ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਨੂੰ 2047 ਤੱਕ ਨਮੂਨੇ ਦਾ ਸ਼ਹਿਰ ਬਣਾਉਣ ਤੇ ਇੱਥੇ ਰਹਿਣ ਵਾਲਿਆਂ ਦੀ ਆਮਦਨ ਵਧਾਉਣ ਸਮੇਤ ਰੁਜ਼ਗਾਰ ਪੈਦਾ ਕਰਨ ਲਈ ਦੇਸ਼ ਦੇ ਕਾਰੋਪੋਰੇਟ ਘਰਾਣਿਆਂ ਦੀ ਮਦਦ ਨਾਲ ਵਧੀਆ ਸਹੂਲਤਾਂ ਦੇਣ ਲਈ ‘ਦਿੱਲੀ@2047ਪ੍ਰਾਜੈਕਟ’ ਲਈ ਸੁਝਾਅ ਮੰਗੇ ਹਨ। ਉਨ੍ਹਾਂ ਦੇਸ਼ ਦੀ ਆਜ਼ਾਦੀ ਨੂੰ 100 ਸਾਲ ਹੋਣ ਸਮੇਂ ਛੋਟੀਆਂ ਤੇ ਵੱਡੀਆਂ ਸਮੱਸਿਆਵਾਂ ਨੂੰ ਸਮਾਂਬੱਧ ਤਰੀਕੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਉਨ੍ਹਾਂ ਕਿਹਾ, ‘ਅਸੀਂ ਕਾਰਪੋਰੇਟ ਘਰਾਣਿਆਂ ਤੋਂ ਕੋਈ ਚੈੱਕ ਨਹੀਂ ਚਾਹੁੰਦੇ। ਸਾਨੂੰ ਵਿਚਾਰਾਂ, ਭਾਗੀਦਾਰੀ ਤੇ ਮੁਹਾਰਤ ਦੀ ਲੋੜ ਹੈ। ਅਸੀਂ ਇਹ ਇਕੱਲੇ ਨਹੀਂ ਕਰ ਸਕਦੇ ਸਾਨੂੰ ਲੋਕਾਂ ਤੇ ਕਾਰਪੋਰੇਟ ਸੈਕਟਰ ਦੀ ਜ਼ਰੂਰਤ ਹੈ। ਅਸੀਂ ਕੋਵਿਡ ਦੌਰਾਨ ਬਹੁਤ ਜ਼ਿਆਦਾ ਭਾਗੀਦਾਰੀ ਵੇਖੀ। ਅਸੀਂ ਬਹੁਤ ਸਾਰੇ ਸਮੂਹਾਂ ਨੂੰ ਬੁਲਾਇਆ ਤੇ ਉਨ੍ਹਾਂ ਵਿੱਚੋਂ ਕਿਸੇ ਨੇ ਸਾਡੀ ਮਦਦ ਕਰਨ ਤੋਂ ਇਨਕਾਰ ਨਹੀਂ ਕੀਤਾ। ਜੇ ਅਸੀਂ ਕੋਵਿਡ ਨਾਲ ਨਜਿੱਠ ਸਕਦੇ ਹਾਂ, ਤਾਂ ਅਸੀਂ ਹੋਰ ਸੈਕਟਰਾਂ ਨੂੰ ਵੀ ਠੀਕ ਕਰ ਸਕਦੇ ਹਾਂ।’ ਦਿੱਲੀ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲੱਭਣ ਦੀ ਯੋਜਨਾ ਤੇ 2047 ਵਿੱਚ ਸ਼ਹਿਰ ਲਈ ਇੱਕ ਦ੍ਰਿਸ਼ਟੀਕੋਣ ਪਹਿਲਾਂ ਮਾਰਚ ਵਿੱਚ ਦਿੱਲੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵਿਚਾਰਿਆ ਗਿਆ ਸੀ।
ਕੇਜਰੀਵਾਲ ਨੇ ਕਿਹਾ ਸੀ ਕਿ ਸਾਰੇ ਦਿੱਲੀ ਵਾਸੀਆਂ ਦੀ ਪ੍ਰਤੀ ਵਿਅਕਤੀ ਆਮਦਨ ਸਿੰਗਾਪੁਰ ਦੇ ਨਾਗਰਿਕਾਂ ਦੇ ਬਰਾਬਰ ਲਿਆਉਣ ਦੀ ਯੋਜਨਾ ਸੀ। ਕੇਜਰੀਵਾਲ ਨੇ ਕਿਹਾ, ‘ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ, 2047 ਦਾ ਟੀਚਾ ਢਿੱਲ ਨਹੀਂ ਹੈ। ਦਿੱਲੀ ਵਿੱਚ ਕਈ ਸਮੱਸਿਆਵਾਂ ਹਨ। ਸਾਨੂੰ ਉਨ੍ਹਾਂ ਦੀ ਪਛਾਣ ਕਰਨੀ ਹੋਵੇਗੀ, ਸਮਾਧਾਨ ਲੱਭਣੇ ਪੈਣਗੇ ਤੇ ਸਮਾਂ ਸੀਮਾ ਨਿਰਧਾਰਤ ਕਰਨੀ ਪਵੇਗੀ। ਸਿੰਗਾਪੁਰ ਦੀ ਤੁਲਨਾ ਵਿੱਚ ਪ੍ਰਤੀ ਵਿਅਕਤੀ ਆਮਦਨੀ ਵਧਾਉਣਾ ਤੇ ਓਲੰਪਿਕ ਲਈ ਬੋਲੀ ਲਗਾਉਣਾ ਲੰਮੇ ਸਮੇਂ ਦੇ ਪ੍ਰੋਜੈਕਟ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਿਆ, ਸਿਹਤ ਅਤੇ ਬਿਜਲੀ ਦੇ ਖੇਤਰਾਂ ਵਿੱਚ 2015 ਤੋਂ ਚੰਗੇ ਕੰਮ ਕੀਤੇ ਜਾ ਰਹੇ ਹਨ ਪਰ ਸੜਕਾਂ, ਆਵਾਜਾਈ, ਪਾਣੀ ਦੀ ਉਪਲਬਧਤਾ, ਸਫਾਈ ਅਤੇ ਪ੍ਰਦੂਸ਼ਣ ਵਰਗੇ ਖੇਤਰਾਂ ਵਿੱਚ ਹੋਰ ਕੰਮ ਕਰਨ ਦੀ ਲੋੜ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly