ਕੂੜ ਫਿਰੇ ਪ੍ਰਧਾਨ ਵੇ ਲਾਲੋ..!

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

ਜਦ ਚਾਰੇ ਪਾਸੇ ਹੀ ਝੂਠ ਦਾ ਹਨੇਰਾ ਹੋ ਜਾਂਦਾ ਹੈ ਤਾਂ ਚਾਨਣ ਕਰਨ ਲਈ ਦੀਵਾ ਜਗਾਉਣਾ ਪੈਦਾ ਹੈ। ਦੀਵਾ ਤਾਂ ਜਗਦਾ ਹੈ ਜੇ ਤੇਲ, ਬੱਤੀ, ਦੀਵਾ ਤੇ ਅੱਗ ਹੋਵੇ। ਅੱਗ ਹਰ ਇੱਕ ਕੋਲ ਨਹੀਂ ਹੁੰਦੀ । ਜੇ ਹੋਵੇ ਤਾਂ ਦੀਵਾ ਨਹੀਂ ਹੁੰਦਾ ਤੇ ਤੇਲ ਨਹੀਂ ਹੁੰਦਾ । ਇਹ ਸਭ ਕੁੱਝ ਹੁੰਦੇ ਵੀ ਜੇ ਕੋਈ ਨਾ ਜਗੇ ਤੇ ਨਾ ਹੋਰ ਦੀਪ ਨਾ ਜਗਾਏ ਤਾਂ ਅੱਗ ਕੋਲ ਰੱਖਣ ਦਾ ਕੋਈ ਅਰਥ ਨਹੀਂ ਹੁੰਦਾ । ਬਹੁਗਿਣਤੀ ਲੋਕ ਤਾਂ ਅੱਗ ਨੂੰ ਭੁੱਬਲ ਹੇਠਾਂ ਹੀ ਦੱਬ ਕੇ ਰੱਖਦੇ ਹਨ। ਉਹ ਇਹ ਅੱਗ ਨਾਲ ਹੀ ਲੈ ਕੇ ਇਕ ਦਿਨ ਆਪਣੀ ਹੀ ਅੱਗ ਵਿੱਚ ਸੜ ਜਾਂਦੇ ਹਨ। ਸੜੀ ਤੇ ਜਲੀ ਕੋਈ ਅੱਗ ਕਿਸੇ ਕੰਮ ਨਹੀਂ ਆਉਂਦੀ ।

ਅੱਗ ਜਦ ਸਵਾਹ ਬਣ ਜਾਵੇ ਤਾਂ ਭਾਂਡੇ ਮਾਂਜਣ ਦੇ ਹੀ ਕੰਮ ਆਉਦੀ ਹੈ। ਬਹੁਤੇ ਗਿਆਨਹੀਣ ਇਹ ਸਵਾਹ ਕਈ ਵਾਰ ਸਿਰ ਵੀ ਪੁਆ ਲੈਦੇ ਹਨ। ਸਿਰ ਵਿਚ ਸਵਾਹ ਪੈ ਜਾਣ ਨਾਲ ਬੰਦਾ ਕਿਸੇ ਕੰਮ ਤੇ ਭਰੋਸੇ ਦਾ ਨਹੀਂ ਰਹਿੰਦਾ । ਉਝ ਰਹਿੰਦਾ ਧਰਤੀ ਦੇ ਉਪਰ ਕੁੱਝ ਵੀ ਨਹੀਂ । ਜੋ ਜਨਮਿਆ ਹੈ ਇਕ ਦਿਨ ਮਰ ਜਾਣਾ ਹੈ। ਜੰਮਣ ਮਰਨ ਸੱਚ ਹੈ। ਜ਼ਿੰਦਗੀ ਜਿਉਣਾ ਵੀ ਮਹਾਨ ਸੱਚ ਹੈ।

ਬੱਚਾ ਜਨਮ ਸਮੇਂ ਬੰਦ ਮੁੱਠੀਆਂ ਲੈ ਕੇ ਜਨਮਦਾ ਹੈ। ਫੇਰ ਜੀਵਨ ਦੇ ਚੱਕਰਵਿਊ ਵਿੱਚ ਪੈ ਕੇ ਗੁਨਾਹਾਂ ਦੀ ਪੰਡ ਵਧਾ ਲੈਦਾ ਹੈ। ਬਹੁਗਿਣਤੀ ਵਿਅਕਤੀ ਖਾਣ ਦੇ ਲਈ ਜਿਉਦੇ ਹਨ ਤੇ ਕੁੱਝ ਕੁ ਲੋਕ ਹੀ ਹੁੰਦੇ ਹਨ ਜੋ ਸਿਰਫ ਜਿਉਂਦੇ ਰਹਿਣ ਲਈ ਖਾਂਦੇ ਹਨ। ਇਹ ਗੱਲ ਜਦ ਕਿਸੇ ਨੂੰ ਸਮਝ ਆਉਦੀ ਹੈ, ਉਦੋਂ ਤੱਕ ਬਾਗ ਉਜੜ ਜਾਂਦਾ ਹੈ। ਫੇਰ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਬਣ ਜਾਂਦੇ ਹਨ। ਜਿਵੇਂ ਇੱਕ ਵਾਰ ਚੂਹੇ ਨੂੰ ਅਦਰਕ ਦੀ ਗੱਠੀ ਲੱਭ ਗਈ ਤੇ ਉਹ ਪੰਸਾਰੀ ਬਣ ਕੇ ਬਹਿ ਗਿਆ ਸੀ। ਹਰ ਕੋਈ ਪੰਸਾਰੀ ਨਹੀਂ ਹੁੰਦਾ ਤੇ ਜਿਸ ਬੰਦੇ ਦੀ ਸੋਚ ਵਪਾਰੀਆਂ ਵਰਗੀ ਹੋਵੇ, ਉਹ ਜਿਥੇ ਵੀ ਹੋਵੇਗਾ ਵਪਾਰ ਕਰੇਗਾ । ਵਪਾਰੀ ਦੀ ਸੋਚ ਹੀ ਲੁੱਟਮਾਰ ਕਰਨੀ ਹੁੰਦੀ ਹੈ।

ਜਿਹੜੇ ਗਿਆਨ ਦੇ ਦੀਵੇ ਜਗਾਉਦੇ ਹਨ ਉਹ ਬਹੁਤ ਘੱਟ ਹੁੰਦੇ ਹਨ, ਬਹੁਗਿਣਤੀ ਤਾਂ ਗਿਆਨ ਦੇ ਨਾਮ ਉਤੇ ਵਪਾਰ ਕਰਦੇ ਹਨ। ਹੁਣ ਗਿਆਨ ਦਾ ਵਪਾਰ ਚੋਖੇ ਮੁਨਾਫੇ ਵਾਲਾ ਹੋ ਗਿਆ ਹੈ। ਹੁਣ ਗਿਆਨ ਵੰਡਣ ਦੀ ਦੁਕਾਨਾਂ ਘਰ ਘਰ ਖੁੱਲ੍ਹ ਗਈਆਂ ਹਨ ਪਰ ਦਿਨੋ ਦਿਨ ਸਮਾਜ ਵਿੱਚ ਹਨੇਰ ਵੱਧ ਰਿਹਾ ਹੈ। ਜਦੋਂ ਗਿਆਨ ਦੀ ਕੁੰਜੀ ਬ੍ਰਾਹਮਣ ਦੇ ਹੱਥ ਸੀ ਤਾਂ ਉਸਨੇ ਪੁਜਾਰੀ ਪੈਦੇ ਕਰ ਲਏ। ਪੁਜਾਰੀਆਂ ਨੇ ਭੇਸ ਬਦਲ ਕੇ ਆਪੋ ਆਪਣੀਆਂ ਦੁਕਾਨਾਂ ਚਲਾ ਲਈਆਂ । ਅੱਜਕੱਲ੍ਹ ਗਿਆਨ ਵੰਡਣ ਵਾਲੀਆਂ ਦੁਕਾਨਾਂ ਵੱਧ ਫੁੱਲ ਰਹੀਆਂ ਹਨ।
ਗਿਆਨ ਨੇ ਮਨੁੱਖ ਨੂੰ ਆਪਣੇ ਅੰਦਰ ਸੁੱਤੀ ਅੱਗ ਨੂੰ ਜਗਾਉਣਾ ਸੀ। ਇਸ ਗਿਆਨ ਨੇ ਮਨੁੱਖ ਦੇ ਅੰਦਰ ਸੁੱਤਾ ਨਾਗ ਜਗਾ ਦਿੱਤਾ । ਹਾਲਤ ਇਹ ਬਣ ਗਈ.
“ਨਾਗ ਛੇੜ ਲਿਆ ਕਾਲਾ
ਮੰਤਰ ਯਾਦ ਨਹੀਂ !”

ਮੰਤਰ ਯਾਦ ਕਰਨ ਲਈ ਬਹੁਤ ਕੁੱਝ ਤਿਆਗ ਕਰਨਾ ਪੈਦਾ ਹੈ। ਹਰ ਮਨੁੱਖ ਤਿਆਗੀ ਤੇ ਲਿਹਾਜ਼ੀ ਨਹੀਂ ਹੁੰਦਾ । ਲਿਹਾਜ਼ੀ ਬੰਦਾ ਭੁੱਖ ਨਾਲ ਮਰਦਾ ਤੇ ਲੋਕ ਸੇਵਾ ਕਰਦਾ । ਜਿਹੜੇ ਤਿਆਗੀ ਹੋਣ ਉਹ ਵਪਾਰੀ ਤੇ ਪੁਜਾਰੀ ਨਹੀਂ ਹੁੰਦੇ । ਵਪਾਰੀ ਤੇ ਪੁਜਾਰੀ ਦੇ ਯਾਰ ਅਧਿਕਾਰੀ ਹੁੰਦੇ ਹਨ। ਅਧਿਕਾਰੀ ਆਪਣੇ ਅਧਿਕਾਰਾਂ ਦੀ ਇਹਨਾਂ ਦੇ ਨਾਲ ਰਲ ਕੇ ਦੁਰਵਰਤੋੰ ਕਰਦੇ ਹਨ। ਹਰ ਅਧਿਕਾਰੀ ਵਪਾਰੀ ਨਹੀਂ ਹੁੰਦਾ ਜਿਹੜੇ ਵਪਾਰੀ ਸੋਚ ਦੇ ਅਧਿਕਾਰੀ ਹੁੰਦੇ ਹਨ.ਉਸ ਸੱਚ ਮੁੱਚ ਦੇ ਸਰਕਾਰੀ ਹੁੰਦੇ ਹਨ। ਸਰਕਾਰ ਨੂੰ ਚਲਾਉਣ ਲਈ ਪੁਜਾਰੀਆਂ, ਵਪਾਰੀਆਂ ਤੇ ਅਧਿਕਾਰੀਆਂ ਦੀ ਲੋੜ ਹੁੰਦੀ ਹੈ। ਜਦ ਇਹ ਤਿੱਕੜੀ ਬਣਦੀ ਹੈ ਤਾਂ ਇਹ ਲੋਕਾਂ ਦੇ ਨਾਲ ਚੌਸਰ ਖੇਡਣ ਲੱਗਦੇ ਹਨ।

ਸ਼ੁਕਨੀ ਤੇ ਭਵੀਸ਼ਨ ਵਰਗੇ ਸਦਾ ਹੀ ਪਾਸਾ ਪਲਟ ਦੇ ਹਨ। ਜਦ ਘਰਦੇ ਭੇਤੀ ਦੁਸ਼ਮਣ ਨਾਲ ਰਲਦੇ ਹਨ ਤਾਂ ਲੰਕਾ ਢਹਿੰਦੀ ਹੈ। ਜੰਗ ਦੇ ਮੈਦਾਨ ਵਿੱਚ ਕੋਈ ਸਿੱਧੀ ਲੜ੍ਹਾਈ ਨਹੀਂ ਜਿੱਤ ਸਕਦਾ। ਜੰਗ ਹਮੇਸ਼ਾ ਛਲ, ਕਪਟ ਤੇ ਧੋਖੇ ਨਾਲ ਜਿੱਤੀ ਜਾਂਦੀ ਹੈ। ਜੰਗ ਹਥਿਆਰਾਂ ਦੇ ਨਾਲ ਨਹੀਂ ਵਿਚਾਰਾਂ ਨਾਲ ਲੜੀ ਜਾਂਦੀ ਹੈ। ਚੰਗੇ ਵਿਚਾਰ ਪੈਦਾ ਕਰਨ ਲਈ ਚੰਗੀ ਸੋਚ ਤੇ ਭਵਿੱਖਮੁਖੀ ਯੋਜਨਾ ਦਾ ਹੋਣਾ ਜਰੂਰੀ ਹੈ। ਫਸਲ ਇਕ ਦਿਨ ਵਿੱਚ ਰੋਟੀ ਨਹੀਂ ਬਣਦੀ। ਰੋਟੀ ਦਾ ਸਫਰ ਬਹੁਤ ਲੰਮਾ ਹੈ। ਬੀਜ, ਧਰਤੀ.ਪਾਣੀ ਧੁੱਪ ਤੇ ਮਿਹਨਤ ਨਾਲ ਕੀਤੀ ਤਪੱਸਿਆ ਹੀ ਅਨਾਜ ਰੋਟੀ ਤੱਕ ਪੁਜਦਾ ਹੈ। ਰੋਟੀ ਦਰਖ਼ਤਾਂ ਨੂੰ ਲੱਗਦੀ । ਰੋਟੀ ਧਰਤੀ ਜੰਮਦੀ ਹੈ ਕਿਰਤੀ ਉਸਦਾ ਪਰਵਿਸ਼ ਕਰਦਾ ਹੈ। ਧਰਤੀ ਦਾ ਦੇਣ ਕੋਈ ਨਹੀਂ ਦੇ ਸਕਦਾ ।

ਮਿੱਟੀ ਦਾ ਕੋਈ ਮੁੱਲ ਨਹੀਂ ਹੁੰਦਾ । ਸਦਾ ਗਰਜ਼ਾਂ ਵਿਕਦੀਆਂ ਹਨ। ਧਰਤੀ ਨੂੰ ਕੋਈ ਖਰੀਦ ਨਹੀਂ ਸਕਦਾ। ਧਰਤੀ ਨਾ ਘਟਦੀ ਨਾ ਵੱਧਦੀ ਹੈ। ਜੇ ਕੁੱਝ ਵੱਧ ਦਾ ਤਾਂ ਮਨੁੱਖ ਦੀ ਲਾਲਸਾ ਵੱਧਦੀ ਹੈ । ਲਾਲਸਾ ਦਾ ਪੇਟ ਨਹੀ ਹੁੰਦੇ । ਜਿਵੇਂ ਬੰਦੂਕਾਂ ਦੇ ਢਿੱਡ ਨਹੀਂ ਹੁੰਦੇ । ਚੁਪ ਸ਼ਾਂਤੀ ਦੀ ਨਹੀਂ ਤੂਫਾਨ ਦੀ ਹੁੰਦੀ ਹੈ। ਸ਼ੋਰ ਤੇ ਜ਼ੋਰ ਹੰਕਾਰ ਦਾ ਹੁੰਦਾ ਹੈ। ਚੁਪ ਆਵਾਜ਼ਹੀਣ ਨਹੀਂ ਹੁੰਦੀ । ਸੋਚ ਕਦੇ ਮਰਦੀ ਨਹੀਂ । ਰਾਤ ਕੋਈ ਲੰਮੀ ਨਹੀਂ ਹੁੰਦੀ । ਹਨੇਰਾ ਸਦੀਵੀ ਨਹੀਂ ਹੁੰਦਾ । ਜਦ ਧਰਤੀ ਪਾਸਾ ਪਲਟਦੀ ਹੈ ਤਾਂ ਚਾਨਣ ਹੁੰਦਾ ਹੈ। ਸੁੱਤਾ ਨਾਗ ਤੇ ਸੋਚ ਜਗਾਉਣ ਲਈ ਸਪੇਰਾ ਬੀਨ ਵਜਾਉਂਦਾ ਹੈ। ਸੱਪ ਬੀਨ ਦੀ ਆਵਾਜ਼ ਦੇ ਨਾਲ ਸਗੋਂ ਤਨ ਦੀਆਂ ਤਰੰਗਾਂ ਨਾਲ ਮੇਲਦਾ ਹੈ। ਜਿਵੇਂ ਸੱਪ ਦੇ ਕੰਨ ਨਹੀਂ ਹੁੰਦੇ ਉਸੇ ਤਰ੍ਹਾਂ ਸਮਾਜ ਬਹਿਰਾ ਨਹੀਂ ਹੁੰਦਾ ।

ਪਰ ਬਹਿਰਾ ਹੋਣ ਦਾ ਛੜਯੰਤਰ ਰਚਦਾ ਹੈ। ਘੜਾ ਭਰ ਕੇ ਡੁੱਬ ਦਾ ਹੈ। ਤਗੜੇ ਦਾ ਸਦਾ ਹੀ ਸੱਤੀਂ ਵੀਹਾਂ ਸੌ ਨਹੀਂ ਹੁੰਦਾ । ਜਦ ਕਿਰਤੀ ਨੂੰ ਮੁੜਕੇ ਮਹਿਕ ਦੀ ਤਾਕਤ ਦਾ ਪਤਾ ਲੱਗਦਾ ਹੈ ਤਾਂ ਕੋਈ ਬੰਦਾ ਬਹਾਦਰ ਬਣ ਕੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦੇਦਾ ਹੈ। ਕੋਈ ਮਨੁੱਖ ਅਚਾਨਕ ਬੰਦਾ ਸਿੰਘ ਬਹਾਦਰ ਨਹੀਂ ਬਣਦਾ। ਮਨੁੱਖ ਨੂੰ ਬੰਦਾ ਬਣਾਉਣ ਦੇ ਲਈ ਬਹੁਤ ਕੁੱਝ ਵਾਪਰਨਾ ਪੈਦਾ ਹੈ। ਕਿਸੇ ਲਈ ਕੁੱਝ ਉਹ ਹੀ ਵਾਰ ਸਕਦਾ ਹੈ ਜਿਸ ਦੇ ਕੋਲ ਤਿਆਗ ਹੋਵੇ। ਤਿਆਗੀ ਹੀ ਤੇਗ ਬਹਾਦਰ ਬਣਦਾ ਹੈ। ਸੀਸ ਤਲੀ ਉਤੇ ਉਹ ਹੀ ਰੱਖ ਕੇ ਤੁਰ ਸਕਦਾ ਜਿਸਦੇ ਕੋਲ ਆਪਣਾ ਸੀਸ ਹੋਵੇ। ਬਹੁਗਿਣਤੀ ਤਾਂ ਬਿਨ੍ਹਾਂ ਸੀਸ ਦੇ ਧੜ ਚੁੱਕੀ ਫਿਰਦੀ ਹੈ। ਫਿਰਨ ਤੇ ਚਰਨ ਵਾਲਾ ਮਨੁੱਖ ਬੰਦਾ ਨਹੀਂ ਬਣ ਸਕਦਾ।

ਜਦ ਮਨੁੱਖ ਨੂੰ ਆਪਣੇ ਹੀ ਅੰਦਰ ਸੁੱਤੀ ਅੱਗ ਦਾ ਪਤਾ ਲੱਗਦਾ ਹੈ ਤੇ ਉਹ ਭਾਂਬੜ ਆਪ ਨਹੀਂ ਬਲਦਾ ਸਗੋਂ ਗਿਆਨ ਦੇ ਦੀਵੇ ਜਗਾਉਦਾ ਹੈ। ਗਿਆਨ ਡਿਗਰੀਆਂ ਨਾਲ ਨਹੀਂ ਤਜਰਬਿਆਂ ਨਾਲ ਆਉਦਾ ਹੈ। ਗਿਆਨ ਜਿਲਦਾਂ ਤੇ ਬਗੈਰ ਜਿਲਦਾਂ ਵਾਲੀਆਂ ਕਿਤਾਬਾਂ ਪੜ੍ਹਨ ਨਾਲ ਆਉਦਾ ਹੈ। ਜਦ ਕੂੜ ਪ੍ਰਧਾਨ ਹੋ ਜਾਵੇ ਤਾ ਫਿਰ ਕੋਈ ਚੀਕ ਬੁਲਬਲੀ ਮਾਰਦਾ ਹੈ। ਜੰਗਲਾਂ ਦੇ ਵਿੱਚ ਸ਼ਿਕਾਰ ਹਥਿਆਰਾਂ ਨਾਲ ਨਹੀਂ ਸੋਚ ਤੇ ਸਮਝਦਾਰੀ ਨਾਲ ਹੁੰਦਾ ਹੈ। ਅੱਖ ਵਿੱਚ ਅੱਖ ਪਾ ਕੇ ਗੱਲ ਉਹ ਕਰਦਾ ਹੈ ਜਿਸਦੇ ਮਨ ਵਿੱਚ ਖੋਟ ਨਾ ਹੋਵੇ। ਨੀਵੀਂ ਪਾ ਕੇ ਗੱਲ ਕਰਨ ਵਾਲਾ ਭਰੋਸੇਯੋਗ ਨਹੀਂ ਹੁੰਦਾ । ਹੱਸ ਹੱਸ ਗੱਲ ਕਰਨ ਵਾਲਾ ਕੱਚਾ ਘੜਾ ਹੁੰਦਾ ਹੈ। ਝਨਾਂ ਪੱਕੇ ਹੀ ਤਰਦੇ ਹਨ । ਜਦ ਕੂੜ ਦਾ ਢੇਰ ਵੱਧਦਾ ਹੈ ਤਾਂ ਸਫਾਈ ਕਰਨ ਵਾਲੇ ਭੰਗੀ ਹੀ ਸਦਾ ਮੂਹਰੇ ਆਉਦੇ ਹਨ।

ਮੈਨੂੰ ਆਪਣੀ ਇਕ ਕਵਿਤਾ ਦੇ ਬੋਲ ਚੇਤੇ ਆਉਦੇ ਹਨ:

ਸ਼ੂਦਰ

ਹਾਂ ਮੈਂ ਸ਼ੂਦਰ ਹਾਂ
ਹੱਥ ਵਿੱਚ ਝਾੜੂ
ਮੱਥੇ ਵਿੱਚ ਸੋਚ
ਮੈਂ ਆਪਣੇ ਹਿੱਸੇ ਦੀ
ਸਫਾਈ ਕਰਦਾ ਹਾਂ
ਤੁਸੀਂ ਕੀ ਕਰਦੇ ਹੋ ?
###

ਕੂੜ ਤੇ ਝੂਠ ਦੇ ਕੰਧ ਕਦੇ ਛੱਤ ਤੱਕ ਨਹੀਂ ਪੁਜਦੀ। ਅੱਤ ਦਾ ਅੰਤ ਹੁੰਦਾ ਹੈ। ਕੂੜ ਸਦਾ ਪ੍ਰਧਾਨ ਨਹੀਂ ਰਹਿੰਦਾ । ਜਦ ਕਦੇ ਮਨੁੱਖ ਦੇ ਅੰਦਰ ਸੁੱਤੀ ਅੱਗ ਜਾਗੀ ਤੇ ਮਨੁੱਖ ਨੇ ਇਤਿਹਾਸ ਬਦਲਿਆ ਹੈ। ਹੁਣ ਬਹੁਗਿਣਤੀ ਆਪਣੇ ਅੰਦਰ ਅੱਗ ਲਕੋਈ ਬੈਠੇ ਹਨ। ਜਦ ਕਦੇ ਥੋੜ੍ਹੀ ਜਿਹੀ ਹਵਾ ਚੱਲੀ ਇਸ ਨੇ ਭਾਂਬੜ ਬਣ ਜਾਣਾ ਹੈ! ਹੁਣ ਇਸ ਸੁੱਤੀ ਅੱਗ ਨੂੰ ਬਹੁਤੀ ਦੇਰ ਸਵਾਹ ਹੇਠਾਂ …ਡਰ ਦਾ ਡਰਾਵਾ ਦੇ ਕੇ ਛੁਪਾਇਆ ਨਹੀਂ ਜਾ ਸਜਦਾ। ਹੁਣ ਹਵਾ ਦਾ ਰੁਖ ਬਦਲਣ ਵਾਲਾ ਹੀ ਹੈ।

ਬੁੱਧ ਸਿੰਘ ਨੀਲੋੰ
94643 70823

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleLebanon, Israel urged to respect Blue Line
Next articleNo Covid cases found in N.Korea despite tests: WHO