ਕਰਨਾਟਕ: ਹਿਜਾਬ ’ਤੇ ਪਾਬੰਦੀ ਬਾਅਦ ਸਥਿਤੀ ਤਣਾਅਪੂਰਨ; ਹੱਕ ਤੇ ਵਿਰੋਧ ’ਚ ਲਾਮਬੰਦੀ

ਬੰਗਲੌਰ (ਸਮਾਜ ਵੀਕਲੀ):  ਕਰਨਾਟਕ ਵਿਚ ਸਿਆਸੀ ਰੰਗਤ ਲੈਣ ਲੱਗੇ ਹਿਜਾਬ ਵਿਵਾਦ ਨੂੰ ਸਮਾਪਤ ਕਰਨ ਦੀ ਕੋਸ਼ਿਸ਼ ਵਜੋਂ ਸੂਬਾ ਸਰਕਾਰ ਨੇ ਅੱਜ ਅਜਿਹੇ ਕੱਪੜੇ ਪਹਿਨਣ ’ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਹੈ ਜੋ ਸਕੂਲਾਂ ਤੇ ਕਾਲਜਾਂ ਵਿਚ ਸਮਾਨਤਾ, ਅਖੰਡਤਾ ਅਤੇ ਜਨਤਕ ਵਿਵਸਥਾ ਵਿਚ ਅੜਿੱਕਾ ਬਣਨ।

ਸਰਕਾਰੀ ਹੁਕਮਾਂ ਵਿਚ ਕਿਹਾ ਗਿਆ ਹੈ, ‘‘ਕਰਨਾਟਕ ਸਿੱਖਿਆ ਐਕਟ-1983 ਦੀ ਧਾਰਾ 133 (2) ਨੂੰ ਲਾਗੂ ਕੀਤਾ ਜਾਂਦਾ ਹੈ, ਜਿਸ ਤਹਿਤ ਇੱਕੋ ਤਰ੍ਹਾਂ ਦੇ ਕੱਪੜੇ ਜ਼ਰੂਰੀ ਤੌਰ ’ਤੇ ਪਹਿਨੇ ਜਾਣੇ ਚਾਹੀਦੇ ਹਨ। ਨਿੱਜੀ ਸਕੂਲਾਂ ਦੇ ਪ੍ਰਸ਼ਾਸਨ ਆਪਣੀ ਪਸੰਦ ਦੀ ਵਰਦੀ ਚੁਣ ਸਕਦੇ ਹਨ।’’

ਹੁਕਮਾਂ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਕਾਲਜ ਵਿਕਾਸ ਕਮੇਟੀ ਜਾਂ ਪ੍ਰੀ-ਯੂਨੀਵਰਸਿਟੀ ਕਾਲਜਾਂ ਦੇ ਪ੍ਰਸ਼ਾਸਨਿਕ ਬੋਰਡ ਦੀ ਅਪੀਲੀ ਕਮੇਟੀ ਵੱਲੋਂ ਚੁਣੀ ਹੋਈ ਵਰਦੀ ਪਹਿਨਣੀ ਹੋਵੇਗੀ। ਇਸ ਵਿਚ ਕਿਹਾ ਗਿਆ ਹੈ, ‘‘ਪ੍ਰਸ਼ਾਸਨਿਕ ਕਮੇਟੀ ਵੱਲੋਂ ਵਰਦੀ ਦੀ ਚੋਣ ਨਾ ਕੀਤੇ ਜਾਣ ਦੀ ਸਥਿਤੀ ਵਿਚ ਸਮਾਨਤਾ, ਅਖੰਡਤਾ ਅਤੇ ਜਨਤਕ ਕਾਨੂੰਨ ਵਿਵਸਥਾ ਵਿਚ ਅੜਿੱਕਾ ਡਾਹੁਣ ਵਾਲੇ ਕੱਪੜੇ ਨਹੀਂ ਪਹਿਨਣੇ ਚਾਹੀਦੇ।’’

ਸਰਕਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕਰਨਾਟਕ ਸਿੱਖਿਆ ਐਕਟ-1983 ’ਚ ਇਹ ਕਿਹਾ ਗਿਆ ਹੈ ਕਿ ਸਾਰੇ ਵਿਦਿਆਰਥੀ ਇਕ ਵਰਗੀ ਵਰਦੀ ਪਾਉਣ ਤਾਂ ਜੋ ਉਹ ਇਕੋ ਪਰਿਵਾਰ ਨਾਲ ਸਬੰਧਤ ਲੱਗਣ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਪ੍ਰੀ-ਯੂਨੀਵਰਸਿਟੀ ਜਾਂ 12ਵੀਂ ਜਮਾਤ ਵਿਦਿਆਰਥੀਆਂ ਦੀ ਜ਼ਿੰਦਗੀ ਵਿਚ ਕਾਫੀ ਅਹਿਮੀਅਤ ਰੱਖਦੀ ਹੈ। ਵਿਦਿਆਰਥੀਆਂ ਦੀ ਭਲਾਈ ਲਈ ਹੀ ਸੂਬੇ ਵਿਚ ਸਾਰੇ ਸਕੂਲਾਂ ਅਤੇ ਕਾਲਜਾਂ ਲਈ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ।

ਹੁਕਮਾਂ ਅਨੁਸਾਰ, ‘‘ਹਾਲਾਂਕਿ, ਸਿੱਖਿਆ ਵਿਭਾਗ ਨੇ ਇਹ ਦੇਖਿਆ ਹੈ ਕਿ ਕੁਝ ਸਿੱਖਿਆ ਸੰਸਥਾਵਾਂ ਵਿਚ ਮੁੰਡੇ ਤੇ ਕੁੜੀਆਂ ਆਪੋ-ਆਪਣੇ ਧਰਮ ਮੁਤਾਬਕ ਵਿਵਹਾਰ ਕਰਨ ਲੱਗ ਗਏ ਹਨ, ਜਿਸ ਨਾਲ ਸਮਾਨਤਾ ਅਤੇ ਏਕੇ ਨੂੰ ਸੱਟ ਵੱਜਦੀ ਹੈ।’’ ਇਸ ਤੋਂ ਇਲਾਵਾ ਸਰਕਾਰੀ ਹੁਕਮਾਂ ਵਿਚ ਵਰਦੀ ਦੇ ਪੱਖ ਵਿਚ ਆਏ ਸੁਪਰੀਮ ਕੋਰਟ ਅਤੇ ਵੱਖ-ਵੱਖ ਹਾਈ ਕੋਰਟਾਂ ਦੇ ਫ਼ੈਸਲਿਆਂ ਦਾ ਜ਼ਿਕਰ ਵੀ ਕੀਤਾ ਗਿਆ ਹੈ।

ਸਭ ਤੋਂ ਪਹਿਲਾਂ ਜਨਵਰੀ ਮਹੀਨੇ ਵਿਚ ਉਡੁੱਪੀ ਅਤੇ ਚਿਕਮਗਲੁਰੂ ਵਿਚ ਇਹ ਮਾਮਲੇ ਸਾਹਮਣੇ ਆਏ ਸਨ, ਜਿੱਥੇ ਮੁਸਲਮਾਨ ਲੜਕੀਆਂ ਨੇ ਹਿਜਾਬ ਪਹਿਨ ਕੇ ਕਲਾਸਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਪਰੰਤ ਇਸ ਦੇ ਵਿਰੋਧ ਵਿਚ ਹਿੰਦੂ ਵਿਦਿਆਰਥਣਾਂ ਨੇ ਭਗਵੇਂ ਸਕਾਰਫ ਲੈ ਕੇ ਕਲਾਸਾਂ ਲਗਾਉਣਗੀਆਂ ਸ਼ੁਰੂ ਕਰ ਦਿੱਤੀਆਂ। ਹੌਲੀ-ਹੌਲੀ ਇਹ ਮਾਮਲਾ ਸੂਬੇ ਦੇ ਹੋਰ ਹਿੱਸਿਆਂ ਵਿਚ ਵੀ ਫੈਲ ਗਿਆ ਜਿੱਥੇ ਮੁਸਲਮਾਨ ਲੜਕੀਆਂ ਨੇ ਹਿਜਾਬ ਪਹਿਨ ਕੇ ਕਲਾਸਾਂ ਲਗਾਉਣ ਦੀ ਇਜਾਜ਼ਤ ਮੰਗੀ।

ਹੁਣ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਇਸ ਵਿਵਾਦ ਵਿਚ ਕੁੱਦਣ ਨਾਲ ਇਹ ਮਾਮਲਾ ਸਿਆਸੀ ਰੰਗਤ ਲੈ ਗਿਆ ਹੈ। ਇਸ ਦੌਰਾਨ ਜਿੱਥੇ ਕਾਂਗਰਸੀ ਆਗੂ ਮੁਸਲਮਾਨ ਲੜਕੀਆਂ ਦੇ ਸਮਰਥਨ ਵਿਚ ਆ ਗਏ ਹਨ ਉੱਥੇ ਹੀ ਭਾਜਪਾ ਆਗੂ ਹਿਜਾਬ ਪਹਿਨ ਕੇ ਕਲਾਸਾਂ ਲਗਾਉਣ ਦੀ ਮੰਗ ਦਾ ਵਿਰੋਧ ਕਰ ਰਹੇ ਹਨ।

ਸੂਬੇ ਦੀ ਵਿਧਾਨ ਸਭਾ ਵਿਚ ਕਾਂਗਰਸ ਵਿਧਾਇਕ ਦਲ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਸਿਧਾਰਮੱਈਆ ਨੇ ਵੀ ਮੁਸਲਮਾਨ ਲੜਕੀਆਂ ਦੇ ਸਮਰਥਨ ਵਿਚ ਆਉਂਦਿਆਂ ਭਾਜਪਾ ਤੇ ਆਰਐੱਸਐੱਸ ’ਤੇ ਹਿਜਾਬ ਦੇ ਨਾਂ ’ਤੇ ਸੂਬੇ ਭਰ ਵਿਚ ਫਿਰਕੂ ਵੰਡ ਪਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਤੁਰੰਤ ਕਾਰਵਾਈ ਕਰਨ ਅਤੇ ਲੋਕਾਂ ਨੂੰ ਭੜਕਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੀ ਗੱਲ ਕਰਦੇ ਹਨ। ਕੀ ਉਹ ਇਸ ਘਟਨਾ ਬਾਰੇ ਨਹੀਂ ਜਾਣਦੇ?’’

ਉੱਧਰ, ਜੇਡੀ (ਐੱਸ) ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਐੱਚ.ਡੀ. ਕੁਮਾਰਾਸਵਾਮੀ ਨੇ ਭਾਜਪਾ ਤੇ ਕਾਂਗਰਸ ਦੋਹਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦੇ ਨਾਅਰੇ ਨੂੰ ਉਹ ‘ਬੇਟੀ ਹਟਾਓ’ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੂੰ ਇਸ ਸਭ ਨੂੰ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸੰਸਥਾਵਾਂ ਵਿਚ ਸਥਿਤੀ ਜਿਉਂ ਦੀ ਤਿਉਂ ਕਾਇਮ ਰੱਖੀ ਜਾਵੇ। ਜਿੱਥੇ ਪਹਿਲਾਂ ਤੋਂ ਹਿਜਾਬ ਚੱਲਦਾ ਹੈ ਉੱਥੇ ਜਾਰੀ ਰੱਖਿਆ ਜਾਵੇ।

ਇਸ ਸਬੰਧੀ ਕਰਨਾਟਕ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਵੀ ਸੁਨੀਲ ਕੁਮਾਰ ਨੇ ਕਿਹਾ ਕਿ ਹਿਜਾਬ ਜਾਂ ਬੁਰਕਾ ਘਰ ਤੋਂ ਕਾਲਜ ਕੰਪਲੈਕਸ ਤੱਕ ਪਹਿਨਿਆ ਜਾ ਸਕਦਾ ਹੈ, ਪਰ ਕਲਾਸਰੂਮਾਂ ’ਚ ਦਾਖ਼ਲ ਹੋਣ ਤੋਂ ਪਹਿਲਾਂ ਸਾਰਿਆਂ ਨੂੰ ਵਰਦੀ ਪਹਿਨਣੀ ਚਾਹੀਦੀ ਹੈ, ਇਹੀ ਸਿਸਟਮ ਹੈ।

ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਨਲਿਨ ਕੁਮਾਰ ਕਟੀਲ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਪ੍ਰਣਾਲੀ ਦਾ ‘ਤਾਲਿਬਾਨੀਕਰਨ’ ਨਹੀਂ ਹੋਣ ਦੇਵੇਗੀ।

ਉਨ੍ਹਾਂ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਸ ਤਰ੍ਹਾਂ ਦੀਆਂ ਚੀਜ਼ਾਂ (ਕਲਾਸਾਂ ਵਿਚ ਹਿਜਾਬ ਪਹਿਨਣ) ਦੀ ਕੋਈ ਗੁੰਜਾਇਸ਼ ਨਹੀਂ ਹੈ। ਸਾਡੀ ਸਰਕਾਰ ਸਖ਼ਤ ਕਾਰਵਾਈ ਕਰੇਗੀ। ਲੋਕਾਂ ਨੂੰ ਸਕੂਲ ਦੇ ਨੇਮਾਂ ਦੀ ਪਾਲਣਾ ਕਰਨੀ ਹੋਵੇਗੀ। ਅਸੀਂ ਤਾਲਿਬਾਨੀਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ।’’ ਕਟੀਲ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਵਿਚ ਧਰਮ ਨੂੰ ਸ਼ਾਮਲ ਕਰਨਾ ਠੀਕ ਨਹੀਂ ਹੈ। ਬੱਚਿਆਂ ਨੂੰ ਸਿਰਫ਼ ਸਿੱਖਿਆ ਦੀ ਲੋੜ ਹੈ।’’ ਭਾਜਪਾ ਆਗੂ ਨੇ ਕਿਹਾ, ‘‘ਹਿਜਾਬ ਜਾਂ ਅਜਿਹੀ ਕਿਸੇ ਚੀਜ਼ ਦੀ ਸਕੂਲਾਂ ਵਿਚ ਲੋੜ ਨਹੀਂ ਹੈ। ਸਕੂਲ ਸਰਸਵਤੀ ਦਾ ਮੰਦਰ ਹਨ। ਵਿਦਿਆਰਥੀਆਂ ਦਾ ਕੰਮ ਸਿਰਫ਼ ਪੜ੍ਹਨਾ-ਲਿਖਣਾ ਅਤੇ ਸਕੂਲ ਦੇ ਨੇਮਾਂ ਦੀ ਪਾਲਣਾ ਕਰਨਾ ਹੈ।’’

ਵਿਜੈਪੁਰਾ ਦੇ ਭਾਜਪਾ ਵਿਧਾਇਕ ਬਾਸਨਗੌੜਾ ਪਾਟਿਲ ਯਤਨਾਲ ਨੇ ਕਿਹਾ ਕਿ ਕੁਝ ਲੋਕ ਕੌਮਾਂਤਰੀ ਪੱਧਰ ’ਤੇ ਸਕੂਲਾਂ ਵਿਚ ਹਿਜਾਬ ਪਹਿਨਣ ਦੀ ਇਜਾਜ਼ਤ ਮੰਗ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ, ‘‘ਜੇਕਰ ਇਕ ਵਾਰ ਉਨ੍ਹਾਂ ਦੀ ਮੰਗ ਮੰਨ ਲਈ ਗਈ ਤਾਂ ਉਹ ਬਾਅਦ ਵਿਚ ਬੁਰਕਾ ਪਹਿਨਣ ਦੀ ਇਜਾਜ਼ਤ ਮੰਗਣਗੇ ਅਤੇ ਉਸ ਤੋਂ ਬਾਅਦ ਸਕੂਲ ਅੰਦਰ ਮਸਜਿਦ ਬਣਾਉਣ ਦੀ। ਇਹ ਮੰਗਾਂ ਵਧਦੀਆਂ ਹੀ ਰਹਿਣਗੀਆਂ। ਉਨ੍ਹਾਂ ਦਾ ਸਮਰਥਨ ਕਰਨ ਵਾਲੇ ਅਸਲ ਵਿਚ ਦੇਸ਼ਧ੍ਰੋਹੀ ਹਨ।’’

ਸਿੱਖਿਆ ਸੰਸਥਾਵਾਂ ਵਿਚ ਭਗਵਾਨ ਗਣੇਸ਼ ਦੀ ਮੂਰਤੀ ਦੀ ਪੂਜਾ ਕਰਨ ਸਬੰਧੀ ਪੁੱਛਣ ’ਤੇ ਉਨ੍ਹਾਂ ਕਿਹਾ, ‘‘ਇਹ ਭਾਰਤ ਹੈ ਅਤੇ ਸਾਡੇ ਦੇਸ਼ ਦੀ ਸਥਾਪਨਾ ਭਾਰਤੀ ਸੱਭਿਆਚਾਰ ਦੇ ਆਧਾਰ ’ਤੇ ਹੋਈ ਹੈ। ਅਸੀਂ ਧਰਮ ਦੇ ਆਧਾਰ ’ਤੇ ਉਨ੍ਹਾਂ ਨੂੰ ਪਹਿਲਾਂ ਹੀ ਪਾਕਿਸਤਾਨ ਦੇ ਚੁੱਕੇ ਹਾਂ, ਤਾਂ ਜੋ ਉਹ ਹਿਜਾਬ ਪਹਿਨ ਸਕਣ।’ ਉੱਧਰ, ਸੂਬੇ ਦੇ ਕੁਝ ਹਿੱਸਿਆਂ ਵਿਚ ਸੜਕਾਂ ’ਤੇ ਅੱਜ ਵੀ ਬੁਰਕਾ ਪਹਿਨ ਕੇ ਔਰਤਾਂ ਨੇ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿਚ ਕਾਂਗਰਸ ਦੀ ਗੁਲਬਰਗ ਉੱਤਰੀ ਸੀਟ ਤੋਂ ਵਿਧਾਇਕਾ ਕਨੀਜ਼ ਫਾਤਿਮਾ ਦੀ ਅਗਵਾਈ ਵਿਚ ਹੋਇਆ ਵਿਰੋਧ ਪ੍ਰਦਰਸ਼ਨ ਵੀ ਸ਼ਾਮਲ ਹੈ। 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਾਂਚ ਏਜੰਸੀਆਂ ਨੂੰ ਵਿਰੋਧੀਆਂ ਖ਼ਿਲਾਫ਼ ਵਰਤ ਰਹੀ ਹੈ ਭਾਜਪਾ: ਕਨ੍ਹੱਈਆ
Next articleਹਿਜਾਬ ਵਿਵਾਦ: ਕੁੰਡਾਪੁਰ ਵਿਚ ਵਿਦਿਆਰਥਣਾਂ ਨੇ ਭਗਵੀਆਂ ਸ਼ਾਲਾਂ ਲੈ ਕੇ ਜਲੂਸ ਕੱਢਿਆ