ਪਟਿਆਲਾ, (ਸਮਾਜ ਵੀਕਲੀ) (ਜਸਵੰਤ ਗਿੱਲ) ਪ੍ਰਤਿਮਾਨ ਸਾਹਿਤਿਕ ਮੰਚ, ਪਟਿਆਲਾ ਵੱਲੋਂ ਆਪਣਾ ਪਲੇਠਾ ਸਮਾਗਮ ਪ੍ਰਭਾਤ ਪਰਵਾਨਾ ਸੈਂਟਰ, ਪਟਿਆਲਾ ਵਿਖੇ ਕੀਤਾ ਗਿਆ, ਜਿਸ ਵਿੱਚ ਨੌਜਵਾਨ ਕਵੀ ਕੁਲਵਿੰਦਰ ਸਿੱਧੂ ਕਾਮੇ ਕੇ ਦੀ ਪੁਸਤਕ “ਅਸਾਂ ਨੀ ਜੋਬਨ ਰੁੱਤੇ ਮਰਨਾ” ਨੂੰ ਰਿਲੀਜ਼ ਕੀਤਾ ਗਿਆ ਅਤੇ ਇਸ ਉਤੇ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਿਛਲੇ 22 ਸਾਲ ਤੋਂ ਡਾ. ਅਮਰਜੀਤ ਕੌਂਕੇ ਦੀ ਸੰਪਾਦਨਾ ਹੇਠ ਨਿਰੰਤਰ ਨਿਕਲ ਰਹੇ ਸਾਹਿਤਕ ਮੈਗਜ਼ੀਨ “ਪ੍ਰਤਿਮਾਨ” ਦਾ ਤਾਜ਼ਾ ਅੰਕ ਵੀ ਪ੍ਰਧਾਨਗੀ ਮੰਡਲ ਵੱਲੋਂ ਰਿਲੀਜ਼ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਉੱਘੇ ਸ਼ਾਇਰ ਧਰਮ ਕੰਮੇਆਣਾ ਨੇ ਕੀਤੀ। ਮੁੱਖ ਮਹਿਮਾਨ ਵਜੋਂ ਸ. ਬੀ.ਐਸ. ਰਤਨ ਸਾਬਕਾ ਇਨਕਮ ਟੈਕਸ ਕਮਿਸ਼ਨਰ ਸ਼ਾਮਿਲ ਹੋਏ, ਵਿਸ਼ੇਸ਼ ਮਹਿਮਾਨ ਵਜੋਂ ਡਾ. ਰਜਿੰਦਰਪਾਲ ਸਿੰਘ ਬਰਾੜ ਅਤੇ ਅਤੇ ਮੰਚ ਦੇ ਕਨਵੀਨਰ ਡਾ. ਅਮਰਜੀਤ ਕੌਕੇ ਨੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਡਾ. ਅਮਰਜੀਤ ਕੌਂਕੇ ਨੇ ਸਵਾਗਤੀ ਸ਼ਬਦ ਆਖਦਿਆਂ ਮੰਚ ਦੇ ਉਦੇਸ਼ਾਂ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਪੁਸਤਕ ਦੇ ਲੇਖਕ ਕੁਲਵਿੰਦਰ ਕਾਮੇ ਕਾ ਵੱਲੋਂ ਆਪਣੀਆਂ ਚੋਣਵੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਜਿਸ ਬਾਰੇ ਸੰਵਾਦ ਦਾ ਆਰੰਭ ਕਰਦਿਆਂ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਇਹ ਕਵਿਤਾ ਸੰਚਾਰ ਦੀ ਸਮੱਸਿਆ ਤੋਂ ਮੁਕਤ ਹੈ ਅਤੇ ਇਹ ਆਪਣੇ ਬਚਪਨ ਅਤੇ ਸੱਭਿਆਚਾਰ ਪ੍ਰਤੀ ਉਦਰੇਵੇਂ ਦੀ ਕਵਿਤਾ ਹੈ। ਨੌਜਵਾਨ ਆਲੋਚਕ ਡਾ. ਦੀਦਾਰ ਸਿੰਘ ਨੇ ਕਿਹਾ ਕਿ ਇਸ ਕਵਿਤਾ ਵਿੱਚ ਲੋਕ ਪ੍ਰਵਾਨਿਤ ਗੱਲਾਂ ਕਿਤੇ ਕਿਤੇ ਦੁਹਰਾ ਵਿੱਚ ਪਰਿਵਰਤਿਤ ਹੋ ਗਈਆਂ ਹਨ ਅਤੇ ਲੇਖਕ ਅਤੀਤ ਮੁਖੀ ਮੁੱਲਾਂ ਦੀ ਗੱਲ ਕਰਦਾ ਕਿਤੇ ਕਿਤੇ ਉਪਦੇਸ਼ਆਤਮਕ ਹੋ ਜਾਂਦਾ ਹੈ। ਹਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਲੇਖਕ ਨੇ ਜੋ ਵੀ ਲਿਖਿਆ ਹੈ ਉਹ ਸਾਨੂੰ ਪੁਰਾਤਨ ਪੰਜਾਬੀ ਸੱਭਿਆਚਾਰ ਨਾਲ ਜੋੜਦਾ ਹੈ ਅਤੇ ਲੇਖਕ ਨੇ ਬਹੁਤ ਸਾਰੇ ਐਸੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਜਿਹੜੇ ਅਜੋਕੇ ਜੀਵਨ ਵਿੱਚੋਂ ਲੁਪਤ ਹੋ ਰਹੇ ਹਨ। ਡਾ. ਪਸ਼ਵਿੰਦਰ ਕੌਰ ਨੇ ਕਿਹਾ ਕਿ ਇਹ ਕਵਿਤਾ ਲੋਕਧਾਰਾ ਦਾ ਦਸਤਾਵੇਜ ਹੈ। ਲੋਕ ਗੀਤਾਂ ਦੀਆਂ ਸਾਰੀਆਂ ਵਨਗੀਆਂ ਇਸ ਪੁਸਤਕ ਵਿੱਚ ਵੇਖਣ ਨੂੰ ਮਿਲਦੀਆਂ ਹਨ। ਸੁਖਦੇਵ ਸਿੰਘ ਵਿਰਕ ਨੇ ਕਿਹਾ ਕਿ ਇਹ ਕਵਿਤਾਵਾਂ ਪੇਡੂ ਰਸਾਤਲ ਅਤੇ ਧਰਾਤਲ ਦੇ ਨਾਲ ਜੁੜੀਆਂ ਹੋਈਆਂ ਹਨ। ਡਾ. ਗੁਰਵਿੰਦਰ ਅਮਨ,ਪਵਨ ਪਰਿੰਦਾ, ਵਕੀਲਾ ਮਾਨ ਅਤੇ ਡਾ. ਹਰਪ੍ਰੀਤ ਸਿੰਘ ਰਾਣਾ ਵੱਲੋਂ ਵੀ ਕਿਤਾਬ ਸਬੰਧੀ ਮੁੱਲਵਾਨ ਟਿੱਪਣੀਆਂ ਕੀਤੀਆਂ ਗਈਆਂ। ਇਸ ਬਹਿਸ ਨੂੰ ਸਮੇਟਦਿਆਂ ਡਾ. ਚਰਨਜੀਤ ਕੌਰ ਬਰਾੜ ਨੇ ਕਿਹਾ ਕਿ ਇਸ ਕਵਿਤਾ ਵਿੱਚ ਕਾਵਿ ਰੂਪਾਂ ਦੀ ਭਰਮਾਰ ਹੈ ਅਤੇ ਲੇਖਕ ਨੇ ਪੁਰਾਤਨ ਛੰਦਾਂ ਵਿੱਚ ਹੀ ਕਵਿਤਾ ਸਿਰਜਣ ਦਾ ਯਤਨ ਕੀਤਾ ਹੈ। ਪ੍ਰਧਾਨਗੀ ਮੰਡਲ ਵਿੱਚ ਬੀ.ਐਸ. ਰਤਨ ਨੇ ਇਸ ਕਵਿਤਾ ਨੂੰ ਨਵੇਂ ਸ਼ਬਦਾਂ ਵਿੱਚ ਢਾਲ ਕੇ ਪੇਸ਼ ਕੀਤੀ ਹੋਈ ਕਵਿਤਾ ਦੱਸਿਆ। ਧਰਮ ਕੰਮੇਆਣਾ ਨੇ ਇਸ ਨੂੰ ਪਹਿਲੀ ਕਿਤਾਬ ਹੋਣ ਦੇ ਨਾਤੇ ਲੇਖਕ ਤੋਂ ਆਸ ਕੀਤੀ ਕਿ ਉਸ ਦੀਆਂ ਅਗਲੀਆਂ ਕਿਤਾਬਾਂ ਵਿੱਚ ਉਹ ਹੋਰ ਵੀ ਪਰਪੱਕ ਕਵਿਤਾ ਲਿਖਣ ਦਾ ਯਤਨ ਕਰੇਗਾ। ਡਾ. ਰਜਿੰਦਰ ਪਾਲ ਬਰਾੜ ਨੇ ਆਪਣੀ ਗੱਲ ਕਰਦਿਆਂ ਕਿਹਾ ਕਿ ਇਹ ਕਵਿਤਾਵਾਂ ਪੁਰਾਣੀਆਂ ਸਚਾਈਆਂ ਅਤੇ ਪੁਰਾਣੀਆਂ ਮਿੱਥਾਂ ਨੂੰ ਹੀ ਨਵੇਂ ਸ਼ਬਦਾਂ ਵਿੱਚ ਢਾਲ ਕੇ ਪੇਸ਼ ਕਰਦੀਆਂ ਹਨ ਪਰ ਕਵੀ ਨੂੰ ਅੱਗੇ ਵਧਣ ਲਈ ਮਿਥ ਭੰਜਨ ਦੀ ਲੋੜ ਹੈ। ਉਹਨਾਂ ਨੇ ਪੰਜਾਬੀ ਕਵਿਤਾ ਦੇ ਪ੍ਰਸੰਗ ਵਿੱਚ ਮੁੱਲਵਾਨ ਟਿੱਪਣੀਆਂ ਕਰਦਿਆਂ ਕਿਹਾ ਕਿ ਉਹੀ ਕਵਿਤਾ ਲੋਕਾਂ ਵਿੱਚ ਪ੍ਰਵਾਨ ਹੁੰਦੀ ਹੈ ਜਿਹੜੀ ਮਿੱਥਾਂ ਦਾ ਭੰਜਨ ਕਰਦੀ ਹੈ। ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਸਤਨਾਮ ਚੌਹਾਨ, ਪ੍ਰਿੰਸੀਪਲ ਸੁਸ਼ੀਲ ਆਜ਼ਾਦ, ਪ੍ਰੋ. ਹਰ ਮਨ, ਜਸਵਿੰਦਰ ਖਾਰਾ, ਪਰਮਿੰਦਰ ਕੌਰ ਅਮਨ, ਕੁਲਵਿੰਦਰ ਚਾਵਲਾ, ਰਣਧੀਰ ਕਲੇਰ, ਡਾ. ਹਰਬੰਸ ਸਿੰਘ ਧੀਮਾਨ, ਹਰਪ੍ਰੀਤ ਕੌਰ ਸੰਧੂ ਇੰਦਰਪਾਲ ਸਿੰਘ, ਕੁਲਜੀਤ ਕੌਰ, ਬਚਨ ਸਿੰਘ ਗੁਰਮ ਡਾ. ਨਰਿੰਦਰ ਸਿੰਘ, ਡਾ. ਗੁਰਵਿੰਦਰ ਅਮਨ, ਸੁਖਵਿੰਦਰ ਚਹਿਲ, ਨਵਦੀਪ ਮੁੰਡੀ, ਬਚਿੱਤਰ ਸਿੰਘ ਦਦਰਾਲਾ ਖਰੋੜ, ਦਵਿੰਦਰ ਪਟਿਆਲਾਵੀ, ਭੁਪਿੰਦਰ ਉਪਰਾਮ ਪ੍ਰਿੰ. ਚਰਨਜੀਤ ਕੌਰ, ਇੰਜੀ. ਜਗਰਾਜ ਸਿੰਘ, ਅਮਰਜੀਤ ਖਰੋੜ, ਪਾਲ ਖਰੋੜ, ਡਾ. ਕੁਲਦੀਪ ਕੌਰ, ਨਵਨੀਤ ਸਿੱਧੂ ਬਲਵਿੰਦਰ ਭੱਟੀ, ਜੋਗਾ ਸਿੰਘ ਧਨੌਲਾ, ਭਗਵੰਤ ਸਿੰਘ ਬੁਗਾ ਅਤੇ ਹੋਰ ਲੇਖਕਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅੰਤ ਤੇ ਮੰਚ ਵੱਲੋਂ ਧੰਨਵਾਦ ਹਰਪ੍ਰੀਤ ਕੌਰ ਸੰਧੂ ਵੱਲੋਂ ਕੀਤਾ ਗਿਆ। ਮੰਚ ਸੰਚਾਲਨ ਡਾ. ਹਰਪ੍ਰੀਤ ਸਿੰਘ ਰਾਣਾ ਅਤੇ ਨਵਦੀਪ ਸਿੰਘ ਮੁੰਡੀ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj