ਦਿੱਲੀ ਦੂਰ ਐ ਤੇ ਕੈਨੇਡਾ ਨੇੜੇ
ਬੁੱਧ ਸਿੰਘ ਨੀਲੋਂ
ਇਹ ਕੇਹੀ ਤ੍ਰਾਸਦੀ ਹੈ ਕਿ ਪੰਜਾਬ ਵਾਲਿਆਂ ਨੂੰ ਦਿੱਲੀ ਦੂਰ ਤੇ ਕਨੈਡਾ ਨੇੜੇ ਹੈ। ਕੈਨੇਡਾ ਨਾਲ ਐਨੀ ਮੁਹੱਬਤ ਕਿਉਂ ਪਈ, ਇਹ ਵੀ ਸੋਚਣ ਵਾਲੀ ਗੱਲ ਹੈ। ਇਸ ਨੇੜਤਾ ਵਾਰੇ ਸੋਚੇ ਕੌਣ ? ਸੋਚਣ ਵਾਲੇ ਤਾਂ ਸਿਰਫ਼ ਚਿੰਤਾ ਕਰਦੇ ਹਨ ਤੇ ਕਰਵਾਉਂਦੇ ਹਨ। ਕੈਨੇਡਾ ਦਾ ਹਰ ਸ਼ਹਿਰ ਤੂਤਾਂ ਵਾਲਾ ਖੂਹ ਵਰਗਾ ਬਣਿਆ ਹੋਇਆ ਹੈ। ਜਿਥੇ ਦਿਨੇ ਜਾ ਕੇ ਰਾਤ ਪਈ ਉਤੇ ਪਰਤ ਆਉਂਦੇ ਸੀ। ਹੁਣ ਕੇਨੈਡਾ, ਪੰਜਾਬ ਦੇ ਹੱਡਾਂ ਵਿੱਚ ਵਸ ਗਿਆ ਤੇ ਜੜ੍ਹਾਂ ਵੱਢ ਰਿਹਾ ਹੈ। ਪੰਜਾਬ ਦਾ ਕੀ ਕੀ ਨਹੀਂ ਵੱਢਿਆ ਜਾ ਰਿਹਾ ਹੈ, ਇਸ ਦੀ ਕੋਈ ਗਿਣਤੀ ਨਹੀਂ। ਇਸ ਵਕਤ ਕੋਈ ਵੀ ਗਿਣਤੀ ਤੇ ਮਿਣਤੀ ਦੇ ਚੱਕਰ ਵਿੱਚ ਨਹੀਂ ਪੈਂਦਾ। ਉਹ ਕੈਨੇਡਾ, ਅਮਰੀਕਾ ਅਤੇ ਯੂਰਪੀਨ ਦੇਸ਼ਾਂ ਵਿੱਚ ਜਾਣ ਲਈ ਜ਼ਿੰਦਗੀ ਦਾਅ ਉੱਤੇ ਲਾ ਦੇਂਦਾ ਹੈ। ਵਿਦੇਸ਼ਾਂ ਦੇ ਸੁਨਹਿਰੀ ਸੁਪਨਿਆਂ ਨੇ ਪੰਜਾਬ ਦੇ ਲੋਕਾਂ ਦੀ ਮੱਤ ਮਾਰ ਦਿੱਤੀ ਹੈ। ਵਿਦੇਸ਼ਾਂ ਵਿੱਚ ਜਾਣ ਦੇ ਚੱਕਰ ਵਿੱਚ ਪਤਾ ਨਹੀਂ ਕਿੰਨੇ ਕੁੱਝ ਪੰਜਾਬ ਦੇ ਲੋਕਾਂ ਦਾ ਗੁਆਚ ਗਿਆ ਹੈ। ਇਸ ਵਿੱਚ ਬਿਰਧ ਮਾਪੇ, ਜ਼ਮੀਨ ਜਾਇਦਾਦ ਤੇ ਨੌਜਵਾਨ ਪੀੜ੍ਹੀ ਗੁੰਮ ਹੋ ਗਈ ਹੈ। ਦਿੱਲੀ ਦੇ ਤਖ਼ਤ ਨੇ ਪੰਜਾਬ ਅੰਦਰ ਅਜਿਹਾ ਡਰ ਬੀਜਿਆ ਤੇ ਨੌਜਵਾਨ ਪੀੜ੍ਹੀ ਡਰ ਨਾਲ ਦੌੜਣ ਲੱਗੀ। ਕਦੇ ਪੰਜਾਬ ਹਰ ਖੇਤਰ ਵਿੱਚ ਮੋਹਰੀ ਹੁੰਦਾ ਸੀ, ਹੁਣ ਹਰ ਪਾਸੇ ਫਾਡੀ ਹੋ ਗਿਆ ਹੈ। ਪਹਿਲਾਂ ਖ਼ਾਕੀ ਵਰਦੀ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਸ਼ਿਕਾਰ ਕੀਤਾ। ਹੁਣ ਪੰਜਾਬੀ ਖੁਦ ਨਸ਼ਿਆਂ ਦੇ ਸ਼ਿਕਾਰੀ ਬਣ ਕੇ ਸਿਵਿਆਂ ਵੱਲ ਨੂੰ ਤੁਰ ਪਏ ਹਨ। ਨਸ਼ਿਆਂ ਦੇ ਵਪਾਰੀ ਪਿੰਡ ਪਿੰਡ ਤੇ ਘਰ ਬਣ ਗਏ। ਵੇਚਣ ਤੇ ਖਰੀਦਣ ਵਾਲੇ ਪੰਜਾਬੀ। ਮਰਨ ਤੇ ਫੂਕਣ ਵਾਲੇ ਪੰਜਾਬੀ। ਇਹਨਾਂ ਨੂੰ ਐਨੇ ਨਿਰਮੋਹੇ ਕੌਣ ਬਣਾ ਗਿਆ ਹੈ। ਪੰਜਾਬੀਆਂ ਦੇ ਸੁਭਾਅ ਨੂੰ ਕੌਣ ਬਦਲ ਗਿਆ ਹੈ। ਉਸਨੂੰ ਖੁਦ ਵੀ ਪਤਾ ਨਹੀਂ ਲੱਗਿਆ। ਪੰਜਾਬ ਕਦੇ ਖੇਤੀਬਾੜੀ ਪ੍ਰਧਾਨ ਸੂਬਾ ਸੀ, ਹੁਣ ਨਾਮ ਦਾ ਹੀ ਰਹਿ ਗਿਆ। ਇੱਕ ਸਾਜ਼ਿਸ਼ ਅਧੀਨ ਪੰਜਾਬ ਦੇ ਵਿੱਚ ਮੁਫ਼ਤ ਦੀਆਂ ਰੋਟੀਆਂ ਤੇ ਸਬਸਿਡੀਆਂ ਦੇਣ ਦਾ ਫੈਸਲਾ ਕੀਤਾ। ਇਹ ਪਸ਼ੂ, ਪੰਛੀ ਜਾਨਵਰ, ਮਨੁੱਖ, ਸੜਕਾਂ ਦੁਆਲੇ ਦੀਆਂ ਵੱਟਾਂ, ਆਪਣਿਆਂ ਦੀਆਂ ਲੱਤਾਂ ਵੱਢਣ ਲਈ ਤਿਆਰ ਨਹੀਂ ਸਗੋਂ ਇਹ ਸ਼ੁੱਭ ਕੰਮ ਪੰਜਾਬੀ ਕਰਦੇ ਹਨ। ਪੰਜਾਬ ਵਿੱਚ ਇਸ ਸਮੇਂ ਪੰਚਾਇਤੀ ਚੋਣਾਂ ਦਾ ਦੰਗਲ ਚੱਲ ਰਿਹਾ ਹੈ। ਲੋਕ ਪੰਚਾਇਤ ਉਤੇ ਕਾਬਜ਼ ਹੋਣ ਲਈ ਹਰ ਹਰਬਾ ਵਰਤ ਰਹੇ ਹਨ। ਲੋਕ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲੱਗੇ ਹਨ। ਪਿੰਡਾਂ ਵਿੱਚ ਭਾਈਚਾਰਕ ਸਾਂਝ ਖੰਭ ਲਾ ਕੇ ਉੱਡ ਗਈ ਹੈ। ਲੋਕਾਂ ਵਿੱਚ ਐਨੀ ਗਰਮੀ ਵਧੀ ਹੈ, ਹਰ ਕੋਈ ਬੰਦੂਕ ਬਣਿਆ ਫਿਰਦਾ ਹੈ। ਕੁੱਝ ਪਿੰਡਾਂ ਵਿੱਚ ਧੜੇਬੰਦੀਆਂ ਕਾਰਨ ਗੋਲੀਆਂ ਚਲਾਈਆਂ ਗਈਆਂ ਹਨ। ਜ਼ੀਰਾ ਦੇ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਉਪਰ ਗੋਲੀਆਂ ਚਲਾ ਦਿੱਤੀਆਂ ਹਨ। ਕੁੱਝ ਪਿੰਡਾਂ ਸਰਪੰਚੀ ਦੀ ਬੋਲੀ ਲੱਗੀ ਹੈ, ਜਿਹੜੀ ਸੰਵਿਧਾਨ ਦੀ ਉਲੰਘਣਾ ਹੈ। ਮੁੱਲ ਦੀ ਸਰਪੰਚੀ ਖਰੀਦਣ ਲਈ ਜ਼ੋਰ ਲਾਇਆ ਜਾ ਰਿਹਾ ਹੈ। ਜਗਤ ਪੁਰ ਪਿੰਡ ਵਿੱਚ ਪਰਵਾਸੀ ਨੂੰ ਬਹਾਲ ਦਿੱਤਾ ਹੈ। ਉਥੇ ਜੱਦੀ ਪੁਸ਼ਤੀ ਰਹਿਣ ਵਾਲੇ ਘੱਟ ਗਿਣਤੀ ਵਿੱਚ ਪੁਜ ਗਏ ਹਨ। ਪੰਜਾਬੀ ਵਿਦੇਸ਼ਾਂ ਨੂੰ ਚਲੇ ਗਏ ਤੇ ਇਥੇ ਪ੍ਰਵਾਸੀ ਆ ਵਸੇ। ਪੰਜਾਬ ਦੇ ਧਾਰਾ 371 ਦੀ ਮੰਗ ਕਰਨ ਲੱਗੇ ਹਨ। ਜਿਹੜੀ ਹੋਰਨਾਂ ਸੂਬਿਆਂ ਵਿੱਚ ਲੱਗੀ ਹੋਈ ਹੈ, ਪੰਜਾਬੀ ਕਿਸੇ ਹੋਰ ਰਾਜ ਵਿੱਚ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦਾ ਜਦਕਿ ਪੰਜਾਬ ਵਿੱਚ ਹਰ ਪ੍ਰਵਾਸੀ ਨੂੰ ਖੁੱਲ੍ਹ ਹੈ। ਪੰਜਾਬ ਗੁਰੂਆਂ, ਪੀਰਾਂ ਤੇ ਫ਼ਕੀਰਾਂ ਦੀ ਕਰਮਭੂਮੀ ਸੀ ਪਰ ਹੁਣ ਇੱਥੇ ਹਰ ਤਰ੍ਹਾਂ ਦਾ ਮਾਫੀਆ ਕਾਬਜ਼ ਹੋ ਗਿਆ ਹੈ। ਖੇਤੀਬਾੜੀ ਦੀ ਜ਼ਮੀਨ ਘੱਟ ਰਹੀ ਹੈ ਤੇ ਕਾਲੋਨੀਆਂ ਬਣ ਰਹੀਆਂ ਹਨ, ਜਿਹਨਾਂ ਨੂੰ ਸਰਕਾਰ ਰੈਗੂਲਰ ਕਰਨ ਰਹੀ ਹੈ। ਪੰਜਾਬ ਸਰਕਾਰ ਨੇ ਪਿਛਲੇ ਦਿਨੀ ਇਹ ਕਾਨੂੰਨ ਬਣਾਇਆ ਹੈ, ਕਾਲੋਨੀ ਅਣਅਧਿਕਾਰਤ ਹੈ ਤੇ ਪਲਾਟ ਲੀਗਲ ਹੈ। ਇਸ ਨੇ ਪੰਜਾਬ ਦੇ ਲੋਕਾਂ ਲਈ ਨਵੀਂ ਸਿਰਦਰਦੀ ਛੇੜ ਦਿੱਤੀ ਹੈ। ਪੰਜਾਬ ਸਰਕਾਰ ਹੀ ਆਮ ਲੋਕਾਂ ਦੀ ਦੁਸ਼ਮਣ ਬਣ ਗਈ ਹੈ। ਕੀ ਬਣੇਗਾ ਪੰਜਾਬ ਦਾ ਤੇ ਇਥੇ ਵਸਦੇ ਲੋਕਾਂ ਦੇ ਜੀਵਨ ਦਾ?
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly