ਨਵੀਂ ਦਿੱਲੀ (ਸਮਾਜ ਵੀਕਲੀ): ਵਿਸ਼ਵ ਬੈਂਕ ਦੇ ਵਿਸ਼ਵ ਸਿੱਖਿਆ ਨਿਰਦੇਸ਼ਕ ਜੈਮੀ ਸਾਵੇਦਰਾ ਅਨੁਸਾਰ ਮਹਾਮਾਰੀ ਦੇ ਮੱਦੇਨਜ਼ਰ ਸਕੂਲਾਂ ਨੂੰ ਬੰਦ ਰੱਖਣਾ ਹੁਣ ਜਾਇਜ਼ ਨਹੀਂ ਹੈ ਅਤੇ ਭਾਵੇਂ ਕਿ ਨਵੀਆਂ ਲਹਿਰਾਂ ਆਉਣ, ਸਕੂਲਾਂ ਨੂੰ ਬੰਦ ਕਰਨਾ ਅੰਤਿਮ ਉਪਾਅ ਹੀ ਹੋਣਾ ਚਾਹੀਦਾ ਹੈ।
ਸਾਵੇਦਰਾ ਦੀ ਟੀਮ ਸਿੱਖਿਆ ਖੇਤਰ ’ਤੇ ਕੋਵਿਡ-19 ਦੇ ਪ੍ਰਭਾਵ ਉੱਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਕੋਈ ਪ੍ਰਮਾਣ ਨਹੀਂ ਹੈ ਕਿ ਸਕੂਲਾਂ ਨੂੰ ਮੁੜ ਖੋਲ੍ਹਣ ਨਾਲ ਕਰੋਨਾਵਾਇਰਸ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ ਅਤੇ ਸਕੂਲ ‘‘ਸੁਰੱਖਿਅਤ ਥਾਂ’’ ਨਹੀਂ ਹਨ। ਸਾਵੇਦਰਾ ਨੇ ਕਿਹਾ ਕਿ ਲੋਕ ਨੀਤੀ ਦੇ ਨਜ਼ਰੀਏ ਨਾਲ ਬੱਚਿਆਂ ਦੇ ਟੀਕਾਕਰਨ ਤੱਕ ਇੰਤਜ਼ਾਰ ਕਰਨ ਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਇਸ ਦੇ ਪਿੱਛੇ ਕੋਈ ਵਿਗਿਆਨ ਨਹੀਂ ਹੈ।
ਵਾਸ਼ਿੰਗਟਨ ਤੋਂ ਪੀਟੀਆਈ ਨੂੰ ਦਿੱਤੇ ਇਕ ਇੰਟਰਵਿਊ ਵਿਚ ਸਾਵੇਦਰਾ ਨੇ ਕਿਹਾ, ‘‘ਸਕੂਲ ਖੋਲ੍ਹਣੇ ਅਤੇ ਕਰੋਨਾਵਾਇਰਸ ਦੇ ਪ੍ਰਸਾਰ ਵਿਚਾਲੇ ਕੋਈ ਸਬੰਧ ਨਹੀਂ ਹੈ। ਦੋਹਾਂ ਨੂੰ ਜੋੜਨ ਦਾ ਕੋਈ ਸਬੂਤ ਨਹੀਂ ਹੈ ਅਤੇ ਹੁਣ ਸਕੂਲਾਂ ਨੂੰ ਬੰਦ ਰੱਖਣ ਦਾ ਕੋਈ ਤੁੱਕ ਨਹੀਂ ਹੈ। ਭਾਵੇਂ ਕਿ ਕੋਵਿਡ-19 ਦੀਆਂ ਨਵੀਆਂ ਲਹਿਰਾਂ ਆਉਣ, ਸਕੂਲਾਂ ਨੂੰ ਬੰਦ ਕਰਨਾ ਅੰਤਿਮ ਉਪਾਅ ਹੀ ਹੋਣਾ ਚਾਹੀਦਾ ਹੈ।’’
ਉਨ੍ਹਾਂ ਕਿਹਾ, ‘‘ਰੈਸਟੋਰੈਂਟਾਂ, ਬਾਰ ਅਤੇ ਸ਼ਾਪਿੰਗ ਮਾਲਾਂ ਨੂੰ ਖੁੱਲ੍ਹਾ ਰੱਖਣ ਅਤੇ ਸਕੂਲਾਂ ਨੂੰ ਬੰਦ ਰੱਖਣ ਦਾ ਕੋਈ ਮਤਲਬ ਨਹੀਂ ਹੈ। ਕੋਈ ਬਹਾਨਾ ਨਹੀਂ ਹੋ ਸਕਦਾ।’’ ਵਿਸ਼ਵ ਬੈਂਕ ਦੇ ਵੱਖ-ਵੱਖ ਅਧਿਐਨਾਂ ਅਨੁਸਾਰ, ਜੇਕਰ ਸਕੂਲ ਖੋਲ੍ਹੇ ਜਾਂਦੇ ਹਨ ਤਾਂ ਬੱਚਿਆਂ ਲਈ ਸਿਹਤ ਦਾ ਖ਼ਤਰਾ ਘੱਟ ਹੁੰਦਾ ਹੈ ਅਤੇ ਬੰਦ ਹੋਣ ਦੀ ਲਾਗਤ ਬਹੁਤ ਜ਼ਿਆਦਾ ਹੁੰਦੀ ਹੈ। ਉਨ੍ਹਾਂ ਕਿਹਾ, ‘‘2020 ਦੌਰਾਨ ਅਸੀਂ ਨਾਸਮਝੀ ਵਿਚ ਕਦਮ ਉਠਾ ਰਹੇ ਸਨ। ਸਾਨੂੰ ਅਜੇ ਵੀ ਇਹ ਨਹੀਂ ਪਤਾ ਕਿ ਮਹਾਮਾਰੀ ਨਾਲ ਨਜਿੱਠਣ ਦਾ ਸਭ ਤੋਂ ਚੰਗਾ ਤਰੀਕਾ ਕੀ ਹੈ ਅਤੇ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿਚ ਤੁਰੰਤ ਸਕੂਲਾਂ ਨੂੰ ਬੰਦ ਕਰਨ ਵਰਗੇ ਕਦਮ ਉਠਾਏ ਗਏ। ਉਦੋਂ ਤੋਂ ਕਾਫੀ ਸਮਾਂ ਬੀਤ ਚੁੱਕਾ ਹੈ ਅਤੇ 2020 ਤੇ 2021 ਦੌਰਾਨ ਕਈ ਲਹਿਰਾਂ ਆ ਚੁੱਕੀਆਂ ਹਨ ਅਤੇ ਅਜਿਹੇ ਕਈ ਦੇਸ਼ ਹਨ, ਜਿਨ੍ਹਾਂ ਨੇ ਸਕੂਲ ਖੋਲ੍ਹੇ ਹਨ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly