ਨਵੀਂ ਦਿੱਲੀ (ਸਮਾਜ ਵੀਕਲੀ): ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦਾ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਅੱਜ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ। ਕੁਮਾਰ ਨੇ ਕਿਹਾ ਕਿ ਦੇਸ਼ ਨੂੰ ‘ਬਚਾਉਣ’ ਲਈ ਸਭ ਤੋਂ ਪੁਰਾਣੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਇਥੇ ਕਾਂਗਰਸ ਹੈੱਡਕੁਆਰਟਰ ’ਤੇ ਪੱਤਰਕਾਰਾਂ ਦੇ ਰੂਬਰੂ ਹੋੋਣ ਮੌਕੇ ਕੁਮਾਰ ਦੇ ਨਾਲ ਗੁਜਰਾਤ ਤੋਂ ਆਜ਼ਾਦ ਵਿਧਾਇਕ ਤੇ ਦਲਿਤ ਆਗੂ ਜਿਗਨੇਸ਼ ਮੇਵਾਨੀ ਵੀ ਮੌਜੂਦ ਸਨ। ਮੇਵਾਨੀ ਨੇ ਕਾਂਗਰਸ ਦੀ ਵਿਚਾਰਧਾਰਾ ਦੀ ਹਮਾਇਤ ਕਰਦਿਆਂ ਅਗਾਮੀ ਗੁਜਰਾਤ ਚੋਣਾਂ ਪਾਰਟੀ ਦੀ ਟਿਕਟ ’ਤੇ ਲੜਨ ਦਾ ਐਲਾਨ ਕੀਤਾ ਹੈ।ਕੁਮਾਰ ਨੇ ਕਿਹਾ ਕਿ ਵਿਰੋਧੀ ਧਿਰ ਦਾ ਕਮਜ਼ੋਰ ਹੋਣਾ ਦੇਸ਼ ਦੇ ਹਿੱਤਾਂ ਲਈ ਨੁਕਸਾਨਦਾਇਕ ਹੈ।
ਕਾਂਗਰਸ ਨੂੰ ‘ਵੱਡਾ ਜਹਾਜ਼’ ਦਸਦਿਆਂ ਕੁਮਾਰ ਨੇ ਕਿਹਾ ਕਿ ਛੋਟੇ ਜਹਾਜ਼ਾਂ ਨੂੰ ਤਾਂ ਹੀ ਬਚਾਇਆ ਜਾ ਸਕੇਗਾ ਜੇਕਰ ਕਾਂਗਰਸ ਬਚੇਗੀ। ਕੁਮਾਰ ਨੇ ਕਿਹਾ, ‘‘ਮੈਂ ਦੇਸ਼ ਦੀ ਸਭ ਤੋਂ ਪੁਰਾਣੀ ਤੇ ਜਮਹੂਰੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ, ਕਿਉਂਕਿ ਦੇਸ਼ ਦੇ ਲੱਖਾਂ ਨੌਜਵਾਨਾਂ ਵਾਂਗ ਮੈਨੂੰ ਵੀ ਇਹ ਲੱਗਦਾ ਹੈ ਕਿ ਜੇਕਰ ਕਾਂਗਰਸ ਨੂੰ ਨਾ ਬਚਾਇਆ ਗਿਆ ਤਾਂ ਮੁਲਕ ਨੂੰ ਨਹੀਂ ਬਚਾਇਆ ਜਾ ਸਕੇਗਾ।’’ ਸੀਨੀਅਰ ਕਾਂਗਰਸ ਆਗੂਆਂ ਵਿੱਚ ਘਿਰੇ ਕੁਮਾਰ ਨੇ ਕਿਹਾ ਕਿ ਦੇਸ਼ ‘ਖ਼ਤਰੇ ਵਿੱਚ ਹੈ’ ਤੇ ‘ਸਾਨੂੰ ਭਗਤ ਸਿੰਘ ਦੀ ਦਲੇਰੀ, ਅੰਬੇਦਕਰ ਦੀ ਸਮਾਨਤਾ ਤੇ ਮਹਾਤਮਾ ਗਾਂਧੀ ਦੇ ੲੇਕੇ ਦੀ ਲੋੜ ਹੈ।’ ਪ੍ਰਧਾਨ ਮੰਤਰੀ ’ਤੇ ਤਨਜ਼ ਕਸਦਿਆਂ ਕੁਮਾਰ ਨੇ ਸ੍ਰੀ ਮੋਦੀ ਨੂੰ ‘ਆਪਣੇ ਸਮਿਆਂ ਦਾ ਗੋਵਿੰਦਾ ਕਰਾਰ ਦਿੱਤਾ, ਜੋ ਅਕਸਰ ਕੱਪੜੇ ਬਦਲਦਾ ਰਹਿੰਦਾ ਹੈ।’
ਗੁਜਰਾਤ ਤੋਂ ਆਜ਼ਾਦ ਵਿਧਾਇਕ ਤੇ ਵਡਗਾਮ ਹਲਕੇ ਦੀ ਨੁਮਾਇੰਦਗੀ ਕਰਦੇ ਜਿਗਨੇਸ਼ ਮੇਵਾਨੀ ਨੇ ਕਿਹਾ ਕਿ ਅੱਜ ਦੇਸ਼ ਨੂੰ ਬਚਾਉਣ ਦੀ ਵੱਡੀ ਲੋੜ ਹੈ। ਰਾਸ਼ਟਰੀ ਦਲਿਤ ਅਧਿਕਾਰ ਮੰਚ ਦੇ ਕਨਵੀਨਰ ਮੇਵਾਨੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਇਸ ਸਬੰਧ ਵਿੱਚ ਮਾਹੌਲ ਬਣਾਉਣਾ ਚਾਹੀਦਾ ਹੈ। ਮੇਵਾਨੀ ਨੇ ਕਿਹਾ ਕਿ ਉਹ ‘ਤਕਨੀਕੀ ਕਾਰਨਾਂ’ ਕਰਕੇ ਅਜੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਿਹਾ, ਕਿਉਂਕਿ ਉਹ ਅਜੇ ਵੀ ਆਜ਼ਾਦ ਵਿਧਾਇਕ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly