ਕਵੀਰਾਜ ਮਨੋਜ ਮੁੰਤਸ਼ਿਰ ਉੱਤੇ ਮੁੜ ਲੱਗੇ ਕਵਿਤਾ-ਤਸਕਰੀ ਦੇ ਦੋਸ਼, ਆਖ਼ਰ ਕੀ ਹੈ ਸੱਚ!

ਯਾਦਵਿੰਦਰ

(ਸਮਾਜ ਵੀਕਲੀ)

ਆਮ ਬਸ਼ਰ ਦੀ ਪਰਵਾਜ਼-12

 

ਮਨੋਜ ਜਿਨ੍ਹਾਂ ਨੇ ਨਵੇਂ ਤਖੱਲਸ ‘ਮੁੰਤਸ਼ਿਰ’ ਦੇ ਤਹਿਤ ਬੰਬਈਆ ਫ਼ਿਲਮੀ ਸਨਅਤ ਵਿਚ ਖ਼ਾਸੀ ਮਕ਼ਬੂਲੀਅਤ ਹਾਸਿਲ ਕਰ ਲਈ ਐ, ਮੁੜ ‘ਚਰਚਾ’ ਵਿਚ ਆ ਗਏ ਹਨ। ਕਹਿਣ ਵਾਲੇ ਕਹਿ ਰਹੇ ਨੇ, ਸੁਣਣ ਵਾਲੇ ਸੁਣ ਰਹੇ ਨੇ ਤੇ ਗੱਲਾਂ ਬਣਾਉਣ ਵਾਲੇ ਗੱਲਾਂ ਬਣਾਅ ਰਹੇ ਨੇ ਕਿ ਯੁਵਾ ਕਵੀਰਾਜ ਮਨੋਜ ਮੁੰਤਸ਼ਿਰ ਦੀ ਸ਼ਾਇਰੀ ਵਿਚ “ਅਪਣਾਏ ਜਾਂ ਚੁਰਾਏ” ਗਏ ਜੁਜ਼ ਸ਼ਾਮਲ ਹਨ। ਪੱਤਰਕਾਰਾਂ ਮੁਤਾਬਕ ਉਨ੍ਹਾਂ ਦੀ ਮੌਲਿਕ ਕਿਰਤ ਗੁੰਮਸ਼ੁਦਾ ਹੈ। ਇਹ ਅਸੀਂ ਨਹੀਂ ਕਿਹਾ, ਤੁਕਬਾਜਾਂ ਦੀ ਮੰਡੀ ਵਿਚ ਰੌਲਾ ਪਿਆ ਹੋਇਆ ਹੈ।
*****

ਸੌਖੀ ਜਿਹੀ ਦੇਸੀ ਬੋਲੀ ਵਿਚ ਆਖੀਏ ਤਾਂ ਗੱਲ ਇਹ ਆ ਕਿ ਤੋਹਮਤਾਂ ਲੱਗ ਰਹੀਆਂ ਨੇ ਕਿ ਫ਼ਿਲਮੀ ਗਾਣੇ ਲਿਖਣ ਵਾਲੇ ਕਵੀਰਾਜ ਮਨੋਜ ਮੁੰਤਸ਼ਿਰ ਦੀਆਂ ਸਾਰੀਆਂ ਕਵਤਾਵਾਂ ਓਹਨੇ ਆਪ ਨਹੀਓਂ ਲਿਖੀਆਂ, ਖਾਧੀ ਪੀਤੀ ਵਿਚ ਥੋੜ੍ਹੀ “ਕਵਿਤਾ-ਤਸਕਰੀ” ਹੋ ਗਈ ਸੀ, ਏਸ ਕਿਸਮ ਦੀ ਗੱਲਬਾਤ ਐ!
****

ਨਹੀਂ। ਬਿਲਕੁਲ ਨਹੀਂ। ਅਸੀਂ ਇਹ ਤਾਂ ਨਹੀਂ ਕਹਿ ਰਹੇ ਕਿ ਮਨੋਜ ਮੁੰਤਸ਼ਿਰ ਕਵੀਰਾਜ ਨੇ ਇਵੇਂ ਕੀਤਾ ਆ। ਅਸੀਂ ਤਾਂ ਖ਼ਬਰਨਵੀਸ ਹੋਣ ਨਾਤੇ ਖ਼ਬਰ ਕਰ ਰਹੇ ਹਾਂ ਕਿ ਜਿਹੜੀ ਗੱਲ ਬਾਲੀਵੁੱਡ ਦੇ ਖਿਲਾੜੀ ਕਲਾਕਾਰ ਅਕਸ਼ੇ ਕੁਮਾਰ ਅੱਕੀ-ਜੀ ਨੂੰ ਨਹੀਂ ਪਤਾ ਲੱਗੀ। ਜਿਹੜੀ ਗੱਲ ਬਾਲੀਵੁੱਡ ਦੇ ਵੱਡੇ ਤੋਂ ਵੱਡੇ ਘਾਗ ਤੇ ਚਾਲੂ ਫ਼ਿਲਮਸਾਜ਼ ਨੂੰ ਨ੍ਹੀ ਪਤਾ ਲੱਗੀ ਸੀ, ਓਹ ਮਾਜਰਾ ਹੁਣ ਨਵੀਂ ਸ਼ਕ਼ਲ ਲੈ ਕੇ ਬਾਹਰ ਆ ਰਿਹਾ ਹੈ। ਫ਼ਿਲਮੀ ਮੰਡੀ ਦੇ ਘਾਗ ਤਿਜਾਰਤਕਾਰ ਵੀ ਮੂੰਹ ਵਿਚ ਉਂਗਲਾਂ ਦਿੰਦੇ ਦਿਸਦੇ ਨੇ..!
******

 

ਆਰਟੀਕਲ19 ਉਨਵਾਨ ਰੱਖ ਕੇ ਜਿਹੜਾ ਖੋਜੀ ਫ਼ਿਤਰਤ ਦਾ ਖ਼ਬਰੀ ਚੈਨਲ ਚੱਲਦਾ ਆ, ਓਹਦੇ ਖ਼ਬਰ ਖ਼ੁੱਲ੍ਹਾਸਾਕਾਰ ਨਵੀਨ ਕੁਮਾਰ ਨੇ ਏਸ “ਚਰਚਾ ਨੂੰ ਹਵਾ” ਦੇ ਦਿੱਤੀ ਏ। ਖ਼ਬਰ ਖ਼ਬਤੀ ਨਵੀਨ ਕੁਮਾਰ ਦੀਆਂ ਗੱਲਾਂ ਉੱਤੇ ਯਕੀਨ ਕਰੀਏ ਤਾਂ ਮਨੋਜ ਮੁੰਤਸ਼ਿਰ ਕਵੀਰਾਜ ਨੇ ਕਿਸੇ ਵਹੁਟੀ ਵੀਹੂਣੇ ਨਾਜ਼ੁਕਮਿਜ਼ਾਜ ਰੰਡੇ ਬੰਦੇ ਦੀ ਸਹਿਜ ਸੁਭਾਵਕ ਇੰਗਲਿਸ਼ ਪੋਇਟਰੀ ਦਾ ਹਿੰਦੀ ਚਰਬਾ ਆਪਣੇ ਪਾਠਕਾਂ ਤੇ ਹਿੰਦੋਸਤਾਨ ਦੇ ਤਮਾਮ ਬਾਸ਼ਿੰਦਿਆਂ ਅੱਗੇ ਪੇਸ਼ ਕੀਤਾ ਸੀ..!

ਦਰ ਅਸਲ ਓਸ ਅੰਗਰੇਜ਼ ਦੀ ਜੀਵਨ ਸਾਥਣ ਜੋਬਨ ਰੁੱਤੇ ਮੋਈ ਸੀ। ਓਹਨੇ ਮਹਿਬੂਬਾ ਤੋਂ ਬੀਵੀ ਬਣੀ ਦਿਲਰੁਬਾ ਦੇ ਮਰ ਜਾਣ ਪਿੱਛੋਂ ਜੋ ਕੁਝ ਮਨ ਉੱਤੇ ਝੱਲਿਆ, ਜੋ ਵੀ ਮਹਸੂਸ ਕੀਤਾ ਸੀ, ਨੂੰ ਪੋਇਟਰੀ ਵਿਚ ਉਤਾਰ ਦਿੱਤਾ ਸੀ। ਮਾਨਿਆਵਰ ਮਨੋਜ ਸ਼ੁਕਲਾ ਮੁੰਤਸ਼ਿਰ ਜੀ ਨੇ ਅੰਗਰੇਜ਼ੀ ਉੱਤੇ ਪਕੜ ਦਾ ਫ਼ਾਇਦਾ ਲੈ ਕੇ ਓਹੀ ਸਭ “ਆਪਣੀ” ਕਵਿਤਾਕਾਰੀ ਵਿਚ ਮੂਧਾਅ ਲਿਆ..!! ਮਨੋਜ converted to ਮੁੰਤਸ਼ਿਰ.!! मुंतशिर Muntashir•مُنْتَشِر  ਬਾਰੇ ਖੋਜ ਖੁਦ ਵੀ ਕਰ ਸਕਦੇ ਹੋ।
***

ਉਂਝ ਤਾਂ ਮੁੰਤਸ਼ਿਰ ਕਵੀਰਾਜ, ਓਦਣ ਦਾ ਚਰਚਾ ਵਿਚ ਹੈ, ਜਿੱਦਣ ਦੇ ਇਹ ਇਲਜ਼ਾਮ ਲੱਗੇ ਸਨ। ਟਵਿੱਟਰ ਉੱਤੇ ਕਈ ਵਰਤੋਂਕਾਰਾਂ ਨੇ ਦੋਸ਼ ਲਾਏ ਸਨ ਕਿ ਮਨੋਜ ਮੁੰਤਸ਼ਿਰ ਉਰਫ਼ ਮਨੋਜ ਸ਼ੁਕਲਾ ਕਵੀਰਾਜ ਨੇ ਕਵਿਤਾਕਾਰੀ ਕਰਦਿਆਂ ਕਰਦਿਆਂ ਥੋੜ੍ਹੀ “ਸ਼ਾਇਰਾਨਾ ਸਮਗਲਿੰਗ” ਕੀਤੀ ਹੈ ਪਰ ਮਨੋਜ ਸਾਹਬ ਦਾ ਸਪਸ਼ਟੀਕਰਨ ਹੈ ਕਿ ਓਹ ਹਾਲੇ ਬਿਜ਼ੀ ਹਨ, ਸਹੀ ਵਕ਼ਤ ਆਉਣ ਉੱਤੇ ਵਿਰੋਧੀ ਕਵੀਆਂ ਨੂੰ ਢੁਕਵਾਂ ਜਵਾਬ ਦੇਣਗੇ। ਸੋ, ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਪਾਠਕਗਣ ਏਸ ਖ਼ਬਰ ਖ਼ੁਲਾਸੇ ਬਾਰੇ ਇਹ ਵਿਡੀਓ link ਦੱਬ ਕੇ ਇਲਜ਼ਾਮਤਰਾਸ਼ੀ ਦਾ ਮਾਮਲਾ ਸਮਝ ਲੈਣ, ਫੇਰ, ਏਸ ਕਵਿਤਾ- ਤਸਕਰੀ ਦੇ ਬਕਾਇਆ ਪਹਿਲੂ ਵੀ ਆਪਾਂ ਵਿਚਾਰ ਲਵਾਂਗੇ। ਦੱਬੋ ਇਹ
https://youtu.be/KWL9OZk5SLw
****

ਓਕੇਜ਼। ਤੁਸੀਂ ਇਹ ਖ਼ੁਲਾਸਾ ਵੇਖ ਚੁੱਕੇ ਓ। ਕਿਹੋ ਜਿਹਾ ਲੱਗਾ? ਬਈ, ਸੱਚ ਆਖਾਂ ਤਾਂ ਚਿੱਤ ਮੰਨਣ ਨੂੰ ਰਾਜ਼ੀ ਨਹੀਂ ਹੈ। ਮਨ ਦੀ ਗੱਲ ਆਖਾਂ ਤਾਂ ਓਹ ਇਹ ਹੈ, “ਮੈਨੂੰ ਬ-ਜ਼ਾਤ-ਇ-ਖ਼ੁਦ ਕਦੇ ਵੀ, ਮਨੋਜ ਮੁੰਤਸ਼ਿਰ ਵੀਰ ‘ਕਵਿਤਾ ਤਸਕਰ’ ਨਹੀਂ ਲੱਗਿਆ। ਕਦੇ ਵੀ ਨਹੀਂ। ਕਤਈ ਤੌਰ ਉੱਤੇ ਨਹੀਂ”।

ਓਹ ਤਾਂ …ਨਵੀਨ ਕੁਮਾਰ ਦਾ ਵਿਡੀਓ ਲਿੰਕ… ਮੋਬਾਈਲ ਦੀ ਸਕ੍ਰੀਨ ਉੱਤੇ ਬਲਿੰਕ ਨਾ ਕਰਦਾ …ਤਾਂ ਅਸੀਂ ਗ਼ੌਰ ਵੀ ਨਾ ਕਰਦੇ। ਮਨ ਪਰਚਾਵਾ ਮਾਰਕੀਟ ਵਿਚ ਚੱਲਦੀ ਚਰਚਾ ਨੇ ਰਾਸ਼ਟਰਵਾਦੀ ਗੀਤਕਾਰ ਕਵੀਰਾਜ ਮਨੋਜ ਬਾਰੇ ਸਾਡੇ ਮਨ ਵਿਚ ਸੰਸੇ ਪਾ ਦਿੱਤੇ। ਨਹੀਂ ਤਾਂ… ਸਾਨੂੰ ਤਾਂ …ਹਮੇਸ਼ਾ ਹੀ.. ਮਨੋਜ ਮੁੰਤਸ਼ਿਰ ਵੀਰ ਵਿੱਚੋਂ ਦੇਸ਼ਭਗਤੀ ਦੇ ਦਾਦਾ ਫਾਲਕੇ ਇਨਾਮ ਜੇਤੂ ਫ਼ਿਲਮੀ ਕਲਾਕਾਰ ਮਾਨਿਆਵਰ ਮਨੋਜ ਕੁਮਾਰ ਉਰਫ਼ ਭਾਰਤ ਜੀ ਦਾ ਅਕਸ ਨਜ਼ਰ ਆਉਂਦਾ ਹੁੰਦਾ ਸੀ..! ਮਤਲਬ ਕਿ ਦੋਵਾਂ ਵਿਚ ਕੋਈ ਅਣਕਹੀ ਬਰਾਬਰੀ ਦਾ ਆਭਾਸ ਹੋਇਆ ਕਰਦਾ ਸੀ।
******

ਕੀ “ਸੋਚਿਆ! ਕਿਹੜੇ ਮਨੋਜ ਕੁਮਾਰ ਜੀ? ਓਹੀ ਜਿੰਨ੍ਹਾਂ ਦਾ ਅਸਲੀ ਨਾਂ ਪੰ. ਹਰਕਿਸ਼ਨ ਗੋਸਵਾਮੀ ਸੀ/ਹੈ। ਓਹੀ, ਮਨੋਜ ਜੀ। ਰੋਟੀ, ਲੀੜਾ ਲੱਤਾ ਤੇ ਮਕਾਨ, ਹਰ ਇਨਸਾਨ ਦੀਆਂ ਬੁਨਿਆਦੀ ਜ਼ਰੂਰਤਾਂ ਨੇ… ਮਨੋਜ ਗੋਸਵਾਮੀ ਹੁਰੀਂ roti kapra aur makan ਫਿਲਮ ਨਾ ਬਣਾਉਂਦੇ ਤਾਂ ਪਤਾ ਈ ਨਹੀਂ ਲੱਗਣਾ ਸੀ। ਮਨੋਜ ਅੰਕਲ ਹੁਰਾਂ ਦੀ ਅਜੋਕੇ ਦੌਰ ਦੀ, ‘ਤੇ ਉਨ੍ਹਾਂ ਦੇ ਸੁਨਹਿਰੀ ਦੌਰ ਦੀ ਜੁੜਵੀਂ ਤਸਵੀਰ ਤੱਕੋਂਗੇ ਤਾਂ ਉਨ੍ਹਾਂ ਦੀ ਵਿਚਾਰਧਾਰਾ ਵਿਹੂਣੀ ਦੇਸਭਗਤੀ ਦਾ ਗੌਰਵਮਈ/ਗੌਰਵਸ਼ਾਲੀ ਇਤਿਹਾਸ ਚੇਤੇ ਆ ਜਾਊਗਾ।
*****

ਕਈ ਦਫ਼ਾ ਜ਼ਿਹਨ ਵਿਚ ਇਹ ਖ਼ਿਆਲ ਆਉਂਦਾ ਹੈ ਕਿ ਜੇ ਹਿਰਦੇ ਸਮਰਾਟ ਰਜੀਵ ਭਾਟੀਆ ਏਸ ਜਗਤ ਵਿਚ ਨਾ ਆਏ ਹੁੰਦੇ ਤਾਂ ਸਾਡਾ ਕੀ ਬਣਦਾ?! ਹੁਣ ਇਹ ਨਾ ਸੋਚਣ ਲੱਗ ਪਿਓ ਕਿ ਕਿਹੜਾ ਰਜੀਵ ਭਾਟੀਆ? ਫ਼ਿਲਮੀ ਕਲਾਕਾਰ ਅਕਸ਼ੇ ਕੁਮਾਰ ਜੀ ਦਾ ਸਮਾਜੀ ਨਾਂ ਹੈ ਇਹ। ਓਹੀ ਰਜੀਵ ਭਾਟੀਆ ਜੀ ਜਿਨ੍ਹਾਂ ਦੀ ਬਾਲੀਵੁੱਡ ਕੁਲੀਗ ਸੁਸ੍ਰੀ ਸ਼ਿਲਪਾ ਸ਼ੈੱਟੀ ਦੇ ਸਿਰ ਦੇ ਤਾਜ : ਰਾਜ ਕੁੰਦਰਾ ਨੂੰ ਪਿੱਛੇ ਜਿਹੇ ਜੁਆਕਾਂ ਦੀਆਂ ਪੋਰਨ ਫ਼ਿਲਮਾਂ ਬਣਾਉਣ ਦਾ ਕਾਰੋਬਾਰ ਜੱਗਜ਼ਾਹਰ ਹੋਣ ਮਗਰੋਂ ਕਾਇਮ ਹੋਏ ਮੁਕ਼ਦਮੇ ਦੇ ਸਿਲਸਿਲੇ ਵਿਚ ਜ਼ਮਾਨਤ (ਮਸਾਂ) ਮਿਲੀ ਸੀ। ਸ਼ਿਲਪਾ ਹੁਰਾਂ ਦੀ ਰਜੀਵ ਅਕਸ਼ੇ ਅੱਕੀ ਨਾਲ ਨੇੜਤਾ ਦੇ ਕਿੱਸੇ ਬਾਲੀਵੁੱਡ ਵਿਚ ਮਸ਼ਹੂਰ ਰਹੇ ਹਨ।

ਹਵਾ ਵਿਚ ਤੈਰਦੀਆਂ ਕਈ ਇਤਲਾਹਾਂ ਜਲੰਧਰ ਦੀ ਮਸ਼ਹੂਰ ਓ ਮਾਰੂਫ਼ ਓਲਡ ਰੇਲਵੇ ਰੋਡ ਸਥਿਤ ਫਿਲਮ ਡਿਸਟਰੀਬੀਊਟਰ ਮਾਰਕੀਟ ਤੀਕ ਪੁੱਜਦੀਆਂ ਰਹੀਆਂ ਹਨ। ਇਹ ਪੁਰਾਣੀ ਰੇਲਵੇ ਰੋਡ ਦੀ ਕੀ ਕਹਾਣੀ ਏ! ਇਹਦੇ ਬਾਰੇ ਕਾਲਮ ਦੇ ਕਿਸੇ ਅਗਲੇ ਸ਼ੁਮਾਰੇ ਵਿਚ ਉਚੇਚਾ ਜ਼ਿਕ਼ਰ ਕਰਾਂਗਾ..! ਹਾਲ ਫ਼ਿਲਹਾਲ ਗੱਲ ਮਨੋਜ ਸ਼ੁਕਲਾ ਮੁੰਤਸ਼ਿਰ ਤੇ ਪੁਰਾਣੇ ਮਨੋਜ (ਹਰਕਿਸ਼ਨ ਗੋਸਵਾਮੀ) ਤੇ ਅਕਸ਼ੇ ਅੱਕੀ ਭਾਵ ਕਿ ਰਜੀਵ ਭਾਟੀਆ ਉੱਤੇ ਕੇਂਦਰਤ ਰੱਖੀਏ ਤਾਂ ਵੱਧ ਚੰਗਾ ਰਹੂਗਾ।
******

ਅਗਲਾ ਕੰਮ ਇਹ ਕਰਿਓ ਕਿ ਮਾਨਿਆਵਰ ਮਨੋਜ ਮੁੰਤਸ਼ਿਰ ਦੀ ਤਸਵੀਰੀ ਝਲਕ ਵੇਖਿਓਂ। ਜੇ ਮਨੋਜ ਕੁਮਾਰ ਐਕਟਰ ਨਾਲ ਕੋਈ ਸਮਾਨਤਾ ਲੱਗੀ ਤਾਂ ਦੱਸਿਓ। ਜੇ ਕੋਈ ਇਕਸਾਰਤਾ ਨਾ ਦਿਸੀ ਤਾਂ ਵੀ ਦੱਸਿਓ। ਅਗਲੇ ਕਾਲਮ ਤਕ ਲਈ ਮੈਨੂੰ ਵਿਦਾ ਕਰੋ। ਫੋਨ ਉੱਤੇ ਬਹਿਸਾਂ ਤੇ ਲੜ੍ਹਨ ਝਗੜ੍ਹਨ ਦਾ ਸਿਲਸਿਲਾ ਤੋੜਿਓ ਨਾ… ਮੁਸਲਸਲ ਜਾਰੀ ਰੱਖਿਓ… ਪਹਿਲਾਂ ਵਾਂਗ ਹੀ…। ਹੁਣ ਅਗਲੇ ਕਾਲਮ ਖਾਤਰ ਨਵਾਂ ਮਜ਼ਮੂਨ ਲਿਖਣ ਵਾਸਤੇ ਦਿਓ ਆਗਿਆ। ਬਾਏ ਬਾਏ।

ਯਾਦਵਿੰਦਰ

ਸੰਪਰਕ : ਸਰੂਪ ਨਗਰ, ਹੇਮਕੁੰਟ ਸਕੂਲ ਮਾਰਗ, ਪਿੰਡ ਰਾਓਵਾਲੀ।

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੂੰ ਕਰ ਮਾਂ ਬੋਲੀ ਨਾਲ ਪਿਆਰ
Next articleਇਮਾਨਦਾਰ ਰਮੇਸ਼