ਵਕ਼ਤ ਦੀ ਮਾਰ

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਨਹੀਂ ਨਹੀਂ ….. ਇਹ ਕੰਮ ਬਹੁਤ ਔਖਾ ਹੈ, ਇਹ ਨਹੀਂ ਹੋਣਾਂ ਮੇਰੇ ਕੋਲੋਂ। ਪਰ…… ਪਰ….. ਹੋਰ ਕੋਈ ਰਾਸਤਾ ਵੀ ਤਾਂ ਨਹੀਂ….। ਓਹ ਕੁੱਝ ਵੀ ਹੋਵੇ… ਦੇਖਾ ਜਾਏਗਾ….. ਬੱਸ ਇਹ ਨਹੀਂ ਹੋਣਾਂ ਮੇਰੇ ਕੋਲੋਂ……. ਆਪਣੇ ਹੀ ਮਨ ਵਿੱਚ ਉਦੇੜਬੁਣ ਕਰਦਿਆਂ ਉਹ ਕੁਰਸੀ ਤੋਂ ਉੱਠ ਖੜੀ ਹੋਈ।

ਭੈਣ ਜੀ, ਤੁਸੀਂ ਖੜੇ ਕਿਉਂ ਹੋ ਗਏ..? ਕਿਰਪਾ ਕਰਕੇ ਬੈਠ ਜਾਓ। ਬੱਸ ਥੋੜੀ ਦੇਰ ਹੋਰ। ਤੁਹਾਡੀ ਵਾਰੀ ਆਉਣ ਹੀ ਵਾਲ਼ੀ ਹੈ। ਇੱਕ ਮੁੰਡੇ ਨੇ ਉਸਦੇ ਅੱਗੇ ਹੱਥ ਜੋੜ ਕੇ ਨਿਮਰਤਾ ਨਾਲ਼ ਕਿਹਾ।

ਤੇ ਉਹ ਫ਼ੇਰ ਚੁੱਪਚਾਪ ਬੈਠ ਗਈ। ਵੈਸੇ ਉਸ ਕੋਲ਼ ਹੋਰ ਕੋਈ ਚਾਰਾ ਵੀ ਨਹੀਂ ਸੀ। ਸਾਲ ਭਰ ਤੋਂ ਮਾਂ ਦੇ ਇਲਾਜ਼ ਲਈ ਪੈਸੇ ‘ਕੱਠੇ ਕਰ ਰਹੀ ਸੀ। ਬੜੀ ਮੁਸ਼ਕਿਲ ਨਾਲ ਕੁੱਝ ਕੁ ਪੈਸੇ ਜੋੜ ਵੀ ਲਏ ਸਨ ਪਰ ਆਹ ਚੰਦਰੇ ਕਰੋਨਾ ਦੇ ਆਉਣ ਨਾਲ ਮਾਂ ਦਾ ਇਲਾਜ਼ ਰੁੱਕ ਗਿਆ ਤੇ ਪੈਸੇ ਵੀ ਸੱਭ ਦਵਾਈਆਂ ਤੇ ਰਾਸ਼ਨ ਆਦਿ ਤੇ ਖਰਚ ਹੋ ਗਏ। ਰਿਸ਼ਤੇਦਾਰਾਂ ਨੇ ਪਹਿਲਾਂ ਹੀ ਪੱਲੇ ਝਾੜ ਦਿੱਤੇ ਸਨ। ਰਹਿੰਦੀ ਖੂੰਹਦੀ ਕਸਰ ਨੌਕਰੀ ਜਾਣ ਨਾਲ ਪੂਰੀ ਹੋ ਗਈ। ਵਕ਼ਤ ਦੀ ਬਹੁਤ ਬੁਰੀ ਮਾਰ ਪਈ ਸੀ ਉਸਨੂੰ। ਉਸਦੇ ਸਾਰੇ ਪੈਸੇ ਦੇ ਕੇ ਚਲਾਏ ਗਏ ਸਿਹਤ ਬੀਮੇ ਬੰਦ ਹੋ ਗਏ।

ਜਦੋਂ ਸਾਰੇ ਰਾਹ ਬੰਦ ਹੋ ਗਏ ਤਾਂ ਕਿਸੇ ਨੇ ਇੱਕ ਸਮਾਜ ਸੇਵੀ ਸੰਸਥਾ ਬਾਰੇ ਦੱਸ ਪਾਈ। ਮਰਦੀ ਕੀ ਨਾ ਕਰਦੀ। ਉੱਥੇ ਜਾ ਪਹੁੰਚੀ। ਪਰ ਕਈ ਦਿਨਾਂ ਤੋਂ ਚੱਕਰ ਲਗਾ ਰਹੀ ਸੀ। ਹਜੇ ਤੱਕ ਉਸ ਦੀ ਵਾਰੀ ਨਹੀਂ ਆਈ ਸੀ। ਇਸ ਸੰਸਥਾ ਦੇ ਮੈਂਬਰ ਸਾਹਿਬਾਨ ਵਾਰੋ ਵਾਰੀ ਸੱਭ ਦੇ ਦੁੱਖ ਦਰਦ ਸੁਣਦੇ ਤੇ ਫੇਰ ਜਾਂਚ ਪੜਤਾਲ ਕੀਤੀ ਜਾਂਦੀ ਤੇ ਫ਼ੇਰ ਉਹ ਮਦਦ ਕਰਦੇ ਸਨ। ਉਹ ਵੀ ਆਸ ਲੈ ਕੇ ਆਈ ਸੀ।
ਐਨੇ ਨੂੰ ਅਚਾਨਕ ਇੱਕ ਬੰਦਾ ਉੱਥੇ ਕੁਰਸੀਆਂ ਤੇ ਬੈਠੇ ਆਪਣੀ ਵਾਰੀ ਉਡੀਕਦੇ ਜਾਂ ਵਾਰੀ ਭੁਗਤ ਆਏ ਲੋਕਾਂ ਨੂੰ ਕੁੱਝ ਪੈਸੇ ਦੇਣ ਲੱਗਾ। ਸ਼ਾਇਦ ਉਹ ਕੋਈ ਦਾਨੀ ਸੱਜਣ ਸੀ।

ਇਹ ਦੇਖ ਕੇ ਉਹ ਸ਼ਰਮ ਨਾਲ ਮਰਦੀ ਜਾ ਰਹੀ ਸੀ। ਉਸਦੇ ਸਾਹ ਕਿਤੇ ਅਟਕ ਹੀ ਗਏ ਸਨ। ਉਹਨੂੰ ਲੱਗ ਰਿਹਾ ਸੀ ਕਿ ਅੱਜ ਉਹ ਮੰਗਤਿਆਂ ਦੀ ਕਤਾਰ ਵਿੱਚ ਬੈਠੀ ਹੈ ਤੇ ਹੁਣੇ ਉਹ ਬੰਦਾ ਉਸਨੂੰ ਭੀਖ ਦੇਵੇਗਾ। ਉਹਨੇ ਅੱਖਾਂ ਬੰਦ ਕਰ ਲਈਆਂ ਅਤੇ ਅਰਦਾਸ ਕਰਨ ਲੱਗੀ ਕਿ ਵਾਹਿਗੁਰੂ ਮੈਥੋਂ ਮੇਰਾ ਆਤਮ ਸਨਮਾਨ ਨਾ ਖੋਹੀਂ, ਮੈਂ ਜੀ ਨਹੀਂ ਸਕਾਂਗੀ। ਕੁੱਝ ਦੇਰ ਬਾਅਦ ਉਸਨੇ ਅੱਖਾਂ ਖੋਲੀਆਂ ਤਾਂ ਉਹ ਬੰਦਾ ਜਾ ਚੁੱਕਾ ਸੀ। ਉਸਨੇ ਸ਼ਾਇਦ ਕੁੱਝ ਅੱਗੇ ਬੈਠੇ ਲੋਕਾਂ ਨੂੰ ਹੀ ਪੈਸੇ ਦੇਣੇ ਸਨ। ਜੋ ਪੈਸੇ ਲੈ ਕੇ ਚਲੇ ਗਏ ਸਨ। ਉਹਦੀ ਜਾਨ ਵਿੱਚ ਜਾਨ ਆਈ।

ਦਰਅਸਲ ਉਹ ਮੱਧਵਰਗੀ ਪਰਿਵਾਰ ਵਿੱਚੋਂ ਸੀ ਤੇ ਉਹ ਨੇ ਕਦੇ ਵੀ ਕਿਸੇ ਤੋਂ ਕੁੱਝ ਨਹੀਂ ਮੰਗਿਆ ਸੀ। ਹਮੇਸ਼ਾਂ ਇਮਾਨਦਾਰੀ ਨਾਲ ਕਮਾ ਕੇ ਖਾਧਾ ਸੀ। ਅੱਜ ਹਾਲਾਤ ਉਸਨੂੰ ਇੱਥੇ ਲੈ ਆਏ ਸਨ। ਉਹਦਾ ਦਿਲ ਕਰ ਰਿਹਾ ਸੀ ਕਿ ਉਥੋਂ ਭੱਜ ਜਾਵੇ। ਪਰ ਮਾਂ ਦਾ ਬੀਮਾਰ ਚਿਹਰਾ ਉਸਦੀਆਂ ਅੱਖਾਂ ਅੱਗੇ ਘੁੰਮ ਰਿਹਾ ਸੀ ਜਿਸਦੇ ਇਲਾਜ਼ ਲਈ ਲੱਖਾਂ ਰੁਪਏ ਚਾਹੀਦੇ ਸਨ ਜੋ ਉਸਦੇ ਵਸ ਵਿੱਚ ਨਹੀਂ ਸਨ। ਇਸੇ ਲਈ ਮਨ ਮਾਰ ਕੇ ਇੱਥੇ ਆਈ ਸੀ। ਪਰ ਉਸਨੂੰ ਲੱਗ ਰਿਹਾ ਸੀ ਕਿ ਉਹ ਧਰਤੀ ਵਿੱਚ ਸਮਾ ਜਾਏਗੀ।

ਬਹੁਤ ਸਾਰੀ ਜੱਦੋਜ਼ਹਿਦ ਤੋਂ ਬਾਅਦ ਉਸਨੇ ਦਿਲ ਨੂੰ ਸਮਝਾਇਆ ਕਿ ਉਹ ਸੰਸਥਾ ਦੀ ਮਦਦ ਲਏਗੀ ਪਰ ਬਾਅਦ ਵਿੱਚ ਥੋੜੇ ਥੋੜੇ ਕਰਕੇ ਪੈਸੇ ਮੋੜਦੀ ਰਹੇਗੀ ਜਾਂ ਕਿਸੇ ਹੋਰ ਰੂਪ ਵਿੱਚ ਸਮਾਜ ਸੇਵਾ ਕਰਕੇ ਆਪਣਾ ਭਾਰ ਲਾਹ ਦਏਗੀ। ਇੰਨਾਂ ਸੋਚ ਕੇ ਉਹ ਕੁੱਝ ਨਿਸ਼ਚਿੰਤ ਹੋ ਗਈ ਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗੀ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਾਲਮਾਂ
Next articleਸਕੂਲ ਅਤੇ ਕਰੋਨਾ ਕਾਲ