ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਕਿਰਤੀ ਕਿਸਾਨ ਯੂਨੀਅਨ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਸੱਦੇ ਉੱਤੇ ਡੀ.ਸੀ ਦਫਤਰ ਅੱਗੇ ਧਰਨਾ ਦਿੱਤਾ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜਿਲਾ ਸਕੱਤਰ ਤਰਸੇਮ ਸਿੰਘ ਬੈਂਸ, ਇਸਤਰੀ ਵਿੰਗ ਦੀ ਜਿਲਾ ਪ੍ਰਧਾਨ ਸੁਰਜੀਤ ਕੌਰ ਉਟਾਲ, ਬਲਾਕ ਨਵਾਂਸ਼ਹਿਰ ਦੇ ਪ੍ਰਧਾਨ ਪਰਮਜੀਤ ਸਿੰਘ ਸ਼ਹਾਬ ਪੁਰ, ਮਨਜੀਤ ਕੌਰ ਅਲਾਚੌਰ ਨੇ ਕਿਹਾ ਕਿ ਸਰਕਾਰ ਲੰਮੇ ਸਮੇਂ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ ਅਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ। ਉਹਨਾਂ ਨੇ ਬਾਸਮਤੀ ਦੀ ਐਮ.ਐਸ.ਪੀ. ’ਤੇ ਖਰੀਦ ਕਰਨ, ਬਾਸਮਤੀ ਦੇ ਮੱਧ ਪੂਰਬ ਤੱਕ ਨਿਰਯਾਤ ਲਈ ਪਾਕਿਸਤਾਨ ਨਾਲ ਲੱਗਦੇ ਅਟਾਰੀ ਅਤੇ ਹੁਸੈਨੀਵਾਲਾ ਸੜਕੀ ਰਸਤੇ ਖੋਲ੍ਹਣ, ਡੀਏਪੀ ਅਤੇ ਯੂਰੀਆ ਦੀ ਲੋੜੀਂਦੀ ਸਪਲਾਈ ਦਾ ਬਿਨਾ ਪੱਖਪਾਤ ਤੋਂ ਪ੍ਰਬੰਧ ਯਕੀਨੀ ਬਣਾਉਣ, ਪ੍ਰਾਈਵੇਟ ਵਿਕਰੇਤਾਵਾਂ ਵੱਲੋਂ ਖਾਦ ਦੀ ਕਾਲਾਬਾਜ਼ਾਰੀ ਰੋਕਣ, ਗੰਨੇ ਦਾ ਭਾਅ 450/ ਰੁਪਏ ਪ੍ਰਤੀ ਕੁਇੰਟਲ ਦੇਣ ਅਤੇ ਖੰਡ ਮਿੱਲਾਂ ਇੱਕ ਨਵੰਬਰ ਤੋਂ ਚਾਲੂ ਕਰਨ, ਸ਼ੈਲਰਾਂ ਅਤੇ ਗੋਦਾਮਾਂ ਵਿਚੋਂ ਲਿਫਟਿੰਗ ਦਾ ਮਾਮਲਾ ਫੌਰੀ ਹੱਲ ਕਰਕੇ ਝੋਨੇ ਦੀ ਖਰੀਦ ਦਾ ਤਸੱਲੀਬਖਸ਼ ਪ੍ਰਬੰਧ ਕਰਨ, ਕਿਸਾਨਾਂ ਦੀ ਮੰਡੀਆਂ ਵਿੱਚ ਖੱਜਲਖੁਆਰੀ ਹੋਣ ਦੀ ਸੂਰਤ ਵਿੱਚ ਸਖਤ ਰੋਹ ਦਾ ਸਾਹਮਣਾ ਕਰਨ, ਸਹਿਕਾਰੀ ਸੁਸਾਇਟੀਆਂ ਵਿੱਚ ਨਵੇਂ ਖਾਤੇ ਖੋਲ੍ਹਣ ਦੀ ਮੰਨੀ ਮੰਗ ਲਾਗੂ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਬਾਸਮਤੀ ਦੀ ਕਾਸ਼ਤ ਹੇਠ ਰਕਬਾ ਲਗਾਤਾਰ ਵਧ ਰਿਹਾ ਹੈ। ਮੱਧ ਪੂਰਬ ਅਤੇ ਯੂਰਪ ਦੇ ਦੇਸ਼ਾਂ ਨੂੰ ਨਿਰਯਾਤ ਹੁੰਦੀ ਬਾਸਮਤੀ ਜਿੱਥੇ ਘੱਟ ਪਾਣੀ ਲੈਣ ਵਾਲੀ ਫ਼ਸਲ ਹੈ ਉਥੇ ਇਸਨੇ ਬੀਤੇ ਸਾਲ ਦੇਸ਼ ਨੂੰ 5.8 ਅਰਬ ਡਾਲਰ ਦੀ ਵਿਦੇਸ਼ੀ ਮੁਦਰਾ ਵੀ ਕਮਾ ਕੇ ਦਿੱਤੀ। ਪਰ ਇਸ ਦੇ ਬਾਵਜੂਦ ਕੇਂਦਰ ਅਤੇ ਪੰਜਾਬ ਸਰਕਾਰ ਬਾਸਮਤੀ ਦਾ ਐਮ.ਐਸ.ਪੀ. ਨਿਰਧਾਰਤ ਕਰਕੇ ਖਰੀਦ ਕਰਨ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਨੇ 1121 ਤੇ 1885 ਵਰਗੀਆਂ ਕਿਸਮਾਂ ਦਾ 6000/ਰੁਪਏ ਪ੍ਰਤੀ ਕੁਇੰਟਲ ਅਤੇ 1509 ਵਰਗੀਆਂ ਕਿਸਮਾਂ ਦਾ 5000/ਰੁਪਏ ਪ੍ਰਤੀ ਕੁਇੰਟਲ ਐਮ.ਐਸ.ਪੀ. ਦੇਣ ਦੀ ਮੰਗ ਕੀਤੀ। ਬੁਲਾਰਿਆਂ ਨੇ ਬਾਸਮਤੀ ਅਤੇ ਹੋਰ ਵਸਤਾਂ ਦੇ ਵਪਾਰ ਲਈ ਅਟਾਰੀ ਅਤੇ ਹੁਸੈਨੀਵਾਲਾ ਵਿਖੇ ਭਾਰਤ-ਪਾਕਿਸਤਾਨ ਸਰਹੱਦੀ ਲਾਂਘਿਆਂ ਨੂੰ ਖੋਲ੍ਹਣ ਦੀ ਜ਼ੋਰਦਾਰ ਵਕਾਲਤ ਵੀ ਕੀਤੀ।
ਪੰਜਾਬ ਵਿੱਚ ਆਲੂਆਂ ਅਤੇ ਸਬਜ਼ੀਆਂ ਦੀ ਬਿਜਾਈ ਸ਼ੁਰੂ ਹੋਣ ਦੇ ਬਾਵਜੂਦ ਡੀਏਪੀ ਅਤੇ ਯੂਰੀਆ ਖਾਦ ਦੀ ਘਾਟ ਦਾ ਜ਼ਿਕਰ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਰਬੀ ਦੇ ਸੀਜ਼ਨ ਲਈ ਖਾਦ ਦਾ ਢੁੱਕਵਾਂ ਪ੍ਰਬੰਧ ਕਰਨ ਵਿੱਚ ਅਸਫਲ ਰਹੀ ਹੈ ਸਿੱਟੇ ਵਜੋਂ ਇੱਕ ਪਾਸੇ ਸੁਸਾਇਟੀਆਂ ਵਿੱਚ ਪੱਖਪਾਤੀ ਢੰਗ ਨਾਲ ਖਾਦ ਦੀ ਵੰਡ ਹੋ ਰਹੀ ਹੈ ਦੂਜੇ ਪਾਸੇ ਪ੍ਰਾਈਵੇਟ ਵਿਕਰੇਤਾਵਾਂ ਵੱਲੋਂ ਕਿਸਾਨਾਂ ਨੂੰ ਮਹਿੰਗੇ ਰੇਟ ’ਤੇ ਖਾਦ ਵੇਚ ਕੇ ਛਿੱਲ ਲਾਹੀ ਜਾ ਰਹੀ ਹੈ। ਕਿਸਾਨਾਂ ਦੀ ਮਜ਼ਬੂਰੀ ਦਾ ਫਾਇਦਾ ਉਠਾਉਂਦੇ ਹੋਏ ਵਿਕਰੇਤਾਵਾਂ ਵੱਲੋਂ ਖਾਦ ਨਾਲ ਨੈਨੋ ਯੂਰੀਆ ਸਮੇਤ ਹੋਰ ਨਿੱਕ ਸੁੱਕ ਨਾਲ ਨੱਥੀ ਕਰਕੇ ਵੇਚਿਆ ਜਾ ਰਿਹਾ ਹੈ। ਇਸ ਸਾਰੀ ਕਾਲਾਬਾਜ਼ਾਰੀ ਨੂੰ ਪੰਜਾਬ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਬਜ਼ਾਰ ਵਿੱਚ ਨਕਲੀ ਡੀਏਪੀ ਵੇਚਣ ਵਾਲਾ ਮਾਫੀਆ ਸਰਗਰਮ ਹੋਣ ਦਾ ਇਲਜਾਮ ਲਗਾਉਂਦੇ ਹੋਏ ਬੁਲਾਰਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰਿਆਣਾ ਚੋਣਾਂ ਵਿੱਚ ਪ੍ਰਚਾਰ ਦੀ ਥਾਂ ਸੂਬੇ ਦੇ ਲੋਕਾਂ ਦੇ ਮਸਲਿਆਂ ਪ੍ਰਤੀ ਧਿਆਨ ਦੇਣ ਦੀ ਮੰਗ ਕੀਤੀ। ਨਿੱਸਰ ਰਹੇ ਝੋਨੇ ਨੂੰ ਪਾਣੀ ਦੀ ਲੋੜ ਦੇ ਮੱਦੇਨਜ਼ਰ ਖੇਤੀ ਖੇਤਰ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਿਜਲੀ ਦੇ ਕੱਟ ਲੱਗ ਰਹੇ ਹਨ। ਸ਼ੈਲਰਾਂ ਅਤੇ ਗੋਦਾਮਾਂ ਵਿਚੋਂ ਲਿਫਟਿੰਗ ਨਾ ਹੋਣ ਕਾਰਨ ਜਗ੍ਹਾ ਦੀ ਤੰਗੀ ਦੇ ਕਾਰਨ ਝੋਨੇ ਦੀ ਫ਼ਸਲ ਦੇ ਮੰਡੀਆਂ ਵਿੱਚ ਰੁਲਣ ਦੀ ਸੰਭਾਵਨਾ ਦੇ ਮੱਦੇਨਜ਼ਰ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਝੋਨੇ ਦੀ ਖਰੀਦ ਦਾ ਢੁੱਕਵਾਂ ਅਤੇ ਸੁਚਾਰੂ ਪ੍ਰਬੰਧ ਨਾ ਕੀਤਾ ਗਿਆ ਤਾਂ ਕਿਸਾਨਾਂ ਦੇ ਸਖਤ ਰੋਹ ਦਾ ਸਾਹਮਣਾ ਕਰਨ ਲਈ ਪੰਜਾਬ ਸਰਕਾਰ ਤਿਆਰ ਰਹੇ। ਇਸ ਧਰਨੇ ਨੂੰ ਅਵਤਾਰ ਕੱਟ ਬਿੱਕਰ ਸਿੰਘ, ਬਲਵੀਰ ਸਿੰਘ ਸਕੋਹ ਪੁਰ, ਜੀਵਨ ਦਾਸ ਬੇਗੋਵਾਲ, ਬਹਾਦਰ ਸਿੰਘ ਧਰਮਕੋਟ, ਸੁਰਿੰਦਰ ਸਿੰਘ ਮਹਿਰਮ ਪੁਰ ,ਕ੍ਰਿਸ਼ਨ ਲਾਲ ਬੇਗੋਵਾਲ, ਕਮਲੇਸ਼ ਕੌਰ ਉੜਾਪੜ ਆਗੂਆਂ ਨੇ ਵੀ ਸੰਬੋਧਨ ਕੀਤਾ।ਧਰਨੇ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly