ਸੰਗਰੂਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਲਾਬੂਲਾ ਦੀ ਪੰਚਾਇਤ ਦੇ ਸਹਿਯੋਗ ਨਾਲ਼ ਪੰਜਾਬੀ ਸਾਹਿਤ ਸਭਾ ਸ਼ੇਰਪੁਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਕਾਲਾਬੂਲਾ ਵਿਖੇ ਗੁਰਨਾਮ ਸਿੰਘ ਭੱਠਲ, ਰਾਜਿੰਦਰਜੀਤ ਸਿੰਘ ਕਾਲਾਬੂਲਾ ਅਤੇ ਪ੍ਰਮਤ੍ਰਿਪਤ ਸਿੰਘ ਕਾਲਾਬੂਲਾ ਦੀ ਯਾਦ ਨੂੰ ਸਮਰਪਿਤ ਸਾਹਤਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਰਜਿ ਦੇ ਪ੍ਰਧਾਨ ਪਵਨ ਹਰਚੰਦਪੁਰੀ, ਜਨ ਸਕੱਤਰ ਪ੍ਰੋ.ਸੰਧੂ ਵਰਿਆਣਵੀ, ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਸਾਬਕਾ ਨਿਰਦੇਸ਼ਕ ਡਾ.ਬਲਦੇਵ ਸਿੰਘ ਬੱਦਨ, ਪਿੰਡ ਕਾਲਾਬੂਲਾ ਦੇ ਸਰਪੰਚ ਅਤੇ ਪ੍ਰਸਿੱਧ ਲੇਖਕ ਰਣਜੀਤ ਸਿੰਘ ਕਾਲਾਬੂਲਾ ਅਤੇ ਹੋਰ ਪਤਵੰਤੇ ਹਾਜ਼ਿਰ ਹੋਏ। ਤਿੰਨਾਂ ਸਖਸ਼ੀਅਤਾਂ ਦੇ ਜੀਵਨ ਅਤੇ ਉਹਨਾਂ ਦੇ ਸਮਾਜਿਕ ਸਰੋਕਾਰਾਂ ਬਾਰੇ ਰਣਜੀਤ ਸਿੰਘ ਕਾਲਾਬੂਲਾ ਨੇ ਪ੍ਰਭਾਵਸ਼ੀਲ ਪਰਚੇ ਪੜ੍ਹੇ। ਸੁਖਦੇਵ ਸਿੰਘ ਔਲਖ ਨੇ ਨਸ਼ਿਆਂ ਦੇ ਰੁਝਾਨ ਤੇ ਅਸੀਂ ਉੱਤੇ ਵਿਚਾਰ ਚਰਚਾ ਕੀਤੀ। ਡਾ.ਬਲਦੇਵ ਸਿੰਘ ਬੱਦਨ ਦੁਆਰਾ ਸੰਪਾਦਿਤ/ ਅਨੁਵਾਦਿਤ ਪੁਸਤਕਾਂ ਜਸਵੀਰ ਕੌਰ ਬਰਨਾਲਾ ਦੀਆਂ ਸਮੁੱਚੀਆਂ ਕਵਿਤਾਵਾਂ, ਜਗੀਰ_ਸਿੰਘ, ਜਗਤਾਰ ਦੇ ਸੰਪਾਦਕੀ ਲੇਖਾਂ ਦੀ ਦ੍ਰਿਸ਼ਟੀ ਤੋਂ ਅਜੋਕੇ ਸਮੇਂ ਦੀ ਤੋਰ ਅਤੇ ਮੁਨਸ਼ੀ ਪ੍ਰੇਮਚੰਦ ਦੇ ਹਿੰਦੀ ਨਾਵਲ ਗੋਦਾਨ ਦਾ ਪੰਜਾਬੀ ਅਨੁਵਾਦ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਸਭਾ ਵਲੋਂ ਸਾਰਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਹੋਰਨਾਂ ਸ਼ਾਇਰਾਂ ਦੇ ਨਾਲ਼ ਨਾਲ਼ ਗੁਲਜ਼ਾਰ ਸਿੰਘ ਸ਼ੌਂਕੀ, ਡਾ.ਰਾਕੇਸ਼ ਸ਼ਾਰਦਾ ਦੁਆਰਾ ਸੁਣਾਏ ਗਏ ਸ਼ਿਅਰਾਂ ਨੂੰ ਵੀ ਭਰਵੀਂ ਦਾਦ ਮਿਲ਼ੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly