ਨੀਟ ਪੀਜੀ ਕਾਊਂਸਲਿੰਗ: ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਜਾਰੀ

ਨਵੀਂ ਦਿੱਲੀ (ਸਮਾਜ ਵੀਕਲੀ):  ਦਿੱਲੀ ਪੁਲੀਸ ਵੱਲੋਂ ਲੰਘੇ ਦਿਨ ਸੁਪਰੀਮ ਕੋਰਟ ਵੱਲ ਪ੍ਰਦਰਸ਼ਨ ਕਰਨ ਦੌਰਾਨ ਅੱਗੇ ਵਧ ਰਹੇ ਡਾਕਟਰਾਂ ਨਾਲ ਕੀਤੀ ਕਥਿਤ ਬਦਸਲੂਕੀ ਤੋਂ ਭੜਕੇ ਕੇਂਦਰ ਤੇ ਦਿੱਲੀ ਸਰਕਾਰ ਦੇ ਰੈਜ਼ੀਡੈਂਟ ਡਾਕਟਰਾਂ ਨੇ ਅੱਜ ਵੀ ਸਿਹਤ ਸੇਵਾਵਾਂ ਦਾ ਬਾਈਕਾਟ ਜਾਰੀ ਰੱਖਿਆ। ਡਾਕਟਰਾਂ ਵੱਲੋਂ ਭਲਕੇ ਹੜਤਾਲ ਜਾਰੀ ਰੱਖਣ ਦੀ ਧਮਕੀ ਦਿੱਤੀ ਹੈ। ਪ੍ਰਦਰਸ਼ਨਕਾਰੀ ਨੀਟ-ਪੀਜੀ ਕਾਊਂਸਲਿੰਗ ਦੇ ਨਤੀਜੇ ਐਲਾਨਣ ਦੀ ਮੰਗ ਕਰ ਰਹੇ ਹਨ ਕਿਉਂਕਿ ਹਸਪਤਾਲਾਂ ਵਿੱਚ ਕਰੋਨਾ ਮਹਾਮਾਰੀ ਦੌਰਾਨ ਡਾਕਟਰਾਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ। ਡਾਕਟਰਾਂ ਦੇ ਗੁੱਸੇ ਨੂੰ ਦੇਖਦੇ ਹੋਏ ਸਫ਼ਦਰਜੰਗ ਹਸਪਤਾਲ ਵਿੱਚ ਅਤੇ ਆਲੇ-ਦੁਆਲੇ ਵੱਡੀ ਗਿਣਤੀ ਪੁਲੀਸ ਅਮਲਾ ਤਾਇਨਾਤ ਕੀਤਾ ਗਿਆ ਹੈ। ਉਧਰ ਵਿਰੋਧੀ ਧਿਰਾਂ ਨੇ ਵੀ ਕੇਂਦਰ ਸਰਕਾਰ ਦੀ ਸਖ਼ਤ ਨੁਕਤਾਚੀਨੀ ਕੀਤੀ ਹੈ। ਫੈਡਰੇਸ਼ਨ ਆਫ਼ ਰੈਜ਼ੀਡੈਂਟਸ ਡਾਕਟਰਜ਼ (ਫੋਰਡਾ) ਵੱਲੋਂ ਦਿੱਤੇ ਹੜਤਾਲ ਦੇ ਸੱਦੇ ’ਤੇ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਵੱਲੋਂ ਬੁੱਧਵਾਰ ਨੂੰ ਭਲਕੇ 8 ਵਜੇ ਤੋਂ ਦੇਸ਼ ਭਰ ਵਿੱਚ ਸਿਹਤ ਸੇਵਾਵਾਂ ਬੰਦ ਕਰਨ ਦਾ ਐਲਾਨ ਕੀਤਾ ਗਿਆ। ਏਮਸ ਦੇ ਰੈਜ਼ੀਡੈਂਟ ਡਾਕਟਰਾਂ ਵੱਲੋਂ ਵੀ ਚੇਤਾਵਨੀ ਦਿੱਤੀ ਗਈ ਕਿ ਜੇਕਰ ਕੇਂਦਰ ਸਰਕਾਰ ਨੇ 24 ਘੰਟੇ ਵਿੱਚ ਢੁੱਕਵਾਂ ਹੁੰਗਾਰਾ ਨਾ ਭਰਿਆ ਤਾਂ ਉਹ ਟੋਕਨ ਹੜਤਾਲ 29 ਦਸੰਬਰ ਤੋਂ ਕਰਨਗੇ ਤੇ ਗ਼ੈਰ-ਐਮਰਜੈਂਸੀ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ।

ਬੀਤੇ ਦਿਨ ਡਾਕਟਰਾਂ ਨੇ ਦੋਸ਼ ਲਾਇਆ ਸੀ ਕਿ ਦਿੱਲੀ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨਾਲ ਕੁੱਟਮਾਰ ਕੀਤੀ ਤੇ ਮਹਿਲਾ ਡਾਕਟਰਾਂ ਨਾਲ ਬਦਸਲੂਕੀ ਕੀਤੀ। ਅੱਜ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ਦੇ ਡਾਕਟਰ ਸਫ਼ਦਰਜੰਗ ਹਸਪਤਾਲ ਵਿਖੇ ਪੁੱਜੇ ਤੇ ਨੀਟ-ਪੀਜੀ ਕਾਊਂਸਲਿੰਗ ਦੀ ਮੰਗ ਸਮੇਤ ਦਿੱਲੀ ਪੁਲੀਸ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਫੋਰਡਾ ਦੇ ਪ੍ਰਧਾਨ ਡਾ. ਮਨੀਸ਼ ਕੁਮਾਰ ਨੇ ਦੱਸਿਆ ਕਿ ਡਾਕਟਰਾਂ ਦੇ ਨੁਮਾਇੰਦਿਆਂ ਨੇ ਕੇਂਦਰੀ ਸਿਹਤ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਸ੍ਰੀ ਮਾਂਡਵੀਆ ਨੇ ਪੁਲੀਸ ਕਾਰਵਾਈ ’ਤੇ ਅਫਸੋਸ ਪ੍ਰਗਟ ਕੀਤਾ ਤੇ ਦਿੱਲੀ ਪੁਲੀਸ ਤੋਂ ਲਿਖਤ ਮੁਆਫ਼ੀ ਦਾ ਭਰੋਸਾ ਦਿੱਤਾ। ਫੋਰਡਾ ਦੇ ਮੁਖੀ ਨੇ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਸੰਬੋਧਨ ਵਿੱਚ ਕਿਹਾ ਕਿ ਡਾਕਟਰਾਂ ਦੀ ਕੁੱਟਮਾਰ, ਧੂਹਘੜੀਸ ਕਰਨ ਵਾਲੀ ਪੁਲੀਸ ਮੁਆਫ਼ੀ ਮੰਗੇ ਤੇ ਨੀਟ-ਪੀਜੀ ਕਾਊਂਸਲਿੰਗ ਸਿਰੇ ਚੜ੍ਹਾਈ ਜਾਵੇ। ਉਧਰ ਦਿੱਲੀ ਪੁਲੀਸ ਨੇ ਕਿਹਾ ਕਿ ਉਹ ਡਾਕਟਰਾਂ ਦਾ ਸਤਿਕਾਰ ਕਰਦੀ ਹੈ ਤੇ ਬੀਤੇ ਦਿਨ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਨਹੀਂ ਕੀਤਾ। ਵਧੀਕ ਪੁਲੀਸ ਕਮਿਸ਼ਨਰ ਸੁਮਨ ਗੋਇਲ ਨੇ ਕਿਹਾ ਕਿ ਡਾਕਟਰਾਂ ’ਤੇ ਕੋਈ ਬਲ ਪ੍ਰਯੋਗ ਜਾਂ ਲਾਠੀਚਾਰਜ ਨਹੀਂ ਕੀਤਾ ਗਿਆ। ਦਿੱਲੀ ਪੁਲੀਸ ਡਾਕਟਰਾਂ ਦਾ ਸਤਿਕਾਰ ਕਰਦੀ ਹੈ। ਪੁਲੀਸ ਵਾਲੇ ਵੀ ਜ਼ਖ਼ਮੀ ਹੋਏ ਹਨ ਤੇ ਕੁੱਝ ਪੁਲੀਸ ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ।

ਮਾਂਡਵੀਆ ਵੱਲੋਂ ਹੜਤਾਲ ਖ਼ਤਮ ਕਰਨ ਦਾ ਸੱਦਾ

ਨਵੀਂ ਦਿੱਲੀ (ਸਮਾਜ ਵੀਕਲੀ):  ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਪ੍ਰਦਰਸ਼ਨਕਾਰੀ  ਡਾਕਟਰਾਂ ਦੇ ਵਫ਼ਦ ਨਾਲ ਅੱਜ ਮੀਟਿੰਗ ਕਰਕੇ ਉਨ੍ਹਾਂ ਨੂੰ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਫੈਡਰੇਸ਼ਨ ਆਫ਼ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਦੇ ਵਫ਼ਦ ਨਾਲ ਕੀਤੀ ਮੀਟਿੰਗ ਦੌਰਾਨ ਮਾਂਡਵੀਆ ਨੇ ਕਿਹਾ ਕਿ ਸਰਕਾਰ ਵੱਲੋਂ ਈਡਬਲਿਊਐੱਸ ਰਿਪੋਰਟ ਨੂੰ ਲੈ ਕੇ ਢੁੱਕਵਾਂ ਜਵਾਬ ਸੁਪਰੀਮ ਕੋਰਟ ਦੀ 6 ਜਨਵਰੀ ਲਈ ਤਜਵੀਜ਼ਤ ਸੁਣਵਾਈ ਤੋਂ ਪਹਿਲਾਂ ਦਾਖ਼ਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲਾ ਸੁਪਰੀਮ ਕੋਰਟ ਦੇ ਵਿਚਾਰਧੀਨ ਹੋਣ ਕਰਕੇ ਸਰਕਾਰ ਹੁਣ ਤੱਕ ਕਾਊਂਸਲਿੰਗ ਨਹੀਂ ਹੋ ਸਕੀ।

ਡਾਕਟਰ ਸੜਕਾਂ ’ਤੇ ਨਹੀਂ, ਹਸਪਤਾਲਾਂ ਵਿੱਚ ਹੋਣ: ਕੇਜਰੀਵਾਲ

ਰੈਜ਼ੀਡੈਂਟ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸ ਮਸਲੇ ਨੂੰ ‘ਨਿੱਜੀ ਦਖ਼ਲ’ ਨਾਲ ਸੁਲਝਾਉਣ ਦੀ ਮੰਗ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਹੁਣ ਜਦੋਂ ਕਰੋਨਾਵਾਇਰਸ ਦੇ ਕੇਸ ਮੁੜ ਵਧਣ ਲੱਗੇ ਹਨ ਤਾਂ ‘ਡਾਕਟਰ ਸੜਕਾਂ ’ਤੇ ਨਹੀਂ ਬਲਕਿ ਹਸਪਤਾਲਾਂ ਵਿੱਚ ਹੋਣੇ’ ਚਾਹੀਦੇ ਹਨ। ਕੇਜਰੀਵਾਲ ਨੇ ਅਪੀਲ ਕੀਤੀ ਕਿ ਨੀਟ-ਪੀਜੀ ਕਾਊਂਸਲਿੰਗ ਦੇ ਅਮਲ ਵਿੱਚ ਤੇਜ਼ੀ ਲਿਆਂਦੀ ਜਾਵੇ। ਕੇਜਰੀਵਾਲ ਨੇ ਪੱਤਰ ਦੀ ਕਾਪੀ ਟਵਿੱਟਰ ’ਤੇ ਵੀ ਸਾਂਝੀ ਕੀਤੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖਸ ਫਾਰ ਜਸਟਿਸ ਲਈ ਕੰਮ ਕਰਦੇ ਮਾਂ-ਪੁੱਤ ਸਮੇਤ ਤਿੰਨ ਗ੍ਰਿਫ਼ਤਾਰ
Next article‘ਆਪ’ ਨੇ 15 ਉਮੀਦਵਾਰਾਂ ਦੀ ਪੰਜਵੀਂ ਸੂਚੀ ਕੀਤੀ ਜਾਰੀ