ਡਾਕਟਰ ਲਵਪ੍ਰੀਤ ਕੌਰ ਜਵੰਦਾ
(ਸਮਾਜ ਵੀਕਲੀ) ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਦੀਆਂ ਤੋਂ ਭਾਰਤ ਵਿਚ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ। ਔਰਤ ਦੇ ਬਾਲ ਰੂਪ ਨੂੰ ਮਾਤਾ ਦਾ ਰੂਪ ਦਸਿਆ ਜਾਂਦਾ ਹੈ। ਦੱਸਣਾ ਤੇ ਸਮਝਣਾ ਦੋ ਅਲੱਗ ਅਲੱਗ ਵਰਤਾਰੇ ਨੇ ਦੱਸਿਆ ਜਾਂਦਾ ਪਰ ਸਮਝਿਆ ਬਹੁਤ ਘੱਟ ਜਾਂਦਾ ਹੈ। ਜੇ ਬਾਲੜੀਆਂ ਨੂੰ ਵਾਕਿਆ ਹੀ ਦੇਵੀ ਮਾਂ ਦਾ ਰੂਪ ਸਮਝਿਆ ਜਾਂਦਾ ਤਾਂ ਫੇਰ ਉਸਦਾ ਬਲਾਤਕਾਰ ਕਿਓਂ?
ਕਿੰਨੇ ਸ਼ਰਮ ਵਾਲੀ ਗੱਲ ਹੈ ਕਿ ਅਸੀਂ ਆਪਣੀ ਕੰਜਕ ਦਾ ਬਾਲੜੀ ਦਾ ਬਲਾਤਕਾਰ ਵੀ ਕਰਦੇ ਹਾਂ ਤੇ ਉਸਦੀ ਹੱਤਿਆ ਵੀ। ਸਾਨੂੰ ਉਸਦੀਆਂ ਹਿਰਦੇ ਕੰਬਾਉ ਚੀਕਾਂ ਤੜਫਣਾ ਤੇ ਜੁੜੇ ਹੱਥ ਤਰਲੇ ਮਿੰਨਤਾ ਕਿਉ ਨਹੀ ਦਿਖਦੀਆਂ। ਫੇਰ ਦਰਿੰਦਗੀ ਦੀ ਹੱਦ ਪਾਰ ਕਰਦੇ ਹੋਏ ਉਸਦੇ ਬੇਜਾਨ ਜਿਸਮ ਨੂੰ ਬੇਰਹਿਮੀ ਨਾਲ ਕੋਹ ਕੋਹ ਕੇ ਮਰਨਾ। ਕੌਣ ਜਿੰਮੇਵਾਰ ਹੈ ਇੰਨਾ ਰਾਖਸ਼ਸੀ ਹੈਵਾਨੀਅਤ ਭਰੀਆਂ ਵਾਰਦਾਤਾਂ ਦਾ ਆਓ ਅੱਜ ਇਸ ਤੇ ਕੁਝ ਸੋਚੀਏ ਵਿਚਾਰੀਏ ਤੇ ਆਪਣੀਆਂ ਕੰਜਕਾਂ ਨੂੰ ਹੈਵਾਨਾਂ ਤੋਂ ਬਚਾਈਏ।
ਕੰਜਕ ਪੂਜਣ ਤੇ ਬਾਲੜੀ ਦਿਵਸ ਦੇ ਕੀ ਅਰਥ…?
ਅੱਜ ਮੈਨੂੰ ਇਹ ਮੌਕਾ ਮਿਲਿਆ ਹੈ ਕਿ ਅੱਜ ਬਾਲੜੀ ਦਿਵਸ ਹੈ ਕੁਝ ਲਿਖਾ।ਭਲਕੇ ਅਸ਼ਟਮੀ ਤੇ ਨੌਵੀਂ ਇਕੱਠੀਆਂ ਮਨਾਈਆਂ ਜਾਣੀਆਂ ਹਨ ।ਪਿਛਲੇ ਦਿਨਾਂ ਤੋਂ ਲਗਾਤਾਰ ਮਾਂ ਦੇ ਕਿੰਨੇ ਰੂਪਾਂ ਦੀ ਪੂਜਾ ਕੀਤੀ ਜਾ ਰਹੀ ਹੈ। ਮਾਤਾ ਦੇ ਅਲਗ ਅਲਗ ਰੂਪਾਂ ਦੀ ਪੂਜਾ ਤੋਂ ਬਾਅਦ ਅੱਠੇਂ ਭਾਵ ਅਸ਼ਟਮੀ ਨੂੰ ਕੰਜਕ ਰੂਪ ਬੇਟੀਆਂ ਨੂੰ ਇੱਕਠੇ ਬੈਠਾ ਕੇ ਉਸਦੀ ਪੂਜਾ ਅਰਚਨਾ ਕਰ ਉਸਦੇ ਮੁਬਾਰਕ ਕਦਮਾਂ ਨੂੰ ਮਾ ਦੇ ਚਰਨ ਕੰਵਲ ਸਮਝ ਸ਼ਰਧਾ ਨਾਲ ਧੋ ਉਸਦਾ ਸ਼ਿੰਗਾਰ ਕਰ ਉਸਨੂੰ ਵਧੀਆ ਭੋਜਨ ਫੱਲ ਫਰੂਟ ਖਵਾ ਕੇ ਮਾਇਆ ਭੇਟ ਕੀਤੀ ਜਾਂਦੀ ਹੈ। ਭਾਵ ਇਸ ਦਿਨ ‘ਕੰਜਕਾਂ’ ਦੀ ਪੂਜਾ ਕੀਤੀ ਜਾਂਦੀ ਹੈ। ਹਿੰਦੋਸਤਾਨ ਦੀ ਪੁਰਾਤਨ ਸੰਸਕ੍ਰਿਤੀ ‘ਧੀਆਂ’ ਦੀ ਪੂਜਾ ਲਈ ਵਿਸ਼ੇਸ਼ ਤਿਉਹਾਰ ਮਿੱਥਦੀ ਹੈ, ਲੇਕਿਨ ਅਫ਼ਸੋਸ ਹਿੰਦੋਸਤਾਨ ’ਚ ਅੱਜ ਵੀ ਮਾਸੂਮ ਬੱਚੀਆਂ, ਜਵਾਨ ਔਰਤਾਂ ਤੇ ਬਿਰਧ ਮਾਵਾਂ ਵੀ ਅੱਤਿਆਚਾਰ ਦੀਆਂ ਸ਼ਿਕਾਰ ਹਨ, ਇਥੋਂ ਤੱਕ ਗਿਰ ਗਏ ਨੇ ਇਸ ਦੇਸ਼ ਦੇ ਲੋਕ ਕੇ ਕਿਸੇ ਨੀਮ ਪਾਗ਼ਲ ਔਰਤ ਨਾਲ ਵੀ ਭੋਗ ਵਿਲਾਸ, ਬਲਾਤਕਾਰ ਕਰਕੇ ਉਸ ਨੂੰ ਗਰਭਵਤੀ ਕਰ ਦਿੰਦੇ ਹਨ। ਹਿੰਦੁਸਤਾਨ ਵਿੱਚ ਅੱਜ ਵੀ ਔਰਤ ਦਾ ਛੋਟਾ ਵੱਡਾ ਰੂਪ ਭੋਗ ਬਿਲਾਸ ਦੀ ਵਸਤੂ ਹੈ, ਔਰਤਾਂ ਹਿੰਦੁਸਤਾਨ ਵਿਚ ਅੱਜ ਵੀ ਮਾਣ-ਸਨਮਾਨ ਦੀਆਂ ਪਾਤਰ ਨਹੀਂ ਹਨ, ਫਿਰ ਹਿੰਦੁਸਤਾਨ ਚ ਅਜਿਹੀਆ ਰਸਮਾਂ ਨੂੰ ਜੇ ਪਾਖੰਡ ਆਖ਼ ਦਿੱਤਾ ਜਾਵੇ ਤਾਂ ਸ਼ਾਇਦ ਅਤਿਕਥਨੀ ਨਹੀਂ ਹੋਵੇਗੀ।ਦਿਨ ਆਉਂਦੇ ਹਨ ਚਲੇ ਜਾਂਦੇ ਹਨ, ਜਿਹੜੇ ਦਿਨਾਂ ਨੂੰ ਵਿਸ਼ੇਸ਼ ਦਿਨਾਂ ਵਜੋਂ ਮਹਾਨਤਾ ਦਿੱਤੀ ਗਈ ਹੈ, ਉਨ੍ਹਾਂ ਦਿਨਾਂ ’ਚ ਸਮਾਗਮ, ਸੈਮੀਨਾਰ ਤੇ ਮੀਡੀਏ ’ਚ ਇਕ ਅੱਧ ਦਿਨ ਦੀ ਚਰਚਾ ਨਾਲ ਸਾਰ ਦਿੱਤਾ ਜਾਂਦਾ ਹੈ, ਕੋਈ ਵਿਸ਼ੇਸ਼ ਦਿਨ ਭਾਵੇਂ ਕਿੰਨਾ ਮਹਾਨ ਕਿਉਂ ਨਾ ਹੋਵੇ ਉਹ ਵੀ ਮੂੰਹ ਜ਼ੁਬਾਨੀ ਸੰਦੇਸ਼ ਦੇਣ ਤੋਂ ਇਲਾਵਾ ਹੋਰ ਕੋਈ ਪ੍ਰਭਾਵ ਨਹੀਂ ਛੱਡਦਾ। ਦੋ ਚਾਰ ਦਿਨਾਂ ਬਾਅਦ ਭੁੱਲ ਜਾਣਾ ਇਹ ਮਹਾਨ ਦਿਨ ਬਹੁਰਾਸ਼ਟਰੀ ਕੰਪਨੀਆਂ ਨੇ ਆਪਣੇ ਵੱਖ-ਵੱਖ ਸਮਾਨਾਂ ਦੀ ਵਿਕਰੀ ਲਈ ਉੱਚ ਅਤੇ ਮੱਧਵਰਗ ਦੀਆਂ ਜੇਬਾਂ ਖ਼ਾਲੀ ਕਰਵਾਉਣ ਲਈ ਇਨ੍ਹਾਂ ਦਿਨਾਂ ਨੂੰ ਕੋਈ ਨਾ ਕੋਈ ਨਾਮ ਦੇ ਛੱਡਿਆ ਹੈ। ਉਨ੍ਹਾਂ ਦੀ ਸੋਚ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਤੱਕ ਸੀਮਤ ਹੈ, ਇਸ ਲਈ ਇਹ ਵਿਸ਼ੇਸ਼ ਦਿਨ ਸਿਰਫ਼ ਤੇ ਸਿਰਫ਼ ਰਸਮੀ ਹੋ ਕੇ ਰਹਿ ਗਏ ਹਨ। ਅਸੀਂ ਪੁਰਾਤਨ ਪਿਰਤਾਂ ਦੀ ਪਾਲਣਾ ਤਾਂ ਅੱਖਾਂ ਮੀਚ ਕੇ ਕਰੀ ਜਾਂਦੇ ਹਾਂ, ਦੂਸਰਾ ਰਸਮੀ ਰੂਪ ’ਚ ਤਾਂ ਇਨ੍ਹਾਂ ਦਿਨਾਂ ਨੂੰ ਮਨਾ ਕੇ ਆਪਣੇ ਮਨੋਰੰਜਨ, ਵਪਾਰ ਤੇ ਮੇਲ-ਜੋਲ ਵਧਾਉਣ ਦੇ ਸਾਧਨ ਬਣਾ ਲਿਆ ਹੈ, ਪ੍ਰੰਤੂ ਇਨ੍ਹਾਂ ਵਿਸ਼ੇਸ਼ ਦਿਨਾਂ ਦੀ ਆਤਮਾ ਕੀ ਪੁਕਾਰਦੀ ਹੈ ਇਹ ਸੁਣਨ ਲਈ ਕੋਈ ਤਿਆਰ ਨਹੀਂ।
19 ਦਸੰਬਰ 2011 ਨੂੰ ਯੂ ਐਨ ਓ ਨੇ 11 ਅਕਤੂਬਰ ਦੇ ਦਿਨ ਨੂੰ ਅੰਤਰਾਸ਼ਟਰੀ ਬਾਲੜੀ ਦਿਵਸ ਐਲਾਨਿਆ ਕੀਤਾ ਸੀ। ਇਸ ਲਈ ਅਸੀਂ ਅੱਜ 11 ਅਕਤੂਬਰ ਨੂੰ
ਅਸੀ ਸਾਰੇ ਬਾਲੜੀ ਦਿਵਸ ਵਜੋਂ ਮਨਾ ਰਹੇ ਹਾਂ, ਤੇ ਪੁਰਾਤਨ ਰਵਾਇਤਾਂ ਅਨੁਸਾਰ ਦੁਸਹਿਰੇ ਤੋਂ ਪਹਿਲਾ ਆਉਂਦੀ ਅਸ਼ਟਮੀ ਅਤੇ ਨੌਵੀਂ ਨੂੰ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ।
ਪ੍ਰੰਤੂ ਕੀ ਸਾਡਾ ਸਮਾਜ ਇਨ੍ਹਾਂ ਬਾਲੜੀਆਂ ਦੇ ਪ੍ਰਤੀ ਗੰਭੀਰ ਹੈ?
ਇਸ ਸੁਆਲ ’ਤੇ ਨਾ ਤਾਂ ਕਿਸੇ ਨੇ ਬਾਲੜੀ ਦਿਵਸ ਵਾਲੇ ਦਿਨ ਵਿਚਾਰ ਕਰਨੀ ਹੈ ਅਤੇ ਨਾ ਹੀ ਕੰਜਕਾਂ ਦੀ ਪੂਜਾ ਕਰਦਿਆਂ ਕੰਜਕ ਦੀ ਹੋਣੀ ਬਾਰੇ ਕਿਸੇ ਦੇ ਮਨ ਮਸਤਕ ’ਤੇ ਕੋਈ ਸੁਆਲ ਉਭਰਨਾ ਹੈ, ਦੇਸ਼ ’ਚ ਆਏ ਦਿਨ ਬਾਲੜੀਆਂ ਨਾਲ ਬਲਾਤਕਾਰ ਹੁੰਦੇ ਹਨ, ਫਾਂਸੀ ਦੀ ਸਜ਼ਾ ਦਾ ਕਾਨੂੰਨ ਬਣਾ ਦਿੱਤੇ ਜਾਣ ਦੇ ਬਾਵਜੂਦ ਬਾਲੜੀਆਂ ਦੀਆਂ ਹੋਣੀ ’ਚ ਕੋਈ ਤਬਦੀਲੀ ਨਹੀਂ ਆਈ, ਸਗੋਂ ਦੇਸ਼ ਦੇ ਕਰਤੇ-ਧਰਤੇ ਬਲਾਤਕਾਰ ਖ਼ਤਮ ਕਰਵਾਉਣ ਲਈ ਕੁੜੀਆਂ ਦੇ ਵਿਆਹ ਨਿੱਕੀ ਉਮਰੇ ਕਰ ਦੇਣ ਜਾਂ ਉਨ੍ਹਾਂ ਦੇ ਕੱਪੜਿਆਂ ਬਾਰੇ ਸੁਝਾਅ ਦੇਣ ਤੋਂ ਅੱਗੇ ਨਹੀਂ ਤੁਰਦੇ। ਅਸੀਂ ਰੁੱਖ ਤੇ ਕੁੱਖ ਦੀ ਰਾਖ਼ੀ ਦਾ ਹੋਕਾ ਦਿੱਤਾ ਹੈ, ਪ੍ਰੰਤੂ ਕੋਈ ਪਰਿਵਾਰ ਆਪਣੇ ਘਰ ਵਿੱਚ ਦੂਜੀ ਧੀ ਦਾ ਜਨਮ ਨਹੀਂ ਚਾਹੁੰਦਾ, ਉਹ ਹਰ ਕੀਮਤ ’ਤੇ ਪੁੱਤਰ ਦੀ ਪ੍ਰਾਪਤੀ ਲਈ ਜ਼ਮੀਨ-ਆਸਮਾਨ ਇਕ ਕਰ ਦਿੰਦਾ ਹੈ, ਪੁੱਤਰ ਅਤੇ ਧੀਆਂ ਨੂੰ ਬਰਾਬਰੀ ਦੇਣ ਦੇ ਫ਼ੋਕੇ ਦਾਅਵੇ ਤਾਂ ਹੁੰਦੇ ਹਨ, ਦੁਨੀਆ ਨੂੰ ਵਿਖਾਵੇ ਲਈ ਅਤੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਲਈ, ਕਿਤੇ-ਕਿਤੇ ਧੀ ਦੀ ਲੋਹੜੀ ਵੀ ਮਨਾਈ ਜਾਂਦੀ ਹੈ।
ਪ੍ਰੰਤੂ ਸਾਡੀ ਮਾਨਸਿਕਤਾ ’ਚ ਕਿੰਨੀ ਤਬਦੀਲੀ ਆਈ ਹੈ, ਉਸ ਬਾਰੇ ਅਸੀਂ ਆਪਣੀ ਆਤਮਾ ਤੋਂ ਪੁੱਛ ਸਕਦੇ ਹਾਂ, ਜਾਂ ਫਿਰ ਗਰਭ ’ਚ ਮੁੰਡੇ-ਕੁੜੀ ਦੀ ਪਛਾਣ ਕਰਨ ਲਈ ਕਾਨੂੰਨ ਤੋਂ ਚੋਰੀ ਰੋਜ਼ਾਨਾ ਹੁੰਦੇ ਹਜ਼ਾਰਾਂ ਟੈਸਟਾਂ ਦੀ ਗਿਣਤੀ ਤੋਂ ਬਾਖ਼ੂਬੀ ਲਾ ਸਕਦੇ ਹਾਂ। ਗੁਰੂਆਂ, ਪੀਰਾਂ, ਫਕੀਰਾਂ ਦੀ ਇਸ ਪਵਿੱਤਰ ਧਰਤੀ ਤੇ ਜਿੱਥੇ ਗੁਰੂ ਸਾਹਿਬ ਨੇ ਕੁੜੀ ਮਾਰ ਨਾਲ ਸਬੰਧ ਤੋੜਨ ਦਾ ਹੁਕਮ ਸੁਣਾਇਆ ਹੋਇਆ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਵੀ ਆਧੁਨਿਕ ਸਮੇਂ ’ਚ ਜਾਰੀ ਹੋਇਆ ਹੈ, ਪ੍ਰੰਤੂ ਇਸਦੇ ਬਾਵਜੂਦ ਪੰਜਾਬ ’ਚ ਸਿਫ਼ਰ ਤੋਂ ਛੇ ਸਾਲ ਦੇ ਬੱਚਿਆਂ ’ਚ ਬਾਲੜੀ ਦੀ ਅਨੁਪਾਤ 1000 ਪਿੱਛੇ 852 ਹੈ। 21ਵੀਂ ਸਦੀ ਦੇ ਹੋਣ ਦੇ ਨਾਤੇ ਅਸੀਂ ਆਪਣੇ-ਆਪ ਨੂੰ ਅਗਾਂਹਵਧੂ ਮੰਨਦੇ ਹਾਂ, ਆਧੁਨਿਕਤਾ ਦਾ ਢੰਡੋਰਾ ਵੀ ਪਿੱਟਦੇ ਹਾਂ, ਉਸ ਜੇ ਬਾਵਜੂਦ ਪੰਜਾਬ ’ਚ ਪਿਛਲੇ ਇਕ ਦਹਾਕੇ ’ਚ ਅਸੀਂ ਬਾਲੜੀਆਂ ਦੀ ਅਨੁਪਾਤ ’ਚ ਸਿਰਫ਼ 1000 ਪਿੱਛੇ 64 ਦਾ ਸੁਧਾਰ ਕਰ ਸਕੇ ਹਾਂ।
ਪਿਛਲੇ ਦਹਾਕੇ ’ਚ ਇਹ ਅਨੁਪਾਤ 1000 ਪਿੱਛੇ 788 ਜਿਹੜੀ ਅੱਜ 852 ਤੇ ਪੁੱਜੀ ਹੈ। ਬਾਲੜੀਆਂ ਨੂੰ ਅਸੀਂ ਮੁੰਡਿਆਂ ਦੇ ਬਰਾਬਰ ਲਾਡ, ਪਿਆਰ ਅਤੇ ਸਿੱਖਿਆ ਸਹੂਲਤਾਂ ਦੇਣ ਅਤੇ ਉਨ੍ਹਾਂ ’ਚ ਕੁੜੀ ਹੋਣ ਕਾਰਣ ਬਰਾਬਰੀ ਤੋਂ ਵਾਂਝੀ ਹੋਣ ਦੀ ਸੋਚ ਤੋਂ ਆਜ਼ਾਦ ਨਹੀਂ ਕਰਵਾ ਸਕੇ। ਲੱਚਰਤਾ ਦੇ ਨਵੇਂ ਵਗੇ ਸੱਤਵੇਂ ਦਰਿਆ ਨੇ ਬਾਲੜੀਆਂ ’ਚ ਅਤੇ ਬਾਲੜੀਆਂ ਦੇ ਮਾਂ-ਬਾਪ ’ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਪੁਰਾਤਨ ਕਦਰਾਂ-ਕੀਮਤਾਂ ਦੀ ਧੇਹ ’ਤੇ ਜਿਸ ਲੱਚਰਤਾ ਦੇ ਮਹਿਲ ਉਸਾਰਨ ਦੇ ਯਤਨ ਹੋ ਰਹੇ ਹਨ, ਉਨ੍ਹਾਂ ਨੇ ਸਮਾਜ ’ਚ ਨੈਤਿਕ ਕਦਰਾਂ ਕੀਮਤਾਂ ਖ਼ਤਮ ਕਰ ਦਿੱਤੀਆਂ ਹਨ। ਰਿਸ਼ਤੇ ਤਿੜਕ ਗਏ ਹਨ, ਜਿਨ੍ਹਾਂ ਦਾ ਸਭ ਤੋਂ ਵੱਧ ਪ੍ਰਭਾਵ ਬਾਲੜੀਆਂ ਤੇ ਪੈ ਰਿਹਾ ਹੈ। ਕਿਉਂਕਿ ਉਹ ਬਾਪ ਦੀ ਬੁੱਕਲ ਵਿੱਚ ਵੀ ਸੁਰੱਖਿਅਤ ਨਹੀਂ ਰਹੀਆਂ। ਸਿੱਖ ਧਰਮ ’ਚ ਜੋ ਰੁਤਬਾ ਔਰਤ ਨੂੰ ਦਿੱਤਾ ਗਿਆ ਹੈ, ਸਿੱਖ ਕੌਮ ਦੀਆਂ ਮਹਾਨ ਮਾਤਾਵਾਂ, ਮਾਤਾ ਗੁਜਰੀ, ਮਾਤਾ ਸਾਹਿਬ ਕੌਰ, ਅਤੇ ਮਾਈ ਭਾਗੋ ਨੇ ਔਰਤ ਦੇ ਰੁਤਬੇ ਨੂੰ ਜੋ ਮਹਾਨਤਾ ਬਖ਼ਸੀ ਸੀ, ਅੱਜ ਦੀ ਔਰਤ ਉਸ ਰੁਤਬੇ ਦੀ ਰਾਖ਼ੀ ਕਰਨ ਤੋਂ ਆਖ਼ਰ ਅਸਮੱਰਥ ਕਿਉਂ ਹੋ ਗਈ ਹੈ?
ਮੈ ਚਾਹੁੰਦੀ ਹਾਂ ਕਿ ਬਾਲੜੀ ਦਿਵਸ ਨੂੰ ਜਾਂ ਕੰਜਕਾਂ ਪੂਜਨ ਨੂੰ ਸਿਰਫ਼ ਰਸਮੀਂ ਨਾ ਰੱਖਿਆ ਜਾਵੇ। ਧੀਆਂ ਦੀ ਕੁੱਖ ’ਚ ਰੱਖਿਆ ਤੱਕ ਹੀ ਸੀਮਤ ਨਾ ਕੀਤਾ ਜਾਵੇ, ਸਗੋਂ ਇਸ ਦਿਨ ਇਕ ਧੀ, ਭੈਣ, ਮਾਂ, ਪਤਨੀ ਦੇ ਰੂਪ ’ਚ ਔਰਤ ਦੀ ਅੱਜ ਦੇ ਪੜ੍ਹੇ-ਲਿਖੇ ਆਖੇ ਜਾਂਦੇ ਸਮਾਜ ’ਚ ਕੀ ਮਹੱਤਤਾ ਹੈ? ਉਸ ਪ੍ਰਾਪਤ ਰੁਤਬੇ ਅਨੁਸਾਰ ਮਾਣ-ਸਤਿਕਾਰ ਦਿੱਤਾ ਜਾਵੇ। ਇਸ ਦਾ ਲੇਖਾ-ਜੋਖਾ ਵੀ ਹੋਣਾ ਚਾਹੀਦਾ ਹੈ ਅਤੇ ਔਰਤ ਕਦੋਂ ਤੱਕ ਅਬਲਾ ਹੀ ਬਣੀ ਰਹੇਗੀ। ਸਮਾਜ ਦੀ ਸੋਚ ’ਚ ਔਰਤ ਨੂੰ ਲੈ ਕੇ ਤਬਦੀਲੀ ਕਦੋਂ ਅਤੇ ਕਿਵੇਂ ਆਵੇਗੀ? ਇਹ ਸਾਰੇ ਸੁਆਲ ਅੱਜ ਜਵਾਬ ਮੰਗਦੇ ਹਨ। ਬਾਲੜੀ ਦਿਵਸ ਨੂੰ ਜਮੀਰ ਝੰਜੋੜਨ ਵਾਲੇ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ, ਖ਼ਾਸ ਕਰਕੇ ਪੰਜਾਬ ’ਚ ਕਿਉਂਕਿ ਨੰਨ੍ਹੀ ਛਾਂ ਲਹਿਰ ਵੀ ਚਲਾਈ ਜਾ ਰਹੀ ਹੈ। ਉਸ ਲਹਿਰ ਅਤੇ ਬਾਲੜੀ ਦਿਵਸ ਅਤੇ ਨਾਲ ਦੀ ਨਾਲ ਕੰਜਕ ਪੂਜਨ ਨੂੰ ਲੈ ਕੇ ਪੰਜਾਬ ’ਚ ਭਰੂਣ ਹੱਤਿਆ, ਬਲਾਤਕਾਰ, ਔਰਤਾਂ ਨਾਲ ਹੁੰਦੀ ਹਿੰਸਾ ਅਤੇ ਛੇੜ-ਛਾੜ ਬਾਰੇ ਡੂੰਘੇ ਵਿਸ਼ੇਲਸ਼ਣ ਅਤੇ ਔਰਤ ਦੀ ਮਹਾਨਤਾ ਨੂੰ ਬਹਾਲ ਕਰਨ ਵਾਲੀ ਲਹਿਰ ਦੀ ਆਰੰਭਤਾ ਬਾਰੇ ਜ਼ਰੂਰ ਸੋਚਿਆ ਜਾਣਾ ਚਾਹੀਦਾ ਹੈ।
ਸਾਡੇ ਦੇਸ਼ ਵਿਚ ਬਹੁਤ ਬਲਾਤਕਾਰ ਹੁੰਦੇ ਹਨ ਸਾਰਿਆ ਦੀਆਂ ਕਹਾਣੀਆਂ ਨਹੀਂ ਲਿਖ ਸਕਦੀ ਮੇ ਲੇਕਿਨ ਮੰਦਿਰ ਵਿਚ ਹੋਏ ਦੇਵੀ ਦੇਵਤਿਆਂ ਦੇ ਸਾਹਮਣੇ ਬਲਾਤਕਾਰ ਹੀ ਨਹੀਂ ਨੀਚਤਾ ਦੀ ਹੱਦ ਪਾਰ ਕੀਤੇ
ਬਾਲੜੀ ਆਸਿਫ਼ ਨਾਲ ਵਾਪਰੇ ਕਾਂਡ ਦਾ ਜਿਕਰ ਇੱਕ ਅਖ਼ਵਾਰ ਦੇ ਲੇਖ ਰਾਹੀਂ ਕਰ ਰਹੀ ਹਾਂ ਜਿਥੇ ਮੰਦਰ ਵਿਚ ਹੀ ਧਰਮ ਦੇ ਪੁਜਾਰੀਆਂ ਕੰਜਕ ਆਸਿਫ਼ਾ ਨਾਲ ਜੋ ਕੀਤਾ ਸੀ ਓਹ ਕੰਜਕ ਪੂਜਕਾਂ ਦਾ ਮੂੰਹ ਕਾਲਾ ਕਰਨ ਵਾਲਾ ਕਾਰਨਾਮਾ…
ਪੰਜਾਬ ਟਾਈਮਜ਼ ਦੀ ਰਿਪੋਰਟ ਮੁਤਾਬਿਕ…
ਅੱਠ ਸਾਲਾਂ ਦੀ ਆਸਿਫ਼ਾ, ਨੂੰ ਜ਼ਨਮ ਦੇਣ ਵਾਲੀ ਮਾਂ ਨੇ ਕਦੇ ਸੋਚਿਆ ਨਹੀਂ ਹੋਵੇਗਾ, ਕਿ ਜਿਸ ਭਾਰਤ ਵਿੱਚ ਆਪਣੀ ਬੱਚੀ ਨੂੰ ਜ਼ਨਮ ਦੇਣ ਲੱਗੀ ਹੈ । ਉਸ ਦੇਸ਼ ਦੇ ਧਰਮ ਮੰਦਰ ਦੇ ਪੁਜਾਰੀ ਇਹਨੇ ਵਹਿਸ਼ੀ, ਦਾਰਿੰਦੇ, ਹੋਣਗੇ ਅਤੇ ਦੇਸ਼ ਦੇ ਤੰਤਰ ਨੂੰ ਚਲਾਉਂਣ ਵਾਲੇ ਉਹਨਾਂ ਵਹਿਸ਼ੀ ਦਾਰਿੰਦਿਆਂ ਨੂੰ ਬਚਾਉਂਣਗੇ ਜੋ ਧਰਮ, ਮਜੱਹਬ ਦੇ ਨਾਮ ਤੇ ਅੱਠ ਅੱਠ ਸਾਲ ਦੀਆਂ ਬੱਚੀਆਂ ਨਾਲ ਬਲਾਤਕਰ ਕਰਨਗੇ । ਇਸ ਦੇਸ਼ ਨੂੰ ਚਲਾਉਂਣ ਵਾਲੀ ਭਾਜਪਾ ਅਕਸਰ ਦੇਸ਼ ਵਾਸੀਆਂ ਨੂੰ ਰਾਮ ਰਾਜ ਦੇ ਸੁਪਨੇ ਵਖਾਉਂਦੀ ਰਹਿੰਦੀ ਹੈ । ਅੱਠ ਸਾਲਾ ਆਸਿਫ਼ ਨਾਲ ਹੋਏ ਸਮੂਹਿਕ ਬਲਾਤਕਾਰ ਨੇ ਭਾਜਪਾ ਦੇ ਰਾਮ ਰਾਜ ਦਾ ਮੂੰਹ ਕਾਲਾ ਕਰ ਕਿ ਰੱਖ ਦਿੱਤਾ ਹੈ । ਜੇਕਰ ਸੁਹਿਰਦਤਾ ਨਾਲ ਸੋਚਿਆ ਜਾਵੇ ਤਾਂ ਭਾਜਪਾ ਪਾਰਟੀ, ਫਿਰਕਾਪ੍ਰਸਤੀ ਨਾਲ ਲਿਬੜੀ ਉਹ ਕੰਧ ਹੈ, ਜਿਸ ਦੇ ਉਪਰ ਨਰ-ਸੰਘਾਰ, ਬਲਾਤਕਾਰ, ਖੂਨ ਖਰਾਬੇ ਵਰਗੇ ਗੰਭੀਰ ਅਤੇ ਪੱਕੇ ਦਾਗ ਹਨ, ਉਹਨਾਂ ਦਾਗਾਂ ਵਿੱਚ ਲਗਾਤਾਰ ਹੋਰ ਵਾਧਾ ਹੋਈ ਜਾ ਰਿਹਾ ਹੈ । ਜੰਮੂ ਕਸ਼ਮੀਰ ਦੇ ਕਠੂਆ ਖ਼ੇਤਰ ਵਿੱਚ ਅੱਠ ਸਾਲਾਂ ਦੀ ਬਾਲੜੀ, ਜਿਸਤੇ ਫਿਰਕਾਪ੍ਰਸਤੀ ਨਾਲ ਚੱਲਦਿਆਂ ਇੱਕ ਹਿੰਦੂ ਮੰਦਰ ਦੇ ਪੁਜਾਰੀ, ਉਸਦੇ ਪੁਤਰ, ਭਾਤੀਜੇ, ਅਤੇ ਸਾਥੀਆਂ ਨੇ ਆਪਣਾ ਮੂੰਹ ਕਾਲਾ ਕੀਤਾ । ਮਾਮਲਾ ਇੱਥੇ ਖ਼ਤਮ ਨਹੀਂ ਹੋਇਆ ਇਸ ਮਾਮਲੇ ਦੀ ਮੁਢਲੀ ਤਫਦੀਸ਼ ਤੇ ਆਏ ਪੁਲਿਸ ਮੁਲਾਜ਼ਮਾਂ ਵੀ ਇਸ ਮੋਈ ਧੀ ਨਾਲ ਆਪਣਾ ਮੂੰਹ ਕਾਲਾ ਕੀਤਾ, ਫਿਰ ਇਸ ਮਾਮਲੇ ਨੂੰ ਹਿੰਦੂ, ਮੁਸਿਲਮ ਰੰਗਤ ਦਿੱਤੀ ਗਈ । ਕਿਵੇਂ ਇਹ ਸਾਰੀ ਘਟਨਾਂ ਘਟੀ, ਕਿਵੇਂ ਜੰਮੂ ਦੀ ਸਰਕਾਰ ਇਹਨਾਂ ਦੋਸ਼ੀਆਂ ਨੂੰ ਬਚਾਉਂਣ ਲਈ ਤਰਲੋ ਮੱਛੀ ਹੁੰਦੀ ਰਹੀ ਅਤੇ ਕਿਵੇਂ, ਸਾਡੇ ਦੇਸ਼ ਦੇ ਕਾਨੂੰਨ ਨੂੰ ਚਲਾਉਂਣ ਵਾਲੀ ਬਾਰ ਐਸੋਏਸਨ, (ਵਕੀਲ) ਦੋਸ਼ੀਆਂ ਦੇ ਹੱਕ ਵਿੱਚ ਭੁੱਗਤੇ ਇਹ ਪੜ ਕਿ ਤੁਹਾਡੀਆਂ ਅੱਖਾਂ ਟੱਡੀਆਂ ਹੀ ਨਹੀ ਨਾਲ ਭੁੱਬਾਂ ਵੀ ਨਿਕਲ ਜਾਣਗੀਆਂ । ਜੰਮੂ ਕਸ਼ਮੀਰ, ਦੇ ਜ਼ਿਲ੍ਹਾ ਕਠੂਆ ਦੇ ਪਿੰਡ ’ਰਸਾਨਾ, ਦੀ ਰਹਿਣ ਵਾਲੀ ਆਸਿਫ਼ਾ ਜਿਸ ਦੀ ਉਮਰ ਅੱਠ ਸਾਲ ਦੱਸੀ ਜਾਂਦੀ ਹੈ । ਦਸ ਜਨਵਰੀ ਵੀਹ ਸੋ ਅਠਾਰਾਂ ਨੂੰ ਆਸਿਫ਼ਾ ਦੁਪਿਹਰ ਦੇ ਤਕਰੀਬਨ ਸਾਡੇ ਬਾਰਾਂ ਵੱਜੇ ਆਪਣੇ ਪਸ਼ੂਆਂ ਨੂੰ ਚਾਰਨ ਵਾਸਤੇ ਲਾਗੇ ਜੰਗਲ ਵਿੱਚ ਗਈ । ਉਸ ਬਾਲੜੀ ਨੂੰ ਇਹ ਨਹੀਂ ਸੀ ਪਤਾ ਕਿ ਜਿਸ ਜੰਗਲ ਵੱਲ ਉਸਦੇ ਪੈਰ ਵੱਧ ਰਹੇ ਹਨ ਉਸ ਜੰਗਲ ਵਿੱਚ ਦਾਰਿੰਦੇ ਉਸਦੀ ਅਸਮਤ ਲੁੱਟਣ ਲਈ ਉਤਾਵਲੇ ਬੈਠੇ ਹਨ ਅਤੇ ਮੌਤ ਆਪਣੇ ਕਲਾਵੇ ਵਿੱਚ ਲੈਣ ਲਈ ਉਤਾਵਲੀ ਬੈਠੀ ਹੈ । ਜੰਗਲ ਵਿੱਚ ਪੱਸ਼ੂ ਚਾਰਦਿਆਂ ਆਸਿਫ਼ ਨੂੰ ਸਾਂਝੀ ਰਾਮ ਜਿਹੜਾ ਮੰਦਰ ਦਾ ਪੁਜਾਰੀ ਸੀ ਅਤੇ ਇਸ ਘਟਨਾਂ ਕ੍ਰਮ ਦਾ ਮਾਸਟਰ ਮਾਈਂਡ, ਮੁੱਖ ਦੋਸ਼ੀ ਹੈ, ਉਸਦਾ ਭਾਤੀਜਾ, ਜਿਸ ਨਾਲ ਇੱਕ ਮੰਨੂ ਨਾਮੀ ਵਿਅਕਤੀ ਸੀ । ਉਨ੍ਹਾ ਆਸਿਫ਼ਾ ਨੂੰ ਜੰਗਲ ਵਿੱਚੋਂ ਚੁੱਕ ਲਿਆ ਅਤੇ ਦੋਵਾਂ ਜਾਣਿਆ ਨੇ ਜੰਗਲ ਵਿੱਚ ਆਪਣਾ ਮੂੰਹ ਕਾਲਾ ਕੀਤਾ ਅਤੇ ਫਿਰ ਸਾਂਝੀ ਰਾਮ ਕੋਲ ਮੰਦਰ ਵਿੱਚ ਲੈ ਆਏ ਅਤੇ ਜਿਸ ਜਗ੍ਹਾ ਤੇ ਮੰਦਰ ਵਿੱਚ ਲੋਕ ਪੂਜਾ ਕਰਦੇ ਹਨ, ਉਸ ਜਗ੍ਹਾ ਤੇ ਨਾਸ਼ੀਲੀ ਦਵਾਈ ਦੇ ਕਿ ਆਸਿਫ਼ਾ ਨੂੰ ਪਲਾਸਿਟਕ ਵਿੱਚ ਲੁਪੇਟ ਕਿ ਬੰਦ ਕਰ ਦਿੱਤਾ । ਗਿਆਰਾਂ ਜਨਵਰੀ ਨੂੰ ਆਸਿਫ਼ ਦੇ ਘਰ ਵਾਲੇ ਉਸ ਨੂੰ ਲੱਭਦੇ ਲਭਾਉਂਦੇ ਉਸ ਮੰਦਰ ਵਿੱਚ ਆਏ ਅਤੇ ਪੁਜਾਰੀ ਤੋਂ ਹੈਵਾਨ ਬਣੇ ਸਾਂਝੀ ਰਾਮ ਨੇ ਇਹ ਕਹਿ ਕਿ ਮੋੜ ਦਿੱਤਾ ਕਿ, ਆਸਿਫ਼ਾ ਇੱਥੇ ਨਹੀਂ ਆਈ, ਤੁਸੀਂ ਆਪਣੇ ਰਿਸ਼ਤੇਦਾਰਾਂ ਕੋਲ ਭਾਲ ਕਰੋ । ਉਸਤੋਂ ਅਗਲੇ ਦਿਨ ਬਾਰਾਂ ਤਰੀਕ ਨੂੰ ਨਜਦੀਕੀ ਥਾਣਾ ਹੀਰਾ ਨਗਰ ਵਿੱਖੇ ਆਸਿਫ਼ ਦੇ ਘਰਵਾਲਿਆਂ ਨੇ ਉਸਦੀ ਗੁੰਮਸ਼ੁਦੀ ਦੀ ਰਿਪੋਟ ਦਰਜ਼ ਕਰਵਾਈ । ਉਸ ਦਿਨ ਹੀ ਪੁਲਿਸ ਅਫਸਰ ਖਾਜੂਰੀਆ ਅਤੇ ਉਸਦਾ ਸਾਥੀ ਵਾਨੀ ਸਾਂਝੀ ਰਾਮ ਕੋਲ ਪਹੁੰਚਦੇ ਹਨ, ਇੱਥੇ ਗੌਰਤਲਬ ਹੈ ਕਿ ਖਾਜੂਰੀਆ ਦਾ ਸਿੱਧਾ ਸਾਂਝੀ ਰਾਮ ਦੇ ਕੋਲ ਪਹੁੰਚਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਪੁਲਿਸ ਦੀ ਆਸਿਫ਼ਾ ਨੂੰ ਚੁੱਕਣ ਵਿੱਚ ਪਹਿਲਾ ਹੀ ਸਾਂਝੀ ਨਾਲ ਗੰਡ ਸੰਡ ਸੀ । ਉਸਤੋਂ ਬਾਅਦ ਸਾਂਝੀ ਦੇ ਭਾਤੀਜੇ ਨੇ ਸਾਂਝੀ ਦੇ ਮੁੰਡੇ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ, ਕਿਉਂਕਿ ਸਾਂਝੀ ਦਾ ਮੁੰਡਾ ਉਸ ਵੇਲੇ ਮੇਰਠ ਸੀ, ਕਰਾਈਮ ਰਿਪੋਟ ਮੁਤਾਬਕ ਇਹ ਗੱਲ ਸਾਫ਼ ਲਿੱਖੀ ਕਿ ਸਾਂਝੀ ਰਾਮ ਦੇ ਭਾਤੀਜੇ ਨੇ ਸਾਂਝੀ ਰਾਮ ਦੇ ਮੁੰਡੇ ਵਿਸ਼ਾਲ ਨੂੰ ਫੋਨ ਤੇ ਇਹ ਗੱਲ ਕਹੀ ਕਿ ਜੇਕਰ ਉਹ ਵੀ ਬਾਲੜੀ ਨਾਲ ਜਬਰਜਨਾਹ ਕਰਨਾ ਚਹੁੰਦਾ ਹੈ ਤਾਂ ਫੌਰਨ ਵਾਪਸ ਆ ਜਾਵੇ, ਜਿਸ ਤੋਂ ਬਾਅਦ ਉਹ ਤੁਰੰਤ ਵਾਪਸ ਆਇਆ ਅਤੇ ਇਸ ਪਾਪ ਵਿੱਚ ਬਰਾਬਰ ਦਾ ਭਾਗੀਦਾਰ ਬਣ ਗਿਆ । ਦੂਜੇ ਬੰਨੇ ਸਾਂਝੀ ਰਾਮ ਨੇ ਖਾਜੂਰੀਆਂ ਨੂੰ ਆਪਣੀ ਭਰਜਾਈ ਕੁਲੋਂ ’ਡੇਢ ਲੱਖ, ਰੁਪਏ ਰਿਸ਼ਵਤ ਦਿਵਾ ਦਿੱਤੀ । ਤਾਂ ਕਿ ਆਸਿਫ਼ ਦੇ ਮਸਲੇ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ । ਫਿਰ ਲਗਾਤਰ ਸੱਤ ਦਿਨ ਉਸ ਬੱਚੀ ਨਾਲ ਇਹ ਸਾਰੇ ਦਾਰਿੰਦੇ ਵਾਰ ਵਾਰ ਰੇਪ ਕਰਦੇ ਰਹੇ ਲਗਾਤਰ ਸੱਤ ਦਿਨ ਇਹ ਕਹਿਰ ਬਾਲੜੀ ਨੇ ਆਪਣੇ ਸਰੀਰ ਉਤੇ ਹੰਡਾਇਆ । ਉਸ ਨਾਬਲਿਗਾ ਨੂੰ ਵਾਰ ਵਾਰ ਨਸ਼ੇ ਦੀ ਡੋਜ ਦਿੱਤੀ ਜਾਂਦੀ ਰਹੀ ਅਤੇ ਰਿਪੋਟ ਮੁਤਾਬਕ ਸੱਤ ਦੇ ਸੱਤੋ ਦਿਨ ਹੀ ਉਸ ਬਾਲੜੀ ਨੂੰ ਭੁੱਖੇ ਢਿੱਡ ਰੱਖਿਆਂ ਗਿਆ । ਸ਼ਾਇਦ ਇਸ ਘਟਨਾਂ ਨੂੰ ਦੇਖ ਰੱਬ ਵੀ ਜ਼ਰੂਰ ਸ਼ਰਮਸਾਰ ਹੋਇਆਂ ਹੋਵੇਗਾ ਕਿ ਮੈਂ ਇਨ੍ਹਾ ਦਾਰਿੰਦਿਆਂ ਨੂੰ ਧਰਤੀ ਤੇ ਭੇਜ ਕਿ ਮੈਂ ਗਲਤੀ ਕੀਤੀ ਹੈ । ਆਖਰ ਉਹ ਸਮਾਂ ਆ ਗਿਆ ਜਦੋਂ ਵਹਿਸ਼ੀਆਂ ਨੇ ਆਸਿਫ਼ ਨੂੰ ਮਾਰਨ ਦਾ ਸੋਚ ਲਿਆ ਅਤੇ ਮਾਰਨ ਵਿੱਚ ਲੋਕਾਂ ਦੀ ਰੱਖਵਾਲੀ ਕਰਨ ਵਾਲੀ ਪੁਲਿਸ ਵੀ ਸ਼ਾਮਲ ਹੋ ਗਈ । ਖਾਜੂਰੀਆਂ ਪੁਲਿਸ ਅਫਸਰ ਨੇ ਜਿਸ ਵੇਲੇ ਆਸਿਫ਼ ਨੂੰ ਤੱਕਿਆ ਤਾਂ ਉਸ ਵੇਲੇ ਧਰਤੀ ਜ਼ਰੂਰ ਹਿੱਲੀ ਹੋਵੇਗੀ ਮਾਨੋ ਅਸਮਾਨ ਵੀ ਰੋਇਆ ਹੋਵੇਗਾ ਕਿਉਂਕਿ ਮਰੀ ਹੋਈ ਧੀ ਆਸਿਫ਼ ਨਾਲ ਖਾਜੂਰੀਆਂ ਵੀ ਰੇਪ ਕਰਨਾ ਚਾਹੁੰਦਾ ਹੈ । ਰਿਪੋਟ ਮੁਤਾਬਿਕ ਖਾਜੂਰੀਏ ਨੇ ਵੀ ਰੇਪ ਕੀਤਾ । ਫਿਰ ਆਸਿਫ਼ ਦੀ ਚੁੰਨੀ ਨਾਲ ਉਸ ਦਾ ਗਲਾ ਦਬਾਇਆ ਉਸ ਵੇਲੇ ਪਾਪੀਆਂ ਦੀ ਰੂਹ ਰਤਾ ਵੀ ਨਾ ਕੰਬੀ, ਜੱਦੋਂ ਗਲਾ ਦਬਾਉਂਣ ਤੋਂ ਬਾਅਦ ਉਸ ਦੇ ਸਿਰ ਵਿੱਚ ਪੱਥਰ ਮਾਰੇ ਗਏ ਕਿ, ’ਉਸਦੀ ਮੌਤ ਦੀ ਪੁਸ਼ਟੀ ਚੰਗੀ ਤਰਾਂ ਹੋ ਜਾਵੇ ।
ਇਸਤੋਂ ਬਾਅਦ ਜੋ ਹੋਇਆ ਉਹ ਭਾਰਤ ਦੇ ਮੱਥੇ ਤੇ ਸਦੀਵੀਂ ਲਈ ਕਾਲਖ ਹੋ ਨਿੱਬੜਿਆਂ । ਆਖਰ ਵਹਿਸ਼ੀਆਂ ਨੇ ਆਸਿਫ਼ ਦੀ ਲਾਸ਼ ਨੂੰ ਸਤਾਰਾਂ ਜਨਵਰੀ ਨੂੰ ਇੱਕ ਜੰਗਲ ਵਿੱਚ ਸੁੱਟ ਦਿੱਤਾ ।
ਜਿਸ ਵੇਲੇ ਆਸਿਫ਼ ਦੇ ਘਰ ਵਾਲਿਆ ਉਸਦੀ ਲਾਸ਼ ਵੇਖੀ ਤਾਂ ਉਹ ਹੱਕੇ ਪੱਕੇ ਰਹਿ ਗਏ ਕਿਉਂਕਿ ਆਸਿਫ਼ ਦੇ ਸ਼ਰੀਰ ਉਤੇ ਬਹੁਤ ਸਾਰੇ ਸੱਟ ਦੇ ਨਿਸ਼ਾਨ ਸਨ ਅਤੇ ਉਸ ਦੇ ਸਰੀਰ ਦੀ ਹਾਲਤ ਬਹੁਤ ਹੀ ਬੇਰਿਹਮੀ ਸੀ ਜਿਸਨੂੰ ਦੇਖ ਹਰ ਕੋਈ ਅੱਗ-ਬਾਬੂਲਾ ਹੋਈ ਜਾ ਰਿਹਾ ਸੀ ਅਤੇ ਇਹ ਦੇਖਣ ਤੋਂ ਬਾਅਦ ਵਿਰੋਧ ਪ੍ਰਦਸ਼ਨ ਸ਼ੁਰੂ ਹੋ ਗਿਆ ਅਤੇ ਪੁਲਿਸ ਦੋਸ਼ੀਆਂ ਨੂੰ ਬਚਾਉਂਣ ਲਈ ਲਿੰਬਾ ਪੋਚੀ ਕਰਨੀ ਆਰੰਭ ਕਰ ਦਿੱਤੀ । ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ ਅਤੇ ਲੋਕ ਸੜਕਾਂ ਤੇ ਨਿਕਲੇ ਜਿਸ ਦੇ ਡਰੋਂ ਸਰਕਾਰ ਨੇ ਮਾਮਲੇ ਨੂੰ ਕਰਾਇਮ ਬਰਾਂਚ ਕੋਲ ਸੌਪ ਦਿੱਤਾ । ਕਰਾਇਮ ਪਾਰਟੀ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਆਂ ਉਹ ਸਾਰੇ ਦੋਸ਼ੀ ਕਟਿਹਰੇ ਵਿੱਚ ਖੜੇ ਕਰ ਦਿੱਤੇ ਜਿਹੜੇ ਇਸ ਪਾਪ ਵਿੱਚ ਭਾਗੀਦਾਰ ਸਨ । ਜਿਸ ਵੇਲੇ ਕਰਾਇਮ ਪੁਲਿਸ ਦੀ ਦਸਤਾਵੇਜੀ ਕਾਰਵਾਈ ਪੂਰੀ ਹੋਈ ਤਾਂ ਕਰਾਇਮ ਦੀ ਟੀਮ ਉਹਨਾਂ ਦਸਤਾਵੇਜਾਂ ਨੂੰ ਕੋਰਟ ਵਿੱਚ ਦਾਖਲ ਕਰਨ ਗਈ । ਉਸ ਵੇਲੇ ਪੁਲਿਸ ਵੀ ਹੈਰਾਨ ਰਹਿ ਗਈ ਜਿਸ ਵੇਲੇ ਕੋਰਟ ਨੂੰ ਉਹਥੋਂ ਦੀ ਬਣੀ ਇੱਕ ਕਮੇਟੀ ਅਤੇ ਬਾਰ ਐਸੋਏਸ਼ਨ ਨੇ ਘੇਰਾ ਪਾ ਲਿਆ ਅਤੇ ਜੈ ਸ਼੍ਰੀ ਰਾਮ ਦੇ ਨਾਹਰੇ ਲਾਏ ਸ਼ਰੇਆਮ ਦੋਸ਼ੀਆਂ ਦੇ ਹੱਕ ਵਿੱਚ ਭੀੜ ਭੁਗਤੀ, ’ਜਦੋਂ ਇਸ ਬਾਰੇ ਭਾਜਪਾ ਸਰਕਾਰ ਦੇ ਇੱਕ ਮੰਤਰੀਂ ਨੂੰ ਪੁਛਿਆਂ ਗਿਆ ਕਿ ਜੈ ਸ਼੍ਰੀ ਰਾਮ ਦੇ ਨਾਹਰੇ ਕਿਉਂ ਲਾਏ ਤਾਂ ਉਸਦੇ ਜਵਾਬ ਤੋਂ ਹੈਰਾਨੀ ਇਸ ਗੱਲ ਦੀ ਹੋਈ ਕਿ ਉਸਨੇਂ ਕਿਹਾ ਇਲਜਾਮ ਤਾਂ ਸ਼੍ਰੀ ਰਾਮ ਤੇ ਵੀ ਲੱਗਦੇ ਰਹਿ ਹਨ । ਉਸਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਭਾਜਪਾ ਸਰਕਾਰ ਵਿੱਚ ਧਰਮ ਗੁਰੂ ਮੰਤਰੀ ਬਣੇ ਹਨ ਉਹਨਾਂ ਵੀ ਇਸ ਗੱਲ ਵਿੱਚ ਦੰਦ ਤੋਂ ਦੰਦ ਤੱਕ ਨਹੀ ਚੁਕਿਆ । ਗੱਲ ਸਾਫ਼ ਹੈ ਜੇਕਰ ਉਹ ਬੋਲਦੇ ਹਨ ਤਾਂ ਉਹਨਾਂ ਦੀ ਰਾਜਨੀਤੀ ਵਾਲੀ ਦੋਕਾਨ ਬੰਦ ਹੋ ਜਾਵੇਗੀ । ਹੁਣ ਇਹ ਗੱਲ ਤਾਂ ਉਹ ਰਾਜਨੀਤਕ ਹੀ ਦੱਸ ਸਕਦੇ ਹਨ ਕਿ ਜੈ ਸ਼੍ਰੀ ਰਾਮ ਦੇ ਨਾਹਰੇ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਲਵਾਉਂਣੇ ਹਨ ਜਿਹੜੇ ਨਿੱਤ ਰੋਜ ਆਪਣੀਆਂ ਰੈਲੀਆਂ ਵਿੱਚ ਜੈ ਸ਼੍ਰੀ ਰਾਮ ਦੇ ਨਾਹਰੇ ਠੋਕਦੇ ਹਨ । ਦੂਜੀ ਗੱਲ ਜੈ ਸ਼੍ਰੀ ਰਾਮ ਦੇ ਨਾਹਰੇ ਲਾਉਂਣ ਨਾਲ ਦੋਸ਼ੀ ਦੋਸ਼ ਮੁਕਤ ਹੋ ਸਕਦੇ ਹਨ ਇਸ ਗੱਲ ਦਾ ਜਵਾਬ ਵੀ ਚਾਹੀਦਾ ਹੈ ?
ਹੈਰਾਨੀ ਹੋਰ ਵੀ ਹੈਰਾਨ ਕਰਦੀ ਹੈ ਕਿ ਇਸ ਬਲਾਤਕਾਰ ਨੂੰ ਜੰਮੂ ਦੀ ਸਿਆਸਤ ਸੰਪਰਦਾਇਕ ਕਰ ਰਹੀ ਹੈ । ਕਿ ਲੋਕ ਹਿੰਦੂ ਮੁਸਲਿਮ ਰੌਲੇ ਰੱਪੇ ਵਿੱਚ ਰੁੱਜ ਜਾਣ ਅਤੇ ਆਸਿਫ਼ ਵਾਲਾ ਮਾਮਲਾ ਸਾਫ਼ ਹੋ ਜਾਵੇ ਦੋਸ਼ੀਆਂ ਨੂੰ ਬਚਾਉਂਣ ਲਈ ਇੱਕ ਜੱਥੇਬੰਦੀ ਵੀ ਬਣੀ ਜਿਸ ਨੂੰ ਭਾਜਪਾ ਦੇ ਦੋ ਐਮ ਐਲ ਏ ਚੰਦਰ ਪ੍ਰਕਾਸ਼, ਲਾਲ ਸਿੰਘ ਦਾ ਥਾਪੜਾ ਵੀ ਪਿੱਠ ਤੇ ਹੈ । ਇਸਤੋਂ ਸਾਰਾ ਮਸਲਾ ਸਾਫ਼ ਹੈ ਕਿ ਕਿਸ ਤਰੀਕੇ ਨਾਲ ਭਾਰਤ ਵਿੱਚ ਕੰਜਕ ਪੂਜਕਾਂ ਦਾ ਕਰੂਪ ਚਿਹਰਾ ਹੁਣ ਸਾਫ ਹੋ ਰਿਹਾ ਹੈ । ਆਖਰ ਉਹ ਹੈਵਾਨੀਅਤ ਸਾਹਮਣੇ ਆ ਰਹੀ ਹੈ ਜੋ ਇਹਨਾਂ ਦੇ ਅੰਦਰ ਘਰ ਕਰੀ ਬੈਠੀ ਹੈ । ਆਖਰ ਭਾਜਪਾ ਦੀ ਸਰਕਾਰ ਵਿੱਚ ਬਲਾਤਕਾਰਾਂ ਦੀ ਗਿਣਤੀ ਵਿੱਚ ਲੱਗਾਤਾਰ ਇਜ਼ਾਫ਼ਾ ਹੋ ਰਿਹਾ ਹੈ । ਹੁਣ ਤਾਂ ਇਹ ਮਹਿਸੂਸ ਹੋ ਰਿਹਾ ਹੈ ਕਿ ਇਸ ਦੇਸ਼ ਵਿੱਚ ਧੀ ਤੋਂ ਵੱਧ ਕਦਰ ਇੱਕ ਗਾਂ ਦੀ ਹੈ । ਇਨ੍ਹਾ ਹੀ ਕਹਿੰਦਾ ਹੋਇਆ ਆਸਿਫ਼ਾ ਦੀ ਰੂਹ ਤੋਂ ਮਾਫ਼ੀ ਮੰਗਦਾ ਹੋਇਆ ਉਸ ਅੱਲ੍ਹ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਆਸਿਫ਼ਾ ਨੂੰ ਜ਼ੰਨਤ ਜ਼ਰੂਰ ਮਿੱਲੇ।
ਅੱਜ ਇਹ ਰਿਪੋਰਟ ਪੜ ਕੇ ਸ਼ਰਮ ਆਉਂਦੀ ਹੈ ਕਿ ਅਸੀਂ ਹਿੰਦੁਸਤਾਨ ਦੇ ਵਾਸੀ ਹਾਂ।
ਰੱਬ ਨੇ ਔਰਤ ਬਣਾਈ ਏ ਆਪਣੀ ਸ਼੍ਰਿਸ਼ਟੀ ਨੂੰ ਚਲਾਉਣ ਲਈ ਔਰਤ ਇਕ ਧਰਤ ਹੈ ਆਓ ਕੁੱਖ ਤੇ ਰੁੱਖ ਦੀ ਮਰਦ ਬਣ ਸੁਰੱਖਿਆ ਦੀ ਜਿੰਮੇਵਾਰੀ ਲਈਏ। ਜਾਨਵਰ ਵੀ ਇੱਕ ਰੁੱਤ ਤੇ ਜਰੂਰਤ ਤੇ ਸੰਭੋਗ ਕਰਦਾ ਨੰਗਾ ਘੁੰਮਦਾ ਪਰ ਬਲਾਤਕਾਰ ਨਹੀਂ ਕਰਦਾ । ਆਓ ਅਸੀਂ ਇਨਸਾਨ ਬਣੀਏ ਤੇ ਕੰਜਕਾਂ ਨੂੰ ਸੁਰੱਖਿਅਤ ਕਰ ਖੁਸ਼ੀ ਨਾਲ ਜਿਊਣ ਦਾ ਮੌਕਾ ਦੇਈਏ।
ਕਿਓਂ ਨਾ ਰਾਵਣ ਸਾੜਨ ਤੋਂ ਪਹਿਲਾ ਅਸ਼ਟਮੀ ਜਾ ਨੌਵੀਂ ਨੂੰ ਆਸਿਫਾ ਦੇ ਦਰਿੰਦਿਆਂ ਦੇ ਰਹਿੰਦੀ ਦੁਨੀਆਂ ਤੱਕ ਪੁਤਲੇ ਫੂਕੇ ਜਾਣ ਦੀ ਪਿਰਤ ਪੈ ਬਲਾਤਕਾਰੀ ਨੂੰ ਚੌਰਾਹੇ ਚ ਖੜੇ ਕਰ ਦੋਸ਼ੀ ਅੰਗ ਬੇਰਹਿਮੀ ਨਾਲ ਕਤਲ ਕਰ ਤੜਫਾ ਤੜਫਾ ਕੇ ਕੁੱਤਿਆਂ ਹਵਾਲੇ ਕੀਤੇ ਜਾਣ। ਤਾਂ ਜੋ ਬਲਾਤਕਾਰੀ ਬਿਰਤੀ ਵਾਲੇ ਮਨੁੱਖ ਦੀ ਸੋਚ ,ਸੋਚਕੇ ਵੀ ਰੂਹ ਕੰਬ ਜਾਵੇ।
ਮੇਰੇ ਦੇਸ਼ ਦੀਆਂ ਕੁੜੀਆਂ ਚਿੜੀਆਂ ਕੰਜਕਾਂ ਨੂੰ ਸਲਾਮਤ ਰੱਖੀਂ ਰੱਬਾ…
ਇਸ ਮੌਕੇ ਮੇਰੇ ਹੱਥ ਬਾਲੜੀ ਦਿਵਸ ਦੇ ਮੌਕੇ ਤੇ ਮੁਬਾਰਕਾਂ ਨਹੀਂ ਲਿਖ ਸਕਦੇ ਮਰਦ ਪ੍ਰਧਾਨ ਸਮਾਜ ਅੱਗੇ ਜੁੜ ਕੇ ਤਰਲਾ ਕਰਦੇ ਨੇ ਬਖਸ਼ ਦਿਓ ਬਾਲੜੀਆਂ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly