਨਹੀਂ ਸੀ। ਰਜਨੀ ਨੇ ਪ੍ਰੀਤੀ ਨੂੰ ਇਸ਼ਾਰਾ ਕੀਤਾ। ਪ੍ਰੀਤੀ ਨੇ ਹੌਲੀ ਜਿਹੀ ਆਵਾਜ਼ ਵਿਚ ਗੱਲ ਸ਼ੁਰੂ ਕੀਤੀ। ਨਿਲੋਫਰ ! ਤੈਨੂੰ ਇਕ ਗੱਲ ਪੁੱਛਾਂ। “ਜੇ ਪੁੱਛਣ ਯੋਗ ਹੈ ਤਾਂ, ਜ਼ਰੂਰ ਪੁੱਛ,” ਨੀਲੋਫ਼ਰ ਨੇ ਕਿਹਾ।

ਜੇ ਪੁੱਛਣ ਯੋਗ ਹੈ ਤਾਂ ਹੀਂ ਤਾਂ ਤੇਰੇ ਘਰ ਆਈਆਂ ਹਾਂ। ਰਜਨੀ ਨੇ ਕਿਹਾ। ਤਾਂ ਪੁੱਛੋ ਫਿਰ। ਪ੍ਰੀਤੀ ਨੇ ਝਿੜਕਦੇ ਝਿਜਕਦੇ ਪੁੱਛਿਆ,” ਤੈਨੂੰ ਕਮਲ ਕਿਵੇਂ ਲੱਗਦਾ ਹੈ ? ਨੀਲੋਫਰ ਦੇ ਪੈਰਾਂ ਥੱਲਿਉਂ ਜ਼ਮੀਨ ਖਿਸਕੀ ਗਈ। ਉਸ ਦੇ ਚਿਹਰੇ ਦਾ ਰੰਗ ਉੱਡ ਗਿਆ। ਉਸ ਨੂੰ ਲੱਗਿਆ ਜਿਵੇਂ ਉਸ ਦੇ ਦਿਲ ਦਾ ਭੇਤ ਦੋਹਾਂ ਨੂੰ ਲੱਗ ਗਿਆ ਹੋਵੇ। ਉਸ ਨੇ ਸੰਭਲਦਿਆਂ ਕਿਹਾ,” ਬਹੁਤ ਵਧੀਆ ਇਨਸਾਨ ਜਿੰਨਾ ਕੁ ਮੈਂ ਉਸ ਦੇ ਬਾਰੇ ਜਾਣਦੀ ਹਾਂ।

ਪ੍ਰੀਤੀ ਨੇ ਪੁੱਛਿਆ,” ਦਿਲ ਵਿਚ …?

ਨਹੀਂ ਅਜਿਹਾ ਕੁਝ ਨਹੀਂ, ਨੀਲੋਫ਼ਰ ਨੇ ਡਰਦੇ ਡਰਦੇ ਕਿਹਾ। ਰਜਨੀ ਨੇ ਹੌਲੀ-ਜਿਹੀ ਕਿਹਾ ਕਿ ਨੀਲੋਫ਼ਰ ! ਕਮਲ ਤੈਨੂੰ ਬਹੁਤ ਪਿਆਰ ਕਰਦਾ ਹੈ। ਉਸ ਨੇ ਸਾਡੇ ਦੋਵਾਂ ਨਾਲ ਗੱਲ ਸਾਂਝੀ ਕੀਤੀ ਹੈ। ਜੇ ਤੇਰੇ ਮਨ ਵਿਚ ਉਸ ਪ੍ਰਤੀ ਕੁਝ ਹੈ ਤਾਂ ਦੱਸ ਦੇ। ਅਸੀਂ ਉਸ ਦਾ ਸੁਨੇਹਾ ਲੈ ਕੇ ਆਈਆਂ ਹਾਂ। ਨੀਲੋਫ਼ਰ ਦੇ ਹੱਥ-ਪੈਰ ਕੰਬਣ ਲੱਗ ਪਏ। ਇਹ ਕਿਵੇਂ ਹੋ ਸਕਦਾ ਹੈ ਜਿਸ ਨਾਲ ਤਿੰਨ ਸਾਲ ਇੱਕ ਬੋਲ ਵੀ ਸਾਂਝਾ ਨਾ ਕੀਤਾ ਹੋਵੇ, ਨਹੀਂ ! ਇਹ ਨਹੀਂ ਹੋ ਸਕਦਾ। ਕੀ ਇੱਕ ਦੂਜੇ ਨੂੰ ਦੇਖਣ ਨਾਲ ਹੀ ਪਿਆਰ ਹੋ ਜਾਂਦਾ ਹੈ। ਹਾਂ ! ਹੋ ਜਾਂਦੈ ।

ਨੀਲੋਫ਼ਰ ਦੇ ਦਿਲ ਨੇ ਕਿਹਾ। ਪਿਆਰ ਕੋਈ ਪਾਪ ਨਹੀਂ। ਪਰ ਵੀਰਾ ! ਨੀਲੋਫਰ ਦੀਆਂ ਅੱਖ਼ਾਂ ਦੇ ਸਾਹਮਣੇ ਇੱਕ ਦਮ ‌ਆਪਣੇ ਵੱਡੇ ਭਰਾ ਦੀ ਸ਼ਕਲ ਆ ਗਈ। ਜਿਸ ਨੇ ਕਾਲਜ ਵਿੱਚ ਐਡਮੀਸ਼ਨ ਵੇਲੇ ਇੱਕੋ ਹੀ ਗੱਲ ਕਹੀ ਸੀ,”ਤੇਰੇ ਤੋਂ ਵੱਡੀਆਂ ਤਿੰਨ ਹੋਰ ਤੇਰੀਆਂ ਭੈਣਾਂ,ਉਹ ਵੀ ਓਥੇ ਹੀ ਪੜ੍ਹ ਕੇ ਆਈਆਂ ਨੇ। ਕਿਸੇ ਨੇ ਕੋਈ ਉਲਾਂਭਾ ਨਹੀਂ ਦਵਾਇਆ। ਇਹ ਗੱਲ ਚੇਤੇ ਰੱਖੀਂ। ਕਾਲਜ ਚੱਲੀ ਐਂ ਸੰਭਲ ਕੇ ਰਹੀਂ। ਦੁਨੀਆਂ ਬਹੁਤ ਖ਼ਰਾਬ ਹੈ। ਉਸ ਨੇ ਡਰਦੀ-ਡਰਦੀ ਨੇ ਪ੍ਰੀਤੀ ਤੇ ਰਜਨੀ ਨੂੰ ਕਿਹਾ,” ਨਹੀਂ ਅਜਿਹੀ ਮੇਰੇ ਮਨ ਵਿਚ ਕੋਈ ਗੱਲ ਨਹੀਂ। ਰਜਨੀ ਤੇ ਪ੍ਰੀਤੀ ਨੀਲੋਫ਼ਰ ਨਾਲ ਗੱਲਾਂ ਕਰ ਕੇ, ਉਦਾਸ ਹੋ ਚਲੀਆਂ ਗਈਆਂ।

ਉਸ ਰਾਤ ਨੂੰ ਨੀਲੋਫ਼ਰ ਬਹੁਤ ਬੇਚੈਨ ਰਹੀ। ਮੈਨੂੰ ਹਾਂ ਜਾਂ ਨਾਂਹ ਕੁਝ ਨਹੀਂ ਸੀ ਕਹਿਣਾ ਚਾਹੀਦਾ। ਮੇਰੇ ਕੋਲ ਇਸ ਤੋਂ ਵੱਡਾ ਮੌਕਾ ਕਦੋਂ ਆਉਣਾ ਸੀ। ਐਨਾ ਵਧੀਆ ਮੁੰਡਾ। ਹੁਸ਼ਿਆਰ, ਗੋਲਡ ਮੈਡਲਿਸਟ ਮੈਨੂੰ ਪਿਆਰ ਕਰਦਾ ਹੋਵੇ। ਨੀਲੋਫ਼ਰ ਨੂੰ ਲੱਗਿਆ ਜਿਵੇਂ ਉਸਦੀ ਕਿਸਮਤ ਤੇ ਲਕੀਰ ਵੱਜ ਗਈ ਹੋਵੇ। ਹੁਣ ਸਮਾਂ ਨਹੀਂ ਆਵੇਗਾ।

ਸਮਾਂ ‌ਬੀਤਦਾ ਗਿਆ। ਕਮਲ ਯੂਨੀਵਰਸਿਟੀ ਵਿੱਚ ਪੜ੍ਹਕੇ ਉੱਥੇ ਹੀ ਪ੍ਰੋਫੈਸਰ ਲੱਗ ਗਿਆ ਸੀ। ਕਦੇ ਕਦੇ ਉਹ ਸ਼ਹਿਰ ਆਉਂਦਾ। ਉਹ ਨੀਲੋਫ਼ਰ ਦੇ ਘਰ ਅੱਗੋਂ ਦੀ ਇੱਕ ਗੇੜਾ ਜ਼ਰੂਰ ਮਾਰਦਾ। ਕਦੇ ਕਦੇ ਦੋਨਾਂ ਦੀਆਂ ਅੱਖਾਂ ਵੀ ਸਾਂਝੀਆਂ ਹੁੰਦੀਆਂ। ਪਰ ਹੁਣ ਉਹ ਸਮਾਂ ਲੰਘ ਚੁੱਕਿਆ ਸੀ। ਨੀਲੋਫ਼ਰ ਅਤੀਤ ਦੀਆਂ ਯਾਦਾਂ ‘ਚੋਂ ਬਾਹਰ ਨਿਕਲੀ। ਕਮਲ ਉਸ ਦੇ ਬਿਲਕੁੱਲ ਸਾਹਮਣੇ ਆ ਕੇ ਰੁਕ ਗਿਆ। ਨੀਲੋਫ਼ਰ‌ ! ਮੈਂ ਠੀਕ ਪਹਿਚਾਣਿਐ ?

ਜੀ ਬਿਲਕੁਲ ! ਤੁਸੀਂ ਕਮਲ ਹੀਂ ਹੋ ਨਾ ?

ਜੀ ਹਾਂ। ਕੀ ਕਰ ਰਹੇ ਹੋ ਅੱਜ ਕੱਲ੍ਹ ?

ਮੈਂ ਯੂਨੀਵਰਸਿਟੀ ਪ੍ਰੋਫ਼ੈਸਰ ਹਾਂ। ਤਿੰਨ ਕੁ ਸਾਲ ਰਹਿ ਗਏ ਨੇ ਰਿਟਾਇਰਮੈਂਟ ਦੇ। ਤੁਸੀਂ ਕੀ ਕਰ ਰਹੇ ਹੋ ਅੱਜ ਕੱਲ੍ਹ ?

ਮੈਂ ਘਰ ਹੀ ਹੁੰਦੀ ਹਾਂ। ਮੇਰੇ ਪਤੀ ਬਿਜ਼ਨਸਮੈਨ ਹਨ।

ਇਹ ਕੌਣ ਹੈ ? ਨੀਲੋਫ਼ਰ ਨੇ ਕਮਲ ਨਾਲ ਖੜ੍ਹੀ ਲੜਕੀ ਬਾਰੇ ਨੂੰ ਪੁੱਛਿਆ। ਇਹ ਮੇਰੀ ਬੇਟੀ ਰਾਵੀਆ ਹੈ। ਇਹ ਵੀ ਯੂਨੀਵਰਸਿਟੀ ਵਿਚ ਮਨੋਵਿਗਿਆਨ ਦੀ ਪ੍ਰੋਫ਼ੈਸਰ ਹੈ। ਕਮਲ ਨੇ ਨੀਲੋਫ਼ਰ ਦੇ ਨਾਲ ਖੜ੍ਹੀ ਲੜਕੀ ਵੱਲ ਇਸ਼ਾਰਾ ਕਰ ਕੇ ਪੁੱਛਿਆ,” ਇਹ ਕੌਣ ਹੈ ?

ਮੇਰਾ ਖ਼ਿਆਲ ਹੈ ਤੁਹਾਡੀ ਬੇਟੀ ਹੋਵੇਗੀ । ਇਹ ਮੇਰੀ ਬੇਟੀ ਸੁਖਾਵੀ ਹੈ, ਜੋ ਸਿਵਲ ਕੋਰਟ ‌ਵਿਚ ਜੱਜ ਹੈ। ਦੋਵਾਂ ਲੜਕੀਆਂ ਨੇ ਇਕ ਦੂਜੇ ਵੱਲ ਹੱਥ ਜੋੜੇ ਤੇ ਆਪਸ ਵਿਚ ਹੈਲੋ ਵੀ ਕੀਤੀ। ਇਹ ਕਮਲ ਜੀ ਨੇ ਮੇਰੇ ਕਲਾਸ ਫੈਲੋ। ਨੀਲੋਫ਼ਰ ਨੇ ਆਪਣੀ ਬੇਟੀ ਨਾਲ ਕਮਲ ਦੀ ਜਾਣ-ਪਹਿਚਾਣ ਕਰਵਾਉਂਦਿਆਂ ਕਿਹਾ। ਕਮਲ ਨੇ ਵੀ ਆਪਣੀ ਪ੍ਰੋਫ਼ੈਸਰ ਬੇਟੀ ਨੂੰ ਸੰਬੋਧਨ ਹੁੰਦਿਆਂ ਕਿਹਾ,” ਰਾਵੀਆ ਬੇਟੇ ! ਇਹ ਮੇਰੇ ਕਾਲਜ ਦੀ, ਉਸ ਸਮੇਂ ਦੀ ਸਭ ਤੋਂ ਸ਼ਰਮਾਕਲ ਲੜਕੀ ਸੀ। ਅਸੀਂ ਕਦੇ ਵੀ ਇੱਕ ਦੂਜੇ ਨਾਲ ਜ਼ੁਬਾਨ ਸਾਂਝੀ ਨਹੀਂ ਸੀ ਕੀਤੀ। ਰਾਵੀਆ ਤੇ ਸੁਖਾਵੀ ਹੱਸ ਪਈਆਂ। ਚਲੋ ਅੱਜ ਸਾਡੇ ਹੁੰਦੇ ਇਹ ਵੀ ਸਾਂਝੀ ਹੋ ਗਈ।

ਦੋਵਾਂ ਲੜਕੀਆਂ ਦੇ ਚਿਹਰੇ ਤੇ ਮੁਸਕਰਾਹਟ ਸੀ। ਅੰਕਲ ਜੇ ਆਪ ਜੀ ਕੋਲ ਸਮਾਂ ਹੈ ਤਾਂ ਆਪਾਂ ਕੈਫੇ ਬੈਠ ਕੇ ਇੱਕ ਇੱਕ ਚਾਹ ਦੀ ਪਿਆਲੀ ਸਾਂਝੀ ਕਰ ਲਈਏ। ਇਸ ਬਹਾਨੇ ਤੁਸੀ ਆਪਣੀਆਂ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕਰ ਲਵੋਗੇ। ਸੁਖਾਵੀ ਦੇਖ ਰਹੀ ਸੀ ਉਸ ਦੀ ਮੰਮੀ ਦੇ ਚਿਹਰੇ ਤੇ ਬਹੁਤ ਦਿਨਾਂ ਬਾਅਦ ‌ਇੱਕ ਸਕੂਨ ਤੇ ਨੂਰ ਸੀ। ਉਸ ਨੂੰ ਛੋਟੇ ਹੁੰਦਿਆਂ ਦਾ ਚੇਤਾ ਆਇਆ, ਕਿਸ ਤਰ੍ਹਾਂ ਉਸਦਾ ਪਿਤਾ ਉਸ ਦੀ ਮੰਮੀ ਨਾਲ ਵਿਵਹਾਰ ਕਰਦਾ ਰਿਹਾ ਸੀ। ਇਹ ਤਾਂ ਮੰਮੀ ਹੀ ਸੀ ਜੋ ਉਸ ਨਾਲ਼ ਨਿਭਾ ਗਈ ਸੀ।

ਚਾਹ ਪੀਂਦਿਆਂ ਉਹਨਾਂ ਨੇ ਬਹੁਤ ਗੱਲਾਂ ਕੀਤੀਆਂ। ਰਾਵੀਆ ਤੇ ਸੁਖਾਵੀਂ ਹੀ ਇਕ ਦੂਜੇ ਦੇ ਫੋਨ ਨੰਬਰ ਵੀ ਲਏ। ਨੀਲੋਫ਼ਰ ਦਾ ਵੀ ਦਿਲ ਕਰ ਰਿਹਾ ਸੀ ਕੀ ਉਹ ਵੀ ਕਮਲ ਨੂੰ ਕਹੇ,”ਤੁਸੀਂ ਆਪਣਾ ਫੋਨ ਨੰਬਰ ਮੈਨੂੰ ਦੇ ਦਿਓ।

ਪਰ ਲੋਕ ਲਾਜ਼ ਤੇ ਉਮਰ ਦੇ ਤਕਾਜ਼ੇ ਕਰਕੇ ਕੁਝ‌ ਨਾ ਬੋਲ ਸਕੀ। ਅੱਜ ਫੇਰ ਕਮਲ ਨੇ ਹੀ ਪਹਿਲ ਕੀਤੀ। ਉਸਨੇ ਕਿਹਾ,” ਨੀਲੋਫ਼ਰ ਜੀ, ਜੇ ਹੋ ਸਕੇ ਤਾਂ ਤੁਸੀਂ ਆਪਣਾ ਫੋਨ ਨੰਬਰ ਵੀ ਦੇ ਦਿਓ। ਮੈਂ ਆਪਣਾ ਵੀ ਦੇ ਦਿੰਦਾ ਹਾਂ। ਆਪਣੇ ਫੋਨ ਨੰਬਰ ਸਾੰਝੇ ਕਰਨ ਤੋਂ ਬਾਅਦ ਨੀਲੋਫ਼ਰ ਸੋਚ ਰਹੀ ਸੀ ਕਾਸ਼ ! ਉਸ ਸਮੇਂ ਵੀ ਮੋਬਾਇਲ ਫੋਨ ਹੁੰਦੇ ਤਾਂ ‌ਪ੍ਰੀਤੀ‌ ਤੇ‌‌ ਰਜਨੀ ਨੂੰ ‌ਮੇਰੇ ਘਰ ਨਾ‌ ਆਉਣਾ ਪੈਂਦਾ ਤੇ ਮੈਂ ਆਪਣੀ ਗਲਤੀ ਸ਼ਾਇਦ ਫੋਨ ਤੇ ਹੀ ਸੁਧਾਰ ਲੈਣੀ ਸੀ। ਜਦੋਂ ਚਾਹ ‌ਪੀ ਕੇ ਸਾਰੇ ‌ਕੈਫੇ‌‌ ਚੋਂ ਬਾਹਰ ਨਿਕਲੇ, ਸਮਾਂ ਕਾਫ਼ੀ ਹੋ ਗਿਆ ਸੀ। ਸੁਖਾਵੀ ਨੇ ਨੀਲੋਫ਼ਰ ਨੂੰ ਕਿਹਾ ,” ਮੰਮੀ ‌ਜੀ ਕੁਵੇਲਾ ਹੋ ਗਿਆ।

ਨੀਲੋਫ਼ਰ ਨੂੰ ਲੱਗਿਆ ਸੱਚ ਮੁੱਚ ਹੀ ਕੁਵੇਲਾ ਹੋ ਗਿਆ।

(ਜਸਪਾਲ ਜੱਸੀ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ
Next articleਗੀਤ