ਖੈੜਾ ਬ੍ਰਦਰਜ਼ (ਯੂ ਕੇ) ਵਾਲਿਆਂ ਦਾ ਪਿੰਡ ਦੇ ਵਿਕਾਸ ਲਈ ਯੋਗਦਾਨ ਇਤਿਹਾਸਕ – ਰਾਣਾ
ਕਪੂਰਥਲਾ, (ਸਮਾਜ ਵੀਕਲੀ ) ( ਕੌੜਾ ) – ਵੈਲਾਇਤੀਆਂ ਦੇ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਖੈੜਾ ਦੋਨਾ ਵਿਖੇ ਖੈੜਾ ਬ੍ਰਦਰਜ਼ (ਯੂ ਕੇ) ਵਲੋਂ ਮਾਤਾ ਪ੍ਰੀਤਮ ਕੌਰ ਖੈੜਾ ਅਤੇ ਪਿਤਾ ਮਾਨ ਸਿੰਘ ਖੈੜਾ ਦੀ ਮਿੱਠੀ ਯਾਦ ਨੂੰ ਸਮਰਪਿਤ 58ਵਾਂ ਅੱਖਾਂ ਦਾ ਮੁਫ਼ਤ ਕੈਂਪ ਅਰੋੜਾ ਹਸਪਤਾਲ ਜਲੰਧਰ ਦੀ ਦੇਖ ਰੇਖ ਹੇਠ ਲਗਾਇਆ ਗਿਆ। ਇਸ ਕੈਂਪ ਦਾ ਰਸਮੀਂ ਉਦਘਾਟਨ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬਤੌਰ ਮੁੱਖ ਮਹਿਮਾਨ ਕੀਤਾ। ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਯੂਕੇ ਤੋਂ ਸਵਰਨ ਸਿੰਘ ਖੈੜਾ , ਸੁਖਜਿੰਦਰ ਸਿੰਘ ਉਰਫ ਜਿੰਦੀ ਖੈੜਾ, ਬੀਬੀ ਰਛਪਾਲ ਕੌਰ ਮਾਲੜੀ, ਟੇਕ ਸਿੰਘ ਖੈੜਾ ਤੋਂ ਇਲਾਵਾ ਪੰਡਿਤ ਨਰੇਸ਼ ਸੂਜੋਕਾਲੀਆ , ਸਰਪੰਚ ਰਾਜਵੀਰ ਕੌਰ, ਸਾਬਕਾ ਸਰਪੰਚ ਬਲਵਿੰਦਰ ਸਿੰਘ ਖਾਲਸਾ , ਸਾਬਕਾ ਸਰਪੰਚ ਤੇਜਵਿੰਦਰ ਸਿੰਘ ਸਾਹਬੀ ਖੈੜਾ, ਨੰਬਰਦਾਰ ਕਮਲਜੀਤ ਸਿੰਘ ਖੈੜਾ, ਸਟੇਟ ਐਵਾਰਡੀ ਰੌਸ਼ਨ ਖੈੜਾ , ਕੌਮਾਂਤਰੀ ਕਬੱਡੀ ਖਿਡਾਰੀ ਦੇਵ ਖੈੜਾ, ਸਰਪੰਚ ਜਗਦੀਪ ਵੰਝ, ਚੇਅਰਮੈਨ ਹਰਜੀਤ ਸਿੰਘ ਖੈੜਾ , ਬਾਬਾ ਮੀਆਂ ਲਹਿਣਾ ਸ਼ਾਹ ਭਲਾਈ ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ ਖੈੜਾ, ਕਿਸਾਨ ਆਗੂ ਸਤਨਾਮ ਸਿੰਘ ਸੋਢੀ ਖੈੜਾ ਆਦਿ ਨੇ ਕੀਤੀ। ਇਸ ਮੌਕੇ ਕੈਂਪ ਕਨਵੀਨਰ ਰਮੇਸ਼ ਖੈੜਾ ਮੰਚ ਸੰਚਾਲਨ ਕਰਦਿਆਂ ਜਿੱਥੇ ਕੈਂਪ ਦੇ ਅਤੀਤ ਦੀਆਂ ਪ੍ਰਾਪਤੀਆਂ ਅਤੇ ਭਵਿਖੀ ਯੋਜਨਾਵਾਂ ਦਾ ਵਰਨਣ ਕੀਤਾ ਉੱਥੇ ਸਟੇਟ ਐਵਾਰਡੀ ਰੌਸ਼ਨ ਖੈੜਾ ਨੇ ਦਸਿਆ ਕਿ ਖੈੜਾ ਬ੍ਰਦਰਜ਼ ਵਲੋਂ ਹੁਣ ਤੱਕ ਸੱਤ ਹਜ਼ਾਰ ਤੋਂ ਵੱਧ ਲੋਕਾਂ ਦੀਆਂ ਅੱਖਾਂ ਆਪ੍ਰੇਸ਼ਨ ਕਰਵਾ ਕੇ ਦੁਨੀਆਂ ਦੇਖਣ ਜੋਗੇ ਕਰਨ ਦੀ ਸੇਵਾ ਨਿਭਾਈ ਗਈ ਹੈ, ਉਨ੍ਹਾਂ ਦੱਸਿਆ ਕਿ ਖੈੜਾ ਬ੍ਰਦਰਜ਼ ਵਲੋਂ ਕੁੰਦਨ ਸਿੰਘ ਖੈੜਾ ਸਾਬਕਾ ਜਨਰਲ ਸਕੱਤਰ ਇੰਗਲੈਂਡ ਕੱਬਡੀ ਫੈਡਰੇਸ਼ਨ ਦੀ ਅਗਵਾਈ ਵਿੱਚ ਪਿੰਡ ਦੇ ਸਹਿਯੋਗ ਨਾਲ ਵੱਡੇ ਇਤਿਹਾਸਕ ਖੇਡ ਮੇਲੇ, ਜਰਨੈਲ ਸਿੰਘ ਬਹੁਮੰਤਵੀ ਸਟੇਡੀਅਮ, ਪਿੰਡ ਦੇ ਸੀਵਰੇਜ, ਸ਼ਮਸ਼ਾਨ ਘਾਟ, ਮੌਰਚਰੀ ਕੈਬਨਿਟ , ਸਰਕਾਰੀ ਸਕੂਲਾਂ ਦੀਆਂ ਇਮਾਰਤਾਂ , ਗਰੀਬ ਲੜਕੀਆਂ ਦੇ ਵਿਆਹ ਮੌਕੇ ਸ਼ਗਨ ਅਤੇ ਆਸ਼ਰਿਤਾਂ ਲਈ ਵਿਸ਼ੇਸ਼ ਪੈਨਸ਼ਨਾ ਲਾਗੂ ਕਰਕੇ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਸਿਰਜਦੀ ਪਿਰਤ ਪਾਈ ਹੈ । ਸੁਖਜਿੰਦਰ ਸਿੰਘ ਉਰਫ ਜਿੰਦੀ ਖੈੜਾ ਨੇ ਇਸ ਕੈਂਪ ਨੂੰ ਸਫਲ ਬਨਾਉਣ ਲਈ ਗ੍ਰਾਮ ਪੰਚਾਇਤ , ਪ੍ਰਬੰਧਕ ਕਮੇਟੀ ਅਤੇ ਮੈਡੀਕਲ ਟੀਮ ਦਾ ਧੰਨਵਾਦ ਕਰਦਿਆਂ ਦੂਰੋਂ ਨੇੜਿਓਂ ਇਸ ਕੈਂਪ ਦਾ ਲਾਭ ਉਠਾਉਣ ਆਏ ਭੈਣ ਭਰਾਵਾ ਨੂੰ ਵੀ ਜੀ ਆਇਆਂ ਨੂੰ ਕਿਹਾ। ਇਸ ਮੌਕੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਖੈੜਾ ਬ੍ਰਦਰਜ਼ ਨੂੰ ਅੱਖਾਂ ਦਾ ਮੁਫ਼ਤ ਕੈਂਪ ਅਯੋਜਿਤ ਕਰਨ ਦੀਆ ਵਧਾਈਆਂ ਸਾਂਝੀਆਂ ਕਰਦਿਆਂ ਕਿਹਾ ਕਿ ਇਸ ਪਿੰਡ ਤੋਂ ਵਿਦੇਸ਼ਾਂ ਵਿਚ ਬਹੁਤ ਲੋਕ ਗਏ ਹਨ ਪਰ ਖੈੜਾ ਬ੍ਰਦਰਜ਼ ਨੇ ਹਮੇਸ਼ਾ ਪਿੰਡ ਦੇ ਵਿਕਾਸ ਅਤੇ ਭਲਾਈ ਲਈ ਦੋ ਵੀ ਵੱਡਮੁੱਲੀਆਂ ਸੇਵਾਵਾਂ ਦਿੱਤੀਆਂ ਹਨ , ਉਹ ਪਿੰਡ ਦੀ ਚੜ੍ਹਦੀ ਕਲਾ ਲਈ ਆਪਣੀ ਧਰਤੀ ਦਾ ਰਿਣ ਸਮਝ ਕੇ ਹੀ ਦਿੱਤੀਆਂ ਹਨ, ਸਾਲਾਨਾ ਮੁਫ਼ਤ ਅੱਖਾਂ ਦਾ ਕੈਂਪ ਇਲਾਕੇ ਲਈ ਵੱਡਾ ਹਾਸਲ ਹੈ। ਮੈਡੀਕਲ ਟੀਮ ਇਨਚਾਰਜ ਡਾਕਟਰ ਸੁਰਿੰਦਰ ਅਰੋੜਾ ਨੇ ਕੈਂਪ ਦੀ ਰਿਪੋਰਟ ਸਾਂਝੀ ਕਰਦਿਆਂ ਦੱਸਿਆ ਕਿ ਇਸ ਕੈਂਪ ਵਿੱਚ 436 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ , ਜਿਨ੍ਹਾਂ ਚੋਂ 107 ਮਰੀਜ਼ਾਂ ਦੀਆਂ ਅੱਖਾਂ ਦੇ ਓਪਰੇਸ਼ਨ ਅਤੇ ਲੈੱਨਜ਼ ਪਾਉਣ ਦੀ ਸਿਫਾਰਸ਼ ਕੀਤੀ ਗਈ, ਮਰੀਜ਼ਾਂ ਨੂੰ ਲਿਜਾਣ ਅਤੇ ਲਿਆਉਣ ਲਈ ਜਿੱਥੇ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਉੱਥੇ ਮਰੀਜ਼ਾਂ ਲਈ ਦਵਾਈਆਂ ਅਤੇ ਰਿਹਾਇਸ਼ੀ ਅਤੇ ਲੋੜੀਂਦੀ ਖੁਰਾਕ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਜਸਕੀਰਤ ਸਿੰਘ ਉਰਫ ਹਨੀ ਖੈੜਾ ( ਕਨੇਡਾ) , ਖੈੜਾ ਯੂਥ ਕਲੱਬ ਦੇ ਪ੍ਰਧਾਨ ਜਗੀਰ ਖੈੜਾ , ਸਾਬਕਾ ਮੈਂਬਰ ਪੰਚਾਇਤ ਮਨਜੀਤ ਸਿੰਘ ਮੰਗਾ, ਨੰਬਰਦਾਰ ਤਰੁਣ ਕਾਲੀਆ ਦੌਲਤਪੁਰ,ਕੁਲਵਿੰਦਰ ਸਿੰਘ ਖੈੜਾ ਆਰ ਸੀ ਐਫ਼ , ਹਰੀ ਸਿੰਘ ਖੈੜਾ , ਇੰਦਰਜੀਤ ਸਿੰਘ ਖੈੜਾ ( ਕਨੇਡਾ) ਹਰਜੀਤ ਸਿੰਘ ਖੈੜਾ , ਜਸਵਿੰਦਰ ਸਿੰਘ ਜੱਸੂ ਲਹੋਰੀਆ, ਸੁੱਖਾ ਤਨੇਜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਮਰੀਜ਼ ਪਹੁੰਚੇ।



