ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ, ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਝੋਨੇ ਦੀ ਪਰਾਲੀ ਵਿੱਚ ਹੈਪੀ ਸੀਡਰ ਅਤੇ ਸਮਾਰਟ ਸੀਡਰ ਮਸ਼ੀਨਾਂ ਨਾਲ ਕਣਕ ਦੀ ਸਿੱਧੀ ਬਿਜਾਈ ਬਾਬਤ ਬਲਾਕ ਮਾਹਿਲਪੁਰ ਦੇ ਅਪਣਾਏ ਪਿੰਡ ਠੀਂਡਾ ਵਿੱਚ ਅਗਾਂਹਵਧੂ ਕਿਸਾਨ ਉਂਕਾਰ ਸਿੰਘ ਅਤੇ ਬਲਜੀਤ ਸਿੰਘ ਦੇ ਖੇਤਾਂ ਵਿੱਚ ਪ੍ਰਦਰਸ਼ਨੀ ਲਗਾਈ ਗਈ। ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਰਾਲੀ ਪ੍ਰਬੰਧਨ ਅਧੀਨ ਪਿੰਡ ਠੀਂਡਾ ਨੂੰ ਇਸ ਸਾਲ ਅਪਣਾਉਂਦਿਆਂ ਕਿਸਾਨ ਜਾਗਰੂਕਤਾ ਕੈਂਪ, ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ।
ਸਹਾਇਕ ਪ੍ਰੋਫੈਸਰ ਡਾ. ਅਜੈਬ ਸਿੰਘ ਨੇ ਦੱਸਿਆ ਕਿ ਸਮਾਰਟ ਸੀਡਰ ਅਤੇ ਹੈਪੀ ਸੀਡਰ ਮਸ਼ੀਨਾਂ ਪਰਾਲੀ ਨੂੰ ਬਿਨ੍ਹਾਂ ਜਲਾਏ ਕਣਕ ਦੀ ਸਿੱਧੀ ਬਿਜਾਈ ਕਰਨ ਦੇ ਸਮਰੱਥ ਹਨ। ਇਹ ਮਸ਼ੀਨਾਂ ਪਰਾਲੀ ਨੂੰ ਜ਼ਮੀਨ ਦੀ ਸਤਿਹ ਉੱਪਰ ਮੱਲਚ ਬਣਾ ਕੇ ਛੱਡਦੀਆਂ ਹਨ। ਹੈਪੀ ਸੀਡਰ ਮਸ਼ੀਨ 50 ਹਾਰਸ ਪਾਵਰ ਟਰੈਕਟਰ ਨਾਲ ਚੱਲਦੀ ਹੈ ਅਤੇ ਇਕ ਦਿਨ ਵਿਚ ਤਕਰੀਬਨ 6-8 ਏਕੜ ਰਕਬੇ ਵਿੱਚ ਬਿਜਾਈ ਕਰ ਦਿੰਦੀ ਹੈ।ਉਨ੍ਹਾਂ ਨੇ ਦੱਸਿਆ ਕਿ ਸਮਾਰਟ ਸੀਡਰ ਮਸ਼ੀਨ, ਹੈਪੀ ਸੀਡਰ ਤੇ ਸੁਪਰ ਸੀਡਰ ਦਾ ਸੁਮੇਲ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਮਾਰਟ ਸੀਡਰ ਪਰਾਲੀ ਦੇ ਲਗਭਗ 15 ਤੋਂ 20 ਫੀਸਦੀ ਹਿੱਸੇ ਨੂੰ ਮਿੱਟੀ ਵਿੱਚ ਮਿਲਾਉਂਦਾ ਹੈ ਅਤੇ ਬੀਜ ਨੂੰ ਮਿੱਟੀ ਵਿੱਚ 1 ਇੰਚ ਤੱਕ ਅੰਦਰ ਛੱਡਦਾ ਹੈ, ਇਸ ਕਾਰਨ ਕਣਕ ਦੇ ਬੀਜ ਦੀ ਪਰਾਲੀ ਉੱਪਰ ਡਿੱਗਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਅਤੇ ਬੀਜ ਬਰਾਬਰ ਪੁੰਗਰਦਾ ਹੈ।ਸਮਾਰਟ ਸੀਡਰ ਮਸ਼ੀਨ ਇੱਕ ਘੰਟੇ ਵਿੱਚ ਇੱਕ ਏਕੜ ਜ਼ਮੀਨ ਵਿੱਚ ਕਣਕ ਦੀ ਬਿਜਾਈ 5.5 ਲੀਟਰ ਡੀਜ਼ਲ ਵਿੱਚ ਕਰ ਦਿੰਦੀ ਹੈ। ਕਿਸਾਨ ਉਂਕਾਰ ਸਿੰਘ ਨੇ ਹੈਪੀ ਸੀਡਰ ਤਕਨੀਕ ਨਾਲ ਕਣਕ ਦੀ ਸਿੱਧੀ ਬਿਜਾਈ ਸਾਲ 2017 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਉਪਰੰਤ ਉਹ ਲਗਾਤਾਰ ਇਸ ਮਸ਼ੀਨ ਨਾਲ ਕਣਕ ਦੀ ਬਿਜਾਈ ਕਰ ਰਹੇ ਹਨ। ਸਾਲ 2023-24 ਦੌਰਾਨ ਉਨ੍ਹਾਂ ਨੇ ਹੈਪੀ ਸੀਡਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੁਆਰਾ ਉਪਲਬੱਧ ਕਰਵਾਏ ਗਏ ਸਮਾਰਟ ਸੀਡਰ ਨਾਲ ਲੜੀਵਾਰ 13 ਅਤੇ 10 ਏਕੜ ਰਕਬੇ ’ਤੇ ਕਣਕ ਦੀ ਸਿੱਧੀ ਬਿਜਾਈ ਕੀਤੀ ਸੀ। ਕਿਸਾਨ ਬਲਜੀਤ ਸਿੰਘ ਇਸ ਸਾਲ ਸਮਾਰਟ ਸੀਡਰ ਮਸ਼ੀਨ ਨਾਲ ਕਣਕ ਦੀ ਸਿੱਧੀ ਬਿਜਾਈ ਪਹਿਲੀ ਵਾਰ 8 ਏਕੜ ਰਕਬੇ ’ਤੇ ਕਰ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly