” ਕਿੱਕਰੇ ਨੀ ਕੰਡਿਆਲੀਏ !!! “

(ਸਮਾਜ ਵੀਕਲੀ)

ਕਿੱਕਰ ਇੱਕ ਵਿਰਾਸਤੀ ਰੁੱਖ ਹੈ। ਕਿੱਕਰ ਦਾ ਸੰਬੰਧ ਸਾਡੀ ਜੀਵਨ – ਸ਼ੈਲੀ , ਰੀਤੀ – ਰਿਵਾਜ਼ਾਂ , ਕੰਮ – ਧੰਦਿਆਂ ਤੇ ਸੱਭਿਆਚਾਰ ਨਾਲ਼ ਰਿਹਾ ਹੈ। ਕਿੱਕਰ ਨੂੰ ਚਮਕੀਲੇ ਪੀਲੇ ਮਿੱਠੀ – ਮਿੱਠੀ ਸੁਗੰਧ ਵਾਲੇ ਫੁੱਲ ਜੁਲਾਈ ਤੋਂ ਨਵੰਬਰ ਤੱਕ ਲੱਗਦੇ ਹਨ। ਕਿੱਕਰ ਦੇ ਪੱਤੇ ਪਹਿਲਾਂ ਹਰੇ ਤੇ ਫਿਰ ਲਾਲ ਹੋ ਜਾਂਦੇ ਹਨ। ਕਿੱਕਰ ਦੇ ਪਿਆਰੇ ਫੁੱਲਾਂ ਬਾਰੇ ਇੱਕ ਲੋਕ ਗੀਤ ਵੀ ਹੈ :-
” ਨੀਂ ਵੀਰ ਮੇਰਾ ਫੁੱਲ ਵਰਗਾ ,
ਭਾਬੋ ਚੰਦਰੀ ਕਿੱਕਰ ਦਾ ਝਾਫਾ । “

ਕਿੱਕਰ ਨੂੰ ਤਿੱਖੀਆਂ – ਲੰਬੀਆਂ ਸੂਲ਼ਾਂ ਲੱਗਦੀਆਂ ਹਨ। ਇਸ ਰੁੱਖ ਦੇ ਫਲਾਂ ਨੂੰ ” ਤੁੱਕੇ ” ਆਖਿਆ ਜਾਂਦਾ ਹੈ , ਜੋ ਬੱਕਰੀਆਂ ਤੇ ਮੇਮਣਿਆਂ ਆਦਿ ਦਾ ਖ਼ਾਸ ਪਸੰਦੀਦਾ ਭੋਜਨ ਹੁੰਦਾ ਹੈ। ਲੋਕ ” ਤੁੱਕਿਆਂ ” ਦਾ ਆਚਾਰ ਵੀ ਬਣਾਉਂਦੇ ਹਨ। ਇਸ ਦੇ ਦਰੱਖਤਾਂ ਵਿੱਚੋਂ ਮਾਰਚ – ਮਈ ਦੌਰਾਨ ਗਾੜਾ ਗੂੰਦ ਵੀ ਨਿਕਲਦਾ ਹੈ। ਇਹ ਗੂੰਦ ਕੱਪੜੇ ‘ਤੇ ਛਪਾਈ ਰੰਗਾਈ ਅਤੇ ਰੇਸ਼ਮੀ ਤੇ ਸੂਤੀ ਕੱਪੜਿਆਂ ਉੱਪਰ ਚਰਖ ਚੜ੍ਹਾਉਣ ਦੇ ਕੰਮ ਆਉਂਦਾ ਹੁੰਦਾ ਸੀ। ਕਿੱਕਰ ਦਾ ਸੱਕ ਮੂੰਹ ਮਸੂੜਿਆਂ ਦੇ ਰੋਗਾਂ ਦੇ ਇਲਾਜ ਲਈ ਇਸਤੇਮਾਲ ਕੀਤਾ ਜਾਂਦਾ ਸੀ। ਕਿੱਕਰ ਦੀ ਦਾਤਣ ਦਾ ਕੋਈ ਸਾਨੀ ਨਹੀਂ।

ਇਸ ਦੀਆਂ ਕੱਚੀਆਂ ਫਲੀਆਂ ਦਾ ਰਸ ਰੰਗ – ਰੂਪ ਨਿਖਾਰਨ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ। ਕਿੱਕਰ ਦੇ ਝਾਫੇ ਖੇਤ ਦੀਆਂ ਵਾੜਾਂ ਕਰਨ ਦੇ ਕੰਮ ਆਉਂਦੇ ਸਨ।ਇਸ ਰੁੱਖ ਦੀ ਲੱਕੜ ਤੋਂ ਚੁਗਾਠਾਂ , ਬਾਲੇ , ਸ਼ਤੀਰੀਆਂ ਤੇ ਹੋਰ ਫਰਨੀਚਰ ਬਣਾਇਆ ਜਾਂਦਾ ਰਿਹਾ ਹੈ। ਪੰਜਾਬ ਵਿੱਚ ਕਿੱਕਰ ਦਾ ਰੁੱਖ ਬਹੁਤ ਉੱਗਦਾ ਸੀ।ਕਿੱਕਰ ਦੀ ਲੱਕੜ ਤੋਂ ਖੇਤੀਬਾਡ਼ੀ ਦੇ ਜ਼ਰੂਰੀ ਔਜ਼ਾਰ ਬਣਾਏ ਜਾਂਦੇ ਸਨ। ਪੁਰਾਣੇ ਸਮਿਆਂ ਵਿੱਚ ਵਿਆਹਾਂ ਵਿੱਚ ਜੰਞ ਬੰਨ੍ਹਣ ਦਾ ਰਿਵਾਜ ਸੀ।ਦੁਪਹਿਰ ਦੀ ਰੋਟੀ ਜਾਂਝੀਆਂ ਨੂੰ ਵਰਤਾਉਣ ਤੋਂ ਬਾਅਦ ਮੇਲਣਾਂ ਗੀਤ ਗਾ ਕੇ ਜਾਂਝੀਆਂ ਨੂੰ ਰੋਟੀ ਖਾਣ ਤੋਂ ਵਰਜਿਤ ਕਰ ਦਿੰਦੀਆਂ ਸਨ। ਇਸ ਰਸਮ ਨੂੰ ” ਜੰਝ – ਬੰਨ੍ਹਣਾ ” ਆਖਦੇ ਸਨ :-
” ਕਿੱਕਰਾਂ ਦੇ ਟਾਹਣੇ ਬੰਨ੍ਹਾਂ ,
ਜਾਨੀਆਂ ਦੇ ਖਾਣੇ ਬੰਨ੍ਹਾਂ ,
ਬੰਨ੍ਹਾਂ ਸਾਰੀ ਜੰਝ ਜੀ ,
ਹੁਣ ਕਿਉਂ ਨਹੀਂ ਬੋਲਦੇ ,
ਕਿਉਂ ਹੋ ਗਏ ਬੰਦ ਜੀ ? “

ਬਰਾਤੀਆਂ ਨੂੰ ਸਿੱਠਣੀਆਂ ਦੇਣ , ਵਿਆਹ ਤੋਂ ਬਾਅਦ ਸਖੀਆਂ ਸਹੇਲੀਆਂ ਦੀ ਯਾਦ , ਪੇਕੇ ਘਰ ਪਤੀ ਦੇ ਵਿਛੋੜੇ ਦੀ ਟੀਸ ਤੇ ਚਰਖੇ ਦੇ ਦੁੱਖੜੇ ਦੱਸਣ ਸਮੇਂ ਕਿੱਕਰ ਦੇ ਰੁੱਖ ਦਾ ਜ਼ਿਕਰ ਆਮ ਹੀ ਕੀਤਾ ਜਾਂਦਾ ਸੀ :-
” ਕਿੱਕਰੇ ਨੀ ਕਿਉਂ ਸੁੱਕ ਗਈ ,
ਲੰਮੇ – ਲੰਮੇ ਗੱਭਰੂ ਛੈਲ ਜਵਾਨ ,
ਬਹਿ – ਬਹਿ ਦਾਤਣ ਕਰਦੇ ,
ਨੀ ਕਿਉਂ ਸੁੱਕ ਗਈ ,
ਕਿੱਕਰੇ ਨੀ ਕਿਉਂ ਸੁੱਕ ਗਈ ,
ਨੀਂ ਕਿਉਂ ਸੁੱਕ ਗਈ,
ਕਿੱਕਰੇ ਨੀ ਕਿਉਂ ਸੁੱਕ ਗਈ ? “

ਮਾਸਟਰ ਸੰਜੀਵ ਧਰਮਾਣੀ .

 

 

 

 

 

 

 

ਸ੍ਰੀ ਅਨੰਦਪੁਰ ਸਾਹਿਬ
9478561356.

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਵਧਾਨ
Next articleਗੀਤ