(ਸਮਾਜ ਵੀਕਲੀ): ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਵੱਲੋਂ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ ਅਤੇ ਪ੍ਰਧਾਨ ਸ਼ਿਵਨਾਥ ਦਰਦੀ ਦੀ ਯੋਗ ਅਗਵਾਈ ਵਿੱਚ ਗਣਤੰਤਰ ਦਿਵਸ ਅਤੇ ਬਸੰਤ ਰੁੱਤ ਨੂੰ ਸਮਰਪਿਤ 5ਵਾਂ ਆਨਲਾਈਨ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਇਸ ਸ਼ਾਨਦਾਰ ਕਵੀ ਦਰਬਾਰ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਕਵੀ ਸਾਹਿਬਾਨ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀਆਂ ਕਵਿਤਾਵਾਂ ਦੀ ਖ਼ੂਬਸੂਰਤ ਢੰਗ ਨਾਲ ਪੇਸ਼ਕਾਰੀ ਕੀਤੀ।
ਸਭਾ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਆਨਲਾਈਨ ਕਵੀ ਦਰਬਾਰਾਂ ਦੀ ਲੜੀ ਵਿੱਚ ਇਹ 5ਵਾਂ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਵਿੱਚ ਜਸਵੰਤ ਕੌਰ ਬੈੰਸ ਯੂ.ਕੇ. ਨੇ ਮੁੱਖ-ਮਹਿਮਾਨ, ਕੁਲਵੰਤ ਸਿੰਘ ਸੈਦੋਕੇ ਤੇ ਸੋਹਣ ਸਿੰਘ ਗੈਦੁ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਲਮਾਂ ਦੇ ਰੰਗ ਸਾਹਿਤ ਸਭਾ, ਫ਼ਰੀਦਕੋਟ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਭਾ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਆਪਣੀ ਇੱਕ ਵਿਲੱਖਣ ਪਹਿਚਾਣ ਬਣਾ ਲਈ ਹੈ ਅਤੇ ਇਸ ਸਭਾ ਤੋਂ ਪੰਜਾਬੀ ਸਾਹਿਤ, ਸਮਾਜ ਅਤੇ ਵਿਰਸੇ ਨੂੰ ਬਹੁਤ ਉਮੀਦਾਂ ਹਨ । ਉਹਨਾਂ ਨੇ ਅਜਿਹੇ ਉਪਰਾਲਿਆਂ ਲਈ ਸਭਾ ਦੇ ਚੇਅਰਮੈਨ, ਪ੍ਰਧਾਨ ਅਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ । ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਪ੍ਰੀਤਮਾ ਦਿੱਲੀ, ਦਵਿੰਦਰ ਖੁਸ਼ ਧਾਲੀਵਾਲ, ਡਾ. ਰਜਨੀ ਜੱਗਾ, ਰੂਪ ਰੁਪਿੰਦਰ ਸੰਧੂ , ਮਾਸਟਰ ਲਖਵਿੰਦਰ ਸਿੰਘ, ਜਸਵਿੰਦਰ ਕੌਰ ਜੱਸੀ, ਨੇ ਵੀ ਮਹਿਮਾਨ ਕਵੀਆਂ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਸੰਚਾਲਨ ਰਾਜਨਦੀਪ ਕੌਰ ਮਾਨ ਨੇ ਬਾਖ਼ੂਬੀ ਅੰਦਾਜ਼ ਨਾਲ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭਾ ਦੇ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਮੰਚ ਸੰਚਾਲਕ, ਕਵੀ ਸਾਹਿਬਾਨ ਦਾ ਸਵਾਗਤ ਕੀਤਾ । ਪ੍ਰੋਗਰਾਮ ਦੇ ਅੰਤ ਵਿੱਚ ਸਭਾ ਦੇ ਮੀਤ ਪ੍ਰਧਾਨ ਜਸਵੀਰ ਫ਼ੀਰਾ ਨੇ ਹਾਜ਼ਰ ਸਭ ਸਖਸ਼ੀਅਤਾਂ ਦਾ ਧੰਨਵਾਦ ਕੀਤਾ । ਸਭਾ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਕਵੀ ਸਾਹਿਬਾਨ ਨੂੰ ਡਿਜ਼ੀਟਲ ਸਰਟੀਫ਼ਿਕੇਟ ਜਾਰੀ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਭਾ ਵੱਲੋਂ ਕਸ਼ਮੀਰ ਮਾਨਾ (ਖਜਾਨਚੀ), ਐਡਵੋਕੇਟ ਪਰਦੀਪ ਸਿੰਘ (ਕਾਨੂੰਨੀ ਸਲਾਹਕਾਰ), ਸੁਖਵੀਰ ਬਾਬਾ (ਸਹਾਇਕ ਸਕੱਤਰ), ਪਰਵਿੰਦਰ ਸਿੰਘ ਤੇ ਸਾਗਰ ਸ਼ਰਮਾ (ਪ੍ਰਚਾਰ ਸਕੱਤਰ) ਅਤੇ ਸਤਪਾਲ ਕੌਰ ਮੋਗਾ ਆਦਿ ਵੀ ਸ਼ਾਮਿਲ ਹੋਏ। ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦਾ ਇਹ ਸ਼ਾਨਦਾਰ ਉਪਰਾਲਾ ਯਾਦਗਾਰ ਪੈੜਾਂ ਛੱਡ ਗਿਆ।