ਖੰਨਾ(ਸਮਾਜ ਵੀਕਲੀ) : ਪੁਲੀਸ ਨੇ ਕੇਐੱਲਐੱਫ਼ ਵੱਲੋਂ ਚਲਾਏ ਜਾ ਰਹੇ ‘ਟਾਰਗੇਟ ਕਿਲਿੰਗ’ ਗੈਂਗ ਦਾ ਪਰਦਾਫਾਸ਼ ਕਰ ਦਿੱਤਾ। ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਥਾਣੇਦਾਰ ਅਕਾਸ਼ ਦੱਤ ਨੇ ਪੁਲੀਸ ਪਾਰਟੀ ਸਮੇਤ ਪ੍ਰਿਸਟਾਈਨ ਮਾਲ ਜੀਟੀ ਰੋਡ ’ਤੇ ਨਾਕੇ ਦੌਰਾਨ ਕਾਰ ਪੀਬੀ 01ਏਐਸ-6845 ਨੂੰ ਰੋਕਿਆ ਤਾਂ ਉਸ ਵਿਚ ਸਵਾਰ ਤਿੰਨ ਵਿਅਕਤੀਆਂ ਵਿਚੋਂ ਇਕ ਨੇ ਪੁਲੀਸ ’ਤੇ ਫਾਇਰ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ।
ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਕੀਰਤਪੁਰ ਸਾਹਿਬ, ਗੌਰਵ ਜੈਨ ਉਰਫ਼ ਮਿੰਕੂ ਵਾਸੀ ਕਾਲਿਆਵਾਲਾ (ਸਿਰਸਾ) ਵਜੋਂ ਹੋਈ ਅਤੇ ਉਨ੍ਹਾਂ ਨੇ ਆਪਣੇ ਤੀਜੇ ਸਾਥੀ ਦਾ ਨਾਂ ਜਸਪ੍ਰੀਤ ਸਿੰਘ ਉਰਫ਼ ਨੂਪੀ ਵਾਸੀ ਕੀਰਤਪੁਰ ਸਾਹਿਬ ਦੱਸਿਆ। ਉਸ ਨੂੰ ਪੁਲੀਸ ਨੇ ਸੂਆ ਪੁੱਲੀ ਮਾਜਰੀ ਨੇੜਿਓ ਇਕ ਹੋਰ ਸਾਥੀ ਪ੍ਰਸ਼ਾਂਤ ਸਿਲੇਲਾਲ ਉਰਫ਼ ਕਬੀਰ ਵਾਸੀ ਚੰਡੀਗੜ੍ਹ ਸਮੇਤ ਗ੍ਰਿਫ਼ਤਾਰ ਕੀਤਾ। ਇਨ੍ਹਾਂ ਪਾਸੋਂ 2 ਪਿਸਟਲ 32 ਬੋਰ, 4 ਮੈਗਜ਼ੀਨ, 2 ਕਾਰਤੂਸ ਤੇ ਦੇਸੀ ਪਿਸਟਲ ਬਰਾਮਦ ਕੀਤਾ। ਸ੍ਰੀ ਗਰੇਵਾਲ ਨੇ ਦੱਸਿਆ ਕਿ ਪਤਾ ਲੱਗਾ ਕਿ ਵਾਰਦਾਤ ਲਈ ਵਰਤੀ ਕਾਰ ’ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਹੈ, ਜਿਸ ਨੂੰ ਜ਼ੀਰਕਪੁਰ ਤੋਂ ਖੋਹਿਆ ਸੀ।
ਜਸਪ੍ਰੀਤ ਸਿੰਘ ਨੇ ਮੰਨਿਆ ਕਿ ਉਹ ਪਟਿਆਲ ਜੇਲ੍ਹ ਵਿਚ ਬੰਦ ਸੀ ਅਤੇ ਉਥੋਂ ਆਪਣੇ ਸਾਥੀਆਂ ਸ਼ੇਰ ਸਿੰਘ ਅਤੇ ਇੰਦਰਜੀਤ ਸਿੰਘ ਉਰਫ਼ ਧਿਆਨਾ ਨਾਲ 28 ਅਪਰੈਲ 2021 ਨੂੰ ਫ਼ਰਾਰ ਹੋਇਆ ਸੀ। ਉਸ ਨੇ ਹਥਿਆਰਾਂ ਨਾਲ ਕਾਰ ਖੋਹੀ ਅਤੇ ਖਰੜ ਵਿਖੇ ਪੈਟਰੋਲ ਪੰਪ ’ਤੇ 50 ਹਜ਼ਾਰ ਰੁਪਏ ਦੀ ਲੁੱਟ ਕੀਤੀ। ਇਸ ਦੌਰਾਨ ਉਸ ਦੀ ਕੇਐੱਲਐੱਫ (ਜਰਮਨੀ) ਨਾਲ ਸਬੰਧ ਸਥਾਪਤ ਹੋ ਗਏ, ਜਿਸ ਨੇ ਉਸ ਨੂੰ ਆਰਥਿਕ ਤੌਰ ’ਤੇ ਮਦਦ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਟਾਰਗੇਟ ਕਿਲਿੰਗ ਲਈ ਤਿਆਰ ਕਰ ਲਿਆ। ਇਸ ਉਪਰੰਤ ਮੁਲਜ਼ਮ ਨੇ ਪੰਜਾਬ ਦੇ ਕਈ ਸੰਵੇਦਨਸ਼ੀਲ ਵਿਅਕਤੀਆਂ ਦੀ ਰੇਕੀ ਵੀ ਕੀਤੀ ਅਤੇ ਇਸ ਸੰਗਠਨ ਨੇ ਇਸ ਨੂੰ 3 ਹਥਿਆਰ ਰੂਦਰਪੁਰ (ਉਤਰਾਖੰਡ) ਵਿਚ ਮੁਹੱਈਆ ਕਰਵਾਏ। ਇਸ ਸਬੰਧੀ ਵੈਸਟਰਨ ਯੂਨੀਅਨ ਤੇ ਪੇਟੀਐੱਮ ਰਾਹੀਂ ਫਡਿੰਗ ਵੀ ਹੋਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly