(ਸਮਾਜ ਵੀਕਲੀ)
ਪਹਿਲ-ਪਲੇਠੀ ਕਾਵਿ ਵਿਧਾ ਵਿੱਚ ਅੰਮ੍ਰਿਤ ਵਰਗੀ ਕੁੜੀ ਲਿਖੀ
ਦੂਜੀ “ਕੁੱਜੇ ‘ਚ ਰੱਬ” ਕਹਾਣੀਆਂ ਹਾਜ਼ਰ ਦਿਲਪ੍ਰੀਤ ਗੁਰੀ ਲਿਖੀ
ਪਾਠਕ ਨਾਲੋਂ ਨਾਲ ਤੁਰੇ ਜਿਉਂ ਵਗਦੀ ਨਦੀ ਮੁਹਾਨੇ ਤੇ
ਬਰਕਤ ਬਖਸ਼ੇ ਬਾਬਾ ਕਲਮ ਨੂੰ ਹਰ ਇੱਕ ਤੀਰ ਨਿਸ਼ਾਨੇ ਤੇ
ਲਾਲੀ ਨੂੰ “ਮਨਹੂਸ” ਆਖਦੀ ਦੁਨੀਆਂ ਦਾਦੀ ਦੱਸਦੀ ਏ
ਗੁਰੂ ਰਾਮਦਾਸ ਨਾਲ ਇੰਝ ਕਰਿਆ ਦੁਨੀਆਂ ਰਵਾ ਕੇ ਹੱਸਦੀ ਏ
“ਮਮਤਾ ਦੇ ਮਣਕੇ” ਵਿੱਚ ਮੋਹ ਵੀ ਦੂਰ ਦੂਰ ਤੱਕ ਜਾ ਛਣਕੇ
ਕੁੱਤੇ ਨੂੰ ਵੀ ਪਿਆਰ ਮਿਲੇ ਉਹ ਰਹਿ ਜਾਂਦਾ ਇੱਕ ਪੁੱਤ ਬਣਕੇ
ਮਾਵਾਂ ਮੂਰਤ ਮਮਤਾ ਦੀ ਨਾ ਇਹਨਾਂ ਜਿਹਾ ਜਮਾਨੇ ਤੇ
ਬਰਕਤ ਬਖਸ਼ੇ ਬਾਬਾ ਕਲਮ ਨੂੰ ਹਰ ਇੱਕ ਤੀਰ ਨਿਸ਼ਾਨੇ ਤੇ
ਰਿਸ਼ਤਿਆਂ ਦੇ ਵਿੱਚ ਸੁੱਚਮ ਦਾ ਕੋਈ ਸੂਖਮ ਸਾਗਰ ਵਗਦਾ ਏ
“ਪੇਕਿਆਂ” ਪਿੰਡਾਂ ਦਾ ਜੰਮਿਆ ਵੀ ਤਾਂ ਮਾਂ ਦਾ ਜਾਇਆ ਹੀ ਲੱਗਦਾ ਏ
ਅੱਗ ਦੀਆਂ ਲਪਟਾਂ ਨਾਲੋਂ ਬੁਰੀਆਂ ਨਫ਼ਰਤ ਅੱਗ ਦੀਆਂ ਲਪਟਾਂ ਨੇ
ਕਿੰਨੇ ਮੁਲਕ ਬਰਬਾਦ ਕਰੇ, ਨਫ਼ਰਤ ਸਿਆਸਤ ਦੀਆਂ ਝੱਪਟਾਂ ਨੇ
ਘਰ ਨੂੰ ਸਾਂਭ “ਸੁਚੱਜੀ” ਬਣ ਕੇ ਲਾ ਕੇ ਪਿਆਰ ਪੈਮਾਨੇ ਤੇ
ਬਰਕਤ ਬਖਸ਼ੇ ਬਾਬਾ ਕਲਮ ਨੂੰ ਹਰ ਇੱਕ ਤੀਰ ਨਿਸ਼ਾਨੇ ਤੇ
“ਪ੍ਰੇਸ਼ਾਨੀ ਦਾ ਚੱਕਾ ” ਕਰਦਾ ਧੱਕਾ ਹਰ ਕੋਈ ਹੱਕਾ ਬੱਕਾ ਏ
ਦੂਜੇ ਦਾ ਦੁੱਖ ਛੋਟਾ ਲੱਗਦਾ, ਭਰਮ ਪਾਲਿਆ ਪੱਕਾ ਏ
“ਪੁੱਤ ਟਰੈਕਟਰ ” ਜੱਟ ਦਾ ਹੁੰਦਾ ਜੇਠਾ ਕੋਈ ਸ਼ੱਕ ਨਹੀਂ
ਵਿਕੇ ਟਰੈਕਟਰ ਜੱਟ ਮਰ ਜਾਂਦਾ ਲੱਗਦਾ ਜੀਣ ਦਾ ਹੱਕ ਨਹੀਂ
“ਔਰਤ ਦੀ ਰਜਿਸਟ੍ਰੇਸ਼ਨ” ਸਮਝ ਨਾ ਆਵੇ ਮਰਦ ਦੀਵਾਨੇ ਤੇ
ਬਰਕਤ ਬਖਸ਼ੇ ਬਾਬਾ ਕਲਮ ਨੂੰ ਹਰ ਇੱਕ ਤੀਰ ਨਿਸ਼ਾਨੇ ਤੇ
“ਉਹ “ਧੀਆਂ ਦਾ ਸਤਿਕਾਰ ਕਰੋ ਲੋਕੋ ਪੁੱਤਰਾਂ ਵਾਂਗ ਪਿਆਰ ਕਰੋ
“ਪੱਥਰ ਦਾ ਵੀ ਦਿਲ “ਹੁੰਦਾ ਹੈ ਪਿਆਰ ਨਾਲ ਇਜ਼ਹਾਰ ਕਰੋ
“ਰੂਹਾਂ ਦੇ ਰਿਸ਼ਤੇ ” ਨਾ ਮਿਟਦੇ ਵਸਲਾਂ ਬੇਸ਼ਕ ਥੋੜੀਆਂ ਨੇ
“ਫੋਨ ਖਜ਼ਾਨੇ ” ਫੇਸਬੁੱਕ ਤੇ ਬਹੁਤ ਜੋੜੀਆਂ ਜੋੜੀਆਂ ਨੇ
“ਮੁਹੱਬਤਾਂ ਦੇ ਰਾਹੀ “ਵੀ “ਰਮਜ਼ਾਂ” ਰੱਖਦੇ ਨੇ ਨਜ਼ਰਾਨੇ ਤੇ
ਬਰਕਤ ਬਖਸ਼ੇ ਬਾਬਾ ਕਲਮ ਨੂੰ ਹਰ ਇੱਕ ਤੀਰ ਨਿਸ਼ਾਨੇ ਤੇ
“ਕਾਸ਼ ਕਿਤੇ ” ਰਾਂਝੇ ਦਾ ਪਿੰਡ “ਹੀ ਹੀਰ ਦਾ ਸਹੁਰਾ ਘਰ ਹੋਵੇ
ਫੇਰ “ਮੁਹੱਬਤਪੁਰੇ” ਚ “ਝਾਵੇਂ ” ਨੂੰ ਨਾ ਕਿਸੇ ਦਾ ਵੀ ਡਰ ਹੋਵੇ
ਉਹਦੀ ਰਜਾ ਬਿਨ ਪੱਤ ਨਹੀਂ ਹਿੱਲਦਾ ਲੰਘਦੀ ਹੁਕਮ ਦੀ ਬੁਰਕੀ ਨਾ
“ਪੁਰਖੀ ਆਦਤਾਂ “ਜਾਣ ਨਾ ਖੂਨ ਚੋਂ ਭੁੱਲਦੀ ਪਿਓ ਦੀ ਘੁਰਕੀ ਨਾ
ਕਲਮ ਗੁਰੀ ਦੇ ਰਚੇ ਕਹਾਣੀਆਂ ਜਿਉਂ ਚੱਲਦੀ ਅਫਸਾਨੇ ਤੇ
ਬਰਕਤ ਬਖਸ਼ੇ ਬਾਬਾ ਕਲਮ ਨੂੰ ਹਰ ਇੱਕ ਤੀਰ ਨਿਸ਼ਾਨੇ ਤੇ
ਸਾਰੀ ਹੀ ਕਾਇਨਾਤ “ਗੁਰੀ” ਦੇ ਨਾਲ ਨਾਲ ਹੀ ਚੱਲਦੀ ਅੱਜਕਲ੍ਹ
ਕੀ ਅੰਬਰ ਕੀ ਧਰਤੀ ਪਾਣੀ, ਹਵਾ ਵੀ ਓਹਦੇ ਵੱਲ ਦੀ ਅੱਜਕਲ੍ਹ
ਸ਼ਬਦਾਂ ਦੇ ਵਿੱਚ ਰੂਹ ਨੂੰ ਫੂਕੇ ਪਾਤਰਾਂ ਦੇ ਵਿੱਚ ਜਾਨ ਹੈ ਪਾਉਂਦੀ
ਅੱਖ ਭਰਦੀ, ਰੂਹ ਲਿਫ ਲਿਫ ਜਾਵੇ ਜਦ ਉਹ ਕੋਈ ਬਾਤ ਸੁਣਾਉਂਦੀ
ਸ਼ਾਲਾ ! ਹਰੀਸ਼ ਦੁਆਵਾਂ ਕਰਦਾ ਹੱਥ ਰੱਖੀਂ ਪਰਵਾਨੇ ਤੇ
ਬਰਕਤ ਬਖਸ਼ੇ ਬਾਬਾ ਕਲਮ ਨੂੰ ਹਰ ਇੱਕ ਤੀਰ ਨਿਸ਼ਾਨੇ ਤੇ
ਹਰੀਸ਼ ਪਟਿਆਲਵੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly