ਜਲੰਧਰ, (ਸਮਾਜ ਵੀਕਲੀ): ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਾਦਸ਼ਾਹਪੁਰ ਨੇੜਲੇ ਗੁਰਦੁਆਰਾ ਨਿਜ਼ਾਮਪੁਰ ਸਾਹਿਬ ਵਿਖੇ 19 ਦੰਸਬਰ ਨੂੰ ਤਕੜੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਘਟਨਾ ਵਿੱਚ ਬੇਅਦਬੀ ਕਰਨ ਵਾਲੇ ਨੌਜਵਾਨ ਦੀ ਗੁੱਸੇ ਵਿੱਚ ਆਏ ਲੋਕਾਂ ਨੇ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿਚ ਮੁੱਖ ਪ੍ਰਬੰਧਕ ਅਮਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਬਾ ਅਮਰਜੀਤ ਸਿੰਘ ਨੂੰ ਇਸ ਸਬੰਧੀ ਧਾਰਾ 302 ਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਗਏ ਕੇਸ ਵਿਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਐਲਾਨ ਕੀਤਾ ਹੈ ਕਿ ਪੁਲੀਸ ਨੇ ਕਪੂਰਥਲਾ ਵਾਲਾ ਮਸਲਾ ਹੱਲ ਕਰ ਲਿਆ ਹੈ। ਸ੍ਰੀ ਚੰਨੀ ਨੇ ਕਿਹਾ ਕਿ ਉੱਥੇ ਬੇਅਦਬੀ ਨਹੀਂ ਸੀ ਹੋਈ। ਅਮਰਜੀਤ ਸਿੰਘ ਦੇ ਸੀਨੀਅਰ ਪੁਲੀਸ ਅਧਿਕਾਰੀ ਨਾਲ ਵੀ ਬੜੇ ਗੂੜੇ ਸਬੰਧ ਰਹੇ ਹਨ। ਜ਼ਿਕਰਯੋਗ ਹੈ ਕਿ ਐੱਸਐੱਸਪੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਘਟਨਾ ਵਾਲੇ ਦਿਨ ਦੱਸਿਆ ਸੀ ਕਿ ਮਾਰੇ ਗਏ ਨੌਜਵਾਨ ਵਿਰੁੱਧ ਬੇਅਦਬੀ ਦੀ ਕੋਸ਼ਿਸ਼ ਅਤੇ ਉਸ ਦੇ ਕਤਲ ਦਾ ਕੇਸ ਦਰਜ ਕੀਤਾ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਨਿਜ਼ਾਮਪੁਰ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਅਮਰਜੀਤ ਸਿੰਘ ਨੇ ਘਟਨਾ ਵਾਲੇ ਦਿਨ ਫੇਸਬੁੱਕ ਉਤੇ ਲਾਈਵ ਹੋ ਕੇ ਦੱਸਿਆ ਕਿ ਇੱਕ ਨੌਜਵਾਨ ਨੇ ਨਿਸ਼ਾਨ ਸ਼ਾਹਿਬ ਦੀ ਬੇਅਦਬੀ ਕੀਤੀ ਹੈ। ਉਸ ਨੂੰ ਮੌਕੇ ਉੱਤੇ ਹੀ ਫੜ ਲਿਆ ਗਿਆ ਸੀ ਅਤੇ ਉਸ ਦੀਆਂ ਬਾਹਾਂ ਬੰਨ੍ਹੀਆਂ ਹੋਈਆਂ ਸਨ। ਭਾਈ ਅਮਰਜੀਤ ਸਿੰਘ ਨੇ ਸਪੱਸ਼ਟ ਤੌਰ ਉੱਤੇ ਕਿਹਾ ਕਿ ਨੌਜਵਾਨ ਨੂੰ ਪੁਲੀਸ ਹਵਾਲੇ ਨਹੀਂ ਕੀਤਾ ਜਾਵੇਗਾ ਕਿਉਂਕਿ ਪੁਲੀਸ ਉਸ ਨੂੰ ਪਾਗਲ ਕਹਿ ਕੇ ਛੱਡ ਦੇਵੇਗੀ। ਉਸ ਨੇ ਜਥੇਬੰਦੀਆਂ ਨੂੰ ਵੱਡੀ ਗਿਣਤੀ ਵਿੱਚ ਗੁਰਦੁਆਰੇ ਪਹੁੰਚਣ ਦੀ ਅਪੀਲ ਵੀ ਕੀਤੀ ਸੀ। ਇਸ ਅਪੀਲ ਤੋਂ ਬਾਅਦ ਲੋਕ ਵੱਡੀ ਗਿਣਤੀ ਵਿੱਚ ਘਟਨਾ ਵਾਲੀ ਥਾਂ ਉਤੇ ਪਹੁੰਚ ਗਏ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly