ਬੰਗਲੂਰੂ (ਸਮਾਜ ਵੀਕਲੀ): ਕਰਨਾਟਕ ਦੇ ਪੇਂਡੂ ਵਿਕਾਸ ਤੇ ਪੰਚਾਇਤ ਰਾਜ ਮੰਤਰੀ ਕੇਐੱਸ ਈਸ਼ਵਰੱਪਾ ਨੇ ਅੱਜ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਜ਼ਿਕਰਯੋਗ ਹੈ ਕਿ ਈਸ਼ਵਰੱਪਾ ਉਡੁਪੀ ਦੇ ਠੇਕੇਦਾਰ ਸੰਤੋਸ਼ ਪਾਟਿਲ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਸ ਮੁੱਦੇ ’ਤੇ ਸਿਆਸੀ ਵਿਵਾਦ ਭਖਣ ਮਗਰੋਂ ਈਸ਼ਵਰੱਪਾ ਨੇ ਬੀਤੇ ਦਿਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਈਸ਼ਵਰੱਪਾ ਅੱਜ ਜਦੋਂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਆਪਣਾ ਅਸਤੀਫਾ ਸੌਂਪਣ ਆਏ ਤਾਂ ਬਾਹਰ ਵੱਡੀ ਗਿਣਤੀ ’ਚ ਇਕੱਠੇ ਹੋਏ ਉਨ੍ਹਾਂ ਦੇ ਹਮਾਇਤੀ ਨਾਅਰੇਬਾਜ਼ੀ ਕਰ ਰਹੇ ਸਨ।
ਈਸ਼ਵਰੱਪਾ ਨੇ ਕਿਹਾ, ‘ਮੈਂ ਅੱਜ ਦੀ ਤਾਰੀਕ ਤੱਕ ਮੁੱਖ ਮੰਤਰੀ ਬੋਮਈ ਦੀ ਅਗਵਾਈ ਹੇਠ ਮੰਤਰੀ ਵਜੋਂ ਕੰਮ ਕੀਤਾ ਹੈ। ਮੈਂ ਅੱਜ ਅਸਤੀਫਾ ਦੇਣ ਦਾ ਫ਼ੈਸਲਾ ਕਰ ਲਿਆ ਹੈ। ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਮੇਰੀ ਪਾਰਟੀ ਜਾਂ ਲੀਡਰਸ਼ਿਪ ਦੀ ਬਦਨਾਮੀ ਹੋਵੇ।’ ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਅਸਤੀਫਾ ਦੇਣ ਦਾ ਫ਼ੈਸਲਾ ਕੀਤਾ ਸੀ ਪਰ ਉਨ੍ਹਾਂ ਦੇ ਸਾਥੀਆਂ ਨੇ ਰੋਕ ਦਿੱਤਾ ਸੀ। ਉਨ੍ਹਾਂ ਕਿਹਾ, ‘ਜੇ ਮੈਂ ਕੋਈ ਗਲਤੀ ਕੀਤੀ ਹੈ ਤਾਂ ਰੱਬ ਮੈਨੂੰ ਸਜ਼ਾ ਦੇਵੇ। ਮੈਨੂੰ ਭਰੋਸਾ ਹੈ ਕਿ ਮੈਂ ਇਸ ਖੁਦਕੁਸ਼ੀ ਕੇਸ ’ਚੋਂ ਸਾਫ-ਪਾਕਿ ਨਿਕਲ ਆਵਾਂਗਾ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly