(ਸਮਾਜ ਵੀਕਲੀ)
ਡਾ਼ ਮੇਹਰ ਮਾਣਕ
ਧਰਤੀ ‘ਤੇ ਅੱਗ ਵਰਸਦੀ, ਜਾ ਪਾਣੀ ਛੁੱਪੇ ਪਤਾਲ਼।
ਕਾਹਦੀਆਂ ਇਹ ਤਰੱਕੀਆਂ,ਜੀਣਾ ਹੋਇਆ ਮੁਹਾਲ।
ਬੰਜਰ ਕੁੱਖਾਂ ਹੋ ਰਹੀਆਂ, ਫਸ ਗਏ ਵਿੱਚ ਜੰਜਾਲ।
ਖੁਸ਼ਹਾਲੀਆਂ ਮਾਣਦੇ ਸੂਰਮੇ,ਹੋ ਗਏ ਜਿਉਂ ਕੰਗਾਲ।
ਮਿੱਟੀ ਮੁਹਰਾ ਪੀ ਗਈ, ਤੇ ਵਿਗੜੀ ਹਵਾ ਦੀ ਚਾਲ।
ਮੁਨਾਫੇ ਨੇ ਮੱਤ ਮਾਰ ਦਿੱਤੀ,ਨਾ ਹੋਈ ਸੁਰਤ ਸੰਭਾਲ ।
ਪੰਛੀ ਭੱਜ ਤੁਰੇ ਪ੍ਰਦੇਸ਼ ਨੂੰ, ਹੋਂਦ ਦਾ ਕਹਿਣ ਸਵਾਲ।
ਗੀਤ ਗਵਾਚੇ ਜਿਹਨ ‘ਚੋਂ,ਨਸਲ ਗਾਵੇ ਉੱਘ ਪਤਾਲ਼ ।
ਫਸਲਾਂ ਫਰਸ਼ ਖਾ ਗਏ, ਘਿਰੇ ਬੂਟੇ ਗਮਲਿਆਂ ਨਾਲ਼।
ਹੋਇਆ ਮਾਸ ਨੰਹੂਆਂ ਤੋਂ ਵੱਖਰਾ, ਰਹੇ ਮੋਹ ਨੂੰ ਕਿਥੋਂ ਭਾਲ਼।
ਚਲਦੀ ਕੋਈ ਦਲੀਲ ਨਾ, ਗਈ ਡੁੱਲ੍ਹ ਚੁਰਾਹੇ ਦਾਲ਼।
ਸਿਦਕ ਦੇ ਬਾਝੋਂ ਸਿਰ ਨਾ , ਕਦੇ ਬਣਦੇ ਕੱਲੇ ਢਾਲ਼।
ਤੁਸੀਂ ਸੁੱਤੇ ਲੰਮੀਆਂ ਤਾਣ ਕੇ ,ਆ ਸਿਰ ‘ਤੇ ਗੂੰਜੇ ਕਾਲ਼।
ਕੂਕੇ ਪਈ ਧਰਤ ਪੰਜਾਬ ਦੀ,ਯਾਰੋ ਹਾਲੋਂ ਹੋਈ ਬੇਹਾਲ।