ਨਥਾਣਾ (ਸਮਾਜ ਵੀਕਲੀ): ਪਿੰਡ ਕਲਿਆਣ ਸੁੱਖਾ ਦੇ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ ਹਨ। 1977 ਤੋਂ ਇਥੇ ਫੋਕਲ ਪੁਆਇੰਟ ’ਚ ਡਿਸਪੈਂਸਰੀ ਚੱਲ ਰਹੀ ਸੀ। ਇਮਾਰਤ ਖਸਤਾ ਹੋਣ ਕਾਰਨ ਡਿਸਪੈਂਸਰੀ ਦਾ ਸਟਾਫ਼ ਬਦਲ ਕੇ ਇਸ ਡਿਸਪੈਂਸਰੀ ਨੂੰ ਡੇਢ ਸਾਲ ਪਹਿਲਾਂ ਜਿੰਦਰਾ ਮਾਰ ਦਿੱਤਾ ਗਿਆ। ਨਤੀਜੇ ਵਜੋਂ ਲੋਕ ਮੁੱਢਲੀਆਂ ਸਿਹਤ ਸਹੂਲਤਾਂ ਤੋਂ ਵਿਰਵੇ ਹੋ ਗਏ ਤੇ ਵਿਹਲੀ ਪਈ ਇਮਾਰਤ ਨਸ਼ੇੜੀਆਂ ਦਾ ਅੱਡਾ ਬਣ ਗਈ। ਬੀਤੇ ਦੋ ਹਫਤਿਆਂ ’ਚ ਪੁਲੀਸ ਇਥੇ ਦੋ ਵਾਰ ਛਾਪੇ ਵੀ ਮਾਰ ਚੁੱਕੀ ਹੈ। ਕੁਝ ਦਿਨ ਪਹਿਲਾਂ ਚੋਰਾਂ ਨੇ ਇਸ ਡਿਸਪੈਂਸਰੀ ਦੀ ਇਮਾਰਤ ਦੀ ਇੱਕ ਤਾਕੀ ਤੋੜ ਕੇ ਕੁਝ ਸਾਮਾਨ ’ਤੇ ਹੱਥ ਸਾਫ਼ ਕਰ ਲਿਆ ਤੇ ਫਰਿੱਜ ਆਦਿ ਦੀ ਭੰਨਤੋੜ ਕਰ ਦਿੱਤੀ। ਇਸ ਚੋਰੀ ਸਬੰਧੀ ਪੁਲੀਸ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਚੋਰੀ ਦੀ ਵਾਰਦਾਤ ਸਬੰਧੀ ਪਤਾ ਲੱਗਣ ’ਤੇ ਘਟਨਾ ਵਾਲੀ ਥਾਂ ਤੋਂ ਦਿਲਚਸਪ ਤੇ ਅਹਿਮ ਖੁਲਾਸਾ ਹੋਇਆ। ਬੰਦ ਡਿਸਪੈਂਸਰੀ ’ਚ ਪਈਆਂ ਦਵਾਈਆਂ ਦੇ ਸਟਾਕ ’ਚੋਂ ਕਾਫੀ ਮਾਤਰੀ ’ਚ ਦਵਾਈਆਂ ਦੀ ਮਿਆਦ ਦਸੰਬਰ 2021 ਤੇ ਜਨਵਰੀ 2022 ’ਚ ਖਤਮ ਹੋ ਚੁੱਕੀ ਹੈ।
ਕੁਝ ਦਵਾਈਆਂ ਦੀ ਮਿਆਦ ਹਾਲੇ ਬਾਕੀ ਹੈ। ਅਫਸੋਸ ਵਾਲੀ ਗੱਲ ਹੈ ਕਿ ਇਨ੍ਹਾਂ ਦਵਾਈਆਂ ਨੂੰ ਡਿਸਪੈਂਸਰੀ ਬੰਦ ਕਰਨ ਸਮੇਂ ਲੋੜਵੰਦ ਮਰੀਜ਼ਾਂ ਵਾਸਤੇ ਕਿਸੇ ਹੋਰ ਡਿਸਪੈਂਸਰੀ ਜਾਂ ਸਿਹਤ ਕੇਦਰ ’ਚ ਨਹੀਂ ਭੇਜਿਆ ਗਿਆ। ਲੋੜੀਂਦੀਆਂ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਲੋਕਾਂ ਦਾ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ। ਐੱਸ.ਐਮ.ਓ. ਸੰਦੀਪ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਫਿਰ ਵੀ ਉਹ ਪੜਤਾਲ ਕਰਵਾ ਰਹੇ ਹਨ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly