ਕੋਹ ਨਾ ਚੱਲੀ ਬਾਬਾ ਮੈਂ ਤਿਹਾਈ !

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਤੁਰਦੀ ਜ਼ਿੰਦਗੀ ਤੇ ਵਗਦੇ ਪਾਣੀ ਧੜਕਦੀ ਜ਼ਿੰਦਗੀ ਦੇ ਚਿੰਨ੍ਹ ਹੁੰਦੇ ਹਨ। ਜਦੋਂ ਪਾਣੀ ਰੁਕ ਜਾਂਦਾ ਹੈ ਤਾਂ ਉਹ ਝੀਲ ਦਾ ਰੂਪ ਧਾਰ ਲੈਂਦਾ ਹੈ। ਰੁਕਿਆ ਹੋਇਆ ਪਾਣੀ ਗੰਦਲਾ ਹੋ ਜਾਂਦਾ ਹੈ। ਇਸ ਗੰਦਲੇ ਪਾਣੀ ਵਿਚੋਂ ਫਿਰ ਬੋਅ ਆਉਂਣ ਲੱਗ ਪੈਂਦੀ ਹੈ।

ਇਹੋ ਹਾਲ ਜ਼ਿੰਦਗੀ ਦਾ ਹੁੰਦਾ ਹੈ। ਸਾਹ ਲੈਂਦੀ, ਤੁਰਦੀ ਫਿਰਦੀ- ਜ਼ਿੰਦਗੀ ਹੀ ਚੰਗੀ ਲੱਗਦੀ ਹੈ। ਜਦੋਂ ਵੀ ਕਿਸੇ ਮੋੜ ਉੱਤੇ ਜ਼ਿੰਦਗੀ ਆ ਕੇ ਰੁਕ ਜਾਂਦੀ ਹੈ ਤਾਂ ਉਹ ਤੁਰਦੀ-ਫਿਰਦੀ ਇੱਕ ਲਾਸ਼ ਬਣ ਜਾਂਦੀ ਹੈ। ਇਹ ਲਾਸ਼ ਅਸੀਂ ਮੋਢਿਆਂ ‘ਤੇ ਚੁੱਕੀ ਫਿਰਦੇ ਰਹਿੰਦੇ ਹਾਂ। ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਆਪਣੀ ਲਾਸ਼ ਦੀ ਸਵਾਰੀ ਬਣੇ ਹੋਏ ਹਾਂ। ਪਰ ਫੇਰ ਵੀ ਅਸੀਂ ਜਿਉਂਦੇ ਹੋਣ ਦਾ ਭਰਮ ਪਾਲੀ ਰੱਖਦੇ ਹਾਂ।

ਤੁਰਦੇ ਬੰਦੇ ਹੀ ਮੰਜ਼ਿਲ ਉੱੇਤੇ ਪੁੱਜਦੇ ਹਨ। ਜਿਹੜੇ ਕਿਸੇ ਚੁਰਾਹੇ ਉੱਤੇ ਰੁਕ ਜਾਂਦੇ ਹਨ, ਸੜਕਾਂ ਦੇ ਮੀਲ ਪੱਥਰ ਬਣ ਜਾਂਦੇ ਹਨ, ਜਿਹੜੇ ਮੰਜ਼ਿਲ ਦਾ ਸੂਚਕ ਤਾਂ ਹੁੰਦੇ ਪਰ ਮੰਜਿਲ ਨਹੀਂ। ਰੁਕੀ ਜ਼ਿੰਦਗੀ ਤੇ ਟੁੱਟੇ ਪੱਤੇ ਦੀ ਚੱਕਰ ‘ਚ ਫਸ ਜਾਂਦੀ ਹੈ।

ਉਨ੍ਹਾਂਂ ਦੀ ਹਾਲਤ ਉਸ ਪੱਤੇ ਵਰਗੀ ਹੁੰਦੀ ਹੈ। ਜਿਹੜਾ ਰੁੱਖ ਨਾਲੋਂ ਟੁੱਟ ਗਿਆ ਹੁੰਦਾ। ਉਹ ਹਵਾ ਸਹਾਰੇ ਇੱਧਰ-ਉੱਧਰ ਉੱਡਦਾ ਰਹਿੰਦਾ ਹੈ। ਆਖਰ ਕਿਸੇ ਕੋਨੇ ਵਿੱਚ ਰੁਕ ਜਾਂਦਾ ਹੈ। ਕੋਨੇ ਵਿਚ ਰੁਕਿਆ ਪੱਤਾ ਹਨੇਰੇ ਵਿੱਚ ਹੀ ਗਵਾਚ ਜਾਂਦਾ ਹੈ।

ਜਦੋਂ ਚੀਜ਼ ਤੁਹਾਡੇ ਕੋਲੋਂ ਗਵਾਚ ਜਾਂਦਾ ਹੈ ਤਾਂ ਉਸ ਚੀਜ਼ ਦੇ ਮੁੱਲ ਦਾ ਸਾਨੂੰ ਪਤਾ ਲੱਗਦਾ ਹੈ। ਅਸੀਂ ਉਦੋਂ ਤੱਕ ਬੇਫਿਕਰ ਹੋਏ ਰਹਿੰਦੇ ਹਾਂ ਜਦੋਂ ਤੱਕ ਚੀਜ਼ ਸਾਡੇ ਕੋਲ ਹੁੰਦੀ ਹੈ। ਜਦੋਂ ਚੀਜ਼ ਹੱਥੋਂ ਕਿਰ ਜਾਂਦੀ ਹੈ ਜਾਂ ਵਿਛੜ ਜਾਂਦੀ ਹੈ। ਤਾਂ ਫੇਰ ਚੀਜ਼ ਦੇ ਮੁੱਲ ਦਾ ਪਤਾ ਲੱਗਦਾ ਹੈ। ਫਿਰ ਅਸੀਂ ਅਤੀਤ ਦੇ ਵਰਕਿਆਂ ਨੂੰ ਫਰੋਲਣ ਲੱਗਦੇ ਹਾਂ।

ਬਿਨ੍ਹਾਂ ਹੰਝੂਆਂ ਦੇ ਕੁੱਝ ਹੱਥ ਨੀ ਲੱਗਦਾ ..ਕਿਸੇ ਆਖਿਆ ਹੈ :-

”ਮਿੱਟੀ ਨਾ ਫਰੋਲ ਜੰਗੀਆ, ਨਹੀਂ ਲੱਭਣੇ ਲਾਲ ਗਵਾਚੇ।”

ਫੇਰ ਅਸੀਂ ਮਿੱਟੀ ਫਰੋਲਣ ਲੱਗਦੇ ਹਾਂ। ਪਰ ਸਾਨੂੰ ਹੰਝੂਆਂ ਤੋਂ ਬਿਨਾਂ ਕੁੱਝ ਵੀ ਨਹੀਂ ਲੱਭਦਾ। ਉਂਝ ਅਸੀਂ ਲਾਲ ਲੱਭਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਾਂ। ਪਾਣੀ ਇਕੋ ਵਾਰੀ ਪੁੱਲਾਂ ਦੇ ਹੇਠ ਦੀ ਲੰਘਦਾ ਹੇ। ਲੰਘਿਆ ਪਾਣੀ ਤੇ ਲੰਘ ਗਈ ਜ਼ਿੰਦਗੀ ਵਾਪਸ ਨਹੀਂ ਪਰਤਦੀ।

ਅਸੀਂ ਉਸ ਜ਼ਿੰਦਗੀ ਨੂੰ ਵਾਪਸ ਲਿਆਉਣ ਦੇ ਸੁਪਨੇ ਸਿਰਜਦੇ ਹਾਂ। ਅਸੀਂ ਸੁਪਨਿਆਂ ਨੂੰ ਸਾਕਾਰ ਕਰਨ ਦੀ ਤਾਂਘ ਵਿੱਚ ਸਦਾ ਰਹਿੰਦੇ ਹਾਂ, ਪਰ ਸਾਨੂੰ ਹੈ ਕਿ ਸੁਪਨੇ ਕਦੇ ਸਾਕਾਰ ਨਹੀਂ ਹੁੰਦੇ ਪਰ ਸੁਪਨਿਆਂ ਵਿੱਚ ਰਹਿੰਦੀਆਂ ਅਸੀਂ ਵੱਖਰੀ ਦੁਨੀਆਂ ਦੇ ਵਾਸੀ ਬਣ ਜਾਂਦੇ ਹਾਂ। ਅਸੀਂ ਰਹਿੰਦੇ ਤਾਂ ਧਰਤੀ ਉੱਤੇ ਹੀ ਹਾਂ ਪਰ ਸੁਪਨਿਆਂ ਵਿਚ ਅਸੀਂ ਬੜੀ ਦੂਰ ਚਲੇ ਜਾਂਦੇ ਹਾਂ।

ਧਰਤੀ ਨਾਲੋਂ ਜਿਉਂ-ਜਿਉਂ ਅਸੀਂ ਉੱਤੇ ਉੱਠ ਰਹੇ ਹਾਂ, ਤਾਂ ਸਾਡੇ ਮਨਾਂ ਅੰਦਰ ਓਨੀ ਹੀ ਬੇਚੈਨੀ, ਗੁੱਸਾ, ਨਫਰਤ ਤੇ ਹੰਕਾਰ ਵਧੀ ਜਾ ਰਿਹਾ ਹੈ। ਅਸੀਂ ਆਪੋ-ਆਪਣੀ ਮੈਂ ਵਿੱਚ ਫਸਦੇ ਜਾ ਰਹੇ ਹਾਂ।

ਜਦੋਂ ਅਸੀਂ ਆਪਣੀ ‘ਮੈਂ’ ਵਿੱਚੋਂ ਬਾਹਰ ਆਉਂਦੇ ਹਾਂ, ਉਦੋਂ ਤੱਕ ਸਮਾਂ ਬਹੁਤ ਅੱਗੇ ਲੰਘ ਜਾਂਦਾ ਹੈ। ਅਸੀਂ ਬਹੁਤ ਪਿੱਛੇ ਰਹਿ ਜਾਂਦੇ ਹਾਂ। ਪਿੱਛੇ ਰਹਿ ਗਿਆਂ ਨੂੰ ਆਪਣੇ ਨਾਲ ਰਲਾਉਣ ਲਈ ਕੋਈ ਰੁਕਦਾ ਨਹੀਂ। ਕੋਈ ਪਿੱਛੇ ਪਰਤ ਕੇ ਨਹੀਂ ਵੇਖਦਾ।

ਅਸੀਂ ਉਸ ਹਾਲਤ ਵਿੱਚ ਪੁੱਜ ਜਾਂਦੇ ਹਾਂ ਕਿ ਸਾਡੇ ਕੋਲ ਲੱਤਾਂ ਹੋਣ ਦੇ ਬਾਵਜੂਦ ਅਸੀਂ ਨਹੀਂ ਤੁਰ ਸਕਦੇ। ਸਾਡੇ ਕੋਲ ਜੀਭ ਹੋਣ ‘ਤੇ ਵੀ ਅਸੀਂ ਬੋਲ ਨਹੀਂ ਸਕਦੇ। ਅਸੀਂ ਬੋਲਣ ਦਾ ਯਤਨ ਤਾਂ ਕਰਦੇ ਹਾਂ ਪਰ ਸਾਡੀ ਕੋਈ ਆਵਾਜ਼ ਨਹੀਂ ਸੁਣਦਾ।

“ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਵੇ, ਕਿਸੇ ਨੇ ਮੇਰੀ ਗੱਲ ਨਾ ਸੁਣੀ।”

ਸਾਡੀ ਗੱਲ ਸੁਨਣ ਦਾ ਕਿਸੇ ਕੋਲ ਸਮਾਂ ਨਹੀਂ, ਵਿਹਲ ਨਹੀਂ । ਜ਼ਿੰਦਗੀ ਨੇ ਸਾਨੂੰ ਊਰੀ ਬਣਾ ਦਿੱਤਾ ਹੈ , ਜੋ ਸਿਰਫ ਘੁੰਮ ਦੀ ਹੈ…ਜਦ ਤੱਕ ਤਾਕਤ ਹੈ।

ਅਸੀਂ ਤਾਂ ਦੌੜੀ ਜਾ ਰਹੇ ਹਾਂ-ਪਦਾਰਥਾਂ ਪਿੱਛੇ। ਅਸੀਂ ਵਸਤੂਆਂ ਨਾਲ ਆਪਣੇ ਘਰ ਭਰ ਲਏ ਹਨ। ਘਰਾਂ ਅੰਦਰ ਵਸਤੂਆਂ ਦੀ ਗਿਣਤੀ ਵੱਧ ਗਈ ਹੈ। ਘਰਾਂ ਵਿੱਚੋਂ ਜ਼ਿੰਦਗੀ ਦੂਰ ਚਲੇ ਗਈ ਹੈ। ਘਰ ਅਸੀਂ ਸਟੋਰ ਬਣਾ ਦਿੱਤੇ ਹਨ। ਇਨ੍ਹਾਂ ਸਟੋਰਾਂ ਵਿਚ ਜ਼ਿੰਦਗੀ ਨਹੀਂ ਧੜਕਦੀ। ਵਸਤੂਆਂ ਦੇ ਬਿੱਲ ਆਉਂਦੇ ਹਨ। ਅਸੀਂ ਬਿੱਲ ਉਤਾਰਦੇ ਖੁਦ ਵਸਤੂ ਬਣ ਗਏ ਹਾਂ।

ਸਾਡੇ ਅੰਦਰ ਸੁਹਜ ਸੰਵੇਦਨਾ ਮਰ ਗਈ ਹੈ। ਅਸੀਂ ਪੱਥਰ ਬਣ ਗਏ ਹਾਂ। ਤੁਰਦੀਆਂ-ਫਿਰਦੀਆਂ ਮੂਰਤੀਆਂ ਵਾਲੇ ਜਿਸਮ ਲਈ ਅਸੀਂ ਇੱਕ ਦੂਜੇ ਨੂੰ ਲਤਾੜਦੇ ਦੌੜ ਰਹੇ ਹਾਂ। ਇਹ ਅੰਨ੍ਹੀ ਦੌੜ ਕਦੋਂ ਤੇ ਕਿੱਥੇ ਖਤਮ ਹੋਵੇਗੀ? ਇਸ ਦੌੜ ਦਾ ਅੰਤ ਕੀ ਹੋਵੇਗਾ? ਇਸ ਦੌੜ ਨੇ ਸਾਡੇ ਕੋਲੋਂ ਬੜਾ ਕੁੱਝ ਖੋਹ ਲਿਆ ਹੈ।

ਸਾਡਾ ਅੰਦਰ ਮੁਰਦਾ ਸ਼ਾਂਤੀ ਨਾਲ ਭਰ ਗਿਆ ਸਾਡੇ ਹੱਥਾਂ ਵਿੱਚੋਂ ਕਿਰਤ ਖੁਸ ਗਈ ਹੈ। ਸਾਡੇ ਹੱਥਾਂ ਦੇ ਵਿਚ ਠੂਠੇ ਫੜਾ ਦਿੱਤੇ ਹਨ। ਅਸੀਂ ਨੀਲੇ,ਪੀਲੇ ਤੇ ਲਾਲ ਕਾਰਡ ਬਨਾਉਣ ਦੇ ਲਈ ਪੱਬਾਂ ਭਾਰ ਹੋਏ ਪਏ ਹਾਂ।

ਅਸੀਂ ਕਦੇ ਇਹਨਾਂ ਸਿਆਸੀ ਆਗੂਆਂ ਨੂੰ ਇਹ ਨਹੀਂ ਪੁੱਛਦੇ ਕਿ ਤੁਹਾਡੀ ਆਮਦਨ ਕਿਉਂ ਹਰ ਸਾਲ ਵੱਧਦੀ ਹੈ ਤੇ ਲੋਕ ਕਿਉਂ ਖੁਦਕੁਸ਼ੀਆਂ ਤੱਕ ਪੁਜ ਗਏ? ਕਿਉਂਕਿ ਇਹ ਸਿਆਸੀ ਆਗੂ ਸਾਨੂੰ ‘ ਮੁਫਤ’ ਦੀਆਂ ਸਹੂਲਤਾਂ ਦਿੰਦੇ ਹਨ।

ਅਸੀਂ ਆਪੋ ਆਪਣੇ ਖੋਲ ਅੰਦਰ ਗਵਾਚ ਗਏ ਹਾਂ। ਅਸੀਂ ਤੜਫ ਰਹੇ ਹਾਂ। ਅਸੀਂ ਚੀਕ ਰਹੇ ਹਾਂ। ਅਸੀਂ ਕਰ ਰਹੇ ਹਾਂ, ਜਾਂ ਫਿਰ ਸਾਨੂੰ ਮਾਰਿਆ ਜਾ ਰਿਹਾ ਹੈ। ਵਿਕਾਸ ਦੇ ਨਾਂਅ ਹੇਠ ਸਾਡੇ ਕੋਲੋਂ ਰੋਟੀ ਖੋਹੀ ਜਾ ਰਹੀ ਹੈ।। ਰੋਟੀ ਬਦਲੇ ਸਾਨੂੰ ਮਿਲਦੀ ਸਾਨੂੰ ਪੁਲਿਸ ਦੀ ਕੁੱਟ ਜਾਂ ਫਿਰ ਗੋਲੀ ਮਿਲਦੀ ਹੈ।

ਬੰਦੂਕਾਂ ਦੇ ਢਿੱਡ ਨਹੀਂ ਹੁੰਦੇ। ਜਿਨ੍ਹਾਂ ਦਾ ਇਹ ਦੇਸ਼ ਹੈ, ਉਨ੍ਹਾਂ ਲਈ ਇਸ ਦੇਸ਼ ਵਿੱਚ ਕੋਈ ਥਾਂ ਨਹੀਂ। ਉਨ੍ਹਾਂ ਨੂੰ ਨਿੱਤ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਇਹ ਕੁੱਟ ਕਦੇ ਪੰਜਾਬ ਦੀ ਧਰਤੀ ‘ਤੇ ਪੈਂਦੀ ਹੈ, ਕਦੇ ਜੰਮੂ ਕਸ਼ਮੀਰ, ਛੱਤੀਸ਼ਗੜ੍ਹ, ਝਾਰਖੰਡ, ਕਦੇ ਦਿੱਲੀ, ਗੁਜਰਾਤ, ਯੂਪੀ, ਅਸਾਮ ਵਿੱਚ ਤੇ ਅੱਜ ਤਾਂ ਦੇਸ਼ ਦਾ ਹਰ ਥਾਂ ਕਤਲਗਾਹ ਬਣਾ ਦਿੱਤਾ ਗਿਆ ਹੈ। ਕਿਤੇ।ਵੀ ਕਦੇ ਵੀ ਹੋ ਸਕਦਾ ਐ, ਕੁੱਝ ਵੀ।

ਅਜੇ ਤਾਂ ਦੇਸ਼ ਨੂੰ ਆਜ਼ਾਦ ਹੋਇਆਂ ਹੀ ਚਹੌਤਰ ਵਰ੍ਹੇ ਬੀਤੇ ਹਨ। ਇਨ੍ਹਾਂ ਵਰ੍ਹਿਆਂ ਵਿਚ ਅਸੀਂ ਦੇਸ਼ ਨੂੰ ਕਿਸ ਮੋੜ ‘ਤੇ ਲਿਆ ਕਿ ਖੜਾ ਕਰ ਦਿੱਤਾ ਹੈ।

ਅਸੀਂ ਮਹਾਂ ਗੁਰੂ, ਮਹਾਂ ਸ਼ਕਤੀ ਬਣਦ ਬਣਦੇ, ਜ਼ੀਰੋ ਬਣ ਗਏ ਹਨ। ਜ਼ੀਰੋ ਦਾ ਕੋਈ ਮੁੱਲ ਨਹੀਂ ਹੁੰਦਾ, ਸਾਡਾ ਕੀ ਹੋਣਾ, ਬਸ ਏਹੀ ਹੈ ਰੋਣਾ ਧੋਣਾ।ਸਦੀਆਂ ਲੰਘ ਗਈਆਂ। ਵਹਿ ਗਏ ਪਾਣੀ। ਰੁਕ ਗਈ ਜ਼ਿੰਦਗੀ, ਊਠ ਮਗਰ ਤੁਰੇ ਕੁੱਤੇ ਵਾਂਗ, ਦੌੜ ਰਹੇ ਹਾਂ।

ਖੜਾ ਪਾਣੀ ਤੇ ਮਨੁੱਖ ਮੁਸ਼ਕ ਜਾਂਦਾ ਹੈ। ਅਸੀਂ ਮੁੱਸ਼ਕ ਰਹੇ ਹਾਂ। ਰੁੱਖਾਂ ਵਾਂਗ ਸੁੱਕ ਰਹੇ ਹਾਂ। ਸਾਨੂੰ ਪਾਣੀ ਦੇਣ ਵਾਲੇ ਹੱਥ ਵੱਢ ਦਿੱਤੇ ਹਨ।
ਸਾਡੇ ਕੋਲੋਂ ਪੌਣ-ਪਾਣੀ ਤੇ ਧਰਤੀ ਖੋਹੀ ਜਾ ਰਹੀ ਹੈ। ਕਿਸੇ ਕੋਲੋਂ ਰੁਜਗਾਰ ਖੋਹ ਲੈਣ। ਅਸਲ ਵਿੱਚ ਉਸਦੀ ਜਿੰਦਗੀ ਖੋਹ ਲੈਣਾ ਹੁੰਦਾ ਹੈ। ਸਾਡੇ ਕੋਲੋਂ ਜ਼ਿੰਦਗੀ ਖੋਹੀ ਜਾ ਰਹੇ ਹਾਂ। ਅਸੀਂ ਪਿਆਸੇ ਤੜਫ ਰਹੇ ਹਾਂ।

ਕਦ ਤੱਕ ਅਸੀਂ ਸੁੱਤੇ ਰਹਾਂਗੇ, ਹੁਣ ਤਾਂ ਜਾਗ ਪਵੋ, ਮਨੁੱਖਤਾ ਦੇ ਕਾਤਲਾਂ ਦੇ ਗਲ ਪਵੋ। ਹੁਣ ਬਿਨ ਜਾਗਰੂਕ ਤੇ ਇੱਕਠੇ ਹੋਇਆਂ ਸਰਨਾ ਨਹੀਂ ਜਾਂ ਤੁਸੀਂ ਕਦੇ ਮਰਨਾ ਨਹੀਂ? ਕੁੱਝ ਕਰ ਮਰੋ, ਐਵੇਂ ਨਾ ਡਰੋ। ਡਰ ਗਿਆ ਸੋ ਮਰ ਗਿਆ ।

ਖੜਾ ਪਾਣੀ, ਵਹਿ ਰਿਹਾ ਪਾਣੀ, ਰੁਕੀ ਤੇ ਤੁਰਦੀ ਜ਼ਿੰਦਗੀ ਨੇ ਕੀ ਖੱਟਿਆ ਐ ? ਮਿਰਗ ਤ੍ਰਿਸ਼ਨਾ ਵਿੱਚ ਸਿਰ ਉਤੇ ਰੱਖ ਕੇ ਪੈਰ ਦੌੜਦੇ ਰਹੇ।ਇੱਕ ਥਾਂ ਤੋਂ ਦੂਜੀ ਥਾਂ। ਭਰਿਆ ਢਿੱਡ , ਨੀਤ ਨਹੀਂ ਭਰੀ। ਕੋਹ ਨਹੀਂ ਤੁਰੇ। ਬਾਬਾ ਪੱਚੀ ਵਰ੍ਹੇ ਤੁਰਿਆ। ਸ਼ਬਦ ਰਬਾਬ ਨਾਲ ਚਾਨਣ ਵੰਡਿਆ। ਜ਼ਿੰਦਗੀ ਦੇ ਅਰਥ ਦੱਸੇ। ਬੰਦੇ ਨੂੰ ਮੈਂ ਤੋਂ ਮੁਕਤ ਹੋਣ ਦਾ ਸਬਕ ਪੜਾਇਆ, ਕਿਰਤ ਦੀ ਰਾਖੀ ਕਿਵੇਂ ਕਰਨੀ, ਹੱਕ ਸੱਚ ਤੇ ਜ਼ਬਰ, ਜ਼ੁਲਮ ਦੇ ਵਿਰੁੱਧ ਕਿਰਪਾਨ ਨੂੰ ਤਲਵਾਰ ਬਣਾਇਆ। ਸੁੱਤੀ ਕੌਮ ਜਗਾਇਆ।

ਅਸੀਂ ਤੇ ਕੋਹ ਦਾ ਪੈਂਡਾ ਵੀ ਨਹੀਂ ਮੁਕਾਇਆ। ਅਖੇ ਬਾਬਾ ! ਕੋਹ ਨਾ ਚੱਲੀ, ਬਾਬਾ ਮੈਂ ਤ੍ਰਿਹਾਈ। ਭਲਾ ਮਨ ਦੇ ਭੁੱਖੇ ਦੀ ਕਿਸ ਨੇ ਪਿਆਸ ਬੁਝਾਈ ?

ਪਾਣੀ ਅਸੀਂ ਮੁਕਾ ਦਿੱਤਾ ਹੈ.ਹਵਾ ਜ਼ਹਿਰੀਲੀ ਕਰ ਲਈ ਹੈ…ਧਰਤੀ ਬੰਜਰ ਹੋ ਰਹੀ ਹੈ…ਕੀ ਖੱਟਿਆ ਹਰੇ ਕ੍ਰਾਂਤੀ ਲਿਆ ਕੇ…ਆਪਾ ਗੁਆ ਕੇ…ਸੋਚੋ..ਜਰਾ..!

ਉਠੋ…ਜੁੜੋ..ਤੁਰੋ…!
।।।।।।।।।।।।।।

ਬੁੱਧ ਸਿੰਘ ਨੀਲੋਂ
ਲੁਧਿਆਣਾ
94643-70823

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਤੀ ਸਬੰਧੀ ਕਾਨੂੰਨ ਪਾਸ ਕਰਨ ਦਾ ਇਕ ਸਾਲ ਕਰੋ ਵਿਚਾਰ
Next articleਅੱਸੂ ਦੀ ਸੰਗਰਾਂਦ