ਪੰਜਾਬ ਕਾਂਗਰਸ ਪ੍ਰਧਾਨ ਅਤੇ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਹਸਪਤਾਲ ਦਾ ਅਚਨਚੇਤ ਦੌਰਾ, ਸਟਾਫ਼ ਅਤੇ ਮਰੀਜ਼ਾਂ ਦੀਆਂ ਮੁਸ਼ਕਿਲਾਂ ਸੁਣੀਆਂ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) : ਕਾਠਗੜ੍ਹ ਦਾ ਸਰਕਾਰੀ ਹਸਪਤਾਲ ਇਨੀਂ ਦਿਨੀਂ ਖ਼ੁਦ ਸੰਕਟ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਅਤੇ ਇਸ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਮੌਜੂਦਾ ਸਰਕਾਰ ਕੋਲ ਜਨਤਾ ਨੂੰ ਦੇਣ ਲਈ ਕੋਈ ਜਵਾਬ ਨਹੀਂ ਹੈ। ਇਸੇ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਟੀਮ ਸਮੇਤ ਕਾਠਗੜ੍ਹ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ ਨਾਨਕ ਸਿੰਘ ਜੰਡੀ , ਜ਼ਿਲ੍ਹਾ ਪਰਿਸ਼ਦ ਮੈਂਬਰ ਮੋਹਨ ਲਾਲ ਸੰਧੂ, ਕੁਲਦੀਪ ਦੀਪਾ ਨਿੱਘੀ , ਪ੍ਰਵੀਨ ਚੌਧਰੀ, ਬਲਜਿੰਦਰ ਸਿੰਘ ਸਰਪੰਚ ਅਤੇ ਕਈ ਹੋਰ ਕਾਂਗਰਸੀ ਵਰਕਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਦੁਪਹਿਰ ਤੋਂ ਬਾਅਦ ਹੋਏ ਇਸ ਅਚਨਚੇਤ ਦੌਰੇ ਕਾਰਨ ਹਸਪਤਾਲ ਵਿੱਚ ਮੌਜੂਦ ਸਟਾਫ਼ ਵਿੱਚ ਹੜਕੰਪ ਮਚ ਗਿਆ। ਕਾਂਗਰਸ ਪ੍ਰਧਾਨ ਨੇ ਪੂਰੇ ਹਸਪਤਾਲ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਉੱਥੇ ਤਾਇਨਾਤ ਕਰਮਚਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ। ਹਸਪਤਾਲ ਦੀ ਖ਼ਸਤਾ ਹਾਲਤ ਦੇਖ ਕੇ ਉਨ੍ਹਾਂ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਨਤਾ ਨੂੰ ਇੱਥੇ ਕੀ ਸਹੂਲਤ ਮਿਲੇਗੀ, ਇਹ ਹਸਪਤਾਲ ਤਾਂ ਖ਼ੁਦ ਹੀ ਵੈਂਟੀਲੇਟਰ ‘ਤੇ ਚੱਲ ਰਿਹਾ ਹੈ। ਉਨ੍ਹਾਂ ਹਸਪਤਾਲ ਦੇ ਅੰਦਰ ਚੱਲ ਰਹੇ ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕ ਦਾ ਵੀ ਜਾਇਜ਼ਾ ਲਿਆ, ਜੋ ਕਿ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਬਿਨਾਂ ਡਾਕਟਰ ਤੋਂ ਬੰਦ ਪਿਆ ਸੀ ਅਤੇ ਉੱਥੇ ਕੁਰਸੀਆਂ ਖਾਲੀ ਸਨ। ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਓਟ ਸੈਂਟਰ ਦਾ ਵੀ ਨਿਰੀਖਣ ਕੀਤਾ, ਜੋ ਬਿਨਾਂ ਡਾਕਟਰਾਂ ਦੇ ਚੱਲ ਰਿਹਾ ਸੀ ਅਤੇ ਡਾਕਟਰਾਂ ਦੇ ਸਾਰੇ ਕਮਰੇ ਬੰਦ ਪਾਏ ਗਏ। ਹਸਪਤਾਲ ਦੇ ਹਾਲਾਤ ‘ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਸਿਹਤ ਸਹੂਲਤਾਂ ਦੀ ਇੱਥੇ ਸ਼ਰੇਆਮ ਪੋਲ ਖੁੱਲ੍ਹ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਚਾਰ ਸਾਲ ਬੀਤ ਰਹੇ ਹਨ, ਪਰ ਜਨਤਾ ਅਜੇ ਤੱਕ ਦਿੱਲੀ ਵਾਲਾ ਮਾਡਲ ਦੇਖਣ ਨੂੰ ਤਰਸ ਰਹੀ ਹੈ। ਹਸਪਤਾਲ ਵਿੱਚ ਲੰਬੇ ਸਮੇਂ ਤੋਂ ਐਸ.ਐਮ.ਓ. ਦਾ ਅਹਿਮ ਅਹੁਦਾ ਖਾਲੀ ਚੱਲ ਰਿਹਾ ਹੈ ਅਤੇ ਸਿਰਫ਼ ਇੱਕ ਆਯੁਰਵੈਦਿਕ ਡਾਕਟਰ ਦੇ ਸਹਾਰੇ ਹੀ ਪੂਰੇ ਹਸਪਤਾਲ ਅਤੇ ਮੁਹੱਲਾ ਕਲੀਨਿਕ ਨੂੰ ਛੱਡਿਆ ਹੋਇਆ ਹੈ। ਹਸਪਤਾਲ ਦੇ ਚਾਰੋਂ ਤਰਫ਼ ਝਾੜੀਆਂ ਵਿੱਚ ਕੀਮਤੀ ਜਨਰੇਟਰ ਪਿਆ-ਪਿਆ ਖ਼ਰਾਬ ਹੋ ਰਿਹਾ ਹੈ, ਜਿਸ ਤੋਂ ਸਰਕਾਰ ਦੀ ਹਸਪਤਾਲ ਪ੍ਰਤੀ ਬੇਰੁਖ਼ੀ ਸਾਫ਼ ਝਲਕਦੀ ਹੈ। ਇਸ ਦੌਰੇ ਦੌਰਾਨ ਰਾਜਾ ਵੜਿੰਗ ਨੇ ਹਸਪਤਾਲ ਦੇ ਸਟਾਫ਼ ਅਤੇ ਆਸ-ਪਾਸ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉੱਥੋਂ ਹੀ ਫੇਸਬੁੱਕ ‘ਤੇ ਲਾਈਵ ਹੋ ਕੇ ਜਨਤਾ ਲਈ ਆਪਣਾ ਸੰਦੇਸ਼ ਛੱਡਿਆ। ਲਗਭਗ ਡੇਢ ਘੰਟੇ ਦੇ ਇਸ ਦੌਰੇ ਤੋਂ ਬਾਅਦ ਜਿੱਥੇ ਹਸਪਤਾਲ ਪ੍ਰਸ਼ਾਸਨ ਵਿੱਚ ਸਨਾਟਾ ਪਸਰ ਗਿਆ, ਉੱਥੇ ਹੀ ਇਲਾਕੇ ਦੇ ਲੋਕਾਂ ਵਿੱਚ ਇਹ ਉਮੀਦ ਜਗ ਗਈ ਹੈ ਕਿ ਹੁਣ ਸ਼ਾਇਦ ਇਸ ਹਸਪਤਾਲ ਦੀ ਸੁਣਵਾਈ ਜ਼ਰੂਰ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਜਨਤਾ ਨੇ ਆਉਣ ਵਾਲੇ ਸਮੇਂ ਵਿੱਚ ਸਾਡੀ ਕਾਂਗਰਸ ਸਰਕਾਰ ਨੂੰ ਮੌਕਾ ਦਿੱਤਾ, ਤਾਂ ਇਸ ਹਸਪਤਾਲ ਦੀ ਹਾਲਤ ਵਿੱਚ ਹਰ ਹਾਲ ਸੁਧਾਰ ਕੀਤਾ ਜਾਵੇਗਾ। ਹਸਪਤਾਲ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ‘ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਵੀ ਚੋਰ ਕਾਬੂ ਨਹੀਂ ਆ ਸਕਿਆ ਹੈ ਅਤੇ ਨਾ ਹੀ ਹਸਪਤਾਲ ਵਿੱਚ ਕੋਈ ਐਮਰਜੈਂਸੀ ਸਹੂਲਤ ਹੈ, ਜਦਕਿ ਬਿਲਡਿੰਗ ਵੀ ਲਗਾਤਾਰ ਖ਼ਸਤਾ ਹਾਲ ਹੁੰਦੀ ਜਾ ਰਹੀ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



