ਜੁਗਨੂੰ ਹਾਜ਼ਰ ਹੈ!

(ਸਮਾਜ ਵੀਕਲੀ)- ਨਵੀਂ ਸਰਕਾਰ ਬਣ ਗਈ ਹੈ। ਪੰਜਾਬ ਦੀ ਜਨਤਾ ਨੇ ਸਾਰੀਆਂ ਰਵਾਇਤੀ ਰਾਜਸੀ ਪਾਰਟੀਆਂ ਨੂੰ ਦਰਕਿਨਾਰ ਕਰਕੇ ਨਵੀਂ ਪਾਰਟੀ ਨੂੰ ਬਹੁਮਤ ਇਸ ਨਾਲੋਂ ਵੱਧ ਦੇ ਕੇ ਜਿਤਾਇਆ।ਭਾਵ ਹੁਣ ਜੁਗਨੂੰ ਅਸਲੀਅਤ ਵਿੱਚ ਹਾਜ਼ਰ ਹੈ। ਆਪਾਂ ਸਭ ਨੇ “ਜੁਗਨੂੰ ਹਾਜ਼ਰ ਹੈ” ਦੇ ਸਿਰਲੇਖ ਹੇਠ ਬਹੁਤ ਸਾਰੇ ਧਾਰਾਵਾਹਿਕ ਨਾਟਕ ਦੇਖੇ ਹਨ ਜਿਸ ਵਿੱਚ ਨਾਇਕ ਉਹੀ ਵਿਅਕਤੀ ਹੁੰਦਾ ਸੀ ਜੋ ਅਸੀਂ ਅੱਜ ਦੇ ਪੰਜਾਬ ਦਾ ਨਾਇਕ ਚੁਣਿਆ ਹੈ। ਮਤਲਬ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੋ ਕਦੇ ਇਹਨਾਂ ਹਾਸ ਨਾਟਕਾਂ ਦੇ ਰਾਹੀਂ ਸਾਡੇ ਸਮਾਜਿਕ, ਰਾਜਨੀਤਕ, ਆਰਥਿਕ, ਸੱਭਿਆਚਾਰਕ ਅਤੇ ਆਮ ਲੋਕਾਂ ਵਿੱਚੋਂ ਦੀ ਹੋ ਕੇ ਗੁਜ਼ਰਨ ਵਾਲ਼ੀਆਂ ਸਮੱਸਿਆਵਾਂ ਨੂੰ ਚੁਣ ਕੇ ਕਟਾਖ਼ਸ਼ ਕਰਨਾ ਅਤੇ ਹਸਾਉਣਾ ਮੁੱਖ ਮੁੱਦਾ ਹੁੰਦਾ ਸੀ।
ਭਗਵੰਤ ਮਾਨ ਸਾਹਿਬ ਆਪਣੀ ਕਲਾਕਾਰੀ ਰਾਹੀਂ ਜਿਹੜੇ ਮੁੱਦੇ ਚੁੱਕ ਕੇ ਆਮ ਜਨਤਾ ਦੇ ਰੁਬਰੂ ਕਰਦੇ ਸਨ ਉਹ ਮੁੱਦੇ ਹੁਣ ਉਹਨਾਂ ਦੇ ਸਾਹਮਣੇ ਖੜ੍ਹੇ ਦੰਦੀਆਂ ਕੱਢ ਰਹੇ ਜਾਪਦੇ ਹਨ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਹਿ ਕੇ ਚਿੜਾ ਰਹੇ ਹੋਣ ” ਪਹਿਲਾਂ ਤੂੰ ਸਾਨੂੰ ਘੇਰਦਾ ਸੀ ਹੁਣ ਅਸੀਂ ਤੈਨੂੰ ਘੇਰ ਲਿਆ ਹੈ।” ਗੱਲ ਵੀ ਠੀਕ ਹੈ, ਉਹਨਾਂ ਨੇ ਹਰ ਸਮੱਸਿਆ ਨੂੰ ਬਹੁਤ ਨੇੜਿਉਂ ਦੇਖਿਆ ਹੋਇਆ ਸੀ,ਹਰ ਸਮੱਸਿਆ ਨੂੰ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਸੀ ਅਤੇ ਉਸ ਸਮੱਸਿਆ ਨੂੰ ਪੈਦਾ ਕਰਨ ਵਾਲੇ ਲੋਕਾਂ ਦੇ ਸਾਹਮਣੇ ਖੜ੍ਹੇ ਹੋ ਕੇ ਹੱਸਦੇ ਹੱਸਦੇ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰਦੇ ਹੁੰਦੇ ਸਨ।
ਮੰਨਿਆ ਕਿ ਵਿਰੋਧੀ ਜਾਂ ਲੰਬੀ ਪਾਰੀ ਦੀਆਂ ਖਿਡਾਰੀ ਪਾਰਟੀਆਂ ਨੂੰ ਇਹ ਸਭ ਹਜ਼ਮ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਹੈ,ਉਹ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਰਾਹ ਦੇ ਰੋੜੇ ਨਹੀਂ ਬਲਕਿ ਚਟਾਨਾਂ ਬਣਨ ਦੀ ਕੋਸ਼ਿਸ਼ ਕਰਨਗੇ। ਉਦਾਹਰਣ ਵਜੋਂ ਬਿਜਲੀ ਦੇ ਤਿੰਨ ਸੌ ਯੂਨਿਟ ਫ੍ਰੀ ਕਰਨ ਤੇ ਕੇਂਦਰ ਨੇ ਅੜਿੱਕਾ ਪਾ ਦਿੱਤਾ ਹੈ ਕਿ ਪੂਰੇ ਪੰਜਾਬ ਵਿੱਚ ਪਹਿਲਾਂ ਜਲਦੀ ਤੋਂ ਜਲਦੀ ਸਮਾਰਟ ਪ੍ਰੀ ਪੇਡ ਮੀਟਰ ਪੂਰੇ ਲਗਵਾਓ ।ਜਦ ਕਿ ਹੋਰ ਰਾਜਾਂ ਲਈ ਕੁਝ ਇਹੋ ਜਿਹਾ ਹੁਕਮ ਜਾਰੀ ਨਹੀਂ ਕੀਤਾ ਗਿਆ। ਮਤਲਬ ਕਿ ਨਵੀਂ ਸਰਕਾਰ ਦੇ ਗਲ਼ ਵਿੱਚ ਅੰਗੂਠਾ ਦੇ ਕੇ ਵਿੱਤੀ ਭਾਰ ਪਾਉਣਾ ਅਤੇ ਸਿੱਧੇ ਤੁਰੇ ਜਾਂਦਿਆਂ ਨੂੰ ਰਾਹ ਵਿੱਚ ਉਲਝਾਉਣਾ।
ਹੁਣ ਜੁਗਨੂੰ ਸੱਚਮੁੱਚ ਹਾਜ਼ਰ ਹੈ। ਇਹ ਸਾਰੇ ਨੁਮਾਇੰਦੇ ਆਮ ਲੋਕਾਂ ਵਿੱਚ ਵਿਚਰਨ ਵਾਲੇ ਲੋਕ ਹਨ। ਮੁੱਖ ਮੰਤਰੀ ਸਾਹਿਬ ਨੇ ਜਿਹੜੇ ਮੁੱਦੇ ਇਕੱਲੇ ਛੂਹੇ ਹੀ ਨਹੀਂ ਬਲਕਿ ਉਹਨਾਂ ਦੇ ਵਿੱਚੋਂ ਦੀ ਹੋ ਕੇ ਗੁਜ਼ਰੇ ਹੋਏ ਹਨ, ਉਹਨਾਂ ਮੁੱਦਿਆਂ ਤੋਂ ਭਲੀਭਾਂਤ ਜਾਣੂ ਹਨ,ਇਸ ਗੱਲ ਤੋਂ ਤਾਂ ਸਾਨੂੰ ਕਦੇ ਵੀ ਦੋਚਿੱਤੀ ਵਿੱਚ ਨਹੀਂ ਪੈਣਾ ਚਾਹੀਦਾ ਕਿ ਇਹ ਕੁਝ ਕਰਨਗੇ ਹੀ ਨਹੀਂ। ਪਹਿਲੀਆਂ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਰਹੀਆਂ ਆਪਾਂ ਢੋਲ ਵਜਾਉਂਦੇ ਰਹੇ,ਪਿੱਟ ਸਿਆਪੇ ਕਰਦੇ ਰਹੇ, ਲਾਠੀਆਂ ਡੰਡੇ ਖਾ, ਪਾਣੀ ਦੀਆਂ ਬੁਛਾੜਾਂ ਪਵਾ ਘਰ ਖ਼ਾਲੀ ਹੱਥ ਮੁੜਦੇ ਰਹੇ। ਉਹ ਮਾਫ਼ੀਏ ਬਣ‌ ਬਣ ਹਨੇਰਿਆਂ ਵਿੱਚ ਰੱਖ ਆਪਣੀਆਂ ਕੋਠੀਆਂ ਭਰਦੇ ਰਹੇ। ਪੰਜਾਬ ਦੀ ਜਨਤਾ ਨੇ ਜਿਸ ਸਾਰਥਕ ਸੋਚ ਨਾਲ ਇਹਨਾਂ ਨੂੰ ਜਿਤਾਇਆ ਹੈ ਉਸ ਤੋਂ ਚੰਗੇ ਨਤੀਜਿਆਂ ਦੀ ਆਸ ਹੀ ਕਰਦੇ ਹਾਂ।
ਹਜੇ ਤਾਂ ਕੁਝ ਕੁ ਦਿਨ ਹੋਏ ਹਨ ਸਰਕਾਰ ਬਣੀ ਨੂੰ ਜਿਹੜੇ ਮਸਲੇ ਮੁੱਖ ਮੰਤਰੀ ਸਾਹਿਬ ਆਪਣੇ ਹਾਸ ਨਾਟਕਾਂ ਵਿੱਚ ਚੁੱਕਦੇ ਸਨ ਉਹ ਉਹਨਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਤੇ ਕਾਰਵਾਈਆਂ ਕਰ ਵੀ ਰਹੇ ਹਨ।ਇਹ ਕੋਈ ਇਹੋ ਜਿਹੇ ਨੇਤਾ ਤਾਂ ਹੈ ਨਹੀਂ ਕਿ ਜਿਹਨਾਂ ਨੂੰ ਪਹਿਲਾਂ ਸਮੱਸਿਆ ਤੋਂ ਜਾਣੂੰ ਕਰਵਾਇਆ ਜਾਵੇ ਫਿਰ ਹੀ ਉਹ ਕੁਝ ਸੋਚਣਗੇ,ਲਾਰੇ ਲਾਉਣਗੇ, ਗੇੜੇ ਮਰਵਾਉਣਗੇ ਆਦਿ। ਪਰ ਹੁਣ ਸਾਨੂੰ ਮੁੱਦਿਆਂ ਤੋਂ ਜਾਣੂ ਕਰਵਾਉਣ ਲਈ ਢੋਲ ਨਹੀਂ ਪਿੱਟਣਾ ਪਵੇਗਾ। ਸਾਨੂੰ ਸਾਡੀ ਨਵੀਂ ਸਰਕਾਰ ਦੇ ਸ਼ੁਰੂਆਤੀ ਕੁਝ ਕਰਨ ਦੇ ਜਜ਼ਬੇ ਤੋਂ ਬਹੁਤ ਆਸ ਹੈ।ਐਨਾ ਤਾਂ ਪੱਕਾ ਹੈ ਕਿ ਪਿਛਲੀਆਂ ਸਰਕਾਰਾਂ ਨਾਲੋਂ ਤਾਂ ਕੁਝ ਚੰਗਾ ਹੀ ਹੋਵੇਗਾ, ਸੁਧਾਰ ਹੀ ਹੋਵੇਗਾ। ਜਨਤਾ ਨੂੰ ਵੀ ਥੋੜ੍ਹਾ ਜਿਹੇ ਠਰ੍ਹੰਮੇ ਨਾਲ ਕੰਮ ਲੈਣਾ ਪਵੇਗਾ।ਇਹ ਕਰਨਗੇ ਤਾਂ ਸਹੀ ਪਰ ਜਾਦੂ ਦੀ ਛੜੀ ਨਹੀਂ ਹੈ ਇਹਨਾਂ ਕੋਲ ਜੋ ਘੁੰਮਾ ਕੇ ਹੱਲ ਕਰ ਦੇਣਗੇ। ਹੁਣ ਆਪਣੀ ਸਰਕਾਰ ਦੀ ਵਾਗਡੋਰ ਉਸ ਜੁਗਨੂੰ ਦੇ ਹੱਥ ਹੈ ਜੋ ਸਾਰੇ ਮੁੱਦਿਆਂ ਤੋਂ ਚੰਗੀ ਤਰ੍ਹਾਂ ਹੀ ਨਹੀਂ ਬਲਕਿ ਬਹੁਤ ਨੇੜਿਓਂ ਜਾਣਦੇ ਹਨ।ਸੋ ਅਸੀਂ ਪੰਜਾਬ ਦੇ ਚੰਗੇ ਭਵਿੱਖ ਦੀ ਆਸ ਕਰਦੇ ਹਾਂ ਕਿਉਂਕਿ ਇਸ ਸਿਆਸੀ ਨਾਟਕ ਵਾਲਾ ਜੁਗਨੂੰ ਹਾਜ਼ਰ ਹੈ।

ਬਰਜਿੰਦਰ ਕੌਰ ਬਿਸਰਾਓ
9988901324

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਓਂ ਨਹੀਂ
Next articleਚਰਖਾ