ਦਿਲ ਨੂੰ ਸਿਹਤਮੰਦ ਰੱਖਣਾ ਹੈ ਤਾਂ ਬਦਲੋ ਆਪਣੀ ਜੀਵਨ ਸ਼ੈਲੀ : ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ

ਫੋਟੋ : ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਵਿਸ਼ਵ ਦਿਲ ਦਿਵਸ ਦੇ ਮੌਕੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਵੱਲੋਂ “ਯੂਜ਼ ਹਾਰਟ ਫਾਰ ਐਕਸ਼ਨ” ਥੀਮ ਦੇ ਤਹਿਤ  ਲੋਕਾਂ ਨੂੰ ਦਿਲ ਦੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਹਾਰਟ ਨਾਲ ਸੰਬੰਧਿਤ ਜਾਗਰੂਕਤਾ ਪੈਂਫਲੇਟ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾ ਕਮਲੇਸ਼ ਕੁਮਾਰੀ, ਡੀਐੱਫਪੀਓ ਡਾ ਅਨੀਤਾ ਕਟਾਰੀਆ, ਜ਼ਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ, ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ ਅਤੇ ਮੈਡਮ ਆਸ਼ਾ ਰਾਣੀ ਅਤੇ ਭੁਪਿੰਦਰ ਸਿੰਘ ਹਾਜ਼ਰ ਸਨ।
ਇਸ ਸੰਬੰਧੀ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ ਪਵਨ ਕੁਮਾਰ ਨੇ ਦੱਸਿਆ ਕਿ ਦਿਲ ਸਾਡੇ ਸਰੀਰ ਦਾ ਇਕ ਬੇਹੱਦ ਮਹੱਤਵਪੂਰਨ ਅੰਗ ਹੈ ਅਤੇ ਇਸ ਦੀ ਸਿਹਤ ਪ੍ਰਤੀ ਸਾਨੂੰ ਜਾਗਰੂਕ ਰਹਿਣ ਦੀ ਜ਼ਰੂਰਤ ਹੈ। ਹਾਲ ਹੀ ਦੇ ਦਿਨਾਂ ’ਚ ਘੱਟ ਉਮਰ ਦੇ ਲੋਕਾਂ ’ਚ ਵੀ ਹਾਰਟ ਅਟੈਕ ਦੀ ਸਮੱਸਿਆ ਆਉਣ ਲੱਗੀ ਹੈ। ਇਹੀ ਕਾਰਨ ਹੈ ਕਿ ਦਿਲ ਦੀ ਸਿਹਤ ਪ੍ਰਤੀ ਲੋਕਾਂ ਨੂੰ ਚੌਕਸ ਕਰਨ ਲਈ ਹਰ ਸਾਲ 29 ਸਤੰਬਰ ਨੂੰ ਵਰਲਡ ਹਾਰਟ ਡੇਅ ਮਨਾਇਆ ਜਾਂਦਾ ਹੈ। ਜੇ ਬਿਨਾਂ ਮਿਹਨਤ ਜਾਂ ਕੰਮ ਦੇ ਥਕਾਵਟ ਹੋਵੇ ਤਾਂ ਇਹ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ। ਦਰਅਸਲ, ਜਦੋਂ ਕੋਲੈਸਟ੍ਰੋਲ ਦੇ ਕਾਰਨ ਦਿਲ ਦੀਆਂ ਨਾੜੀਆਂ ਬੰਦ ਜਾਂ ਸੁੰਗੜ ਜਾਂਦੀਆਂ ਹਨ ਤਾਂ ਦਿਲ ਨੂੰ ਸਖਤ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ,ਜਿਸ ਕਾਰਨ ਵਿਅਕਤੀ ਛੇਤੀ ਹੀ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਰਾਤ ਨੂੰ ਚੰਗੀ ਨੀਂਦ ਲੈਣ ਦੇ ਬਾਅਦ ਵੀ ਸੁਸਤੀ ਅਤੇ ਥਕਾਵਟ ਦਾ ਅਨੁਭਵ ਕਰ ਰਹੇ ਹੋ ਤਾਂ ਇਹ ਦਿਲ ਦੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।ਜੇ ਤੁਸੀਂ ਆਪਣੀ ਛਾਤੀ ਵਿੱਚ ਦਰਦ, ਸੁੰਨ ਹੋਣਾ, ਭਾਰੀਪਣ ਜਾਂ ਦਰਦ ਮਹਿਸੂਸ ਕਰਦੇ ਹੋ, ਤਾਂ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਜੇ ਇਹ ਬੇਅਰਾਮੀ ਤੁਹਾਡੀਆਂ ਬਾਹਾਂ, ਗਰਦਨ, ਜਬਾੜੇ ਜਾਂ ਪਿੱਠ ਤੱਕ ਫੈਲ ਰਹੀ ਹੈ, ਤਾਂ ਤੁਹਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਜਿੰਨੀ ਜਲਦੀ ਹੋ ਸਕੇ ਹਸਪਤਾਲ ਪਹੁੰਚਣਾ ਚਾਹੀਦਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਜੇਕਰ ਤੁਸੀਂ ਆਪਣੇ ਦਿਲ ਦੀ ਸਿਹਤ ਜੇਕਰ ਠੀਕ ਰੱਖਣੀ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਰੂਟੀਨ ’ਚ ਥੋੜ੍ਹਾ ਬਦਲਾਅ ਲਿਆਉਣਾ ਹੋਵੇਗਾ। ਦੇਰ ਰਾਤ ਤੱਕ ਜਾਗਣ ਤੋਂ ਬਚੋ ਅਤੇ ਰਾਤ ਨੂੰ ਜ਼ਿਆਦਾ ਗੈਜ਼ੇਟਸ ਦੇ ਇਸਤੇਮਾਲ ਤੋਂ ਬਚੋ। ਖਾਣ-ਪੀਣ ਦਾ ਵੀ ਵਿਸ਼ੇਸ਼ ਖ਼ਿਆਲ ਰੱਖੋ ਅਤੇ ਖੁਰਾਕ ’ਚ ਲੋਅ ਕਾਰਬ ਅਤੇ ਲੋ ਫੈਟ ਯੁਕਤ ਭੋਜਨ ਜ਼ਿਆਦਾ ਖਾਓ। ਕੋਸ਼ਿਸ਼ ਕਰੋ ਕਿ ਸ਼ਾਮ ਨੂੰ 6 ਜਾਂ 7 ਵਜੇ ਤੋਂ ਬਾਅਦ ਕੁਝ ਵੀ ਨਾ ਖਾਓ। ਇਸ ਤੋਂ ਇਲਾਵਾ ਸਵੇਰੇ ਵੱਧ ਤੋਂ ਵੱਧ ਪ੍ਰੋਟੀਨ ਅਤੇ ਫਾਈਬਰ ਯੁਕਤ ਖਾਣਾ ਲਓ। ਕਸਰਤ ਦਾ ਵੀ ਵਿਸ਼ੇਸ਼ ਧਿਆਨ ਰੱਖੋ। ਦਿਲ ਦੀ ਸਿਹਤ ਲਈ ਕਾਰਡੀਓ ਐਕਸਰਸਾਈਜ਼ ਨੂੰ ਬਿਹਤਰ ਮੰਨਿਆ ਜਾਂਦਾ ਹੈ। ਰੋਜ਼ ਘੱਟ ਤੋਂ ਘੱਟ 40 ਮਿੰਟ ਸੈਰ ਕਰੋ ਜਾਂ ਸਾਈਕਲ ਚਲਾਓ। ਇਸ ਤੋਂ ਇਲਾਵਾ ਸਵੀਮਿੰਗ ਵੀ ਫਾਇਦਾ ਦਿੰਦੀ ਹੈ। ਸਾਫ-ਸੁਥਰਾ ਅਤੇ ਧੂੰਆਰਹਿਤ ਵਾਤਾਵਰਣ, ਤੰਬਾਕੂ ਅਤੇ ਹਰ ਤਰ੍ਹਾਂ ਦੇ ਨਸ਼ੇ ਤੋਂ ਬਚਾਅ, ਅਤੇ ਰੋਜ਼ਾਨਾ ਜਿੰਦਗੀ ਤੇ ਕੰਮਾਂ ਨੂੰ ਹੱਥੀ ਕਰਨ ਆਦਿ ਬਦਲਾਅ ਰਾਂਹੀ ਸਹਿਜੇ ਹੀ ਦਿਲ ਨੂੰ ਤੰਦਰੂਸਤ ਰੱਖਿਆ ਜਾ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਿਸ਼ਵਕਰਮਾ ਭਵਨ ਵਿਖ਼ੇ ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਦੀ ਹੋਈ ਵਿਸ਼ੇਸ ਮੀਟਿੰਗ
Next articleਸੰਗਤਾਂ ਲਈ ਲਗਾਇਆ ਗਿਆ ਦੰਦਾਂ ਦਾ ਫ੍ਰੀ ਚੈਕਅੱਪ ਕੈਂਪ