ਕੀ ਐਸ.ਸੀ ਵਰਗ ਦੇ ਮਾਸਟਰ ਅੰਗਰੇਜੀ ਤੇ ਗਣਿਤ ਦੇ ਲੈਕਚਰਾਰ ਬਨਣ ਦੇ ਯੋਗ ਨਹੀਂ?

(ਸਮਾਜ ਵੀਕਲੀ) ਸਕੂਲ ਸਿੱਖਿਆ ਵਿਭਾਗ ਪੰਜਾਬ ਨੂੰ ਅਕਸਰ ਮੁਰਲੀ ਮਹਿਕਮੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।ਕਿਉਂ ਜੋ ਵਿਭਾਗ ਅਧਿਆਪਕਾਂ ਦੀਆਂ ਭਰਤੀਆਂ, ਬਦਲੀਆਂ ਅਤੇ ਤਰੱਕੀਆਂ ਨੂੰ ਨਿਰਪੱਖ ਢੰਗ ਨਾਲ ਸਿਰੇ ਚੜਾਉਣ ਵਿੱਚ ਹਮੇਸ਼ਾ ਹੀ ਅਸਮਰਥ ਰਿਹਾ ਹੈ । ਸ਼ਾਇਦ ਇਹੀ ਕਾਰਨ ਹੈ ਕਿ ਵਿਭਾਗ ਅਦਾਲਤੀ   ਕੇਸਾਂ ਦੀਆਂ ਉਲਝਣਾ ਵਿੱਚ ਮਸ਼ਰੂਫ ਹੈ Iਪਿਛਲੇ ਦਿਨੀ ਸਿੱਖਿਆ ਵਿਭਾਗ ਵੱਲੋਂ ਮਾਸਟਰਾਂ ਦੀਆਂ ਬਤੌਰ ਲੈਕਚਰਾਰ ਵੱਖ ਵੱਖ ਵਿਸ਼ਿਆਂ ਵਿੱਚ ਤਰੱਕੀਆਂ ਦੌਰਾਨ ਕਈ ਤਰ੍ਹਾਂ ਦੇ ਹਾਸੋਹੀਣੇ ਤੱਥ ਹੀ ਸਾਹਮਣੇ ਨਹੀਂ ਆਏ ਬਲਕਿ ਅਨੁਸੂਚਿਤ ਜਾਤੀ ਦੇ ਅਧਿਆਪਕਾਂ ਨਾਲ ਪੱਖਪਾਤੀ  ਰਵੱਈਏ ਨੂੰ ਵੀ ਉਜਾਗਰ ਕੀਤਾ ਗਿਆ I ਵਿਭਾਗ ਨੇ ਵੱਖ-ਵੱਖ ਵਿਸ਼ਿਆਂ ਦੀਆਂ ਤਰੱਕੀਆਂ ਕੀਤੀਆਂ ਜਿਵੇਂ ਪੰਜਾਬੀ ਵਿਸ਼ੇ ਦੇ 381 ਅਧਿਆਪਕਾਂ ਨੂੰ ਬਤੌਰ ਲੈਕਚਰਾਰ ਪਦਉਨਤ ਕੀਤਾ ਜਿਨਾਂ ਵਿੱਚ ਲਗਭਗ 138 ਅਨੁਸੂਚਿਤ ਜਾਤਾਂ ਨਾਲ, ਰਾਜਨੀਤੀ ਸ਼ਾਸਤਰ ਵਿਸ਼ੇ ਦੀਆਂ 262 ਤਰੱਕੀਆਂ ਵਿੱਚ ਲਗਭਗ 88, ਇਤਿਹਾਸ ਵਿਸ਼ੇ ਦੀਆਂ 350 ਤਰੱਕੀਆਂ ਵਿੱਚੋਂ ਲਗਭਗ 62 ਅਨੁਸੂਚਿਤ ਜਾਤੀ ਦੇ ਮਾਸਟਰਾਂ ਨੂੰ ਪਦ ਉਨਤ ਕਰਕੇ ਲੈਕਚਰਾਰ ਬਣਾਇਆ ਗਿਆ ।
ਇੱਥੇ ਇਹ ਵਰਣਨ ਯੋਗ ਹੈ ਕਿ ਲਾਜਮੀ  ਵਿਸ਼ੇ ਅੰਗਰੇਜ਼ੀ ਜਿਸ ਦੀਆਂ 301 ਤਰੱਕੀਆਂ ਵਿੱਚੋਂ ਐਸ.ਸੀ ਵਰਗ ਦੇ ਕੇਵਲ 7 ਅਧਿਆਪਕਾਂ ਨੂੰ ਪਦ ਉਨਤ ਕੀਤਾ ਜਿਨਾਂ ਵਿੱਚ ਇਸੇ ਕੈਟਾਗਰੀ ਦੇ ਕੁਝ ਅਧਿਆਪਕ ਅੰਗਹੀਣ ਕੈਟਾਗਰੀ ਵਿੱਚ ਵੀ ਸ਼ਾਮਿਲ ਹਨ । ਇਸੇ ਪ੍ਰਕਾਰ ਗਣਿਤ ਵਿਸ਼ੇ ਦੀਆਂ 300 ਤਰੱਕੀਆਂ ਵਿੱਚੋਂ ਕੇਵਲ 2 ਅਨੁਸੂਚਿਤ ਜਾਤੀ ਦੇ ਮਾਸਟਰਾਂ ਨੂੰ ਪਦ ਉਨਤ ਕਰਕੇ ਲੈਕਚਰਾਰ ਬਣਾਇਆ ਗਿਆ ।ਵਿਭਾਗ ਦੇ ਇਹਨਾਂ ਹੁਕਮਾਂ ਪ੍ਰਤੀ ਅਨੁਸੂਚਿਤ ਜਾਤੀ ਵਰਗਾਂ ਦੇ ਅਧਿਆਪਕਾਂ ਵਿੱਚ ਭਾਰੀ ਰੋਸ ਹੈ ਅਤੇ  ਵਿਭਾਗੀ ਹੁਕਮਾਂ ਤੋਂ ਇਹ ਜਾਹਰ ਹੁੰਦਾ ਹੈ ਕਿ ਅਨੁਸੂਚਿਤ ਜਾਤੀ ਵਰਗਾਂ ਦੇ ਅਧਿਆਪਕ ਅੰਗਰੇਜ਼ੀ ਅਤੇ ਗਣਿਤ ਵਿਸ਼ੇ ਨੂੰ ਪੜ੍ਹਾਉਣ ਦੇ ਸਮਰੱਥ ਨਹੀਂ ਹਨ ।
ਕਿਸੇ ਵੀ ਪ੍ਰਕਾਰ ਦੇ ਰੋਸਟਰ ਨੁਕਤੇ ਗਣਿਤ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਲਾਗੂ ਹੁੰਦੇ ਵਿਖਾਈ ਨਹੀਂ ਦਿੰਦੇ ।
ਅਧਿਆਪਕ ਆਗੂ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਨੇ ਸਰਕਾਰ ਵੱਲੋਂ ਬਦਲਾਅ ਲਿਆਉਣ ਦੇ ਦਾਅਵਿਆਂ ਨੂੰ ਫੋਕਾ ਗਰਦਾਨਿਆ ਤੇ ਆਖਿਆ ਕਿ ਸੱਤਾ ਵਿੱਚ ਆਉਣ ਵੇਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਭਾਗਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਡਾਕਟਰ ਅੰਬੇਡਕਰ ਦੀਆਂ ਫੋਟੋਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਸਨ ਪਰੰਤੂ ਅਸਲੀਅਤ ਵਿੱਚ  ਫੋਟੋਆਂ ਵਿਖਾ ਕੇ ਹੀ ਲੋਕਾਂ ਨੂੰ ਖੁਸ਼ ਕੀਤਾ ਜਾ ਰਿਹਾ ਹੈ ਜਦ ਕਿ ਅਮਲੀ ਰੂਪ ਵਿੱਚ ਸੰਵਿਧਾਨਕ ਰਿਜ਼ਰਵੇਸ਼ਨ ਵਿਰੋਧੀ ਫੈਸਲੇ ਦਿੱਤੇ ਜਾ ਰਹੇ ਹਨ I
 ਕੀ ਅੰਗਰੇਜ਼ੀ ਅਤੇ ਗਣਿਤ ਵਿਸ਼ੇ ਵਿੱਚ ਕੋਈ ਐਸਸੀ ਵਰਗ ਦਾ ਅਧਿਆਪਕ ਸਿੱਖਿਆ  ਵਿਭਾਗ ਨੂੰ ਯੋਗ ਹੀ ਨਹੀਂ ਜਾਪਿਆ । ਵੈਸੇ ਅੰਗਰੇਜ਼ੀ ਵਿਸ਼ੇ ਵਿੱਚ ਬਹੁ ਗਿਣਤੀ ਉਹਨਾਂ ਅਧਿਆਪਕਾਂ ਨੂੰ ਤਰੱਕੀ ਦਿੱਤੀ ਹੈ ਜਿਨਾਂ ਨੇ ਕਦੇ ਅੰਗਰੇਜ਼ੀ ਪੜ੍ਹਾਈ ਹੀ ਨਹੀਂ ਉਹ ਸਾਇੰਸ ਗਣਿਤ ਜਾਂ ਦੂਜੇ ਵਿਸ਼ਿਆਂ ਨਾਲ ਸੰਬੰਧਿਤ ਹਨ ।ਅੰਗਰੇਜ਼ੀਵਰਗੇ ਅਹਿਮ ਵਿਸ਼ੇ ਨਾਲ ਉਹੀ ਅਧਿਆਪਕ ਨਿਆ ਕਰ ਸਕਦੇ ਹਨ ਜਿਨਾਂ ਨੇ ਗਰੈਜੂਏਸ਼ਨ ਪੱਧਰ ਉੱਤੇ ਅੰਗਰੇਜ਼ੀ ਨੂੰ ਚੋਣਵੇਂ ਵਿਸ਼ੇ ਦੇ ਰੂਪ ਵਿੱਚ ਅਤੇ ਬੀਐਡ ਦੌਰਾਨ ਟੀਚਿੰਗ ਆਫ ਇੰਗਲਿਸ਼ ਨੂੰ ਪੜ੍ਹਿਆ ਹੋਵੇ ਇਹ ਸਾਰੇ ਕੰਮ ਸਿੱਖਿਆ ਵਿਭਾਗ ਅਤੇ ਸਰਕਾਰ ਦੇ ਦਮਗਜ਼ਿਆਂ ਦੀ ਫੂਕ ਕੱਢ ਰਹੇ ਹਨ । ਦੂਜੇ ਪਾਸੇ ਸਮਾਜਿਕ ਭਲਾਈ ਅਤੇ ਨਿਆ ਮੰਤਰੀ ਬੀਬੀ ਬਲਜੀਤ ਕੌਰ ਦਾਅਵੇ ਕਰ ਰਹੀ ਹੈ ਕਿ ਵੱਖ-ਵੱਖ ਵਿਭਾਗਾਂ ਵਿੱਚ ਅਨੁਸੂਚਿਤ ਤੇ ਪਛੜੀਆਂ ਸ਼੍ਰੇਣੀਆਂ ਦੇ ਮੁਲਾਜ਼ਮਾਂ ਦੇ ਬੈਕਲੌਗ ਦੀਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ । ਜਥੇਬੰਦੀਆਂ ਦੇ ਆਗੂਆਂ ਨੂੰ ਉੱਚ ਅਧਿਕਾਰੀ ਕੋਈ ਹੱਥ ਪੱਲਾ ਨਹੀਂ ਫੜਾ ਰਹੇ ਅਤੇ ਇਸ ਮਸਲੇ ਨੂੰ ਠੰਡਾ ਕਰਨ ਵਾਸਤੇ  ਲਾਰੇ ਲੱਪੇ ਦੀ ਨੀਤੀ ਅਪਣਾ ਰਹੇ ਹਨ l
ਆਗੂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਕਿ ਜੇਕਰ ਇਸੇ ਪ੍ਰਕਾਰ ਸਰਕਾਰ ਦੀਆਂ ਨੀਤੀਆਂ ਆਮ ਆਦਮੀ ਦੇ ਮੁੱਦਿਆਂ ਤੋਂ ਦੂਰ ਜਾਣਗੀਆਂ ਤਾਂ ਆਉਣ ਵਾਲੇ ਸਮੇਂ ਦੌਰਾਨ ਲੋਕ ਰੋਹ  ਅੱਗੇ ਸਰਕਾਰ ਬੇਵੱਸ ਹੋਵੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article‘ਧੱਮ ਚੱਕਰ ਪ੍ਰਵਰਤਨ ਦਿਵਸ’ ਸਮਾਗਮ ‘ਚ ਡਾ. ਐਚ. ਐਲ. ਵਿਰਦੀ ਲੰਡਨ ਹੋਣਗੇ ਮੁੱਖ ਮਹਿਮਾਨ
Next article“ਨਾਂ”, “ਭਾ ਜੀ” ਅਤੇ ਊੜੇ ਨੂੰ ਹੋੜੇ ਦੀ ਮਾਤਰਾ ਵਾਲੇ ਸ਼ਬਦ