56 ਲੱਖ ਰੁਪਏ ਖਰਚ ਕੇ ਵੀ ਪਾਣੀ ਦੀ ਸਮੱਸਿਆ ਦਾ ਨਾ ਹੋਇਆ ਹੱਲ, ਦੀਵੇ ਥੱਲੇ ਹਮੇਸ਼ਾਂ ਹੀ ਹਨੇਰਾ ਹੁੰਦਾ ਹੈ ਸਹੀ ਕਹਾਵਤ ਢੁੱਕਦੀ ਹੈ
ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਾਂਗਰਸ ਸਰਕਾਰ ਦੇ ਕਾਰਜਕਾਲ ਸਮੇਂ ਕਾਠਗੜ੍ਹ ਤੋਂ ਡੇਰਾ ਬੋੜੀ ਸਾਹਿਬ ਲਈ 3.60 ਕਰੋੜ ਰੁਪਏ ਨਾਲ 18 ਫੁੱਟ ਚੌੜੀ ਸੜਕ ਬਣਾਈ ਗਈ ਸੀ। ਪਰ ਜਲਦੀ ਹੀ ਇਸ ਸੜਕ ਦੀ ਹਾਲਤ ਖਸਤਾ ਹੋ ਗਈ ਸੀ ਲੇਕਿਨ ਕਾਠਗੜ੍ਹ ਟੈਲੀਫੋਨਕ ਚੇਂਜ ਤੋਂ ਲੈ ਕੇ ਰਾਧਾ ਸੁਆਮੀ ਸਤਿਸੰਗ ਘਰ ਬਿਆਸ ਤੱਕ ਦਾ ਟੋਟਾ ਬਰਸਾਤੀ ਅਤੇ ਘਰਾਂ ਦੇ ਗੰਦੇ ਪਾਣੀ ਕਾਰਨ ਨਰਕ ਬਣਿਆ ਰਹਿੰਦਾ ਸੀ ਜਿਸ ਨਾਲ ਲੋਕਾਂ ਨੂੰ ਆਪਣੀ ਮੰਜ਼ਿਲ ਤੇ ਜਾਣ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਸਤਿਸੰਗ ਘਰ ਦੇ ਨਜ਼ਦੀਕ ਚਾਰ ਕੁ ਰਿਹਾਇਸ਼ੀ ਘਰਾਂ ਦੇ ਗੰਦੇ ਪਾਣੀ ਲਈ ਮੰਡੀ ਬੋਰਡ ਦੇ ਵਲੋਂ ਨੇ ਅੰਡਰ ਗਰਾਊਂਡ ਪਾਈਪਾਂ ਵਾਲਾ ਨਿਕਾਸੀ ਨਾਲਾ ਬਣਾਇਆ ਸੀ ਉਹ ਜਦੋਂ ਬੰਦ ਹੋ ਜਾਂਦਾ ਸੀ ਤਾਂ ਸਾਰੇ ਘਰਾਂ ਦਾ ਗੰਦਾ ਪਾਣੀ ਮਾਰਗ ਉੱਤੇ ਆਉਂਦਾ ਰਹਿੰਦਾ ਸੀ। ਸੜਕ ਦੀ ਇਸ ਨਰਕਮਈ ਹਾਲਤ ਦੀਆਂ ਖਬਰਾਂ ਅਕਸਰ ਹੀ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਸਨ। ਮੌਜੂਦਾ ਸਰਕਾਰ ਨੇ 1500 ਦੇ ਕਰੀਬ ਅਤੇ 18 ਫੁੱਟ ਚੌੜੀ ਸੜਕ ਦੇ ਇਸ ਖਸਤਾ ਹਾਲ ਟੋਟੇ ਨੂੰ ਕੰਕਰੀਟ ਦੀ ਬਣਾਉਣ ਲਈ ਕਰੀਬ 56 ਲੱਖ ਰੁਪਏ ਮਨਜ਼ੂਰ ਕਰ ਦਿੱਤੇ ਅਤੇ 6-7 ਮਹੀਨੇ ਪਹਿਲਾਂ ਮੰਡੀ ਬੋਰਡ ਵਿਭਾਗ ਵਲੋਂ ਇਸ ਸੜਕ ਨੂੰ ਕੰਕਰੀਟ ਦੀ ਬਣਾਉਣੀ ਸ਼ੁਰੂ ਕਰ ਦਿੱਤਾ ਜਿਸ ਦਾ ਕੰਮ ਕੱਛੂ ਦੀ ਚਾਲ ਵਾਗੂੰ ਹੋਲੀ ਹੋਲੀ ਲੰਬਾ ਸਮਾਂ ਚਲਦਾ ਰਿਹਾ। ਸਲੈਬ ਦੀ ਮੋਟਾਈ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਇਸ ਤੋਂ ਜਿੰਨੇ ਵੱਡੇ ਮਰਜ਼ੀ ਵਾਹਨ ਲੰਘ ਜਾਣ ਸੜਕ ਦਾ ਕੁੱਝ ਨਹੀਂ ਵਿਗੜ ਸਕਦਾ ਪ੍ਰੰਤੂ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਸੜਕ ਵਿੱਚ ਬਣੀਆਂ ਸਲੈਬਾਂ ਵਿੱਚੋਂ ਕਈਆਂ ‘ਚ ਤਰੇੜਾਂ ਵੀ ਪੈ ਚੁੱਕੀਆਂ ਹਨ ਅਤੇ ਵਿਚਕਾਰ ਜੋ ਇੰਟਰਲੋਕ ਟਾਈਲਾਂ ਲਗਾਈਆਂ ਗਈਆਂ ਹਨ ਉਹ ਵੀ ਲੈਵਲ ਵਿੱਚ ਨਹੀਂ ਲਾਈਆਂ ਗਈਆਂ। ਘਰਾਂ ਦੇ ਗੰਦੇ ਪਾਣੀ ਦੇ ਨਿਕਾਸ ਦਾ ਕੰਮ ਉਸੇ ਪਹਿਲੇ ਬਣੇ ਨਿਕਾਸੀ ਨਾਲੇ ਨਾਲ ਚਲਾ ਦਿੱਤਾ ਗਿਆ। ਹੁਣ ਅੰਡਰਗਰਾਊਂਡ ਨਿਕਾਸੀ ਨਾਲਾ ਪੂਰੀ ਤਰ੍ਹਾਂ ਬੰਦ ਪਿਆ ਹੈ ਤੇ ਘਰਾਂ ਦਾ ਸਾਰਾ ਗੰਦਾ ਪਾਣੀ ਮਾਰਗ ਉੱਤੇ ਆ ਰਿਹਾ ਹੈ ਜਿਸ ਕਾਰਨ ਪੈਦਲ ਅਤੇ ਸੈਰ ਨੂੰ ਜਾਣ ਵਾਲੇ ਰਾਹਗੀਰ ਬਹੁਤ ਪਰੇਸ਼ਾਨ ਹਨ। ਇਸ ਮਾਰਗ ਨੂੰ ਬਣਾਉਣ ਵਾਲੇ ਵਿਭਾਗ ਵਲੋਂ ਇੱਕ ਵਾਰ ਵੀ ਮੌਕਾ ਨਹੀਂ ਦੇਖਿਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ‘ਤੇ ਇੰਨੀ ਵੱਡੀ ਮਾਤਰਾ ਵਿੱਚ ਪੈਸੇ ਖਰਚੇ ਜਾਣ ਦੇ ਬਾਵਜੂਦ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਅਤੇ ਸਥਿਤੀ ਨਰਕਮਈ ਬਣੀ ਹੋਈ ਹੈ। ਇਸ ਮਾਰਗ ਦੇ ਨਾਲ ਜਿੱਥੇ ਕਈ ਪਿੰਡ ਜੁੜਦੇ ਹਨ ਉਥੇ ਹੀ ਪੈਂਦੇ ਵੱਖ-ਵੱਖ ਧਾਰਮਿਕ ਸਥਾਨਾਂ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਆਉਣਾ-ਜਾਣਾ ਵੀ ਬਣਿਆ ਰਹਿੰਦਾ ਹੈ। ਹਲਕੇ ਦੇ ਲੋਕਾਂ ਨੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਉੱਤੇ ਆ ਰਹੇ ਘਰਾਂ ਦੇ ਗੰਦੇ ਪਾਣੀ ਦਾ ਜਲਦੀ ਤੋਂ ਜਲਦੀ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਗੰਦਗੀ ਭਰੇ ਮਾਹੌਲ ਤੋਂ ਨਿਜਾਤ ਮਿਲ ਸਕੇ ਅਤੇ ਪੈਦਲ ਚੱਲਣ ਵਾਲੇ ਤੇ ਧਾਰਮਿਕ ਸਥਾਨਾਂ ਨੂੰ ਆਉਣ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


