(ਸਮਾਜ ਵੀਕਲੀ)
ਕਾਕਾ ਹੀ ਬਸ ਉਸਦਾ ਨਾਂ ਸੀ
ਬੰਦਾ ਸੀ ਉਹ ਬੜਾ ਸਿਆਣਾ
ਰਹਿੰਦਾ ਖੜਾ ਮੁਸੀਬਤ ਵੇਲੇ
ਹੋਵੇ ਬੁੱਢਾ ਭਾਵੇਂ ਨਿਆਣਾ।
ਇੱਕ ਪੈਰ ਸੀ ਵਿੰਗਾ ਉਸਦਾ
ਲਾਠੀ ਲੈ ਕੇ ਸਦਾ ਉਹ ਤੁਰਦਾ
ਜੁੱਤੀ ਇੱਕ ਉਹ ਖ਼ਾਸ ਪਹਿਨਦਾ
ਕਿਸੇ ਕਦੇ ਨਾ ਦੇਖਿਆ ਝੁਰਦਾ।
ਹੱਥ ਵਿੱਚ ਦਾਤੀ,ਮਨ ਵਿੱਚ ਦਾਤਾ
ਫੂਕ ਮਾਰਦਾ, ਝਾੜਾ ਲਾਉਂਦਾ
ਰੋਜ ਸ਼ਾਮ ਨੂੰ ਦਿਨ ਛੁਪਦੇ ਉਹ
ਆਉਣ ਵਾਲਿਆਂ ਦਰਦ ਮਿਟਾਉਂਦਾ।
ਜਦ ਵੀ ਕਿਸੇ ਦੇ ਸੂਤ ਉਤਰਦੇ
ਨਿਆਣਾ – ਸਿਆਣਾ ਹੋਵੇ ਕੋਈ
ਬੂਟੀ ਦਾ ਦੁੱਧ ਕੰਨ ਵਿੱਚ ਪਾਉਂਦਾ
ਸੁੱਕੇ ਛੋਲੇ ਹੱਥ ਫੜਾਉਂਦਾ।
ਕਾਕਾ ਫੌਅੜ੍ਹੀ – ਕਾਕਾ ਫੌਅੜੀ
ਕਹਿਕੇ ਉਹਨੂੰ ਛੇੜਨ ਬੱਚੇ
ਸਭ ਨੂੰ ਫਿਰੇ ਦੁਆਵਾਂ ਵੰਡਦਾ
ਉਸ ਅੱਗੇ ਨਾ ਕੋਈ ਖੰਗਦਾ।
ਦੋ ਭਾਈਆਂ ਦਾ ਇੱਕ ਸੀ ਭਾਈ
ਕਦੇ ਨਾ ਕੀਤੀ ਓਸ ਲੜਾਈ
ਛੜਾ ਛਡਾਂਗ ਸੀ ਖੁਦ ਉਹ ਭਾਵੇਂ
ਪਿੰਡ ਵਿੱਚ ਉਹਦਾ ਨਾਂ ਵੱਜਦਾ ਸੀ।
ਕਦੇ ਕਦੇ ਕਿਸੇ ਪਿੰਡ ਦੇ ਅੰਦਰ
ਜੰਮ ਪੈਂਦੇ ਨੇ ਲੋਕ ਪਤੰਦਰ
ਖੋਰਾ ਲਾਉਂਦੇ ਪਿੰਡ ਦੇ ਨਾਂ ਨੂੰ
ਬਹਿ ਜਾਂਦੇ ਨੇ ਜੇਲ੍ਹ ਜਲੰਧਰ।
ਰੱਬ ਕਰੇ ਮੇਰੇ ਪਿੰਡ ਵਿੱਚ ਫਿਰ ਤੋਂ
ਕਾਕਾ ਉਤਰੇ ਬਣ ਕਲੰਦਰ
ਰਹੇ ਰੋਗ ਨਾ ਪਿੰਡ ਦੇ ਅੰਦਰ
ਕੀ ਕਰਨੇ ਅਸੀਂ ਮਸਜਿਦ ਮੰਦਰ।
ਗੁਰਮਾਨ ਸੈਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly