(ਸਮਾਜ ਵੀਕਲੀ)
(ਮਨਜੀਤ ਸਿੰਘ ਬੱਧਣ)
ਸੁਣ ਰਾਹੀਆ ਵੇ ਦੂਰ ਦਿਆ, ਝੱਲਿਆ ਓਏ ਕਿਸੇ ਸਰੂਰ ਦਿਆ|
ਦੂਰੋਂ ਤੁਰਦਾ ਆਇਓਂ ਦੂਰ ਹੈ ਜਾਣਾ, ਵਿੱਛੜਿਓਂ ਕਿਸੇ ਪੂਰ ਦਿਆ,
ਸੁਣ ਰਾਹੀਆ ਵੇ ਦੂਰ ਦਿਆ….
ਰਾਹ ਤਾਂ ਰਾਹ ਹੀ ਹੋਵਣ, ਤੁਰਦੇ ਕਦਮਾਂ ਦੇ ਭਾਰ ਪਏ ਢੋਹਵਣ|
ਮੇਰਾ ਬੱਸ ਇਹੋ ਠਿਕਾਣਾ, ਵਾਸੀਆ ਲੁਦਿਹਾਣੇ ਮਸ਼ਹੂਰ ਦਿਆ,
ਸੁਣ ਰਾਹੀਆ ਵੇ ਦੂਰ ਦਿਆ….
ਕੁਝ ਪਲ ਮੇਰੇ ਕੋਲ ਬਹਿ ਜਾ, ਕੁਝ ਕੁਝ ਸੁਣ ਜਾ ਕੁਝ ਕਹਿ ਜਾ|
ਸਮਾਂ ਕਿਸੇ ਤੋਂ ਠੱਲ੍ਹ ਨਾ ਹੋਣਾ, ਤੁਰ ਗਏ ਪਲਾਂ ਨੂੰ ਐਂਵੇਂ ਝੂਰਦਿਆ,
ਸੁਣ ਰਾਹੀਆ ਵੇ ਦੂਰ ਦਿਆ….
ਮੈਨੂੰ ਕਿੱਕਰ ਕੰਡਿਆਲੀ ਹੀ ਨਾ ਜਾਣ, ਖੜ੍ਹਾਂ ਫੁੱਲਾਂ ਦਾ ਛਤ੍ਰ ਤਾਣ।
ਮੇਰੇ ‘ਤੇ ਆ ਫਸੀਆਂ, ਉੱਡ-ਉੱਡ ਆਈਆਂ ਲੀਰਾਂ ਨੂੰ ਘੂਰਦਿਆ,
ਸੁਣ ਰਾਹੀਆ ਵੇ ਦੂਰ ਦਿਆ….
ਰੱਬ ਡਾਢਾ ਇਹ ਖੇਡ ਬਣਾਵੇ, ਕਿਸੇ ਨੂੰ ਪਰ ਕਿਸੇ ਨੂੰ ਜੜ੍ਹ ਲਗਾਵੇ|
ਬਣਾ ਆਦਮ ਉਸਨੂੰ ਉੱਤਮ ਜਾਤ ਸਜਾਵੇ, ਅੰਸ਼ਾ ਵੇ ਉਸ ਨੂਰ ਦਿਆ,
ਸੁਣ ਰਾਹੀਆ ਵੇ ਦੂਰ ਦਿਆ…..
ਵਸ ਹੋਵੇ ਇਹ ਸੂਲਾਂ ਫੁੱਲ ਕਰਾਂ, ਚੱਲ ਅਸੀਸਾਂ ਹੀ ਤੇਰੇ ਸਿਰ ਧਰਾਂ।
ਰੱਬ ਭਾਗ ਲਾਵੇ, ਦੁੱਖ ਨਾ ਦਿਖਾਵੇ, ਬੰਨਿਆ ਵੇ ਬੰਨੜੀ ਹੂਰ ਦਿਆ,
ਸੁਣ ਰਾਹੀਆ ਵੇ ਦੂਰ ਦਿਆ…..



