(ਸਮਾਜ ਵੀਕਲੀ)
ਹੋਵੇਗਾ ਕੋਈ ਖੁਸ਼ ਤੇ ਕੋਈ, ਜਲ਼ਦਾ ਰਹੇਗਾ ਦੋਸਤੋ
ਏਸੇ ਤਰ੍ਹਾਂ ਇਹ ਸਿਲਸਿਲਾ , ਚੱਲਦਾ ਰਹੇਗਾ ਦੋਸਤੋ
ਜ਼ਿੰਦਗੀ ਦੀ ਦੌੜ ਵਿਚ ਜੋ, ਵਿੱਛੜ ਗਏ ਜੋ ਖੋ ਗਏ
ਸਾਥ ਓਹਨਾ ਦਾ ਹਮੇਸ਼ਾਂ , ਖ਼ਲਦਾ ਰਹੇਗਾ ਦੋਸਤੋ
ਜਿਨ੍ਹਾਂ ਨੂੰ ਹੈ ਪਲ ਵੀ ਨਹੀਂ, ਗਵਾਰਾ ਅਸਾਂ ਨੂੰ ਵੇਖਣਾ
ਸਾੜਾ ਉਨ੍ਹਾਂ ਦੇ ਦਿਲ ਵਿੱਚ, ਪਲ਼ਦਾ ਰਹੇਗਾ ਦੋਸਤੋ
ਔਖੀ ਹੈ ਪਹਿਲ ਕਰਨੀ, ਬਣ ਜਾਂਦਾ ਹੈ ਪਰ ਕਾਫ਼ਲਾ
ਇੱਕ ਇੱੱਕ ਆ ਕੇ ਥੋਡੇ ਨਾਲ, ਰਲ਼ਦਾ ਰਹੇਗਾ ਦੋਸਤੋ
ਬੀਜੋਗੇ ‘ਗਰ ਮੁਹੱਬਤ ਤਾਂ , ਉੱਗੇਗੀ ਵੀ ਮੁਹੱਬਤ ਹੀ
ਕਰਦੇ ਰਹੋ ਕੰਮ ਨੇਕ ਇਹ, ਫ਼ਲਦਾ ਰਹੇਗਾ ਦੋਸਤੋ
ਰਹਾਂਗੇ ਪਾਉਂਦੇ ਜਦੋਂ ਤੱਕ, ਇਹ ਤੇਲ ਮੁਹੱਬਤਾਂ ਦਾ ਅਸੀਂ
ਦੀਵਾ ਦਿਲਾਂ ‘ਚ ਪਿਆਰ ਦਾ, ਬਲ਼ਦਾ ਰਹੇਗਾ ਦੋਸਤੋ
ਜਾਰੀ ਹੈ ਮਿਹਨਤ ਮੇਰੀ, ਕਦੇ ਤਾਂ ਚਮਕੇਗਾ ਹੀ
ਕਦ ਤੱਕ ਸਿਤਾਰਾ ਕਿਸਮਤ ਦਾ, ਟਲ਼ਦਾ ਰਹੇਗਾ ਦੋਸਤੋ
ਸਦੀਓਂ ਪੁਰਾਣਾ ਹੈ “ਖੁਸ਼ੀ” , ਦਸਤੂਰ ਜ਼ਮਾਨੇ ਦਾ ਇਹੇ
ਜ਼ਖ਼ਮਾਂ ਦੇ ਉੱਤੇ ਲੂਣ ਇਹ , ਮਲ਼ਦਾ ਰਹੇਗਾ ਦੋਸਤੋ
ਖੁਸ਼ੀ ਮੁਹੰਮਦ “ਚੱਠਾ”
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly