HOME ਖਾਲਸਾ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਇ 

ਖਾਲਸਾ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਇ 

5

ਡਾ.  ਸਤਿੰਦਰ ਪਾਲ ਸਿੰਘ 

ਡਾ. ਸਤਿੰਦਰ ਪਾਲ ਸਿੰਘ

  (ਸਮਾਜ ਵੀਕਲੀ)   ਸੰਨ ੧੬੯੯  ਦੀ ਵਿਸਾਖੀ ਦੇ ਦਿਨ ਆਨੰਦਪੁਰ ਸਾਹਿਬ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਸਿਫਤੀ ਦੇ ਘਰ ਦੀ ਕਲਪਨਾ ਨੂੰ ਸਾਕਾਰ ਕਰਦੇ ਹੋਏ ਉੱਚੇ ਸੁੱਚੇ ਆਦਰਸ਼ਾਂ ਵਾਲਾ ਮਨੁੱਖੀ ਸਮਾਜ ਸਿਰਜਿਆ ਸੀ ਜਿਸ ਵਿੱਚ ਦਾਖਿਲ ਹੋਣ ਦੀ ਯੋਗਤਾ ਸੀ ਸੰਤ ਸਿਪਾਹੀ ਹੋਣਾ। ਦੇਸ਼ ਕਾਲ ਦੇ ਵਿਗੜੇ ਹੋਏ ਹਾਲਾਤ ਨੇ ਆਤਮ  ਹੀਨਤਾ ਦਾ ਜੋ ਵਿਆਪਕ ਵਾਤਾਵਰਨ ਬਣਾ ਦਿੱਤਾ ਸੀ ਉਹ ਬੇਬਸ ‘ਤੇ ਘੋਰ ਨਿਰਾਸ਼ ਕਰ ਰਿਹਾ ਸੀ। ਇਸ ਤੋਂ ਬਾਹਰ ਨਿਕਲਣ ਲਈ  ਅਧਿਆਤਮਕ , ਸਮਾਜਕ ਹੀ ਨਹੀਂ ਰਾਜਸੀ ਪੱਧਰ ਤੇ ਇੱਕ ਪ੍ਰਬਲ ‘ਤੇ ਸੰਗਠਿਤ ਹੰਮਲੇ ਦੀ ਲੋੜ ਸੀ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਰਾਹੀਂ ਰੱਬੀ ਤਾਕਤ ਨੂੰ ਪ੍ਰਗਟ ਕੀਤਾ।  ਖਾਲਸਾ ਇੱਕ ਸੰਕਲਪ ਸੀ ਜੋ ਪਰਮਾਤਮਾ ਅੱਗੇ ਬਲ ਦੀ ਅਰਦਾਸ ਕਰਦਾ  ਨਿਮਾਣਾ ਜਾਚਕ ਤੇ ਪਰਮਾਤਮਾ ਤੋਂ ਵੇਮੁਖਾਂ ਦੀ ਰਾਹ ਵਿੱਚ ਪਰਬਤ ਬਣ  ਕੇ ਖੜਾ ਹੋਇਆ ਜੋਧਾ ਸੀ।ਲੱਖਾਂ ਹੀ ਲੋਗ ਕਮਜ਼ੋਰ , ਅਨਾਥ , ਦੁਖੀਏ , ਜਾਬਰਾਂ ਦੇ ਹੇਠ ਮਿੱਧੇ ਹੋਏ ‘ਤੇ ਮਿੱਧੇ ਜਾ ਰਹੇ ਨਿਤਾਣੇ , ਨਿਮਾਣੇ , ਨਿਆਸਰੇ ਰੁੱਲ ਰਹੇ ਸਨ। ਖਾਲਸਾ ਦਾ ਜਨਮ ਉਨ੍ਹਾਂ ਦਾ ਆਸਰਾ ਬਣਨ ਤੇ ਜੀਵਨ ਬਦਲਣ ਲਈ ਹੋਇਆ ਸੀ। ਖਾਲਸਾ ਦਾ ਜ਼ੋਰ ਕਿਸੇ ਨੂੰ ਡਰਾਉਣ ਲਈ ਨਹੀਂ ਪਰ ਜਾਬਰ  ਤੋਂ ਡਰਨ ਲਈ ਵੀ ਨਹੀਂ ਸੀ। ਖਾਲਸਾ ਦਾ ਨਿਸ਼ਚਾ ਜਬਰ ਨਾ ਹੋਣ ਦੇਣ ਦਾ ਸੀ। ਖਾਲਸਾ ਦੀ ਸਫਲਤਾ ਸੱਚ ਤੇ ਧਰਮ ਦਾ ਜੀਵਨ , ਸੱਚ ਆਚਰਣ ‘ਤੇ ਪਰੋਪਕਾਰ ਕਰਨ ਵਿੱਚ ਸੀ। ਪਰਮਾਤਮਾ ਅੱਗੇ ਖਾਲਸਾ  ਦਾ ਸਮਰਪਣ ਆਪਣੇ ਜੀਵਨ ਨੂੰ ਪਰਮਾਤਮਾ ਦੇ ਅਨੁਕੂਲ ਕਰ ਦੇਣਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਲੋਹੇ ਦੇ ਬਾਟੇ ਵਿੱਚ ਜਲ ਤੋਂ ਅੰਮ੍ਰਿਤ ਤਿਆਰ ਕਰ ਖਾਲਸਾ ਨੂੰ ਮਾਣਸ ਤੋਂ ਦੇਵਤਾ ਬਣਾਉਣ ਦਾ ਨਿਰਾਲਾ  ਕੌਤਕ ਵਰਤਾਇਆ ਜੋ ਮਨੁੱਖਤਾ ਤੇ ਮਹਾਨ ਉਪਕਾਰ ਸੀ। ਗੁਰੂ ਸਾਹਿਬ ਦਾ ਖਾਲਸਾ  ਸਿਫਤਾਂ ਦਾ ਘਰ ਬਣਿਆ।  ਉਹ ਧਰਮ ਤੇ ਦ੍ਰਿੜ੍ਹ ਰਹਿਣ ਵਾਲਾ  ਨਿਰਭਉ ਸਿਪਾਹੀ ਸੀ , ਪਰਮਾਤਮਾ ਦੀ ਭਗਤੀ ਵਿੱਚ ਰਮਿਆ ਹੋਇਆ ਨਿਰਵੈਰ ਸਾਧਕ ਸੀ। ਖਾਲਸਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵੱਖ ਪਛਾਣ ਬਖਸ਼ੀ। ਇਹ ਵੱਖ ਪਛਾਣ ਸਵਰੂਪ ਦੇ ਨਾਲ ਹੀ ਸੋਚ ਦੀ , ਜੀਵਨ ਜਾਚ  ਦੀ ‘ਤੇ ਧਾਰਮਕ , ਸਮਾਜਕ ਆਚਾਰ , ਵਿਵਹਾਰ ਦੀ ਵੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਨੂੰ ਆਪਣੇ ਜਿਹਾ ਹੀ ਬਣਾਇਆ “ ਗੁਰਸਿਖਾਂ  ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ” । ਗੁਰੂ ਰਾਮਦਾਸ ਜੀ ਦੇ ਵਚਨ ਨੂੰ ਹਕੀਕਤ ਰੂਪ ਦਿੰਦੇ ਹੋਏ ਦਸਮ ਪਿਤਾ ਆਪ ਖਾਲਸਾ ਵਿੱਚ ਵਰਤੈ , ਆਪਣੇ ਸਾਰੇ ਗੁਣ ਖਾਲਸਾ ਵਿੱਚ ਬੀਜੇ। ਖਾਲਸਾ ਨੂੰ ਆਪਣੇ ਜਿਹਾ ਹੀ ਧੀਰ ਗੰਭੀਰ , ਧਰਮ ਲਈ ਸੰਕਲਪਬੱਧ , ਰਹਿਤਵੰਤ ਬਣਾਇਆ ਜਿਸ ਦਾ ਕਾਰਜ ਗੁਰੂ ਸਾਹਿਬ ਨੇ ਨੇ ਸਾਲ ਦੀ ਆਯੂ ਵਿੱਚ ਗੁਰਗੱਦੀ ਤੇ ਵਿਰਾਜਮਾਨ ਹੁੰਦੀਆਂ ਹੀ ਆਰੰਭ ਕਰ ਦਿੱਤਾ ਸੀ। ਖਾਲਸਾ ਧਾਰਮਕ , ਅਧਿਆਤਮਕ ਗਿਆਨ ਵਿੱਚ ਪ੍ਰਵੀਨ , ਅਸਤਰ ਸ਼ਸਤਰ ਵਿਦਿਆ ਵਿੱਚ ਮਾਹਿਰ , ਸਮਾਜਕ , ਆਰਥਕ ਜਿੰਮੇਵਾਰੀ ਪ੍ਰਤੀ ਸੁਚੇਤ  ਪਰਮਾਤਮਾ ਭਗਤੀ ਵਿੱਚ ਰਮਿਆ ਹੋਇਆ ਇੱਕ ਅਜਿਹਾ ਮਨੁੱਖੀ ਕਿਰਦਾਰ ਸੀ ਜਿਸ ਦੀ ਰਾਹ ਵਿੱਚ ਕਿਸੇ ਵੀ ਵਿਘਨ ਦਾ ਟਿਕ ਸਕਣਾ ਅਸੰਭਵ ਸੀ ” ਨਿਸਚੈ ਕਰ ਅਪਨੀ ਜੀਤ ਕਰੋਂ “ ।   

ਸੰਸਾਰ ਅੰਦਰ ਬਹੁਤ ਸਾਰੇ ਲੋਗ ਹੋਏ ਜੋ ਨਿਰਭੈ ਸਨ , ਜਿਨ੍ਹਾਂ  ਅੰਦਰ  ਜਿੱਤ ਦਾ ਜਜਬਾ ਸੀ ਪਰ ਸੁਭ ਕਰਮਾਂ ਲਈ ਜਿੱਤ ਪ੍ਰਾਪਤ ਕਰਨ ਦਾ ਸੰਕਲਪ ਕੇਵਲ ਖਾਲਸਾ ਅੰਦਰ ਹੀ ਪੈਦਾ ਹੋਇਆ। ਕਿਉਂਕਿ ਉਹ ਗੁਰੂ ਦਾ ਸਮਰਪਿਤ ਸਿੱਖ ਸੀ ਜਿਸ ਦੀ ਪਹਿਲੀ ‘ਤੇ ਅੰਤਮ ਇੱਛਾ ਪਰਮਾਤਮਾ ਭਗਤੀ ਵਿੱਚ ਲੀਨ ਰਹਿਣਾ ਸੀ “ ਅਰੁ ਸਿੱਖ ਹੋ ਅਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ “ । ਪਰਮਾਤਮਾ ਵਿੱਚ ਸਦਾ ਲਿਵ ਲੱਗੀ ਰਹਿਣ  ਦੀ ਭਾਵਨਾ  ਨੇ ਖਾਲਸਾ ਨੂੰ ਆਤਮ ਵਿਸ਼ਵਾਸ ਨਾਲ ਭਰਪੂਰ ਕਰ ਦਿੱਤਾ। ਉਸ ਦਾ ਭਰੋਸਾ ਸਦਾ ਲਈ ਪਰਮਾਤਮਾ ਤੇ ਟਿਕ ਗਿਆ। ਇਹ ਜਾਚ ਗੁਰੂ ਗੋਬਿੰਦ ਸਿੰਘ ਸਾਹਿਬ ਸਿਖਾਈ ਜਦੋਂ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਉਨ੍ਹਾਂ ਪਰਮਾਤਮਾ  ਦਾ ਹੁਕਮ ਮੰਨ ਕੇ ਸਹਿਜ ਭਾਵ ਨਾਲ ਸਵੀਕਾਰ ਕੀਤਾ , ਚਾਰੋ ਸਾਹਿਬਜਾਦੇ ਧਰਮ ਹਿੱਤ ਵਾਰ ਕੇ ਵਚਨ ਕੀਤਾ “ ਕਮਾਲਿ ਕਰਾਮਾਤ ਕਾਯਮ ਕਰੀਮ , ਰਜ਼ਾ ਬਖ਼ਸ਼ ਰਾਜ਼ਕ ਰਿਹਾਕੋ ਰਹੀਮ ” । ਸੰਸਾਰ ਵਿੱਚ ਦੂਜਾ ਕੋਈ ਵੀ ਹੁੰਦਾ ਵਿਪਦਾ ਆਉਣ ਤੇ ਡੋਲ ਜਾਂਦਾ , ਨਿਰਾਸ਼ ਹੋ ਜਾਂਦਾ ਪਰ ਆਪਣੇ ਨਗਰ ਆਨੰਦਪੁਰ ਸਾਹਿਬ ਦੇ ਵਿਛੋੜੇ ,ਚਾਰੋ ਸਾਹਿਬਜਾਦਿਆਂ ਦੀ ਸ਼ਹੀਦੀ , ਮਾਤਾ ਗੁਜਰੀ ਜੀ ਦੀ ਸ਼ਹੀਦੀ , ਪਰਿਵਾਰ , ਸਿੱਖਾਂ ਦੇ ਖਿੰਡਰ ਜਾਣ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਤਮਾ ਦੀ ਸ਼ਕਤੀਆਂ ਤੇ ਭਰੋਸਾ ਰੱਖਦੇ ਹੋਏ ਉਸ ਵਿੱਚ ਬਖਸ਼ੰਦ , ਆਨੰਦ ਦਾਤਾ , ਅੰਨਦਾਤਾ , ‘ਤੇ ਬੰਦੀਛੋੜ ਕ੍ਰਿਪਾਲੁ ਦਾ ਅਕਸ ਵੇਖਿਆ ਸੀ। ਅੰਮ੍ਰਿਤ ਪਾਨ ਤੋਂ ਬਾਅਦ ਸੱਜੇ ਖਾਲਸਾ ਵਿੱਚ ਵੀ ਇਹ ਗੁਣ ਵਿਕਸਿਤ ਹੋਣ ਲੱਗ ਪਏ ਸਨ। ਆਨੰਦਪੁਰ ਸਾਹਿਬ ਵਿੱਚ ਚਾਰ ਸਾਲ ਨਿਰੰਤਰ ਚੱਲੀਆਂ ਜੰਗਾਂ , ਸੀਮਤ ਹਥਿਆਰਾਂ , ਪਦਾਰਥਾਂ , ਗਿਣਤੀ ਦੇ ਬਾਵਜੂਦ ਸਿੱਖ ਪੂਰੇ ਹੌਸਲੇ ਨਾਲ ਜੂਝਦੇ ਰਹੇ , ਔਂਕੜਾਂ ਦਾ ਸਾਹਮਣਾ ਦਿਲੇਰੀ ਨਾਲ ਕਰਦੇ ਰਹੇ ‘’ਤੇ ਵੈਰੀ ਨੂੰ ਨੇੜੇ ਵੀ ਨਾ ਆਉਣ ਦਿੱਤਾ। ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਅਚਨਚੇਤ ਹੋਏ ਹੰਮਲੇ ਦਾ ਮੂੰਹ ਤੋੜ ਜਵਾਬ ਦਿੱਤਾ , ਸਰਸਾ ਦੇ ਹੜ ਵਿੱਚ ਵੀ ਉਤਰ ਗਏ , ਚਾਲੀਹ ਸਿੱਖ ਬਚੇ ਫਿਰ ਵੀ ਚਮਕੌਰ ਦੀ ਜੰਗ ਵਿੱਚ ਦੱਸ ਲੱਖ ਦੀ ਵੈਰੀ ਫੌਜ ਨੂੰ ਪੂਰਾ ਦਿਨ ਪੁਰਜ਼ੋਰ ਟਾਕਰਾ  ਦਿੰਦੇ ਹੋਏ ਅਜਿੱਤ ਰਹੇ ਸਨ । ਇਹ ਪਰਮਾਤਮਾ ਤੇ ਅਡੋਲ ਟੇਕ , ਉਸ ਟੇਕ ਤੋਂ ਪੈਦਾ ਹੋਈ ਸ਼ੁਭ ਕਰਮਾਂ ਲਈ ਜਿੱਤ ਦੀ ਆਸ ਤੇ ਨਿਸ਼ਚਾ ਹੀ ਸੀ। ਖਾਲਸਾ ਦੀ ਇਹ ਰਿਵਾਇਤ ਬਣਦੀ ਗਈ ਹੈ। ਹਰ ਕਾਰਜ ਆਰੰਭ ਕਰਨ ਤੋਂ ਪਹਿਲਾਂ ਵਾਹਿਗੁਰੂ , ਅਕਾਲ ਪੁਰਖ ਅੱਗੇ ਅਰਦਾਸ ਕਰ ਹੁਕਮ ਲੈਣਾ ਸਿੱਖ ਦੇ ਕਾਰਜ ਨੂੰ  ਮਰਿਆਦਾ ਵਿੱਚ ਬੰਨ ਦਿੰਦਾ ਹੈ।  ਅਰਦਾਸ ਕੀਤਾ ਸਿੱਖ ਦਾ ਹਰ ਕਾਰਜ ਧਰਮ ਦਾ ਕਾਰਜ  ਹੋ ਜਾਂਦਾ ਹੈ।  ਉਹ ਸਚਿਆਰ , ਸ਼ੁਭ ਕਰਮ ਬਣ ਜਾਂਦਾ ਹੈ “ ਏਕੋ ਧਰਮੁ ਦ੍ਰਿੜੈ ਸਚੁ ਕੋਈ ” । ਸੱਚ ਧਾਰਨ ਕਰਨਾ , ਸੱਚ ਤੇ ਚੱਲਣਾ , ਸੱਚ ਲਈ ਖੜੇ ਹੋਣਾ ਹੀ ਖਾਲਸਾ ਦਾ ਧਰਮ ਹੈ।  ਸੱਚ ਹਰ ਯੁਗ ਵਿੱਚ ਜਿੱਤਦਾ ਆਇਆ ਹੈ।  ਵਰਤਮਾਨ ਯੁਗ ਵਿੱਚ ਸਿੱਖ – ਖਾਲਸਾ ਸੱਚ ਦਾ ਪ੍ਰਮੁੱਖ ਧਾਰਕ ਬਣ ਕੇ ਉਭਰਿਆ ਹੈ। ਗੁਰੂ ਕਾਲ ਤੋਂ ਬਾਅਦ ਵੀ ਸਿੱਖਾਂ ਦੇ ਰਾਜ ਆਏ ਤੇ ਗਏ , ਸਿੱਖਾਂ ਦੀ ਅਬਾਦੀ ਨੂੰ ਹੀ ਮਿਟਾਉਣ ਦੇ ਜਤਨ ਹੋਏ , ਭਿੰਨ ਭਿੰਨ ਪਾਬੰਦੀਆਂ ਲਾ ਕੇ ਉਨ੍ਹਾਂ ਦਾ ਧਾਰਮਿਕ ਵਿਸ਼ਵਾਸ ਹੀ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ , ਸਿੱਖਾਂ ਦੀ ਆਸਥਾ ਦੇ ਸੱਭ ਤੋਂ ਵੱਡੇ ਕੇਂਦਰ ਨੂੰ ਵਾਰ ਵਾਰ ਢਾਇਆ ਗਿਆ ਪਰ ਸਿੱਖ ਨੇ ਨਾ ਕਦੇ ਆਪਣੀ ਆਸ ਛੱਡੀ ਨਾ ਹੀ , ਨਿਰਾਸ਼ ਹੋ ਕੇ ਸਥਿਤੀਆਂ ਨਾਲ ਸਮਝੌਤਾ ਕੀਤਾ ਕਿਉਂਕਿ ਉਸ ਨੇ ਕਦੇ ਪਰਮਾਤਮਾ ਤੇ ਕਦੇ ਭਰੋਸਾ ਨਹੀਂ ਛੱਡਿਆ। ਅਰਦਾਸ ਨੂੰ ਖਾਲਸਾ ਨੇ ਆਪਣਾ ਧਾਰਮਿਕ ਹੀ ਨਹੀਂ , ਸਮਾਜਿਕ ਸਭਿਆਚਾਰ ਵੀ ਬਣਾ ਲਿਆ ‘ਤੇ ਸਦਾ ਉਸ ਤੋਂ ਤਾਕਤ ਪ੍ਰਾਪਤ ਕਰ ਆਪਣੇ ਅੰਤਰ ਬਲ ਨੂੰ ਮਜਬੂਤੀ ਪ੍ਰਦਾਨ ਕੀਤੀ ਹੈ “ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ” । ਗੁਰੂ ਤੇਗ ਬਹਾਦਰ ਸਾਹਿਬ ਦੀ ਉਚਾਰੀ  ਇਹ ਪੰਕਤੀ ਪਰਮਾਤਮਾ ਤੇ ਭਰੋਸੇ ਦਾ ਸ਼ਿਖਰ ਹੈ। ਪੂਰਾ ਸੰਸਾਰ ਸਿੱਖਾਂ ਦੀ ਸੰਕਲਪ ਸ਼ਕਤੀ ਨੂੰ ਵੇਖ ਕੇ ਅਚੰਭਿਤ ਰਹਿ ਜਾਂਦਾ ਹੈ ਪਰ ਦਰਅਸਲ ਉਹ ਸੰਕਲਪ ਸ਼ਕਤੀ ਪਰਮਾਤਮਾ ਦੇ ਸਦਾ ਅੰਗ ਸੰਗ ਹੋਣ ਕਾਰਨ ਆਕਾਰ ਲੈਂਦੀ ਹੈ। ਪਰਮਾਤਮਾ ਦੇ ਸਦਾ ਅੰਗ ਸੰਗ ਹੋਣ ਦੀ ਪ੍ਰਤੀਤ ਖਾਲਸਾ ਨੂੰ ਕਦੇ ਬੇ ਆਸ ਨਹੀਂ ਹੋਣ ਦਿੰਦੀ, ਕਦੇ ਸ਼ੁਭ ਕਰਮਾਂ ਤੋਂ ਡਿੱਗਣ ਨਹੀਂ ਦਿੰਦੀ । ਜਦੋਂ ਪੂਰਾ ਹਿੰਦੁਸਤਾਨ ਅਹਿਮਦ ਸ਼ਾਹ ਅਬਦਾਲੀ ਦੀ ਤਾਕਤ ਤੋਂ ਕੰਬ ਰਿਹਾ ਸੀ , ਸਹਿਮ ਕੇ ਆਤਮ ਸਮਰਪਣ ਕਰ ਚੁਕਿਆ ਸੀ , ਖਾਲਸਾ ਨੇ ਹੀ ਉਸ ਦੀ ਰਾਹ ਵਿੱਚ ਚੱਟਾਨ ਵਾਂਗੂੰ ਖੜੇ ਹੋ ਕੇ ਦੇਸ਼ ਦੀ ਪਤਿ ਬਚਾਈ ਸੀ। ਅਬਦਾਲੀ ਦੇ ਦੰਦ ਇੰਨੇ ਖੱਟੇ ਕੀਤੇ ਕਿ ਉਸ ਨੇ ਮੁੜ ਹਿੰਦੁਸਤਾਨ ਆਉਣ ਦੀ ਕਸਮ ਖਾ ਲਈ ਸੀ। ਖਾਲਸਾ ਦੇ ਕਾਰਜ ਦੀ ਸੱਚਾਈ ਨੇ ਉਸ ਨੂੰ ਅਜਿੱਤ ਬਣਾਇਆ ਹੈ “ ਸਚਹੁ ਓਰੈ ਸਭੁ ਕੋ ਊਪਰਿ ਸਚੁ ਆਚਾਰੁ “ । ਗੁਰੂ ਗੋਬਿੰਦ ਸਿੰਘ ਜੀ ਜਾਣਦੇ ਸਨ ਕਿ ਸੱਚ ਹੀ  ਪਰਮਾਤਮਾ ਨਾਲ ਜੋੜੇ ਰੱਖਣ ਵਾਲੀ ਖਾਲਸਾ ਦੀ ਤਾਕਤ ਹੈ ਇਸ ਕਾਰਨ ਹੀ ਉਨ੍ਹਾਂ ਜੀਵਨ ਰਹਿਤ , ਆਚਾਰ ਨੂੰ  ਕੇਂਦਰ ਵਿੱਚ ਰੱਖ ਕੇ ਹੀ ਖਾਲਸਾ ਸਾਜਿਆ ਸੀ ਤੇ ਜੋ ਉਸ ਜੋਗ ਸਨ ਉਨ੍ਹਾਂ ਨੂੰ ਹੀ ਅੰਮ੍ਰਿਤ ਪਾਨ ਕਰਾਇਆ ਸੀ  ” ਮੈ ਬਧੀ ਸਚੁ ਧਰਮ ਸਾਲ ਹੈ ਗੁਰਸਿਖਾ ਲਹਦਾ ਭਾਲਿ ਕੈ “ । ਰਹਿਤ ਤੋਂ ਵੇਮੁਖ , ਆਚਾਰ ਤੋਂ ਵਿਹੀਨ ਖਾਲਸਾ ਗੁਰੂ ਸਾਹਿਬ ਨੂੰ ਪ੍ਰਤੀਤ ਵਿੱਚ ਵੀ ਪ੍ਰਵਾਨ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਜੀਵਨ ਰਹਿਤ ਮਰਿਆਦਾ ਦੀ ਪਰਿਭਾਸ਼ਾ ਹੈ। ਇਹ ਰਹਿਤ ਪਰਮਾਤਮਾ ਪ੍ਰਤੀ ਅਡੋਲ ਵਿਸ਼ਵਾਸ ‘ਤੇ ਆਸ ਤੋਂ ਹੀ ਆਰੰਭ ਉਪਜੀ ਸੀ। ਮਰਿਆਦਾ ਵਿੱਚ ਬੰਨ ਕੇ ਲਾਏ ਗਏ ਸਾਰੇ ਮੋਰਚੇ ਸਫਲ ਹੋਏ ਹਨ। ਸੰਸਾਰ ਵਿੱਚ ਸੱਭ ਤੋਂ ਲੰਮਾ ਚੱਲਣ ਵਾਲਾ ਜੈਤੋ ਦਾ ਮੋਰਚਾ ਅਰਦਾਸ ‘ਤੇ ਵਿਸ਼ਵਾਸ ਦੇ ਭਰੋਸੇ ਤੇ ਜਿੱਤ ਕੇ ਸਿੱਖਾਂ ਨੇ ਪੂਰੀ  ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। 

ਪਰਮਾਤਮਾ ਨਾਲ ਅਟੁੱਟ ਜੁੜ ਕੇ ਖਾਲਸਾ ਅੰਦਰ ਆਨੰਦ ਦੀ ਅਵਸਥਾ ਦਾ ਸਿਰਜਣ ਹੋਇਆ। ਇਸ ਨੂੰ ਚੜ੍ਹਦੀਕਲਾ ਵੀ ਕਿਹਾ ਜਾਂਦਾ ਹੈ ਕਿਉਂਕਿ ਪਰਮਾਤਮਾ ਨਾਲ ਅਟੁੱਟ ਸੰਬੰਧ ਸਦੀਵੀ ਆਸ  ਦਾ ਕਾਰਨ ਬਣਿਆ । ਗੁਰਸਿੱਖ ਦਾ ਜੀਵਨ ਆਨੰਦ ਦਾ ਜੀਵਨ ਹੈ। ਉਹ ਜੰਗਲਾਂ , ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਰਿਹਾ। ਘੋੜੇਆਂ ਦੀਆਂ ਕਾਠੀਆਂ ਤੇ ਸੁੱਤਾ , ਕਈ ਕਈ ਦਿਨ ਭੁੱਖਾ , ਤ੍ਰਿਹਾਇਆ ਰਿਹਾ ਤਾਂ ਵੀ ਆਨੰਦ ਵਿੱਚ ਸੀ ਤੇ ਖੋਤਿਆਂ , ਗੱਡਿਆਂ ਤੇ ਟੈਕਸ ਲਾ ਕੇ ਆਪਣੀ ਹੋਂਦ ਨੂੰ ਪ੍ਰਗਟ ਕੀਤਾ। ਜਿਸ ਨੇ ਇੱਕ ਨੂੰ ਸਵਾ ਲੱਖ , ਕੱਟੇ ਨੂੰ ਹਾਥੀ , ਹਰੇ ਛੋਲਿਆਂ ਨੂੰ ਸਾਊਗੀ , ਗੱਡੇ ਨੂੰ ਜਹਾਜ ‘ਤੇ ਟਿੰਡੇ ਨੂੰ ਲੱਡੂ ਕਹਿਣਾ ਸਿਖ ਲਿਆ ਹੋਵੇ ਉਸ ਦੇ ਜੀਵਨ ਵਿੱਚ ਆਨੰਦ ਦਾ ਕਿੰਨਾ ਪ੍ਰਵਾਹ ਹੋਵੇਗਾ ਇਸ ਨੂੰ ਸਹਿਜ ਹੀ ਸਹਿਜ ਹੀ ਸਮਝਿਆ ਜਾ ਸਕਦਾ ਹੈ। ਸਿੱਖ ਦੇ ਆਨੰਦ ਦਾ ਸ੍ਰੋਤ ਗੁਰੂ , ਗੁਰ ਸ਼ਬਦ ਹੈ  “ ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ” । ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਖਾਲਸਾਈ ਤਾਕਤ ਨੂੰ ਇੱਕ ਤੋਂ ਬਾਅਦ ਇੱਕ ਵੱਡਿਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ , ਕਦੇ ਨਾ ਪੂਰੀ ਹੋਣ ਵਾਲੀ ਘਾਟ ਸਹਿਣ ਕਰਨੀ ਪਈ ਪਰ ਪਰਮਾਤਮਾ ‘ਤੇ ਭਰੋਸੇ ਨੇ ਛੇਤੀ ਹੀ ਇੱਕ ਵਾਰ ਫਿਰ ਖਾਲਸਾ ਦੀ ਚੜ੍ਹਦੀਕਲਾ ਪ੍ਰਗਟ ਕਰ ਦਿੱਤੀ।  ਲੱਖੀ ਜੰਗਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸੱਜੇ ਦਰਬਾਰ ਦੀ ਸ਼ੋਭਾ ਆਨੰਦਪੁਰ ਵਰਗੀ ਹੀ ਜਾਪਣ ਲੱਗ ਪਈ। ਖਾਲਸਾ ਫੌਜ ਮੁੜ ਸੰਗਠਿਤ ਹੋਈ ਤੇ ਮੁਕਤਸਰ ਦੀ ਜੰਗ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਦਸਮ ਪਿਤਾ ਦਾ ਦਮਦਮਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਪ੍ਰਦਾਨ ਕਰਨਾ , ਧਰਮ ਪ੍ਰਚਾਰ ਦਾ ਕਾਰਜ ਆਰੰਭ ਕੀਤਾ ਜਾਣਾ ਸਿੱਖਾਂ ਦੀ ਚੜ੍ਹਦੀਕਲਾ ਦੀ  ਵੀ ਗਵਾਹੀ ਦਿੰਦਾ ਹੈ। ਸ੍ਰੀ ਹਜੂਰ ਸਾਹਿਬ , ਨਾਂਦੇੜ ਵਿੱਚ ਗੁਰੂ ਸਾਹਿਬ ਨੇ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਨੂੰ ਅੰਮ੍ਰਿਤ ਪਾਨ ਕਰਾ ਕੇ ਸਿੰਘ ਬਣਾਇਆ ਸੀ। ਪੂਰਾ ਸਿੱਖ ਇਤਿਹਾਸ ਜੰਗਾਂ , ਸੰਘਰਸ਼ਾਂ , ਮੋਰਚਿਆਂ, ਸ਼ਹੀਦੀਆਂ ‘ਤੇ ਜਬਰ ਜ਼ੁਲਮ ਨਾਲ ਲਗਾਤਾਰ ਟਾਕਰੇ ਦਾ ਇਤਿਹਾਸ ਹੈ ਪਰ ਸਿੱਖ ਕਦੇ ਵੀ ਗੁਰੂ , ਗੁਰ ਸ਼ਬਦ ਤੋਂ ਦੂਰ ਨਹੀਂ  ਹੋਏ। ਜੋ ਵਰਤਿਆ ਉਸ ਤੇ ਸੋਗ ਮਨਾਉਣ ਦੀ ਥਾਂ ਵਰਤ ਚੁਕੇ ਨੂੰ ਉਲਟਣ , ਇਤਿਹਾਸ ਦਾ ਨਵਾਂ ਅਧਿਆਇ ਲਿੱਖਣ ਦਾ ਹੀ ਜਤਨ ਹੋਇਆ ਹੈ। ਸਿੱਖ  ਦੇ ਮਨ ਅੰਦਰ ਵੱਸਿਆ ਗੁਰੂ , ਪਰਮਾਤਮਾ ਉਸ ਨੂੰ ਸਦਾ ਆਨੰਦ ਵਿੱਚ ਰੱਖਦਾ ਆਇਆ ਹੈ “ ਅਨਦ ਬਿਨੋਦ ਪੇਖਿ ਪ੍ਰਭ ਦਰਸਨ ਮਨਿ ਮੰਗਲ ਗੁਨ ਗਾਵਤ “ । ਆਦਿ ਤੋਂ ਹੀ ਪਰਮਾਤਮਾ ਸ੍ਰਿਸ਼ਟੀ ਦਾ ਸਿਰਜਣ , ਪ੍ਰਤਿਪਾਲਨ ਕਰਦਾ ਆ ਰਿਹਾ ਹੈ। ਉਸ ਦਾ ਵਿਧਾਨ ਨਾ ਰੁੱਕਣ , ਨਾ ਥੱਕਣ , ਨਾ ਬਦਲਣ , ਨਾ ਮੱਠਾ  ਪੈਣ ਵਾਲਾ ਵਿਧਾਨ ਹੈ। ਪਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਇਆ ਗੁਰਸਿੱਖ ਵੀ ਗੁਰੂ ਦੀ ਸਿਖਿਆ ਤੋਂ ਨਾ ਟਲਣ ਵਾਲਾ , ਨਾ ਭਟਕਣ ਵਾਲਾ , ਨਾ ਅਵੇਸਲਾ ਹੋਣ ਵਾਲਾ ਸੰਤ ਹੈ। ਇਸ ਤੇ ਉਹ ਸਿਪਾਹੀ ਵਾਂਗੂੰ ਪਹਿਰਾ ਦਿੰਦਾ ਹੈ ਤਾਂ ਹੀ ਉਸ ਦੇ ਮਨ ਅੰਦਰ ਦਾ ਅਨੰਦ ਸਦਾ ਬਣਿਆ ਰਹਿੰਦਾ ਹੈ। 

ਖ਼ਾਲਸਾ ਦੀ ਚੇਤਨਾ , ਉਸ ਦਾ ਬਲ ਧਰਮ ‘ਤੇ ਲੋੜਵੰਦ ਲਈ ਹੈ। ਖਾਲਸਾ ਦਾ ਧਰਮ ਸਰਬ ਕਲਿਆਣ , ਸਰਬ ਹਿੱਤ ਦਾ ਧਰਮ ਹੈ। ਸਰਬਤ ਦੇ ਭਲੇ ਵਿੱਚ ਉਹ ਆਪਣਾ ਭਲਾ ਵੇਖਦਾ ਹੈ । ਦੀਨ ਦੇ ਦੁੱਖ ਨੂੰ ਆਪਣਾ ਦੁੱਖ ਮੰਨ ਕੇ ਦੂਰ ਕਰਨਾ ਆਪਣਾ ਧਰਮ ਸਮਝਦਾ ਹੈ “ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।।  ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।। “ । ਦੀਨ ਦੀ ਰੱਖਿਆ ਖਾਲਸਾ ਦੀ  ਪ੍ਰਤੀਬੱਧਤਾ ਹੈ। ਇਸ ਹਿੱਤ  ਉਹ ਹਰ ਕੁਰਬਾਨੀ , ਤਿਆਗ ਲਈ ਤਿਆਰ ਰਹਿੰਦਾ ਹੈ , ਕਿਸੇ ਵੀ ਹਾਲ ਵਿੱਚ ਪਿੱਛੇ ਨਹੀਂ ਹੱਟਦਾ। ਗੁਰੂ ਕੇ ਲੰਗਰ ਇਸ ਦਾ ਪ੍ਰਤੱਖ ਪ੍ਰਮਾਣ ਹਨ ਜੋ ਬਿਨਾ ਵਿਤਕਰੇ ਸਾਰੀਆਂ ਲਈ ਖੁੱਲੇ ਰਹਿੰਦੇ ਹਨ। ਇਹ ਭਾਵਨਾ ਪੂਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲੀ ਹੈ। ਗੁਰੂ ਨਾਨਕ ਸਾਹਿਬ ਨੂੰ ਜਗਤ ਗੁਰੂ ਦੀ ਉਪਮਾ ਦਿੱਤੀ ਗਈ ਹੈ , ਗੁਰਸਿੱਖ ਸਾਰੇ ਸੰਸਾਰ ਦੇ ਦੁੱਖ , ਸੁੱਖ  ਨਾਲ ਆਪਣੇ ਆਪ ਨੂੰ ਜੋੜਦਾ ਹੈ “ ਪਰਦੇਸੀ ਸਿੰਘਨ ਜਬ ਦੇਖੈ।  ਇਨ ਕੀ ਸੇਵ ਕਰੈ ਬਿਸੇਖੈ। “ ।  ਖਾਲਸਾ ਦੀ ਇੱਕ ਖਾਸ ਰਹਿਤ ਜੋ ਉਸ ਨੂੰ ਖਾਸ ਬਣਾਉਣ ਵਾਲੀ ਹੈ ਕਿ ਉਹ ਕਦੇ ਵੀ ਕਿਸੇ ਦੀ ਭਾਵਨਾ ਦਾ ਨਿਰਾਦਰ ਨਹੀਂ ਕਰਦਾ “ ਜਗਤ ਮਾਹਿ ਪੰਥ ਹੈਂ ਜੇਤੇ।  ਕਬ ਹੀ ਨਿੰਦਹਿ ਨਾਹੀ ਤੇਤੇ। ” । 

ਖਾਲਸਾ ਸਿਫ਼ਤੀਆਂ ਦਾ ਮਨੁੱਖੀ ਸਮਾਜ ਹੈ। ਉਹ ਸਿਫ਼ਤੀਆਂ ਜਿਨ੍ਹਾਂ ਦੀ ਬਖਸ਼ਿਸ਼ ਪਰਮਾਤਮਾ ਆਪਣੇ ਗੁਣਾਂ ਦੇ ਸਾਗਰ ਤੋਂ ਕਰਦਾ ਹੈ।  ਸਿਫ਼ਤੀਆਂ ਕਾਇਮ ਹਨ ਤਾਂ ਹੀ ਖਾਲਸਾਈ ਹੈ। ਖਾਲਸਾਈ ਚੇਤਨਾ  ਉਨ੍ਹਾਂ ਗੁਣਾਂ , ਸਿਫਤਾਂ ਦੀ ਠੀਕ ਉਸ ਤਰਹ ਦੀ ਪਹਿਰੇਦਾਰੀ ਹੈ ਜੋ ਪਰਮਾਤਮਾ ਨੂੰ ਭਾਉਂਦੀ ਹੈ।  ਖਾਲਸਾ ਜਗਤ ਅੰਦਰ ਪਰਮਾਤਮਾ ਦੇ ਗੁਣਾਂ ਦੀ ਪਹਿਰੇਦਾਰੀ ਪਰਮਾਤਮਾ ਦਾ ਖਾਸ ਦੂਤ ਬਣ ਕੇ ਕਰਦਾ ਹੈ। 

ਡਾ. ਸਤਿੰਦਰ ਪਾਲ ਸਿੰਘ  ਈ – 1716 , ਰਾਜਾਜੀਪੁਰਮ ਲਖਨਊ – 226017  ਈ ਮੇਲ – [email protected] 

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਗੜ੍ਹੇਮਾਰੀ ਤੇ ਮੀਂਹ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਅਕਾਲੀ ਦਲ ਆਇਆ ਅੱਗੇ, ਕਿਹਾ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗਾ
Next articleਐਡੀਸ਼ਨਲ ਐੱਸ ਐੱਚ ਓ ਕੁਲਵਿੰਦਰ ਰਾਮ ਪਦ ਉਨਤ ਹੋ ਕੇ ਬਣੇ ਇੰਸਪੈਕਟਰ